ਧਨਾਸਰੀ ਮਹਲਾ ੪ ॥
ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥ ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥
ਹੇ ਮੇਰੇ ਪਾਤਿਸ਼ਾਹ! (ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ। ਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਕੋਈ ਹੋਰ ਕੀ ਜਾਣ ਸਕਦਾ ਹੈ ? ॥ ਰਹਾਉ ॥ ਹੇ ਮੇਰੇ ਪਾਤਿਸ਼ਾਹ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਅਟੱਲ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਭੀ ਉਕਾਈ ਹੀਣ ਹੈ (ਉਸ ਵਿਚ ਭੀ ਕੋਈ ਊਣਤਾ ਨਹੀਂ)। ਹੇ ਪਾਤਿਸ਼ਾਹ! (ਸਾਰੇ ਸੰਸਾਰ ਵਿਚ ਤੈਥੋਂ ਬਿਨਾ) ਹੋਰ ਕੋਈ ਨਹੀਂ ਹੈ (ਇਸ ਵਾਸਤੇ) ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ ॥੧॥
Hukamnama
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਰਾਗੁ ਗੋਂਡ ਚਉਪਦੇ ਮਹਲਾ ੪ ਘਰੁ ੧ ॥
ਜੇ ਮਨਿ ਚਿਤਿ ਆਸ ਰਖਹਿ ਹਰਿ ਊਪਰਿ ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ ॥ ਹਰਿ ਜਾਣੈ ਸਭੁ ਕਿਛੁ ਜੋ ਜੀਇ ਵਰਤੈ ਪ੍ਰਭੁ ਘਾਲਿਆ ਕਿਸੈ ਕਾ ਇਕੁ ਤਿਲੁ ਨ ਗਵਾਈ ॥ ਹਰਿ ਤਿਸ ਕੀ ਆਸ ਕੀਜੈ ਮਨ ਮੇਰੇ ਜੋ ਸਭ ਮਹਿ ਸੁਆਮੀ ਰਹਿਆ ਸਮਾਈ ॥੧॥
ਹੇ ਭਾਈ! ਜੇ ਤੂੰ ਆਪਣੇ ਮਨ ਵਿਚ ਆਪਣੇ ਚਿੱਤ ਵਿਚ ਸਿਰਫ਼ ਪਰਮਾਤਮਾ ਉਤੇ ਭਰੋਸਾ ਰੱਖੇਂ, ਤਾਂ ਤੂੰ ਅਨੇਕਾਂ ਹੀ ਮਨ-ਮੰਗੇ ਫਲ ਹਾਸਲ ਕਰ ਲਏਂਗਾ, ਪਰਮਾਤਮਾ ਉਹ ਸਭ ਕੁਝ ਜਾਣਦਾ ਹੈ ਜੋ ਮਨ ਵਿਚ ਵਰਤਦਾ ਹੈ, ਅਤੇ, ਪਰਮਾਤਮਾ ਕਿਸੇ ਦੀ ਕੀਤੀ ਹੋਈ ਮੇਹਨਤ ਰਤਾ ਭਰ ਭੀ ਅਜਾਈਂ ਨਹੀਂ ਜਾਣ ਦੇਂਦਾ। ਸੋ, ਹੇ ਮੇਰੇ ਮਨ! ਉਸ ਮਾਲਕ ਪਰਮਾਤਮਾ ਦੀ ਸਦਾ ਆਸ ਰੱਖ, ਜੇਹੜਾ ਸਭ ਜੀਵਾਂ ਵਿਚ ਮੌਜੂਦ ਹੈ।
ਅੰਗ: 859 | 07-08-2022
ਸਲੋਕੁ ਮਃ ੩ ॥
ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥ ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥ ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥ ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥ ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ ॥ ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ ॥੧॥
ਹੇ ਚੁੱਕੇ ਚੁਕਾਏ ਸ਼ੇਖ਼! ਇਸ ਮਨ ਨੂੰ ਇਕ ਟਿਕਾਣੇ ਤੇ ਲਿਆ;ਵਿੰਗੀਆਂ ਟੇਢੀਆਂ ਗੱਲਾਂ ਛੱਡ ਤੇ ਸਤਿਗੁਰੂ ਦੇ ਸ਼ਬਦ ਨੂੰ ਸਮਝ। ਹੇ ਸ਼ੇਖਾ! ਜੋ (ਸਭ ਦਾ) ਜਾਣੂ ਸਤਿਗੁਰੂ ਸਭ ਕੁਝ ਸਮਝਦਾ ਹੈ ਉਸ ਦੀ ਚਰਨੀਂ ਲੱਗ;ਆਸਾਂ ਤੇ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿਚ ਪਰਾਹੁਣਾ ਸਮਝ; ਜੇ ਤੂੰ ਸਤਿਗੁਰੂ ਦੇ ਭਾਣੇ ਵਿਚ ਚਲੇਂਗਾ ਤਾਂ ਰੱਬ ਦੀ ਦਰਗਾਹ ਵਿਚ ਆਦਰ ਪਾਵੇਂਗਾ। ਹੇ ਨਾਨਕ! ਜੋ ਮਨੁੱਖ ਨਾਮ ਨਹੀਂ ਸਿਮਰਦੇ, ਉਹਨਾਂ ਦਾ (ਚੰਗਾ) ਖਾਣਾ ਤੇ (ਚੰਗਾ) ਪਹਿਨਣਾ ਫਿਟਕਾਰ ਜੋਗ ਹੈ।1।
ਅੰਗ: 646 | 06-08-2022
ਧਨਾਸਰੀ ਮਹਲਾ ੫ ॥
ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥ ਸਾਸਿ ਸਾਸਿ ਮਨੁ ਨਾਮੁ ਸਮ੍ਹ੍ਹਾਰੈ ਇਹੁ ਬਿਸ੍ਰਾਮ ਨਿਧਿ ਪਾਈ ॥੧॥ ਤੁਮ੍ਹ੍ਹ ਕਰਹੁ ਦਇਆ ਮੇਰੇ ਸਾਈ ॥ ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥੧॥ ਰਹਾਉ ॥
(ਹੇ ਪ੍ਰਭੂ! ਮੇਹਰ ਕਰ) ਮੈਂ (ਤੇਰੇ) ਸੰਤਾਂ ਦੀ ਸੇਵਾ ਵਿਚ (ਰਹਿ ਕੇ, ਉਹਨਾਂ ਵਾਸਤੇ) ਪਾਣੀ (ਢੋਂਦਾ ਰਹਾਂ, ਉਹਨਾਂ ਨੂੰ) ਪੱਖਾ (ਝੱਲਦਾ ਰਹਾਂ, ਉਹਨਾਂ ਵਾਸਤੇ ਆਟਾ) ਪੀਂਹਦਾ ਰਹਾਂ, ਤੇ, ਹੇ ਗੋਬਿੰਦ! ਤੇਰੀ ਸਿਫ਼ਤ ਸਾਲਾਹ ਤੇਰੇ ਗੁਣ ਗਾਂਦਾ ਰਹਾਂ। ਮੇਰਾ ਮਨ ਹਰੇਕ ਸਾਹ ਦੇ ਨਾਲ (ਤੇਰਾ) ਨਾਮ ਚੇਤੇ ਕਰਦਾ ਰਹੇ, ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖ਼ਜ਼ਾਨਾ ਹੈ ॥੧॥ ਹੇ ਮੇਰੇ ਖਸਮ ਪ੍ਰਭੂ! (ਮੇਰੇ ਉੱਤੇ) ਦਇਆ ਕਰ। ਹੇ ਮੇਰੇ ਠਾਕੁਰ! ਮੈਨੂੰ ਇਹੋ ਜਿਹੀ ਅਕਲ ਬਖ਼ਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂ ॥੧॥ ਰਹਾਉ ॥
ਅੰਗ: 673 | 05-08-2022
ਸਲੋਕ ਮਃ ੩ ॥
ਗੁਰਮੁਖਿ ਪ੍ਰਭੁ ਸੇਵਹਿ ਸਦ ਸਾਚਾ ਅਨਦਿਨੁ ਸਹਜਿ ਪਿਆਰਿ ॥ਸਦਾ ਅਨੰਦਿ ਗਾਵਹਿ ਗੁਣ ਸਾਚੇ ਅਰਧਿ ਉਰਧਿ ਉਰਿ ਧਾਰਿ ॥ਅੰਤਰਿ ਪ੍ਰੀਤਮੁ ਵਸਿਆ ਧੁਰਿ ਕਰਮੁ ਲਿਖਿਆ ਕਰਤਾਰਿ ॥ਨਾਨਕ ਆਪਿ ਮਿਲਾਇਅਨੁ ਆਪੇ ਕਿਰਪਾ ਧਾਰਿ ॥੧॥
ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਰ ਵੇਲੇ ਸਹਿਜ ਅਵਸਥਾ ਵਿਚ ਲਿਵ ਜੋੜ ਕੇ (ਭਾਵ, ਸਦਾ ਇਕਾਗਰ ਚਿੱਤ ਰਹਿ ਕੇ) ਸਦਾ ਸੱਚੇ ਪ੍ਰਭੂ ਨੂੰ ਸਿਮਰਦੇ ਹਨ,ਤੇ ਹੇਠ ਉਪਰ (ਸਭ ਥਾਈਂ) ਵਿਆਪਕ ਹਰੀ ਨੂੰ ਹਿਰਦੇ ਵਿਚ ਪ੍ਰੋ ਕੇ ਚੜ੍ਹਦੀ ਕਲਾ ਵਿਚ (ਰਹਿ ਕੇ) ਸਦਾ ਸੱਚੇ ਦੀ ਸਿਫ਼ਤਿ ਸਾਲਾਹ ਕਰਦੇ ਹਨ ।ਧੁਰੋਂ ਹੀ ਕਰਤਾਰ ਨੇ (ਉਹਨਾਂ ਲਈ) ਬਖ਼ਸ਼ਸ਼ (ਦਾ ਫ਼ੁਰਮਾਨ) ਲਿਖ ਦਿੱਤਾ ਹੈ (ਇਸ ਕਰਕੇ) ਉਹਨਾਂ ਦੇ ਹਿਰਦੇ ਵਿਚ ਪਿਆਰਾ ਪ੍ਰਭੂ ਵੱਸਦਾ ਹੈ,ਹੇ ਨਾਨਕ! ਉਸ ਪ੍ਰਭੂ ਨੇ ਆਪ ਹੀ ਕਿਰਪਾ ਕਰ ਕੇ ਉਹਨਾਂ ਨੂੰ ਆਪਣੇ ਵਿਚ ਮਿਲਾ ਲਿਆ ਹੈ
ਅੰਗ: 550| 04-08-2022
ਸਲੋਕ ॥
ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥
ਜੋ ਸੰਤ ਜਨ ਗੋਪਾਲ ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ, ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ । ਹੇ ਨਾਨਕ! (ਤੂੰ ਭੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ ਦਾ ਪੱਲਾ ਫੜ ।੧। ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ । ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ ।੨।
ਅੰਗ: 709 | 03-08-2022
ਗਉੜੀ ਕਬੀਰ ਜੀ ॥
ਜਿਹ ਮਰਨੈ ਸਭੁ ਜਗਤੁ ਤਰਾਸਿਆ ॥ ਸੋ ਮਰਨਾ ਗੁਰ ਸਬਦਿ ਪ੍ਰਗਾਸਿਆ ॥੧॥ ਅਬ ਕੈਸੇ ਮਰਉ ਮਰਨਿ ਮਨੁ ਮਾਨਿਆ ॥ ਮਰਿ ਮਰਿ ਜਾਤੇ ਜਿਨ ਰਾਮੁ ਨ ਜਾਨਿਆ ॥੧॥ ਰਹਾਉ ॥
ਜਿਸ ਮੌਤ ਨੇ ਸਾਰਾ ਸੰਸਾਰ ਡਰਾ ਦਿੱਤਾ ਹੋਇਆ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਨੂੰ ਸਮਝ ਆ ਗਈ ਹੈ ਕਿ ਉਹ ਮੌਤ ਅਸਲ ਵਿਚ ਕੀਹ ਚੀਜ਼ ਹੈ।1। ਹੁਣ ਮੈਂ ਜਨਮ ਮਰਨ ਵਿਚ ਕਿਉਂ ਪਵਾਂਗਾ? (ਭਾਵ, ਨਹੀਂ ਪਵਾਂਗਾ) (ਕਿਉਂਕਿ) ਮੇਰਾ ਮਨ ਆਪਾ ਭਾਵ ਦੀ ਮੌਤ ਵਿਚ ਪਤੀਜ ਗਿਆ ਹੈ। (ਕੇਵਲ) ਉਹ ਮਨੁੱਖ ਸਦਾ ਜੰਮਦੇ ਮਰਦੇ ਰਹਿੰਦੇ ਹਨ ਜਿਨ੍ਹਾਂ ਨੇ ਪ੍ਰਭੂ ਨੂੰ ਨਹੀਂ ਪਛਾਣਿਆ (ਪ੍ਰਭੂ ਨਾਲ ਸਾਂਝ ਨਹੀਂ ਪਾਈ) ।1। ਰਹਾਉ।
ਅੰਗ: 327 | 02-08-2022
ਗੂਜਰੀ ਮਹਲਾ ੩ ॥
ਤਿਸੁ ਜਨ ਸਾਂਤਿ ਸਦਾ ਮਤਿ ਨਿਹਚਲ ਜਿਸ ਕਾ ਅਭਿਮਾਨੁ ਗਵਾਏ ॥ ਸੋ ਜਨੁ ਨਿਰਮਲੁ ਜਿ ਗੁਰਮੁਖਿ ਬੂਝੈ ਹਰਿ ਚਰਣੀ ਚਿਤੁ ਲਾਏ ॥੧॥ ਹਰਿ ਚੇਤਿ ਅਚੇਤ ਮਨਾ ਜੋ ਇਛਹਿ ਸੋ ਫਲੁ ਹੋਈ ॥ ਗੁਰ ਪਰਸਾਦੀ ਹਰਿ ਰਸੁ ਪਾਵਹਿ ਪੀਵਤ ਰਹਹਿ ਸਦਾ ਸੁਖੁ ਹੋਈ ॥੧॥ ਰਹਾਉ ॥
ਹੇ ਭਾਈ! ਪਰਮਾਤਮਾ ਜਿਸ ਮਨੁੱਖ ਦਾ ਅਹੰਕਾਰ ਦੂਰ ਕਰ ਦੇਂਦਾ ਹੈ, ਉਸ ਮਨੁੱਖ ਨੂੰ ਆਤਮਕ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ, ਉਸ ਦੀ ਅਕਲ ਡੋਲਣੋਂ ਹਟ ਜਾਂਦੀ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਸਮਝ ਲੈਂਦਾ ਹੈ, ਪਰਮਾਤਮਾ ਦੇ ਚਰਨਾਂ ਵਿਚ ਆਪਣਾ ਚਿੱਤ ਜੋੜਦਾ ਹੈ, ਉਹ ਮਨੁੱਖ ਪਵਿਤ੍ਰ ਜੀਵਨ ਵਾਲਾ ਬਣ ਜਾਂਦਾ ਹੈ॥੧॥ ਮੇਰੇ ਗਾਫ਼ਲ ਮਨ! ਪਰਮਾਤਮਾ ਨੂੰ ਚੇਤੇ ਕਰਦਾ ਰਹੁ, ਤੈਨੂੰ ਉਹੀ ਫਲ ਮਿਲ ਜਾਏਗਾ ਜੇਹੜਾ ਤੂੰ ਮੰਗੇਂਗਾ। ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ ਦਾ ਰਸ ਹਾਸਲ ਕਰ ਲਏਂਗਾ, ਜੇ ਤੂੰ ਰਸ ਨੂੰ ਪੀਂਦਾ ਰਹੇਂਗਾ, ਤਾਂ ਤੈਨੂੰ ਸਦਾ ਆਨੰਦ ਮਿਲਿਆ ਰਹੇਗਾ॥੧॥ ਰਹਾਉ॥
ਅੰਗ: 491 | 01-08-2022
ਰਾਗੁ ਸੂਹੀ ਮਹਲਾ ੧ ਕੁਚਜੀ
ੴ ਸਤਿਗੁਰ ਪ੍ਰਸਾਦਿ ॥
ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ ॥ ਇਕ ਦੂ ਇਕਿ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ ॥
(ਹੇ ਸਹੇਲੀਏ!) ਮੈਂ ਸਹੀ ਜੀਵਨ ਦਾ ਚੱਜ ਨਹੀਂ ਸਿੱਖਿਆ, ਮੇਰੇ ਅੰਦਰ ਇਤਨੇ ਐਬ ਹਨ ਕਿ ਅੰਦਰ ਸਮਾ ਹੀ ਨਹੀਂ ਸਕਦੇ (ਇਸ ਹਾਲਤ ਵਿਚ) ਮੈਂ ਪ੍ਰਭੂ ਪਤੀ ਨੂੰ ਪ੍ਰਸੰਨ ਕਰਨ ਲਈ ਕਿਵੇਂ ਜਾ ਸਕਦੀ ਹਾਂ? (ਉਸ ਦੇ ਦਰ ਤੇ ਤਾਂ) ਇਕ ਦੂਜੀ ਤੋਂ ਵਧੀਆ ਤੋਂ ਵਧੀਆ ਹਨ, ਮੇਰਾ ਤਾਂ ਉਥੇ ਕੋਈ ਨਾਮ ਭੀ ਨਹੀਂ ਜਾਣਦਾ।
ਅੰਗ: 762 | 31-07-2022
ਸਲੋਕੁ ਮਃ ੪ ॥
ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥ ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ ॥ ਸਤਿਗੁਰ ਕਾ ਭਾਣਾ ਚਿਤਿ ਨ ਆਵੈ ਆਪਣੈ ਸੁਆਇ ਫਿਰਾਹੀ ॥ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸਬਦਿ ਸਮਾਹੀ ॥੧॥
(ਮਨਮੁਖ ਦੇ) ਹਿਰਦੇ ਵਿਚ ਅਗਿਆਨ ਹੈ, (ਉਸ ਦੀ) ਅਕਲ ਹੋਛੀ ਹੁੰਦੀ ਹੈ ਤੇ ਸਤਿਗੁਰੂ ਉਤੇ ਉਸ ਨੂੰ ਸਿਦਕ ਨਹੀਂ ਹੁੰਦਾ; ਮਨ ਵਿਚ ਧੋਖਾ (ਹੋਣ ਕਰਕੇ ਸੰਸਾਰ ਵਿਚ ਭੀ) ਉਹ ਸਾਰਾ ਧੋਖਾ ਹੀ ਧੋਖਾ ਵਰਤਦਾ ਸਮਝਦਾ ਹੈ। (ਮਨਮੁਖ ਬੰਦੇ ਆਪ) ਦੁਖੀ ਹੁੰਦੇ ਹਨ (ਤੇ ਹੋਰਨਾਂ ਨੂੰ) ਦੁਖੀ ਕਰਦੇ ਹਨ; ਸਤਿਗੁਰੂ ਦਾ ਹੁਕਮ ਉਹਨਾਂ ਦੇ ਚਿੱਤ ਵਿਚ ਨਹੀਂ ਆਉਂਦਾ (ਭਾਵ, ਭਾਣਾ ਨਹੀਂ ਮੰਨਦੇ) ਤੇ ਆਪਣੀ ਗ਼ਰਜ਼ ਦੇ ਪਿਛੇ ਭਟਕਦੇ ਫਿਰਦੇ ਹਨ; ਨਾਨਕ ਜੀ! ਜੇ ਹਰੀ ਆਪਣੀ ਮੇਹਰ ਕਰੇ,ਤਾਂ ਹੀ ਉਹ ਗੁਰੂ ਦੇ ਸ਼ਬਦ ਵਿਚ ਲੀਨ ਹੁੰਦੇ ਹਨ ॥੧॥
ਅੰਗ: 652 | 30-07-2022
ਸੋਰਠਿ ਮਹਲਾ ੩ ॥
ਬਿਨੁ ਸਤਿਗੁਰ ਸੇਵੇ ਬਹੁਤਾ ਦੁਖੁ ਲਾਗਾ ਜੁਗ ਚਾਰੇ ਭਰਮਾਈ ॥ ਹਮ ਦੀਨ ਤੁਮ ਜੁਗੁ ਜੁਗੁ ਦਾਤੇ ਸਬਦੇ ਦੇਹਿ ਬੁਝਾਈ ॥੧॥ ਹਰਿ ਜੀਉ ਕ੍ਰਿਪਾ ਕਰਹੁ ਤੁਮ ਪਿਆਰੇ ॥ ਸਤਿਗੁਰੁ ਦਾਤਾ ਮੇਲਿ ਮਿਲਾਵਹੁ ਹਰਿ ਨਾਮੁ ਦੇਵਹੁ ਆਧਾਰੇ ॥ ਰਹਾਉ ॥
ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ ਨੂੰ ਬਹੁਤ ਦੁੱਖ ਚੰਬੜਿਆ ਰਹਿੰਦਾ ਹੈ, ਮਨੁੱਖ ਸਦਾ ਹੀ ਭਟਕਦਾ ਫਿਰਦਾ ਹੈ। ਹੇ ਪ੍ਰਭੂ! ਅਸੀਂ (ਜੀਵ, ਤੇਰੇ ਦਰ ਦੇ) ਮੰਗਤੇ ਹਾਂ, ਤੂੰ ਸਦਾ ਹੀ (ਸਾਨੂੰ) ਦਾਤਾਂ ਦੇਣ ਵਾਲਾ ਹੈਂ, (ਮੇਹਰ ਕਰ, ਗੁਰੂ ਦੇ) ਸ਼ਬਦ ਵਿਚ ਜੋੜ ਕੇ ਆਤਮਕ ਜੀਵਨ ਦੀ ਸਮਝ ਬਖ਼ਸ਼ ॥੧॥ ਪਿਆਰੇ ਪ੍ਰਭੂ ਜੀ! (ਮੇਰੇ ਉਤੇ) ਮੇਹਰ ਕਰ, ਤੇਰੇ ਨਾਮ ਦੀ ਦਾਤਿ ਦੇਣ ਵਾਲਾ ਗੁਰੂ ਮੈਨੂੰ ਮਿਲਾ, ਅਤੇ (ਮੇਰੀ ਜ਼ਿੰਦਗੀ ਦਾ) ਸਹਾਰਾ ਆਪਣਾ ਨਾਮ ਮੈਨੂੰ ਦੇਹ ॥ ਰਹਾਉ॥
ਅੰਗ: 603 | 29-07-2022
ਸੂਹੀ ਮਹਲਾ ੪ ਘਰੁ ੭
ੴ ਸਤਿਗੁਰ ਪ੍ਰਸਾਦਿ ॥
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥ ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥੧॥ ਮੈ ਹਰਿ ਹਰਿ ਨਾਮੁ ਧਰ ਸੋਈ ॥ ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ ॥੧॥ ਰਹਾਉ ॥
ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਸਭ ਦਾ ਮਾਲਕ ਹੈਂ। ਹੇ ਸਭ ਤੋਂ ਉੱਚੇ ਭਗਵਾਨ! ਤੂੰ ਸਭ ਦਾ ਪਾਲਣ ਵਾਲਾ ਹੈਂ। ਮੈਂ ਤੇਰੇ ਕੇਹੜੇ ਕੇਹੜੇ ਗੁਣ ਦੱਸ ਕੇ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ? ਮੈਂ ਤੇਰੀ ਵਡਿਆਈ ਬਿਆਨ ਨਹੀਂ ਕਰ ਸਕਦਾ ॥੧॥ ਹੇ ਹਰੀ! ਮੇਰੇ ਵਾਸਤੇ ਤੇਰਾ ਉਹ ਨਾਮ ਹੀ ਆਸਰਾ ਹੈ। ਹੇ ਮੇਰੇ ਮਾਲਕ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੇਰੀ ਰੱਖਿਆ ਕਰ। ਤੈਥੋਂ ਬਿਨਾ ਮੇਰਾ ਹੋਰ ਕੋਈ (ਸਹਾਰਾ) ਨਹੀਂ ਹੈ ॥੧॥ ਰਹਾਉ॥
ਅੰਗ: 735 | 28-07-2022