ਸੋਰਠਿ ਮਹਲਾ ੫ ਘਰੁ ੩ ਚਉਪਦੇ
ੴ ਸਤਿਗੁਰ ਪ੍ਰਸਾਦਿ ॥
ਮਿਲਿ ਪੰਚਹੁ ਨਹੀ ਸਹਸਾ ਚੁਕਾਇਆ ॥ ਸਿਕਦਾਰਹੁ ਨਹ ਪਤੀਆਇਆ ॥ ਉਮਰਾਵਹੁ ਆਗੈ ਝੇਰਾ ॥ ਮਿਲਿ ਰਾਜਨ ਰਾਮ ਨਿਬੇਰਾ ॥੧॥ ਅਬ ਢੂਢਨ ਕਤਹੁ ਨ ਜਾਈ ॥ ਗੋਬਿਦ ਭੇਟੇ ਗੁਰ ਗੋਸਾਈ ॥ ਰਹਾਉ ॥
ਹੇ ਭਾਈ! ਨਗਰ ਦੇ ਪੈਂਚਾਂ ਨੂੰ ਮਿਲ ਕੇ (ਕਾਮਾਦਿਕ ਵੈਰੀਆਂ ਤੋਂ ਪੈ ਰਿਹਾ) ਸਹਿਮ ਦੂਰ ਨਹੀਂ ਕੀਤਾ ਜਾ ਸਕਦਾ। ਸਰਦਾਰਾਂ ਲੋਕਾਂ ਤੋਂ ਭੀ ਤਸੱਲੀ ਨਹੀਂ ਮਿਲ ਸਕਦੀ (ਕਿ ਇਹ ਵੈਰੀ ਤੰਗ ਨਹੀਂ ਕਰਨਗੇ।) ਸਰਕਾਰੀ ਹਾਕਮਾਂ ਅੱਗੇ ਭੀ ਇਹ ਝਗੜਾ (ਪੇਸ਼ ਕੀਤਿਆਂ ਕੁਝ ਨਹੀਂ ਬਣਦਾ।) ਪ੍ਰਭੂ ਪਾਤਿਸ਼ਾਹ ਨੂੰ ਮਿਲ ਕੇ ਫ਼ੈਸਲਾ ਹੋ ਜਾਂਦਾ ਹੈ (ਤੇ, ਕਾਮਾਦਿਕ ਵੈਰੀਆਂ ਦਾ ਡਰ ਮੁੱਕ ਜਾਂਦਾ ਹੈ) ॥੧॥ ਹੁਣ (ਕਾਮਾਦਿਕ ਵੈਰੀਆਂ ਤੋਂ ਪੈ ਰਹੇ ਸਹਿਮ ਤੋਂ ਬਚਣ ਲਈ) ਕਿਸੇ ਹੋਰ ਥਾਂ (ਆਸਰਾ) ਭਾਲਣ ਦੀ ਲੋੜ ਨਾਹ ਰਹਿ ਗਈ, ਜਦੋਂ ਗੋਬਿੰਦ ਨੂੰ, ਗੁਰੂ ਨੂੰ ਸ੍ਰਿਸ਼ਟੀ ਦੇ ਖਸਮ ਨੂੰ ਮਿਲ ਪਏ ॥ ਰਹਾਉ ॥
guru granth sahib quotes
ਤਿਲੰਗ ਬਾਣੀ ਭਗਤਾ ਕੀ ਕਬੀਰ ਜੀ
ੴ ਸਤਿਗੁਰ ਪ੍ਰਸਾਦਿ ॥
ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥ ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥੧॥ ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥ ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥੧॥ ਰਹਾਉ ॥
ਹੇ ਭਾਈ! ਵੇਦਾਂ ਕਤੇਬਾਂ ਦੇ ਹਵਾਲੇ ਦੇ ਦੇ ਕੇ ਵਧ ਗੱਲਾਂ ਕਰਨ ਨਾਲ (ਮਨੁੱਖ ਦੇ ਆਪਣੇ) ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। (ਹੇ ਭਾਈ!) ਜੇ ਤੁਸੀ ਆਪਣੇ ਮਨ ਨੂੰ ਪਲਕ ਭਰ ਹੀ ਟਿਕਾਓ, ਤਾਂ ਤੁਹਾਨੂੰ ਸਭਨਾਂ ਵਿਚ ਹੀ ਵੱਸਦਾ ਰੱਬ ਦਿੱਸੇਗਾ (ਕਿਸੇ ਦੇ ਵਿਰੁੱਧ ਤਰਕ ਕਰਨ ਦੀ ਲੋੜ ਨਹੀਂ ਪਏਗੀ) ॥੧॥ ਹੇ ਭਾਈ! (ਆਪਣੇ ਹੀ) ਦਿਲ ਨੂੰ ਹਰ ਵੇਲੇ ਖੋਜ, (ਬਹਿਸ ਮੁਬਾਹਸੇ ਦੀ) ਘਬਰਾਹਟ ਵਿਚ ਨਾਹ ਭਟਕ। ਇਹ ਜਗਤ ਇਕ ਜਾਦੂ ਜਿਹਾ ਹੈ, ਇਕ ਤਮਾਸ਼ਾ ਜਿਹਾ ਹੈ, ਹੱਥ ਪੱਲੇ ਪੈਣ ਵਾਲੀ ਕੋਈ ਸ਼ੈ ਨਹੀਂ ॥੧॥ ਰਹਾਉ ॥
ਅੰਗ: 727 | 15-02-2022
ਧਨਾਸਰੀ ਮਹਲਾ ੫ ॥
ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ॥ ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ ॥੧॥ ਤੇਰਾ ਜਨੁ ਰਾਮ ਨਾਮ ਰੰਗਿ ਜਾਗਾ ॥ ਆਲਸੁ ਛੀਜਿ ਗਇਆ ਸਭੁ ਤਨ ਤੇ ਪ੍ਰੀਤਮ ਸਿਉ ਮਨੁ ਲਾਗਾ ॥ ਰਹਾਉ ॥
ਹੇ ਭਾਈ! ਉਸ ਮਨੁੱਖ ਨੂੰ ਬਦ-ਕਿਸਮਤ ਸਮਝੋ, ਜਿਸ ਨੂੰ ਜਿੰਦ ਦਾ ਮਾਲਕ-ਪ੍ਰਭੂ ਵਿਸਰ ਜਾਂਦਾ ਹੈ। ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਕੋਮਲ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ ਜਲ ਦਾ ਸਰੋਵਰ ਲੱਭ ਲੈਂਦਾ ਹੈ।1। ਹੇ ਪ੍ਰਭੂ! ਤੇਰਾ ਸੇਵਕ ਤੇਰੇ ਨਾਮ ਰੰਗ ਵਿਚ ਟਿਕ ਕੇ (ਮਾਇਆ ਦੇ ਮੋਹ ਵਲੋਂ ਸਦਾ) ਸੁਚੇਤ ਰਹਿੰਦਾ ਹੈ। ਉਸ ਦੇ ਸਰੀਰ ਵਿਚੋਂ ਸਾਰਾ ਆਲਸ ਮੁੱਕ ਜਾਂਦਾ ਹੈ, ਉਸ ਦਾ ਮਨ, (ਹੇ ਭਾਈ!) ਪ੍ਰੀਤਮ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ। ਰਹਾਉ।
ਅੰਗ: 682 | 14-02-22
ਤਿਲੰਗ ਮਹਲਾ ੪ ॥
ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ॥ ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ ॥੧॥ ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ ॥ ਰਹਾਉ ॥ ਹਰਿ ਕੇ ਗੁਣ ਹਰਿ ਭਾਵਦੇ ਸੇ ਗੁਰੂ ਤੇ ਪਾਏ ॥ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ ॥੨॥
ਹੇ ਗੁਰਸਿੱਖ! ਮਿੱਤਰ ਗੁਰੂ ਨੇ (ਮੈਨੂੰ) ਪਰਮਾਤਮਾ ਦੀ ਸਿਫ਼ਤਿ ਸਾਲਾਹ ਦੀਆਂ ਗੱਲਾਂ ਸੁਣਾਈਆਂ ਹਨ । ਮੈਂ ਆਪਣੇ ਗੁਰੂ ਤੋਂ ਮੁੜ ਮੁੜ ਸਦਕੇ ਕੁਰਬਾਨ ਜਾਂਦਾ ਹਾਂ ।੧। ਹੇ ਮੇਰੇ ਗੁਰੂ ਦੇ ਪਿਆਰੇ ਸਿੱਖ! ਮੈਨੂੰ ਆ ਕੇ ਮਿਲ, ਮੈਨੂੰ ਆ ਕੇ ਮਿਲ ।ਰਹਾਉ। ਹੇ ਗੁਰਸਿੱਖ! ਪਰਮਾਤਮਾ ਦੇ ਗੁਣ (ਗਾਉਣੇ) ਪਰਮਾਤਮਾ ਨੂੰ ਪਸੰਦ ਆਉਂਦੇ ਹਨ । ਮੈਂ ਉਹ ਗੁਣ (ਗਾਉਣੇ) ਗੁਰੂ ਪਾਸੋਂ ਸਿੱਖੇ ਹਨ । ਮੈਂ ਉਹਨਾਂ (ਵਡ ਭਾਗੀਆਂ ਤੋਂ) ਮੁੜ ਮੁੜ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ (ਮਿੱਠਾ ਕਰ ਕੇ) ਮੰਨਿਆ ਹੈ ।
ਅੰਗ: 725 | 13-02-2022
ਧਨਾਸਰੀ ਭਗਤ ਰਵਿਦਾਸ ਜੀ ਕੀ
ੴ ਸਤਿਗੁਰ ਪ੍ਰਸਾਦਿ ॥
ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥
(ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। (ਹੇ ਸੋਹਣੇ ਰਾਮ!) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤਿ ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ।੧। ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ; ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ?।ਰਹਾਉ।
ਅੰਗ: 694 | 12-02-2022
ਟੋਡੀ ਮਹਲਾ ੫ ॥
ਗਰਬਿ ਗਹਿਲੜੋ ਮੂੜੜੋ ਹੀਓ ਰੇ ॥ ਹੀਓ ਮਹਰਾਜ ਰੀ ਮਾਇਓ ॥ ਡੀਹਰ ਨਿਆਈ ਮੋਹਿ ਫਾਕਿਓ ਰੇ ॥ ਰਹਾਉ ॥ ਘਣੋ ਘਣੋ ਘਣੋ ਸਦ ਲੋੜੈ ਬਿਨੁ ਲਹਣੇ ਕੈਠੈ ਪਾਇਓ ਰੇ ॥ ਮਹਰਾਜ ਰੋ ਗਾਥੁ ਵਾਹੂ ਸਿਉ ਲੁਭੜਿਓ ਨਿਹਭਾਗੜੋ ਭਾਹਿ ਸੰਜੋਇਓ ਰੇ ॥੧॥
ਮੂਰਖ ਹਿਰਦਾ ਅਹੰਕਾਰ ਵਿਚ ਝੱਲਾ ਹੋਇਆ ਰਹਿੰਦਾ ਹੈ। ਇਸ ਹਿਰਦੇ ਨੂੰ ਮਹਾਰਾਜ (ਪ੍ਰਭੂ) ਦੀ ਮਾਇਆ ਨੇ-ਮੱਛੀ ਵਾਂਗ ਮੋਹ ਵਿਚ ਫਸਾ ਰੱਖਿਆ ਹੈ ॥ ਰਹਾਉ॥ (ਮੋਹ ਵਿਚ ਫਸਿਆ ਹੋਇਆ ਹਿਰਦਾ) ਸਦਾ ਬਹੁਤ ਬਹੁਤ (ਮਾਇਆ) ਮੰਗਦਾ ਰਹਿੰਦਾ ਹੈ, ਪਰ ਭਾਗਾਂ ਤੋਂ ਬਿਨਾ ਕਿਥੋਂ ਪ੍ਰਾਪਤ ਕਰੇ? ਮਹਾਰਾਜ ਦਾ (ਦਿੱਤਾ ਹੋਇਆ) ਇਹ ਸਰੀਰ ਹੈ, ਇਸੇ ਨਾਲ (ਮੂਰਖ ਜੀਵ) ਮੋਹ ਕਰਦਾ ਰਹਿੰਦਾ ਹੈ। ਨਿਭਾਗਾ ਮਨੁ ਨਾਲ ਜੋੜੀ ਰੱਖਦਾ ਹੈ ॥੧॥
ਅੰਗ: 715 | 11-02-2022
ਸੋਰਠਿ ਮਹਲਾ ੩ ਘਰੁ ੧ ਤਿਤੁਕੀ
ੴ ਸਤਿਗੁਰ ਪ੍ਰਸਾਦਿ ॥
ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ ॥ ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ਹਰਣਾਖਸੁ ਮਾਰਿ ਪਚਾਇਆ ॥ ਗੁਰਮੁਖਾ ਨੋ ਪਰਤੀਤਿ ਹੈ ਹਰਿ ਜੀਉ ਮਨਮੁਖ ਭਰਮਿ ਭੁਲਾਇਆ ॥੧॥
ਹੇ ਹਰੀ! ਤੂੰ ਆਪਣੇ ਭਗਤਾਂ ਦੀ ਇੱਜ਼ਤ ਸਦਾ ਰੱਖਦਾ ਹੈਂ, ਜਦੋਂ ਤੋਂ ਜਗਤ ਬਣਿਆ ਹੈ ਤਦੋਂ ਤੋਂ (ਭਗਤਾਂ ਦੀ ਇੱਜ਼ਤ) ਰੱਖਦਾ ਆ ਰਿਹਾ ਹੈਂ। ਹੇ ਹਰੀ! ਪ੍ਰਹਿਲਾਦ ਭਗਤ ਵਰਗੇ ਅਨੇਕਾਂ ਸੇਵਕਾਂ ਦੀ ਤੂੰ ਇੱਜ਼ਤ ਰੱਖੀ ਹੈ, ਤੂੰ ਹਰਣਾਖਸ ਨੂੰ ਮਾਰ ਕੇ ਮੁਕਾ ਦਿੱਤਾ। ਹੇ ਹਰੀ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ ਉਹਨਾਂ ਨੂੰ ਨਿਸ਼ਚਾ ਹੁੰਦਾ ਹੈ (ਕਿ ਤੂੰ ਭਗਤਾਂ ਦੀ ਇੱਜ਼ਤ ਬਚਾਂਦਾ ਹੈਂ, ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।੧।
ਅੰਗ: 637 | 10-02-2022
ਧਨਾਸਰੀ ਮਹਲਾ ੫ ॥
ਤ੍ਰਿਪਤਿ ਭਈ ਸਚੁ ਭੋਜਨੁ ਖਾਇਆ ॥ ਮਨਿ ਤਨਿ ਰਸਨਾ ਨਾਮੁ ਧਿਆਇਆ ॥੧॥ ਜੀਵਨਾ ਹਰਿ ਜੀਵਨਾ ॥ ਜੀਵਨੁ ਹਰਿ ਜਪਿ ਸਾਧਸੰਗਿ ॥੧॥ ਰਹਾਉ ॥
ਹੇ ਭਾਈ! ਜਿਸ ਮਨੁੱਖ ਨੇ ਆਪਣੇ ਮਨ ਵਿਚ, ਹਿਰਦੇ ਵਿਚ, ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਜਿਸ ਨੇ ਸਦਾ ਥਿਰ ਹਰਿ ਨਾਮ (ਦੀ) ਖ਼ੁਰਾਕ ਖਾਣੀ ਸ਼ੁਰੂ ਕਰ ਦਿੱਤੀ ਉਸ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਸ਼ਾਂਤੀ ਆ ਜਾਂਦੀ ਹੈ।੧। ਹੇ ਭਾਈ! ਸਾਧ ਸੰਗਤਿ ਵਿਚ (ਬੈਠ ਕੇ) ਪਰਮਾਤਮਾ ਦਾ ਨਾਮ ਜਪਿਆ ਕਰੋ ਇਹੀ ਹੈ ਅਸਲ ਜੀਵਨ, ਇਹੀ ਹੈ ਅਸਲ ਜ਼ਿੰਦਗੀ।੧।ਰਹਾਉ।
ਅੰਗ: 684| 09-02-2022
ਸੋਰਠਿ ਮਹਲਾ ੫ ਘਰੁ ੨ ਅਸਟਪਦੀਆ
ੴ ਸਤਿਗੁਰ ਪ੍ਰਸਾਦਿ ॥
ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥੧॥ ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥ ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥
ਹੇ ਭਾਈ! ਕੋਈ ਮਨੁੱਖ ਵੇਦ ਪੜ੍ਹਦਾ ਹੈ ਅਤੇ ਵਿਚਾਰਦਾ ਹੈ। ਕੋਈ ਮਨੁੱਖ ਨਿਵਲੀਕਰਮ ਕਰਦਾ ਹੈ, ਕੋਈ ਕੁੰਡਲਨੀ ਨਾੜੀ ਰਸਤੇ ਪ੍ਰਾਣ ਚਾੜ੍ਹਦਾ ਹੈ। ਪੰਜਾਂ ਨਾਲੋਂ ਸਾਥ ਮੁੱਕ ਨਹੀਂ ਸਕਦਾ। ਵਧੀਕ ਅਹੰਕਾਰ ਵਿਚ ਬੱਝ ਜਾਂਦੇ ਹਨ।੧। ਹੇ ਭਾਈ! ਮੇਰੇ ਵੇਖਦਿਆਂ ਲੋਕ ਅਨੇਕਾਂ ਹੀ ਕਰਮ ਕਰਦੇ ਹਨ, ਪਰ ਇਹਨਾਂ ਤਰੀਕਿਆਂ ਨਾਲ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਨਹੀਂ ਜਾ ਸਕਦਾ। ਹੇ ਭਾਈ! ਮੈਂ ਤਾਂ ਇਹਨਾਂ ਕਰਮਾਂ ਦਾ ਆਸਰਾ ਛੱਡ ਕੇ ਮਾਲਕ-ਪ੍ਰਭੂ ਦੇ ਦਰ ਤੇ ਆ ਡਿੱਗਾ ਹਾਂ ਪਰਖ ਕਰ ਸਕਣ ਵਾਲੀ ਅਕਲ ਦੇਹ।
ਅੰਗ: 641 | 08-02-2022
ਸੂਹੀ ਮਹਲਾ ੧ ਘਰੁ ੬
ੴ ਸਤਿਗੁਰ ਪ੍ਰਸਾਦਿ ॥
ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍ਹ੍ਹਿ ॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ ॥
ਮੈਂ ਕੈਂਹ (ਦਾ) ਸਾਫ਼ ਤੇ ਲਿਸ਼ਕਵਾਂ (ਭਾਂਡਾ) ਘਸਾਇਆ (ਤਾਂ ਉਸ ਵਿਚੋਂ) ਮਾੜੀ ਮਾੜੀ ਕਾਲੀ ਸਿਆਹੀ (ਲੱਗ ਗਈ)। ਜੇ ਮੈਂ ਸੌ ਵਾਰੀ ਭੀ ਉਸ ਕੈਂਹ ਦੇ ਭਾਂਡੇ ਨੂੰ ਧੋਵਾਂ (ਸਾਫ਼ ਕਰਾਂ) ਤਾਂ ਭੀ (ਬਾਹਰੋਂ) ਧੋਣ ਨਾਲ ਉਸ ਦੀ (ਅੰਦਰਲੀ) ਜੂਠ (ਕਾਲਖ) ਦੂਰ ਨਹੀਂ ਹੁੰਦੀ ॥੧॥ ਮੇਰੇ ਅਸਲ ਮਿੱਤ੍ਰ ਉਹੀ ਹਨ ਜੋ (ਸਦਾ) ਮੇਰੇ ਨਾਲ ਰਹਿਣ, ਤੇ (ਇਥੋਂ) ਤੁਰਨ ਵੇਲੇ ਭੀ ਮੇਰੇ ਨਾਲ ਹੀ ਚੱਲਣ, (ਅਗਾਂਹ) ਜਿਥੇ (ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ਉਥੇ ਅਝੱਕ ਹੋ ਕੇ ਹਿਸਾਬ ਦੇ ਸਕਣ॥੧॥ ਰਹਾਉ ॥
ਅੰਗ: 729 | 07-02-2022
ਸਲੋਕ ॥
ਰਚੰਤਿ ਜੀਅ ਰਚਨਾ ਮਾਤ ਗਰਭ ਅਸਥਾਪਨੰ ॥ ਸਾਸਿ ਸਾਸਿ ਸਿਮਰੰਤਿ ਨਾਨਕ ਮਹਾ ਅਗਨਿ ਨ ਬਿਨਾਸਨੰ ॥੧॥ ਮੁਖੁ ਤਲੈ ਪੈਰ ਉਪਰੇ ਵਸੰਦੋ ਕੁਹਥੜੈ ਥਾਇ ॥ ਨਾਨਕ ਸੋ ਧਣੀ ਕਿਉ ਵਿਸਾਰਿਓ ਉਧਰਹਿ ਜਿਸ ਦੈ ਨਾਇ ॥੨॥
ਜੋ ਪਰਮਾਤਮਾ ਜੀਵਾਂ ਦੀ ਬਣਤਰ ਬਣਾਉਂਦਾ ਹੈ ਤੇ ਉਹਨਾਂ ਨੂੰ ਮਾਂ ਦੇ ਪੇਟ ਵਿਚ ਥਾਂ ਦੇਂਦਾ ਹੈ, ਹੇ ਨਾਨਕ! ਜੀਵ ਉਸ ਨੂੰ ਹਰੇਕ ਸਾਹ ਦੇ ਨਾਲ ਨਾਲ ਯਾਦ ਕਰਦੇ ਰਹਿੰਦੇ ਹਨ ਤੇ (ਮਾਂ ਦੇ ਪੇਟ ਦੀ) ਵੱਡੀ (ਭਿਆਨਕ) ਅੱਗ ਉਹਨਾਂ ਦਾ ਨਾਸ ਨਹੀਂ ਕਰ ਸਕਦੀ।੧। ਹੇ ਨਾਨਕ! (ਆਖ-ਹੇ ਭਾਈ!) ਜਦੋਂ ਤੇਰਾ ਮੂੰਹ ਹੇਠਾਂ ਨੂੰ ਸੀ, ਪੈਰ ਉਤਾਂਹ ਨੂੰ ਸਨ, ਬੜੇ ਔਖੇ ਥਾਂ ਤੂੰ ਵੱਸਦਾ ਸੈਂ ਤਦੋਂ ਜਿਸ ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਤੂੰ ਬਚਿਆ ਰਿਹਾ, ਹੁਣ ਉਸ ਮਾਲਕ ਨੂੰ ਤੂੰ ਕਿਉਂ ਭੁਲਾ ਦਿੱਤਾ?।੨।
ਅੰਗ: 706 | 06-02-2022
ਸੋਰਠਿ ਮਹਲਾ ੫ ॥
ਮਾਇਆ ਮੋਹ ਮਗਨੁ ਅੰਧਿਆਰੈ ਦੇਵਨਹਾਰੁ ਨ ਜਾਨੈ ॥ ਜੀਉ ਪਿੰਡੁ ਸਾਜਿ ਜਿਨਿ ਰਚਿਆ ਬਲੁ ਅਪੁਨੋ ਕਰਿ ਮਾਨੈ ॥੧॥ ਮਨ ਮੂੜੇ ਦੇਖਿ ਰਹਿਓ ਪ੍ਰਭ ਸੁਆਮੀ ॥ ਜੋ ਕਿਛੁ ਕਰਹਿ ਸੋਈ ਸੋਈ ਜਾਣੈ ਰਹੈ ਨ ਕਛੂਐ ਛਾਨੀ ॥ ਰਹਾਉ ॥
ਹੇ ਭਾਈ! ਜਿਸ ਪਰਮਾਤਮਾ ਨੇ ਸਰੀਰ ਜਿੰਦ ਬਣਾ ਕੇ ਜੀਵ ਨੂੰ ਪੈਦਾ ਕੀਤਾ ਹੋਇਆ ਹੈ, ਉਸ ਸਭ ਦਾਤਾਂ ਦੇਣ ਵਾਲੇ ਪ੍ਰਭੂ ਨਾਲ ਜੀਵ ਡੂੰਘੀ ਸਾਂਝ ਨਹੀਂ ਪਾਂਦਾ। ਮਾਇਆ ਦੇ ਮੋਹ ਦੇ (ਆਤਮਕ) ਹਨੇਰੇ ਵਿਚ ਮਸਤ ਰਹਿ ਕੇ ਆਪਣੀ ਤਾਕਤ ਨੂੰ ਹੀ ਵੱਡੀ ਸਮਝਦਾ ਹੈ।੧। ਹੇ ਮੂਰਖ ਮਨ! ਮਾਲਕ ਪ੍ਰਭੂ (ਤੇਰੀਆਂ ਸਾਰੀਆਂ ਕਰਤੂਤਾਂ ਨੂੰ ਹਰ ਵੇਲੇ) ਵੇਖ ਰਿਹਾ ਹੈ। ਤੂੰ ਜੋ ਕੁਝ ਕਰਦਾ ਹੈਂ, (ਮਾਲਕ ਪ੍ਰਭੂ) ਉਹੀ ਉਹੀ ਜਾਣ ਲੈਂਦਾ ਹੈ, (ਉਸ ਪਾਸੋਂ ਤੇਰੀ) ਕੋਈ ਭੀ ਕਰਤੂਤ ਲੁਕੀ ਨਹੀਂ ਰਹਿ ਸਕਦੀ।
ਅੰਗ: 616 | 05-02-2022