Hukamnama
ਸਲੋਕ
ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥
ਜੋ ਸੰਤ ਜਨ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ, ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ । ਹੇ ਨਾਨਕ! (ਤੂੰ ਭੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ ਦਾ ਪੱਲਾ ਫੜ ।੧। ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ—ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ । ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ ।
ਅੰਗ: 709 | 30-09-2021
ਧਨਾਸਰੀ ਮਹਲਾ ੪
ਕਲਿਜੁਗ ਕਾ ਧਰਮੁ ਕਹਹੁ ਤੁਮ ਭਾਈ ਕਿਵ ਛੂਟਹ ਹਮ ਛੁਟਕਾਕੀ ॥ ਹਰਿ ਹਰਿ ਜਪੁ ਬੇੜੀ ਹਰਿ ਤੁਲਹਾ ਹਰਿ ਜਪਿਓ ਤਰੈ ਤਰਾਕੀ ॥੧॥ ਹਰਿ ਜੀ ਲਾਜ ਰਖਹੁ ਹਰਿ ਜਨ ਕੀ ॥ ਹਰਿ ਹਰਿ ਜਪਨੁ ਜਪਾਵਹੁ ਅਪਨਾ ਹਮ ਮਾਗੀ ਭਗਤਿ ਇਕਾਕੀ ॥ ਰਹਾਉ ॥
ਹੇ ਭਾਈ! ਮੈਨੂੰ ਉਹ ਧਰਮ ਦੱਸ ਜਿਸ ਨਾਲ ਜਗਤ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ ਬਚਿਆ ਜਾ ਸਕੇ। ਮੈਂ ਇਹਨਾਂ ਝੰਬੇਲਿਆਂ ਤੋਂ ਬਚਣਾ ਚਾਹੁੰਦਾ ਹਾਂ। ਦੱਸ; ਮੈਂ ਕਿਵੇਂ ਬਚਾਂ? (ਉੱਤਰ—) ਪਰਮਾਤਮਾ ਦੇ ਨਾਮ ਦਾ ਜਾਪ ਬੇੜੀ ਹੈ, ਨਾਮ ਹੀ ਤੁਲਹਾ ਹੈ। ਜਿਸ ਮਨੁੱਖ ਨੇ ਹਰਿ-ਨਾਮ ਜਪਿਆ ਉਹ ਤਾਰੂ ਬਣ ਕੇ (ਸੰਸਾਰ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ। ਹੇ ਪ੍ਰਭੂ ਜੀ! (ਦੁਨੀਆ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ) ਆਪਣੇ ਸੇਵਕ ਦੀ ਇੱਜ਼ਤ ਬਚਾ ਲੈ। ਹੇ ਹਰੀ! ਮੈਨੂੰ ਆਪਣਾ ਨਾਮ ਜਪਣ ਦੀ ਸਮਰਥਾ ਦੇਹ। ਮੈਂ (ਤੇਰੇ ਪਾਸੋਂ) ਸਿਰਫ਼ ਤੇਰੀ ਭਗਤੀ ਦਾ ਦਾਨ ਮੰਗ ਰਿਹਾ ਹਾਂ। ਰਹਾਉ।
ਅੰਗ: 668 | 29-09-2021
ਸੋਰਠਿ ਮਹਲਾ ੫
ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥ ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥ ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ ॥
ਹੇ ਪ੍ਰਭੂ! ਤੂੰ (ਆਤਮਕ ਜੀਵਨ ਦੀ) ਗਵਾਚੀ ਹੋਈ (ਰਾਸਿ-ਪੂੰਜੀ) ਨੂੰ ਵਾਪਸ ਦਿਵਾਣ ਵਾਲਾ ਹੈਂ, ਤੂੰ (ਵਿਕਾਰਾਂ ਦੀ) ਕੈਦ ਵਿਚੋਂ ਛੁਡਾਣ ਵਾਲਾ ਹੈਂ, ਤੇਰਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਤੂੰ (ਜੀਵਾਂ ਨੂੰ) ਦੁੱਖਾਂ ਵਿਚ ਢਾਰਸ ਦੇਣ ਵਾਲਾ ਹੈਂ। ਹੇ ਪ੍ਰਭੂ! ਮੈਂ ਕੋਈ ਚੰਗਾ ਕਰਮ ਕੋਈ ਚੰਗਾ ਧਰਮ ਕਰਨਾ ਨਹੀਂ ਜਾਣਦਾ, ਮੈਂ ਲੋਭ ਵਿਚ ਫਸਿਆ ਰਹਿੰਦਾ ਹਾਂ, ਮੈਂ ਮਾਇਆ ਦੇ ਮੋਹ ਵਿਚ ਗ੍ਰਸਿਆ ਰਹਿੰਦਾ ਹਾਂ। ਪਰ ਹੇ ਪ੍ਰਭੂ! ਮੇਰਾ ਨਾਮ ‘ਗੋਬਿੰਦ ਦਾ ਭਗਤ’ ਪੈ ਗਿਆ ਹੈ। ਸੋ, ਹੁਣ ਤੂੰ ਆਪਣੇ ਨਾਮ ਦੀ ਆਪ ਲਾਜ ਰੱਖ।
ਅੰਗ: 624 | 28-09-2021
ਸੋਰਠਿ ਮਹਲਾ ੩ ॥
ਬਿਨੁ ਸਤਿਗੁਰ ਸੇਵੇ ਬਹੁਤਾ ਦੁਖੁ ਲਾਗਾ ਜੁਗ ਚਾਰੇ ਭਰਮਾਈ ॥ ਹਮ ਦੀਨ ਤੁਮ ਜੁਗੁ ਜੁਗੁ ਦਾਤੇ ਸਬਦੇ ਦੇਹਿ ਬੁਝਾਈ ॥੧॥ ਹਰਿ ਜੀਉ ਕ੍ਰਿਪਾ ਕਰਹੁ ਤੁਮ ਪਿਆਰੇ ॥ ਸਤਿਗੁਰੁ ਦਾਤਾ ਮੇਲਿ ਮਿਲਾਵਹੁ ਹਰਿ ਨਾਮੁ ਦੇਵਹੁ ਆਧਾਰੇ ॥ ਰਹਾਉ ॥
ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ ਨੂੰ ਬਹੁਤ ਦੁੱਖ ਚੰਬੜਿਆ ਰਹਿੰਦਾ ਹੈ, ਮਨੁੱਖ ਸਦਾ ਹੀ ਭਟਕਦਾ ਫਿਰਦਾ ਹੈ। ਹੇ ਪ੍ਰਭੂ! ਅਸੀਂ (ਜੀਵ, ਤੇਰੇ ਦਰ ਦੇ) ਮੰਗਤੇ ਹਾਂ, ਤੂੰ ਸਦਾ ਹੀ (ਸਾਨੂੰ) ਦਾਤਾਂ ਦੇਣ ਵਾਲਾ ਹੈਂ, (ਮੇਹਰ ਕਰ, ਗੁਰੂ ਦੇ) ਸ਼ਬਦ ਵਿਚ ਜੋੜ ਕੇ ਆਤਮਕ ਜੀਵਨ ਦੀ ਸਮਝ ਬਖ਼ਸ਼ ॥੧॥ ਪਿਆਰੇ ਪ੍ਰਭੂ ਜੀ! (ਮੇਰੇ ਉਤੇ) ਮੇਹਰ ਕਰ, ਤੇਰੇ ਨਾਮ ਦੀ ਦਾਤਿ ਦੇਣ ਵਾਲਾ ਗੁਰੂ ਮੈਨੂੰ ਮਿਲਾ, ਅਤੇ (ਮੇਰੀ ਜ਼ਿੰਦਗੀ ਦਾ) ਸਹਾਰਾ ਆਪਣਾ ਨਾਮ ਮੈਨੂੰ ਦੇਹ।
ਅੰਗ: 603 | 27-09-2021
ਸਲੋਕੁ ਮ: ੩
ਨਾਨਕ ਬਿਨੁ ਸਤਿਗੁਰ ਭੇਟੇ ਜਗੁ ਅੰਧੁ ਹੈ ਅੰਧੇ ਕਰਮ ਕਮਾਇ ॥ ਸਬਦੈ ਸਿਉ ਚਿਤੁ ਨ ਲਾਵਈ ਜਿਤੁ ਸੁਖੁ ਵਸੈ ਮਨਿ ਆਇ ॥ ਤਾਮਸਿ ਲਗਾ ਸਦਾ ਫਿਰੈ ਅਹਿਨਿਸਿ ਜਲਤੁ ਬਿਹਾਇ ॥ ਜੋ ਤਿਸੁ ਭਾਵੈ ਸੋ ਥੀਐ ਕਹਣਾ ਕਿਛੂ ਨ ਜਾਇ ॥੧॥
ਹੇ ਨਾਨਕ! ਗੁਰੂ ਨੂੰ ਮਿਲਣ ਤੋਂ ਬਿਨਾ ਸੰਸਾਰ ਅੰਨ੍ਹਾ ਹੈ ਤੇ ਅੰਨ੍ਹੇ ਹੀ ਕੰਮ ਕਰਦਾ ਹੈ। ਸਤਿਗੁਰੂ ਦੇ ਸ਼ਬਦ ਨਾਲ ਮਨ ਨਹੀਂ ਜੋੜਦਾ ਜਿਸ ਕਰਕੇ ਹਿਰਦੇ ਵਿਚ ਸੁਖ ਆ ਵੱਸੇ। ਤਮੋ ਗੁਣ ਵਿਚ ਮਸਤ ਹੋਇਆ ਹੋਇਆ ਸਦਾ ਭਟਕਦਾ ਹੈ ਤੇ ਦਿਨ ਰਾਤ (ਤਮੋ ਗੁਣ ਵਿਚ) ਸੜਦਿਆਂ (ਉਸ ਦੀ ਉਮਰ) ਗੁਜ਼ਰਦੀ ਹੈ। (ਇਸ ਬਾਰੇ) ਕੁਝ ਆਖਿਆ ਨਹੀਂ ਜਾ ਸਕਦਾ, ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ, ਸੋਈ ਹੁੰਦਾ ਹੈ ।
ਅੰਗ: 554 | 26-09-2021