ਹੀਰਿਆਂ ਹਰਨਾ, ਬਾਗੀਂ ਚਰਨਾਂ,
ਬਾਗੀਂ ਹੋ ਗਈ ਚੋਰੀ।
ਪਹਿਲਾਂ ਲੰਘ ਗਿਆ ਕੈਂਠੇ ਵਾਲਾ,
ਮਗਰੇ ਲੰਘ ਗਈ ਗੋਰੀ।
ਲੁਕ-ਲੁਕ ਰੋਂਦੀ ਹੀਰ ਨਿਮਾਣੀ,
ਜਿੰਦ ਗਮਾਂ ਨੇ ਖੋਰੀ।
ਕੂਕਾਂ ਪੈਣਗੀਆਂ..
ਨਿਹੁੰ ਨਾ ਲਗਦੇ ਜ਼ੋਰੀਂ।
Gidda Punjabi boliyan
ਸੌਣ ਮਹੀਨਾ ਆਈ ਵਾਛੜ,
ਰਿਮ-ਝਿਮ ਵਗਦਾ ਪਾਣੀ।
ਧਰਤੀ ਅੰਬਰ ਹੋਏ ਕੱਠੇ,
ਗਿੱਠ-ਗਿੱਠ ਚੜ੍ਹ ਗਿਆ ਪਾਣੀ।
ਬਣ ਕੇ ਪਟੋਲ੍ਹਾ, ਆਈ ਗਿੱਧੇ ਵਿੱਚ,
ਲੈ ਕੁੜੀਆਂ ਦੀ ਢਾਣੀ।
ਰੱਜ ਕੇ ਮਾਣ ਲਓ …..
ਕੈ ਦਿਨ ਦੀ ਜ਼ਿੰਦਗਾਨੀ ।
ਚਿੱਟੀ ਕਣਕ ਦੇ ਮੰਡੇ ਪਕਾਵਾਂ,
ਨਾਲੇ ਤੜਕਾਂ ਵੜੀਆਂ।
ਗਿੱਧਾ ਸੌਣ ਦਾ ਮਾਰੇ ਹਾਕਾਂ,
ਮੈਂ ਕੰਮਾਂ ਵਿਚ ਵੜੀ ਆਂ।
ਪੱਟੀ ਆਂ ਕਬੀਲਦਾਰੀ ਨੇ,
ਤਾਅਨੇ ਦਿੰਦੀਆਂ ਖੜ੍ਹੀਆਂ।
ਮੇਰੇ ਹਾਣ ਦੀਆਂ…….
ਪਾ ਗਿੱਧਾ ਘਰ ਮੁੜੀਆਂ।
ਕਿਸ਼ਨ ਕੌਰ ਨੇ ਕੀਤੀ ਤਿਆਰੀ,
ਹਾਰ ਸ਼ਿੰਗਾਰ ਲਗਾਇਆ।
ਮੋਮ ਢਾਲ ਕੇ ਗੁੰਦੀਆਂ ਮੀਢੀਆਂ,
ਅੱਖੀਂ ਕੱਜਲਾ ਪਾਇਆ।
ਚੱਬ ਦੰਦਾਸਾ ਵੇਖਿਆ ਸ਼ੀਸ਼ਾ,
ਚੜ੍ਹਿਆ ਰੂਪ ਸਵਾਇਆ।
ਹਾਣੀਆਂ ਲੈ ਜਾ ਵੇ…..
ਜੋਬਨ ਦਾ ਹੜ੍ਹ ਆਇਆ।
ਕੱਠੀਆਂ ਹੋ ਕੇ ਆਈਆਂ ਗਿੱਧੇ ਵਿੱਚ,
ਇੱਕੋ ਜਿਹੀਆਂ ਮੁਟਿਆਰਾਂ।
ਚੰਨ ਦੇ ਚਾਨਣ ਵਿੱਚ ਇਉਂ ਚਮਕਣ,
ਜਿਉਂ ਸੋਨੇ ਦੀਆਂ ਤਾਰਾਂ।
ਗਲ ਓਹਨਾਂ ਦੇ ਕੁੜਤੇ ਰੇਸ਼ਮੀ,
ਤੇੜ ਨਵੀਆਂ ਸਲਵਾਰਾਂ।
ਕੁੜੀਆਂ ਇਓਂ ਨੱਚਣ …..
ਜਿਓਂ ਹਰਨਾਂ ਦੀਆਂ ਡਾਰਾਂ।
ਰੇਤੀ-ਰੇਤੀ-ਰੇਤੀ
ਬੋਲੀਆਂ ਮੈਂ ਬੀਜੀਆਂ
ਇੱਕ ਲੱਖ ਤੇ ਸਵਾ ਸੌ ਤੇਤੀ
ਤਿੰਨ ਤਾਂ ਉਹਨੂੰ ਪਾਣੀ ਲਾਏ
ਰੰਬਿਆਂ ਨਾਲ ਗੁਡਾਈਆਂ
ਦਾਤੀ ਲੈ ਕੇ ਵੱਢਣ ਬਹਿ ਗਏ
ਖੇਤ ਮੰਡਲੀਆਂ ਲਾਈਆਂ
ਮਿੰਨੀ-ਕਿੰਨੀ ਵਗੇ ਹਨੇਰੀ
ਫੜ ਤੰਗਲੀ ਨਾਲ ਉਡਾਈਆਂ
ਚੰਗੀਆਂ-ਚੰਗੀਆਂ ਮੁਹਰੇ ਲਾਈਆਂ
ਮੰਦੀਆਂ ਮਗਰ ਹਟਾਈਆਂ
ਕਿਹੜਾ ਜਿਦ ਲੂਗਾ
ਬਿਪਤਾ ਨਾਲ ਬਣਾਈਆਂ ।
ਆਇਆ ਸਾਵਣ ਦਿਲ ਪਰਚਾਵਣ,
ਝੜੀ ਲੱਗ ਗਈ ਭਾਰੀ।
ਝੂਟੇ ਲੈਂਦੀ ਮਰੀਆਂ ਭਿੱਜਗੀ,
ਨਾਲੇ ਰਾਮ ਪਿਆਰੀ।
ਕੁੜਤੀ ਰੋ ਦੀ ਭਿੱਜਗੀ ਪੀਲੀ,
ਕਿਸ਼ਨੋ ਦੀ ਫੁਲਕਾਰੀ।
ਹਰਨਾਮੀ ਦੀ ਸੁੱਥਣ ਭਿੱਜਗੀ,
ਬਹੁਤੇ ਗੋਟੇ ਵਾਲੀ।
ਬੰਤੋ ਦੀਆਂ ਭਿੱਜੀਆਂ ਮੀਢੀਆਂ,
ਗਿਣਤੀ ‘ਚ ਪੂਰੀਆਂ ਚਾਲੀ।
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਸ਼ੈਹਣਾ
ਸ਼ੈਹਣੇ ਪਿੰਡ ਵਿੱਚ ਪੈਂਦਾ ਗਿੱਧਾ
ਕੀ ਗਿੱਧੇ ਦਾ ਕਹਿਣਾ
ਕੱਲ੍ਹ ਨੂੰ ਆਪਾਂ ਵਿੱਛੜ ਜਾਵਾਂਗੇ
ਫੇਰ ਕਦ ਰਲ ਕੇ ਬਹਿਣਾ
ਭੁੱਲ ਜਾ ਲੱਗੀਆਂ ਨੂੰ
ਮੰਨ ਲੈ ਭੌਰ ਦਾ ਕਹਿਣਾ।
ਕੱਠੀਆਂ ਹੋ ਕੁੜੀਆਂ ਆਈਆਂ ਗਿੱਧੇ ਵਿੱਚ
ਗਿਣਤੀ ’ਚ ਪੂਰੀਆਂ ਚਾਲੀ
ਚੰਦਕੁਰ, ਸਦਕੁਰ, ਸ਼ਾਮੋ, ਬਿਸ਼ਨੀ
ਸਭ ਦੇ ਵਰਦੀ ਕਾਲੀ
ਸਭ ਤੋਂ ਸੋਹਣਾ ਨੱਚੇ ਰਾਣੀ
ਮੁੱਖ ਤੇ ਗਿੱਠ-ਗਿੱਠ ਲਾਲੀ
ਗਿੱਧਾ ਪਾਓ ਕੁੜੀਓ
ਹੀਰ ਆ ਗਈ ਸਿਆਲਾਂ ਵਾਲੀ
ਸਾਡੇ ਪਿੰਡ ਦੇ ਮੁੰਡੇ ਦੇਖ ਲਓ,
ਜਿਉਂ ਟਾਹਲੀ ਦੇ ਪਾਵੇ।
ਕੰਨੀਦਾਰ ਏਹ ਬੰਨ੍ਹਦੇ ਚਾਦਰੇ,
ਪਿੰਜਣੀ ਨਾਲ ਛੁਹਾਵੇ।
ਦੁਧੀਆ ਕਾਸ਼ਨੀ ਬੰਦੇ ਸਾਫੇ,
ਜਿਉਂ ਉਡਿਆ ਕਬੂਤਰ ਜਾਵੇ।
ਏਹਨਾਂ ਮੁੰਡਿਆਂ ਦੀ,
ਸਿਫਤ ਕਰੀ ਨਾ ਜਾਵੇ।
ਸਾਉਣ ਦਾ ਮਹੀਨਾ
ਪੈਂਦੀ ਤੀਆਂ ’ਚ ਧਮਾਲ ਵੇ
ਗਿੱਧੇ ਵਿੱਚ ਜਦੋਂ ਨੱਚੂੰ
ਕਰਦੂੰ ਕਮਾਲ ਵੇ
ਮੁੜ ਜਾ ਸ਼ੌਕੀਨਾ
ਮੈਂ ਨੀ ਜਾਣਾ ਤੇਰੇ ਨਾਲ ਵੇ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਤੀਤਾ।
ਉਸ ਪਿੰਡ ਦੇ ਗੱਭਰੂ ਸੁਣੀਂਦੇ,
ਮੱਖਣ ਤੇ ਇੱਕ ਜੀਤਾ।
ਪਹਿਲੇ ਸੂਏ ਮੱਝ ਲਵੇਰੀ,
ਡੋਕੇ ਦਾ ਦੁੱਧ ਪੀਤਾ।
ਹੁੰਮ ਹੁਮਾ ਕੇ ਚੜ੍ਹੀ ਜੁਆਨੀ,
ਬਣਿਆ ਸੁਰਖ ਪਪੀਤਾ।
ਪਹਿਲਾਂ ਹੋ ਗਿਆ ਮੱਖਣ ਭਰਤੀ,
ਮਗਰੋਂ ਹੋ ਗਿਆ ਜੀਤਾ।
ਸੁਬੇਦਾਰਾ ਹਿੱਕ ਮਿਣਲੈ,
ਫੜ ਕੇ ਰੇਸ਼ਮੀ ਕੀਤਾ।