ਨੀ ਮੈਂ ਆਵਾਂ ਆਵਾਂ
ਨੀ ਮੈਂ ਨੱਚਦੀ ਝੂਮਦੀ ਆਵਾਂ
ਮੇਰਾ ਨੱਚਦਾ ਪਰਾਂਦਾ
ਕਾਲੇ ਸੱਪ ਵਰਗਾ
ਤੇਰਾ ਲਾਰਾ ਵੇ
ਸ਼ਰਾਬੀਆਂ ਦੀ ਗੱਪ ਵਰਗਾ।
Gidda Punjabi boliyan
ਰੜਕੇ-ਰੜਕੇ-ਰੜਕੇ
ਮਹਿੰ ਪਟਵਾਰੀ ਦੀ
ਦੋ ਲੈ ਗਏ ਚੋਰ ਨੇ ਫੜਕੇ
ਅੱਧਿਆਂ ਨੂੰ ਚਾਅ ਚੜ੍ਹਿਆ
ਅੱਧੇ ਰੋਂਦੇ ਨੇ ਮੱਥੇ ਤੇ ਹੱਥ ਧਰਕੇ
ਝਾਂਜਰ ਪਤਲੇ ਦੀ
ਵਿੱਚ ਗਿੱਧੇ ਦੇ ਖੜਕੇ
ਸਾਉਣ ਮਹੀਨਾ ਦਿਨ ਗਿੱਧੇ ਦੇ
ਕੱਠ ਗਿੱਧੇ ਵਿੱਚ ਭਾਰੀ
ਸਭ ਤੋਂ ਸੋਹਣਾ ਨੱਚੇ ਸੰਤੋ
ਨਰਮ ਰਹੀ ਕਰਤਾਰੀ
ਲੱਛੀ ਕੁੜੀ ਮਹਿਰਿਆਂ ਦੀ
ਲੱਕ ਪਤਲਾ ਬਦਨ ਦੀ ਭਾਰੀ
ਨੱਚ ਲੈ ਸ਼ਾਮ ਕੁਰੇ
ਤੇਰੀ ਆ ਗਈ ਨੱਚਣ ਦੀ ਵਾਰੀ।
ਤਾਰਾਂ-ਤਾਰਾਂ-ਤਾਰਾਂ
ਬੋਲੀਆਂ ਦਾ ਪਿੜ ਬੰਨ੍ਹ ਦਿਆਂ
ਜਿੱਥੇ ਗਿੱਧਾ ਪਾਉਣ ਮੁਟਿਆਰਾਂ
ਬੋਲੀਆਂ ਦੀ ਛਾਉਣੀ ਪਾ ਦਿਆਂ
ਜਿੱਥੇ ਫੌਜੀ ਰਹਿਣ ਹਜ਼ਾਰਾਂ
ਗਿੱਧੇ ਦੇ ਵਿੱਚ ਪਾਉਣ ਬੋਲੀਆਂ
ਅੱਲ੍ਹੜ ਜਿਹੀਆਂ ਮੁਟਿਆਰਾਂ
ਨੱਚਦੀ ਨੰਦ ਕੁਰ ਤੋਂ
ਸਣੇ ਤੋਪ ਟੈਂਕ ਮੈਂ ਵਾਰਾਂ ।
ਛਮ ਛਮ ਛਮ ਛਮ ਪੈਣ ਫੁਹਾਰਾਂ,
ਮੌਸਮੀ ਰੰਗ ਨਿਆਰੇ।
ਆਉ ਕੁੜੀਉ ਗਿੱਧਾ ਪਾਈਏ,
ਸੌਣ ਸੈਨਤਾਂ ਮਾਰੇ।
ਫੇਰ ਕਦ ਨੱਚਣਾ ਨੀ…..
ਹੁਣ ਨੱਚਦੇ ਨੇ ਸਾਰੇ।
ਸੌਣ ਮਹੀਨਾ ਘਾਹ ਹੋ ਗਿਆ,
ਰਜੀਆਂ ਮੱਝਾਂ ਗਾਈਂ।
ਗਿੱਧਿਆ ਪਿੰਡ ਵੜ ਵੇ,
ਲਾਂਭ ਲਾਂਭ ਨਾ ਜਾਈਂ
ਸੌਣ ਮਹੀਨੇ ਪਿੱਪਲੀਂ ਪੀਂਘਾਂ,
ਸਭੇ ਸਹੇਲੀਆਂ ਆਈਆਂ।
ਭਿੱਜ ਗਈ ਰੂਹ ਮਿੱਤਰਾ
ਚੜ੍ਹ ਘਟਾ ਜਦ ਆਈਆਂ।
ਸਾਉਣ ਮਹੀਨਾ ਦਿਨ ਗਿੱਧੇ ਦੇ
ਸਈਆਂ ਝੂਟਣ ਆਈਆਂ
ਸੰਤੋ ਬੰਤੋ ਦੋ ਮੁਟਿਆਰਾਂ
ਵੱਡਿਆਂ ਘਰਾਂ ਦੀਆਂ ਜਾਈਆਂ
ਲੰਬੜਦਾਰਾਂ ਦੀ ਬਚਨੀ ਦਾ ਤਾਂ
ਚਾਅ ਚੱਕਿਆ ਨਾ ਜਾਵੇ ।
ਝੂਟਾ ਦੇ ਦਿਓ ਨੀ
ਮੇਰਾ ਲੱਕ ਹੁਲਾਰੇ ਖਾਵੇ।
ਕੱਠੀਆਂ ਹੋ ਕੇ ਆਈਆਂ ਗਿੱਧੇ ਵਿੱਚ
ਇੱਕੋ ਜਿਹੀਆਂ ਮੁਟਿਆਰਾਂ
ਹੱਥੀਂ ਚੁੜੇ ਸੂਟ ਗੁਲਾਬੀ
ਸੱਜ ਵਿਆਹੀਆਂ ਨਾਰਾਂ
ਇੱਕ ਕੁੜੀ ਵਿੱਚ ਫਿਰੇ ਕੁਮਾਰੀ
ਉਹ ਵੀ ਆਖ ਸੁਣਾਵੇ
ਨੀ ਜੱਟੀਆਂ ਨੇ ਜੱਟ ਕਰ ਲੈ
ਹੁਣ ਬਾਹਮਣੀ ਕਿੱਧਰ ਨੂੰ ਜਾਵੇ ।
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਮੱਤੀ।
ਉਥੋਂ ਦੀ ਇੱਕ ਕੁੜੀ ਸੁਣੀਂਦੀ
ਨਾਂ ਸੀ ਉਹਦਾ ਭੁੱਪੀ
ਜਦ ਉਹ ਕਾਲੀ ਕੁੜਤੀ ਪਾਉਂਦੀ
ਚੁੰਨੀ ਲੈਂਦੀ ਖੱਟੀ।
ਗਿੱਧੇ ਵਿੱਚ ਨੱਚਦੀ ਫਿਰੇ
ਬੁਲਬੁਲ ਵਰਗੀ ਜੱਟੀ
ਪ੍ਰੀਤਾਂ ਦੀ ਮੈਨੂੰ ਕਦਰ ਬਥੇਰੀ,
ਲਾ ਕੇ ਤੋੜ ਨਿਭਾਵਾਂ।
ਕੋਇਲੇ ਸੌਣ ਦੀਏ ਤੈਨੂੰ
ਹੱਥ ਤੇ ਚੋਗ ਚੁਗਾਵਾਂ।
ਸੌਣ ਵਿੱਚ ਤਾਂ ਲੁਟਦੇ ਬਾਣੀਏ
ਨਵੀਆਂ ਹੱਟੀਆਂ ਪਾ ਕੇ।
ਜੱਟਾਂ ਤੋਂ ਗੁੜ ਸਸਤਾ ਲੈਂਦੇ,
ਵੇਚਣ ਭਾਅ ਵਧਾ ਕੇ।
ਮੁੰਡੇ ਕੁੜੀਆਂ ਜਿੱਦ ਕਰਦੇ ਨੇ,
ਪੂੜੇ ਦਿਉ ਪਕਾ ਕੇ।
ਬਾਣੀਓ ਤਰਸ ਕਰੋ।
ਵੇਚੋ ਮੁੱਲ ਘਟਾ ਕੇ……।