ਪਿੰਡ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ ਖੇੜੀ।
ਰਾਜਪੁਰੇ-ਪਟਿਆਲੇ ਗੱਭੇ,
ਵਸਦਾ ਪਿੰਡ ਧਰੇੜੀ।
ਕੁੜੀਆਂ ਦੇ ਵਿੱਚ ਹੌਲਦਾਰਨੀ,
ਫੈਸ਼ਨ ਕਰਦੀ ਜੇਹੜੀ।
ਤੇਰੀ ਕੀ ਲਗਦੀ…
ਸਜ ਸਜ ਰਹਿੰਦੀ ਜਿਹੜੀ ?
Gidda Punjabi boliyan
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਢੇਰਾ।
ਤੇਰਾ ਦਿਲ ਜੇ ਮੇਰਾ ਹੋਵੇ,
ਮੇਰਾ ਹੋ ਜੇ ਤੇਰਾ।
ਖਿੱਚ ਹੋਵੇ, ਮੋਹ ਹੋਵੇ,
ਹੋਵੇ ਲੰਮਾ ਜੇਰਾ।
ਸੱਜਣਾਂ ਸੱਚਿਆਂ ਦਾ……
ਪਰਬਤ ਜਿੱਡਾ ਜੇਰਾ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਪਾਉਣਾ।
ਸੰਗਤ ਦੀ ਹੁੰਦੀ ਹੈ ਰੰਗਤ,
ਕੀ ਬੁਰੇ ਤੋਂ ਪਾਉਣਾ।
ਨੇਕੀ ਜਾਏ, ਬਦੀ ਆਏ,
ਪੁੱਠੇ ਰਾਹ ਹੀ ਪਾਏ।
ਕੀਤੀ ਉਮਰਾਂ ਦੀ…..,
ਪਲਾਂ ਵਿੱਚ ਮਿਟਾਏ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਖਾਰੇ।
ਖਾਰੇ ਦਾ ਇੱਕ ਛੜਾ ਸੁਣੀਂਦਾ,
ਦਿਨੇ ਦਖਾਉਂਦਾ ਤਾਰੇ।
ਠੇਕੇ ਤੋਂ ਦਾਰੂ ਡੱਫ ਆਉਂਦਾ,
ਬੀਹੀ ਵਿੱਚ ਲਲਕਾਰੇ।
ਤੜਥੂ ਪਾਂਵਦਿਆ……
ਕਹਿਰ ਖੁਦਾ ਦਾ ਮਾਰੇ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਧਾਨੀ।
ਨਿੱਤ ਦੀ ਪੀਣੀ ਛੱਡਦੇ ਬੰਦਿਆ,
ਕਰ ਨਾ ਆਨੀ ਕਾਨੀ।
ਮਨ ਦੇ ਪਿੱਛੇ ਲੱਗ ਕੇ ਮਿੱਤਰਾ,
ਮੌਜ ਬਥੇਰੀ ਮਾਣੀ।
ਸਾਹ ਜਦ ਨਿਕਲਿਆ….
ਮੁੱਕ ਜੂਗੀ ਜ਼ਿੰਦਗਾਨੀ।
ਪਿੰਡਾਂ ਵਿੱਚੋ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਜਗੇੜਾ।
ਸਾਊਆਂ ਦੀ ਜੋ ਹੋਵੇ ਪਰਿਆ,
ਕੀ ਝਗੜਾ, ਕੀ ਝੇੜਾ।
ਦੋ ਘੁੱਟ ਲਾ ਲਾ ਕੱਢਦੈ ਮੱਘੇ,
ਦੇ ਗੇੜੇ ਤੇ ਗੇੜਾ।
ਛੜਿਓ ਮਰ ਜੋ ਵੇ………,
ਰੰਨਾਂ ਦਾ ਭਰਿਆ ਵਿਹੜਾ…….।
ਪਿੰਡਾਂ ਵਿੱਚੋ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰਣੀਆਂ।
ਓਹ ਕੀ ਜਾਣੈ ਪੀੜ ਪਰਾਈ,
ਜੀਹਦੀ ਜਿੰਦ ਨੀ ਬਣੀਆਂ।
ਨਿੱਕਾ ਕੰਡਾ, ਪੀੜ ਹੈ ਕਿੰਨੀ,
ਤਨ ਮਨ ਹੁੰਦੀਆਂ ਬਣੀਆਂ।
ਓਹੀਓ ਜਾਣਦੀਆਂ………,
ਜਿੰਦ ਜੀਹਦੀ ਤੇ ਬਣੀਆਂ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਕੋਟ।
ਬਾਬਾ ਤੁਰਿਆ, ਮੁੱਲ-ਤਾਨ ਤੋਂ,
ਆਇਆ ਫਰੀਦ-ਕੋਟ।
ਕੋਟ-ਕਪੂਰੇ ਹੋਏ ਫਤਵੇ,
ਮੁੱਲਾਂ-ਕਾਜ਼ੀ ਢੋਟ।
ਫਰੀਦ ਬਾਬਾ ਜੀ.. …
ਧੰਨ-ਧੰਨ, ਕੋਟ-ਕੋਟ।
ਪਿੰਡਾ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਡੇਰਾ।
ਆਉਂਦੇ ਜਾਂਦੇ ਬਾਬੇ ਦਾ,
ਲੱਗਦਾ ਰਹਿੰਦਾ ਫੇਰਾ।
ਧਰਮੀ-ਅਧਰਮੀ ਕੱਠੇ ਹੋ ਹੋ,
ਪਾਉਂਦੇ ਰਹਿੰਦੇ ਘੇਰਾ।
ਬਾਬਾ ਸਾਂਝਾ ਸੀ……,
ਕੀ ਤੇਰਾ ? ਕੀ ਮੇਰਾ ??
ਆਇਆ ਸਾਵਣ, ਦਿਲ ਪਰਚਾਵਣ,
ਰੁੱਖ ਬੂਟੇ ਮਹਿਕਾਵੇ।
ਹੇਠ ਜੰਡੋਰੇ ਦੇ,
ਮਿਰਜਾ ਹੇਕਾਂ ਲਾਵੇ।
ਕਿੱਕਰੀਂ ਲੈ ਚੜ੍ਹਿਆ,
ਸਲੰਘਾਂ ਨਾਲ ਹਟਾਵੇ।
ਅੰਬੀਆਂ ਚੂਸਣ ਨੂੰ,
ਧਾੜ ਮੁੰਡਿਆਂ ਦੀ ਆਵੇ।
ਆਇਆ ਸਾਵਣ, ਦਿਲ ਪਰਚਾਵਣ,
ਬਹਾਰਾਂ ਨਾਲ ਲਿਆਵੇ।
ਚਿੜਿਆਂ ਦੀ ਜੰਨ ਚੜ੍ਹਦੀ,
ਬੋਤਾ ਬਾਘੀਆਂ ਪਾਵੇ।
ਡੱਡੂਆਂ ਨੇ ਪਾਇਆ ਭੰਗੜਾ,
ਕਿਰਲਾ ਬੋਲੀਆਂ ਪਾਵੇ।
ਮੇਲਣ ਸੱਪ ਵਰਗੀ………,
ਛੜਾ ਘੜੀਸੀਂ ਜਾਵੇ।
ਸਾਉਣ ਮਹੀਨੇ ਕਿਣ ਮਿਣ ਕਾਣੀ,
ਗੋਡੇ-ਗੋਡੇ ਗਾਰਾ।
ਤੀਆਂ ਨੂੰ ਵੀਰਾ ਲੈਣ ਆ ਗਿਆ,
ਚੱਲ ਕੇ ਵਾਟ ਵਿਚਾਰਾਂ।
ਪਰ ਸੱਸ ਕੁਪੱਤੀ ਨਾਂਹ ਕਰ ਦਿੰਦੀ,
ਕੋਈ ਨਾ ਚਲਦਾ ਚਾਰਾ।
ਸੱਸੇ ਬੇਕਦਰੇ ………
ਢੱਠ ਜਾਏ ਤੇਰਾ ਢਾਰਾ।