ਗਉੜੀ ਕਬੀਰ ਜੀ ॥
ਜਿਹ ਮਰਨੈ ਸਭੁ ਜਗਤੁ ਤਰਾਸਿਆ ॥ ਸੋ ਮਰਨਾ ਗੁਰ ਸਬਦਿ ਪ੍ਰਗਾਸਿਆ ॥੧॥ ਅਬ ਕੈਸੇ ਮਰਉ ਮਰਨਿ ਮਨੁ ਮਾਨਿਆ ॥ ਮਰਿ ਮਰਿ ਜਾਤੇ ਜਿਨ ਰਾਮੁ ਨ ਜਾਨਿਆ ॥੧॥ ਰਹਾਉ ॥
ਜਿਸ ਮੌਤ ਨੇ ਸਾਰਾ ਸੰਸਾਰ ਡਰਾ ਦਿੱਤਾ ਹੋਇਆ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਨੂੰ ਸਮਝ ਆ ਗਈ ਹੈ ਕਿ ਉਹ ਮੌਤ ਅਸਲ ਵਿਚ ਕੀਹ ਚੀਜ਼ ਹੈ।1। ਹੁਣ ਮੈਂ ਜਨਮ ਮਰਨ ਵਿਚ ਕਿਉਂ ਪਵਾਂਗਾ? (ਭਾਵ, ਨਹੀਂ ਪਵਾਂਗਾ) (ਕਿਉਂਕਿ) ਮੇਰਾ ਮਨ ਆਪਾ ਭਾਵ ਦੀ ਮੌਤ ਵਿਚ ਪਤੀਜ ਗਿਆ ਹੈ। (ਕੇਵਲ) ਉਹ ਮਨੁੱਖ ਸਦਾ ਜੰਮਦੇ ਮਰਦੇ ਰਹਿੰਦੇ ਹਨ ਜਿਨ੍ਹਾਂ ਨੇ ਪ੍ਰਭੂ ਨੂੰ ਨਹੀਂ ਪਛਾਣਿਆ (ਪ੍ਰਭੂ ਨਾਲ ਸਾਂਝ ਨਹੀਂ ਪਾਈ) ।1। ਰਹਾਉ।
Gurbani status in Punjabi
ਗੂਜਰੀ ਮਹਲਾ ੩ ॥
ਤਿਸੁ ਜਨ ਸਾਂਤਿ ਸਦਾ ਮਤਿ ਨਿਹਚਲ ਜਿਸ ਕਾ ਅਭਿਮਾਨੁ ਗਵਾਏ ॥ ਸੋ ਜਨੁ ਨਿਰਮਲੁ ਜਿ ਗੁਰਮੁਖਿ ਬੂਝੈ ਹਰਿ ਚਰਣੀ ਚਿਤੁ ਲਾਏ ॥੧॥ ਹਰਿ ਚੇਤਿ ਅਚੇਤ ਮਨਾ ਜੋ ਇਛਹਿ ਸੋ ਫਲੁ ਹੋਈ ॥ ਗੁਰ ਪਰਸਾਦੀ ਹਰਿ ਰਸੁ ਪਾਵਹਿ ਪੀਵਤ ਰਹਹਿ ਸਦਾ ਸੁਖੁ ਹੋਈ ॥੧॥ ਰਹਾਉ ॥
ਹੇ ਭਾਈ! ਪਰਮਾਤਮਾ ਜਿਸ ਮਨੁੱਖ ਦਾ ਅਹੰਕਾਰ ਦੂਰ ਕਰ ਦੇਂਦਾ ਹੈ, ਉਸ ਮਨੁੱਖ ਨੂੰ ਆਤਮਕ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ, ਉਸ ਦੀ ਅਕਲ ਡੋਲਣੋਂ ਹਟ ਜਾਂਦੀ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਸਮਝ ਲੈਂਦਾ ਹੈ, ਪਰਮਾਤਮਾ ਦੇ ਚਰਨਾਂ ਵਿਚ ਆਪਣਾ ਚਿੱਤ ਜੋੜਦਾ ਹੈ, ਉਹ ਮਨੁੱਖ ਪਵਿਤ੍ਰ ਜੀਵਨ ਵਾਲਾ ਬਣ ਜਾਂਦਾ ਹੈ॥੧॥ ਮੇਰੇ ਗਾਫ਼ਲ ਮਨ! ਪਰਮਾਤਮਾ ਨੂੰ ਚੇਤੇ ਕਰਦਾ ਰਹੁ, ਤੈਨੂੰ ਉਹੀ ਫਲ ਮਿਲ ਜਾਏਗਾ ਜੇਹੜਾ ਤੂੰ ਮੰਗੇਂਗਾ। ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ ਦਾ ਰਸ ਹਾਸਲ ਕਰ ਲਏਂਗਾ, ਜੇ ਤੂੰ ਰਸ ਨੂੰ ਪੀਂਦਾ ਰਹੇਂਗਾ, ਤਾਂ ਤੈਨੂੰ ਸਦਾ ਆਨੰਦ ਮਿਲਿਆ ਰਹੇਗਾ॥੧॥ ਰਹਾਉ॥
ਅੰਗ: 491 | 01-08-2022
ਰਾਗੁ ਸੂਹੀ ਮਹਲਾ ੧ ਕੁਚਜੀ
ੴ ਸਤਿਗੁਰ ਪ੍ਰਸਾਦਿ ॥
ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ ॥ ਇਕ ਦੂ ਇਕਿ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ ॥
(ਹੇ ਸਹੇਲੀਏ!) ਮੈਂ ਸਹੀ ਜੀਵਨ ਦਾ ਚੱਜ ਨਹੀਂ ਸਿੱਖਿਆ, ਮੇਰੇ ਅੰਦਰ ਇਤਨੇ ਐਬ ਹਨ ਕਿ ਅੰਦਰ ਸਮਾ ਹੀ ਨਹੀਂ ਸਕਦੇ (ਇਸ ਹਾਲਤ ਵਿਚ) ਮੈਂ ਪ੍ਰਭੂ ਪਤੀ ਨੂੰ ਪ੍ਰਸੰਨ ਕਰਨ ਲਈ ਕਿਵੇਂ ਜਾ ਸਕਦੀ ਹਾਂ? (ਉਸ ਦੇ ਦਰ ਤੇ ਤਾਂ) ਇਕ ਦੂਜੀ ਤੋਂ ਵਧੀਆ ਤੋਂ ਵਧੀਆ ਹਨ, ਮੇਰਾ ਤਾਂ ਉਥੇ ਕੋਈ ਨਾਮ ਭੀ ਨਹੀਂ ਜਾਣਦਾ।
ਅੰਗ: 762 | 31-07-2022
ਸਲੋਕੁ ਮਃ ੪ ॥
ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥ ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ ॥ ਸਤਿਗੁਰ ਕਾ ਭਾਣਾ ਚਿਤਿ ਨ ਆਵੈ ਆਪਣੈ ਸੁਆਇ ਫਿਰਾਹੀ ॥ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸਬਦਿ ਸਮਾਹੀ ॥੧॥
(ਮਨਮੁਖ ਦੇ) ਹਿਰਦੇ ਵਿਚ ਅਗਿਆਨ ਹੈ, (ਉਸ ਦੀ) ਅਕਲ ਹੋਛੀ ਹੁੰਦੀ ਹੈ ਤੇ ਸਤਿਗੁਰੂ ਉਤੇ ਉਸ ਨੂੰ ਸਿਦਕ ਨਹੀਂ ਹੁੰਦਾ; ਮਨ ਵਿਚ ਧੋਖਾ (ਹੋਣ ਕਰਕੇ ਸੰਸਾਰ ਵਿਚ ਭੀ) ਉਹ ਸਾਰਾ ਧੋਖਾ ਹੀ ਧੋਖਾ ਵਰਤਦਾ ਸਮਝਦਾ ਹੈ। (ਮਨਮੁਖ ਬੰਦੇ ਆਪ) ਦੁਖੀ ਹੁੰਦੇ ਹਨ (ਤੇ ਹੋਰਨਾਂ ਨੂੰ) ਦੁਖੀ ਕਰਦੇ ਹਨ; ਸਤਿਗੁਰੂ ਦਾ ਹੁਕਮ ਉਹਨਾਂ ਦੇ ਚਿੱਤ ਵਿਚ ਨਹੀਂ ਆਉਂਦਾ (ਭਾਵ, ਭਾਣਾ ਨਹੀਂ ਮੰਨਦੇ) ਤੇ ਆਪਣੀ ਗ਼ਰਜ਼ ਦੇ ਪਿਛੇ ਭਟਕਦੇ ਫਿਰਦੇ ਹਨ; ਨਾਨਕ ਜੀ! ਜੇ ਹਰੀ ਆਪਣੀ ਮੇਹਰ ਕਰੇ,ਤਾਂ ਹੀ ਉਹ ਗੁਰੂ ਦੇ ਸ਼ਬਦ ਵਿਚ ਲੀਨ ਹੁੰਦੇ ਹਨ ॥੧॥
ਅੰਗ: 652 | 30-07-2022
ਸੋਰਠਿ ਮਹਲਾ ੩ ॥
ਬਿਨੁ ਸਤਿਗੁਰ ਸੇਵੇ ਬਹੁਤਾ ਦੁਖੁ ਲਾਗਾ ਜੁਗ ਚਾਰੇ ਭਰਮਾਈ ॥ ਹਮ ਦੀਨ ਤੁਮ ਜੁਗੁ ਜੁਗੁ ਦਾਤੇ ਸਬਦੇ ਦੇਹਿ ਬੁਝਾਈ ॥੧॥ ਹਰਿ ਜੀਉ ਕ੍ਰਿਪਾ ਕਰਹੁ ਤੁਮ ਪਿਆਰੇ ॥ ਸਤਿਗੁਰੁ ਦਾਤਾ ਮੇਲਿ ਮਿਲਾਵਹੁ ਹਰਿ ਨਾਮੁ ਦੇਵਹੁ ਆਧਾਰੇ ॥ ਰਹਾਉ ॥
ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ ਨੂੰ ਬਹੁਤ ਦੁੱਖ ਚੰਬੜਿਆ ਰਹਿੰਦਾ ਹੈ, ਮਨੁੱਖ ਸਦਾ ਹੀ ਭਟਕਦਾ ਫਿਰਦਾ ਹੈ। ਹੇ ਪ੍ਰਭੂ! ਅਸੀਂ (ਜੀਵ, ਤੇਰੇ ਦਰ ਦੇ) ਮੰਗਤੇ ਹਾਂ, ਤੂੰ ਸਦਾ ਹੀ (ਸਾਨੂੰ) ਦਾਤਾਂ ਦੇਣ ਵਾਲਾ ਹੈਂ, (ਮੇਹਰ ਕਰ, ਗੁਰੂ ਦੇ) ਸ਼ਬਦ ਵਿਚ ਜੋੜ ਕੇ ਆਤਮਕ ਜੀਵਨ ਦੀ ਸਮਝ ਬਖ਼ਸ਼ ॥੧॥ ਪਿਆਰੇ ਪ੍ਰਭੂ ਜੀ! (ਮੇਰੇ ਉਤੇ) ਮੇਹਰ ਕਰ, ਤੇਰੇ ਨਾਮ ਦੀ ਦਾਤਿ ਦੇਣ ਵਾਲਾ ਗੁਰੂ ਮੈਨੂੰ ਮਿਲਾ, ਅਤੇ (ਮੇਰੀ ਜ਼ਿੰਦਗੀ ਦਾ) ਸਹਾਰਾ ਆਪਣਾ ਨਾਮ ਮੈਨੂੰ ਦੇਹ ॥ ਰਹਾਉ॥
ਅੰਗ: 603 | 29-07-2022
ਸੂਹੀ ਮਹਲਾ ੪ ਘਰੁ ੭
ੴ ਸਤਿਗੁਰ ਪ੍ਰਸਾਦਿ ॥
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥ ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥੧॥ ਮੈ ਹਰਿ ਹਰਿ ਨਾਮੁ ਧਰ ਸੋਈ ॥ ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ ॥੧॥ ਰਹਾਉ ॥
ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਸਭ ਦਾ ਮਾਲਕ ਹੈਂ। ਹੇ ਸਭ ਤੋਂ ਉੱਚੇ ਭਗਵਾਨ! ਤੂੰ ਸਭ ਦਾ ਪਾਲਣ ਵਾਲਾ ਹੈਂ। ਮੈਂ ਤੇਰੇ ਕੇਹੜੇ ਕੇਹੜੇ ਗੁਣ ਦੱਸ ਕੇ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ? ਮੈਂ ਤੇਰੀ ਵਡਿਆਈ ਬਿਆਨ ਨਹੀਂ ਕਰ ਸਕਦਾ ॥੧॥ ਹੇ ਹਰੀ! ਮੇਰੇ ਵਾਸਤੇ ਤੇਰਾ ਉਹ ਨਾਮ ਹੀ ਆਸਰਾ ਹੈ। ਹੇ ਮੇਰੇ ਮਾਲਕ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੇਰੀ ਰੱਖਿਆ ਕਰ। ਤੈਥੋਂ ਬਿਨਾ ਮੇਰਾ ਹੋਰ ਕੋਈ (ਸਹਾਰਾ) ਨਹੀਂ ਹੈ ॥੧॥ ਰਹਾਉ॥
ਅੰਗ: 735 | 28-07-2022
ਸੋਰਠਿ ਮਹਲਾ ੫ ਘਰੁ ੨ ਦੁਪਦੇ
ੴ ਸਤਿਗੁਰ ਪ੍ਰਸਾਦਿ ॥
ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥ ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥੧॥ ਸੰਤਹੁ ਘਟਿ ਘਟਿ ਰਹਿਆ ਸਮਾਹਿਓ ॥ ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ ॥੧॥ ਰਹਾਉ ॥
ਹੇ ਭਾਈ! ਜਿਵੇਂ ਸਭ ਬੂਟਿਆਂ ਵਿਚ ਅੱਗ (ਗੁਪਤ ਮੌਜੂਦ) ਹੈ, ਜਿਵੇਂ ਹਰੇਕ ਕਿਸਮ ਦੇ ਦੁੱਧ ਵਿਚ ਘਿਉ (ਮੱਖਣ) ਗੁਪਤ ਮੌਜੂਦ ਹੈ, ਤਿਵੇਂ ਚੰਗੇ ਮੰਦੇ ਸਭ ਜੀਵਾਂ ਵਿਚ ਪ੍ਰਭੂ ਦੀ ਜੋਤਿ ਸਮਾਈ ਹੋਈ ਹੈ, ਪਰਮਾਤਮਾ ਹਰੇਕ ਸਰੀਰ ਵਿਚ ਹੈ, ਸਭ ਜੀਵਾਂ ਵਿਚ ਹੈ।੧। ਹੇ ਸੰਤ ਜਨੋ! ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ। ਉਹ ਪੂਰੀ ਤਰ੍ਹਾਂ ਸਾਰੇ ਜੀਵਾਂ ਵਿਚ ਵਿਆਪਕ ਹੈ, ਉਹ ਸੋਹਣਾ ਰਾਮ ਪਾਣੀ ਵਿਚ ਹੈ ਧਰਤੀ ਵਿਚ ਹੈ।੧।ਰਹਾਉ।
ਅੰਗ: 671 | 26-07-2022
ਸੋਰਠਿ ਮਹਲਾ ੫ ਘਰੁ ੩ ਚਉਪਦੇ
ੴ ਸਤਿਗੁਰ ਪ੍ਰਸਾਦਿ ॥
ਮਿਲਿ ਪੰਚਹੁ ਨਹੀ ਸਹਸਾ ਚੁਕਾਇਆ ॥ ਸਿਕਦਾਰਹੁ ਨਹ ਪਤੀਆਇਆ ॥ ਉਮਰਾਵਹੁ ਆਗੈ ਝੇਰਾ ॥ ਮਿਲਿ ਰਾਜਨ ਰਾਮ ਨਿਬੇਰਾ ॥੧॥ ਅਬ ਢੂਢਨ ਕਤਹੁ ਨ ਜਾਈ ॥ ਗੋਬਿਦ ਭੇਟੇ ਗੁਰ ਗੋਸਾਈ ॥ ਰਹਾਉ ॥
ਹੇ ਭਾਈ! ਨਗਰ ਦੇ ਪੈਂਚਾਂ ਨੂੰ ਮਿਲ ਕੇ (ਕਾਮਾਦਿਕ ਵੈਰੀਆਂ ਤੋਂ ਪੈ ਰਿਹਾ) ਸਹਿਮ ਦੂਰ ਨਹੀਂ ਕੀਤਾ ਜਾ ਸਕਦਾ। ਸਰਦਾਰਾਂ ਲੋਕਾਂ ਤੋਂ ਭੀ ਤਸੱਲੀ ਨਹੀਂ ਮਿਲ ਸਕਦੀ (ਕਿ ਇਹ ਵੈਰੀ ਤੰਗ ਨਹੀਂ ਕਰਨਗੇ।) ਸਰਕਾਰੀ ਹਾਕਮਾਂ ਅੱਗੇ ਭੀ ਇਹ ਝਗੜਾ (ਪੇਸ਼ ਕੀਤਿਆਂ ਕੁਝ ਨਹੀਂ ਬਣਦਾ।) ਪ੍ਰਭੂ ਪਾਤਿਸ਼ਾਹ ਨੂੰ ਮਿਲ ਕੇ ਫ਼ੈਸਲਾ ਹੋ ਜਾਂਦਾ ਹੈ (ਤੇ, ਕਾਮਾਦਿਕ ਵੈਰੀਆਂ ਦਾ ਡਰ ਮੁੱਕ ਜਾਂਦਾ ਹੈ) ॥੧॥ ਹੁਣ (ਕਾਮਾਦਿਕ ਵੈਰੀਆਂ ਤੋਂ ਪੈ ਰਹੇ ਸਹਿਮ ਤੋਂ ਬਚਣ ਲਈ) ਕਿਸੇ ਹੋਰ ਥਾਂ (ਆਸਰਾ) ਭਾਲਣ ਦੀ ਲੋੜ ਨਾਹ ਰਹਿ ਗਈ, ਜਦੋਂ ਗੋਬਿੰਦ ਨੂੰ, ਗੁਰੂ ਨੂੰ ਸ੍ਰਿਸ਼ਟੀ ਦੇ ਖਸਮ ਨੂੰ ਮਿਲ ਪਏ ॥ ਰਹਾਉ ॥
ਅੰਗ: 621| 25-07-2022
ਸੋਰਠਿ ਮਹਲਾ ੫ ॥
ਅੰਤਰ ਕੀ ਗਤਿ ਤੁਮ ਹੀ ਜਾਨੀ ਤੁਝ ਹੀ ਪਾਹਿ ਨਿਬੇਰੋ ॥ ਬਖਸਿ ਲੈਹੁ ਸਾਹਿਬ ਪ੍ਰਭ ਅਪਨੇ ਲਾਖ ਖਤੇ ਕਰਿ ਫੇਰੋ ॥੧॥ ਪ੍ਰਭ ਜੀ ਤੂ ਮੇਰੋ ਠਾਕੁਰੁ ਨੇਰੋ ॥ ਹਰਿ ਚਰਣ ਸਰਣ ਮੋਹਿ ਚੇਰੋ ॥੧॥ ਰਹਾਉ ॥
ਹੇ ਪ੍ਰਭੂ ਜੀ! ਤੂੰ ਮੇਰਾ ਪਾਲਣਹਾਰਾ ਮਾਲਕ ਹੈਂ, ਮੇਰੇ ਅੰਗ ਸੰਗ ਵੱਸਦਾ ਹੈਂ। ਹੇ ਹਰੀ! ਮੈਨੂੰ ਆਪਣੇ ਚਰਨਾਂ ਦੀ ਸਰਣ ਵਿਚ ਰੱਖ, ਮੈਨੂੰ ਆਪਣਾ ਦਾਸ ਬਣਾਈ ਰੱਖ।1। ਰਹਾਉ। ਹੇ ਮੇਰੇ ਆਪਣੇ ਮਾਲਕ ਪ੍ਰਭੂ! ਮੇਰੇ ਦਿਲ ਦੀ ਹਾਲਤ ਤੂੰ ਹੀ ਜਾਣਦਾ ਹੈਂ, ਤੇਰੀ ਸਰਣ ਪਿਆਂ ਹੀ (ਮੇਰੀ ਅੰਦਰਲੀ ਮੰਦੀ ਹਾਲਤ ਦਾ) ਖ਼ਾਤਮਾ ਹੋ ਸਕਦਾ ਹੈ। ਮੈਂ ਲੱਖਾਂ ਪਾਪ ਕਰਦਾ ਫਿਰਦਾ ਹਾਂ। ਹੇ ਮੇਰੇ ਮਾਲਕ! ਮੈਨੂੰ ਬਖ਼ਸ਼ ਲੈ।1।
ਅੰਗ: 618 | 24-07-2022
ਰਾਮਕਲੀ ਮਹਲਾ ੫ ॥
ਬੀਜ ਮੰਤ੍ਰੁ ਹਰਿ ਕੀਰਤਨੁ ਗਾਉ ॥ ਆਗੈ ਮਿਲੀ ਨਿਥਾਵੇ ਥਾਉ ॥ ਗੁਰ ਪੂਰੇ ਕੀ ਚਰਣੀ ਲਾਗੁ ॥ ਜਨਮ ਜਨਮ ਕਾ ਸੋਇਆ ਜਾਗੁ ॥੧॥ ਹਰਿ ਹਰਿ ਜਾਪੁ ਜਪਲਾ ॥ ਗੁਰ ਕਿਰਪਾ ਤੇ ਹਿਰਦੈ ਵਾਸੈ ਭਉਜਲੁ ਪਾਰਿ ਪਰਲਾ ॥੧॥ ਰਹਾਉ ॥
(ਹੇ ਭਾਈ!) ਪਰਮਾਤਮਾ ਦੀ ਸਿਫ਼ਤਿ (ਦਾ ਗੀਤ) ਗਾਇਆ ਕਰੋ (ਪਰਮਾਤਮਾ ਨੂੰ ਵੱਸ ਕਰਨ ਦਾ) ਇਹ ਸਭ ਤੋਂ ਸ੍ਰੇਸ਼ਟ ਮੰਤ੍ਰ ਹੈ। (ਕੀਰਤਨ ਦੀ ਬਰਕਤਿ ਨਾਲ) ਪਰਲੋਕ ਵਿਚ ਨਿਆਸਰੇ ਜੀਵ ਨੂੰ ਭੀ ਆਸਰਾ ਮਿਲ ਜਾਂਦਾ ਹੈ। (ਹੇ ਭਾਈ!) ਪੂਰੇ ਗੁਰੂ ਦੇ ਚਰਨਾਂ ਤੇ ਪਿਆ ਰਹੁ, ਇਸ ਤਰ੍ਹਾਂ ਕਈ ਜਨਮਾਂ ਤੋਂ (ਮਾਇਆ ਦੇ ਮੋਹ ਦੀ) ਨੀਂਦ ਵਿਚ ਸੁੱਤਾ ਹੋਇਆ ਤੂੰ ਜਾਗ ਪਏਂਗਾ।੧। (ਹੇ ਭਾਈ! ਜਿਸ ਮਨੁੱਖ ਨੇ) ਪਰਮਾਤਮਾ (ਦੇ ਨਾਮ) ਦਾ ਜਾਪ ਜਪਿਆ, (ਜਿਸ ਮਨੁੱਖ ਦੇ) ਹਿਰਦੇ ਵਿਚ ਗੁਰੂ ਦੀ ਕਿਰਪਾ ਨਾਲ ਆ ਵੱਸਦਾ ਹੈ, ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਿਆ।੧।ਰਹਾਉ।
ਅੰਗ: 891 | 23-07-2022
ਸੋਰਠਿ ਮਹਲਾ ੩ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਸੇਵਕ ਸੇਵ ਕਰਹਿ ਸਭਿ ਤੇਰੀ ਜਿਨ ਸਬਦੈ ਸਾਦੁ ਆਇਆ ॥ ਗੁਰ ਕਿਰਪਾ ਤੇ ਨਿਰਮਲੁ ਹੋਆ ਜਿਨਿ ਵਿਚਹੁ ਆਪੁ ਗਵਾਇਆ ॥ ਅਨਦਿਨੁ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸਬਦਿ ਸੁਹਾਇਆ ॥੧॥
ਹੇ ਪ੍ਰਭੂ! ਤੇਰੇ ਜਿਨ੍ਹਾਂ ਸੇਵਕਾਂ ਨੂੰ ਗੁਰੂ ਦੇ ਸ਼ਬਦ ਦਾ ਰਸ ਆ ਜਾਂਦਾ ਹੈ, ਉਹੀ ਸਾਰੇ ਤੇਰੀ ਸੇਵਾ ਭਗਤੀ ਕਰਦੇ ਹਨ। (ਹੇ ਭਾਈ!) ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲਿਆ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ। ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ (ਜੁੜ ਕੇ) ਹਰ ਵੇਲੇ ਸਦਾ ਥਿਰ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ, ਉਹ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ।੧।
ਅੰਗ: 599 | 22-07-2022
ਸਲੋਕੁ ਮਃ ੩ ॥
ਰੇ ਜਨ ਉਥਾਰੈ ਦਬਿਓਹੁ ਸੁਤਿਆ ਗਈ ਵਿਹਾਇ ॥ ਸਤਿਗੁਰ ਕਾ ਸਬਦੁ ਸੁਣਿ ਨ ਜਾਗਿਓ ਅੰਤਰਿ ਨ ਉਪਜਿਓ ਚਾਉ ॥ ਸਰੀਰੁ ਜਲਉ ਗੁਣ ਬਾਹਰਾ ਜੋ ਗੁਰ ਕਾਰ ਨ ਕਮਾਇ ॥ ਜਗਤੁ ਜਲੰਦਾ ਡਿਠੁ ਮੈ ਹਉਮੈ ਦੂਜੈ ਭਾਇ ॥ ਨਾਨਕ ਗੁਰ ਸਰਣਾਈ ਉਬਰੇ ਸਚੁ ਮਨਿ ਸਬਦਿ ਧਿਆਇ ॥੧॥
(ਮੋਹ-ਰੂਪ) ਉਥਾਰੇ ਦੇ ਦੱਬੇ ਹੋਏ ਹੇ ਭਾਈ ਸੁੱਤਿਆਂ ਹੀ ਗੁਜ਼ਰ ਗਈ ਹੈ; ਸਤਿਗੁਰੂ ਦਾ ਸ਼ਬਦ ਸੁਣ ਕੇ ਤੈਨੂੰ ਜਾਗ ਨਹੀਂ ਆਈ ਤੇ ਨਾ ਹੀ ਹਿਰਦੇ ਵਿਚ ਚਾਉ ਉਪਜਿਆ ਹੈ। ਗੁਣਾਂ ਤੋਂ ਸੱਖਣਾ ਸਰੀਰ ਸੜ ਜਾਏ ਜੋ ਸਤਿਗੁਰੂ ਦੀ ਕਾਰ ਨਹੀਂ ਕਰਦਾ; ਸੰਸਾਰ ਮੈਂ ਹਉਮੈ ਵਿਚ ਤੇ ਮਾਇਆ ਦੇ ਮੋਹ ਵਿਚ ਸੜਦਾ ਵੇਖਿਆ ਹੈ। ਨਾਨਕ ਜੀ! ਗੁਰੂ ਦੇ ਸ਼ਬਦ ਦੀ ਰਾਹੀਂ ਸੱਚੇ ਹਰੀ ਨੂੰ ਮਨ ਵਿਚ ਸਿਮਰ ਕੇ (ਜੀਵ) ਸਤਿਗੁਰੂ ਦੀ ਸ਼ਰਨ ਪੈ ਕੇ ਬਚਦੇ ਹਨ ॥੧॥
ਅੰਗ: 651 | 21-07-2022