ਧਾਈਆਂ! ਧਾਈਆਂ! ਧਾਈਆਂ!
ਸੰਗਦੀ ਸੰਗਾਉਂਦੇ ਨੇ,
ਅੱਖਾਂ ਹਾਣ ਦੇ ਮੁੰਡੇ ਨਾਲ ਲਾਈਆਂ।
ਕੋਲ ਹਵੇਲੀ ਦੇ,
ਦੋ ਜੱਟ ਨੇ ਬੈਠਕਾਂ ਪਾਈਆਂ।
ਕੱਲ੍ਹ ਮੇਰੇ ਭਾਈਆਂ ਨੇ,
ਪੰਜ ਰਫ਼ਲਾਂ ਲਸੰਸ ਕਰਾਈਆਂ।
ਡਾਂਗਾਂ ਖੜਕਦੀਆਂ
ਸੱਥ ਵਿਚ ਹੋਣ ਲੜਾਈਆਂ।
Gidda boliyan
ਕਾਨਾ-ਕਾਨਾ-ਕਾਨਾ
ਖੂਹ ਤੇ ਡੋਲ ਪਿਆ
ਫਿਰ ਪਾਣੀ ਭਰਨ ਰਕਾਨਾ
ਥੋੜ੍ਹੀ ਥੋੜ੍ਹੀ ਮੈਂ ਭਿੱਜ ਗਈ
ਬਹੁਤਾ ਭੱਜਿਆ ਯਾਰ ਬਿਗਾਨਾ
ਮੁੱਖ ਤੇ ਮੁੱਖ ਧਰ ਕੇ
ਸੌਂ ਜਾ ਛੈਲ ਜਵਾਨਾਂ।
ਜਰਦੀ! ਜਰਦੀ! ਜਰਦੀ!
ਮਰਦੀ ਮਰ ਜਾਊਂਗੀ,
ਜੇ ਨਾ ਮਿਲਿਆ ਹਮਦਰਦੀ।
ਆਣ ਬਚਾ ਲੈ ਵੇ,
ਜਿੰਦ ਜਾਂਦੀ ਹੌਕਿਆਂ ਵਿਚ ਖਰਦੀ।
ਮਿੱਤਰਾ ਹਾਣ ਦਿਆ,
ਤੇਰੇ ਨਾਂ ਦੀ ਆਰਤੀ ਕਰਦੀ।
ਅੰਦਰ ਕੋਠੜੀ ਬਾਹਰ ਹਨ੍ਹੇਰਾ
ਵਿੱਚ ਜੌਆਂ ਦੀ ਢੇਰੀ
ਅਟਣ ਬਟਣ ਦੀ ਕੁੜਤੀ ਸਵਾਦੇ
ਨਾਰ ਵੱਜੂੰਗੀ ਤੇਰੀ
ਇੱਕ ਫੁੱਲ ਗੇਂਦੇ ਦਾ
ਖਿੜਿਆ ਰਾਤ ਹਨੇਰੀ।
ਆਰੀ-ਆਰੀ-ਆਰੀ
ਲੱਛਾ ਪੁੱਛੇ ਬੰਤੀ ਨੂੰ
ਤੇਰੀ ਕੈ ਮੁੰਡਿਆਂ ਨਾਲ ਯਾਰੀ
ਉਹਨਾਂ ਦਾ ਕੀ ਗਿਣਨਾ
ਮੇਰੇ ਯਾਰਾਂ ਦੀ ਗਿਣਤੀ ਭਾਰੀ
ਇੱਕ ਤਾਂ ਪਕਾਵੇ ਰੋਟੀਆਂ
ਦੂਜਾ ਜਾਵੇ ਰਾੜ੍ਹੀ
ਤੀਜਾ ਦਾਲ ਧਰੇ
ਖੂਬ ਮਸਾਲਿਆਂ ਵਾਲੀ
ਚੌਥਾ ਦੁੱਧ ਰਿੜਕੇ
ਪੰਜਵਾਂ ਪੂੰਝੇ ਮਧਾਣੀ
ਛੇਵਾਂ ਕੁਤਰਾ ਕਰੇ
ਸੱਤਵਾਂ ਪਿਆ ਮੱਝੀਆਂ ਨੂੰ ਲਿਆਵੇ
ਅੱਠਵੇਂ ਨੇ ਜ਼ੁਲਮ ਕਰਿਆ
ਬੋਤੀ ਪੀੜ ਲਈ ਝਾਂਜਰਾਂ ਵਾਲੀ
ਐਹ ਤੇ ਚੜ੍ਹ ਪਤਲੋ
ਜਿਹੜੀ ਰੇਲ ਦੇ ਬਰਾਬਰ ਜਾਵੇ
ਗੱਲ ਸੁਣ ਤੂੰ ਮੁੰਡਿਆ
ਜੁੱਤੀ ਡਿੱਗ ਪਈ ਸਿਤਾਰਿਆਂ ਵਾਲੀ
ਡਿੱਗ ਪਈ ਡਿੱਗ ਪੈਣ ਦੇ
ਇੱਕ ਦੀਆਂ ਦਵਾਦੂੰ ਚਾਲੀ
ਨਿਉਂ ਕੇ ਚੱਕ ਪਤਲੇ
ਗੱਦ ਘੁੰਗਰੂਆਂ ਵਾਲੀ।
ਗਾਨੀ! ਗਾਨੀ! ਗਾਨੀ!
ਮੂੰਹ ਦਾ ਮਿੱਠ ਬੋਲੜਾ,
ਪਰ ਦਿਲ ‘ਚ ਰੱਖੇ ਬੇਈਮਾਨੀ।
ਪਿੰਡ ਵਿੱਚ ਚੱਲੀ ਚਰਚਾ,
ਸਾਡਾ ਹੋਰ ਨਹੀਂ ਕੋਈ ਸਾਨੀ।
ਸੂਹਾ ਰੰਗ ਲਾਲ ਬੁੱਲ੍ਹੀਆਂ,
ਪਾ ਲਈ ਤੇਰੀ ਨਿਸ਼ਾਨੀ।
ਵੇ ਚੱਲ ਲਿਆ ਮੋਰ ਬਣ ਕੇ,
ਮੇਰੀ ਡਿੱਗ ਪਈ ਚਰ੍ਹੀ ਵਿਚ ਗਾਨੀ।
ਇਸ਼ਕ ਮੁਸ਼ਕ ਗੁੱਝੇ ਨਾ ਰਹਿੰਦੇ
ਲੋਕ ਸਿਆਣੇ ਕਹਿੰਦੇ
ਬਾਗਾਂ ਦੇ ਵਿੱਚ ਕਲੀਆਂ ਉੱਤੇ
ਆਣ ਕੇ ਭੌਰੇ ਬਹਿੰਦੇ
ਲੋਕੀ ਭੈੜੇ ਸ਼ੱਕ ਕਰਦੇ
ਚਿੱਟੇ ਦੰਦ ਹੱਸਣੋਂ ਨਾ ਰਹਿੰਦੇ।
ਆਰੀ! ਆਰੀ! ਆਰੀ!
ਬਾਹਮਣਾਂ ਦੀ ਬੰਤੋ ਦੀ,
ਠੇਕੇਦਾਰ ਨਾਲ ਯਾਰੀ।
ਅੱਧੀਏ ਦਾ ਮੁੱਲ ਪੁੱਛਦੀ,
ਫੇਰ ਬੋਤਲ ਪੀ ਗਈ ਸਾਰੀ।
ਪੀ ਕੇ ਗੁੱਟ ਹੋ ਗਈ,
ਠਾਣੇਦਾਰ ਦੇ ਗੰਡਾਸੀ ਮਾਰੀ।
ਦੇਖੀਂ ਧੀਏ ਮਰ ਨਾ ਜਾਈਂ,
ਮੇਰੀ ਦੁੱਧ ਮੱਖਣਾਂ ਦੀ ਪਾਲੀ।
ਦੇਖੀਂ ਧੀਏ ਮਰ ਨਾ ਜਾਈਂ,
ਮੇਰੀ ਬੋਤੇ ਵਾਂਗੂੰ ਸ਼ਿੰਗਾਰੀ
ਸਾਹਿਬਾਂ ਮੂਨ ਬਣੀ,
ਫੇਰ ਮਿਰਜ਼ਾ ਬਣਿਆ ਸ਼ਿਕਾਰੀ।
ਅੱਧੀ ਰਾਤੀਂ ਆਉਣਾ ਗੱਭਰੂਆ
ਜਾਂਦਾ ਪਹਿਰ ਦੇ ਤੜਕੇ
ਗਲੀ ਗਲੀ ਦੇ ਕੁੱਤੇ ਭੌਂਕਣ
ਮੇਰਾ ਕਾਲਜਾ ਧੜਕੇ
ਵੇ ਘਰ ਤੇਲਣ ਦੇ
ਤੇਰਾ ਚਾਦਰਾ ਖੜਕੇ।
ਬੋਦੀ ਵਾਲਾ ਤਾਰਾ ਚੜ੍ਹਿਆ
ਘਰ ਘਰ ਹੋਣ ਵਿਚਾਰਾਂ
ਕੁਛ ਤਾਂ ਪਿੰਡ ਦਿਆਂ ਪੰਚਾਂ ਲੁੱਟੀ
ਕੁਛ ਲੁੱਟ ਲੀ ਸਰਦਾਰਾਂ
ਰਹਿੰਦੀ ਖੂੰਹਦੀ ਗੱਭਰੂਆਂ ਲੁੱਟ ਲੀ
ਕੁਛ ਲੁੱਟ ਲੀ ਸਰਕਾਰਾਂ
ਟੇਢੀ ਪਗੜੀ ਨੇ
ਪੱਟ ਸੁੱਟੀਆਂ ਮੁਟਿਆਰਾਂ।
ਚਾਂਦੀ-ਚਾਂਦੀ-ਚਾਂਦੀ
ਉੱਠ ਖੜ੍ਹ ਬੇਫਿਕਰਿਆ
ਤੇਰੇ ਕੋਲ ਦੀ ਕੁਆਰੀ ਜਾਂਦੀ
ਲੰਘਦੀ ਨੂੰ ਲੰਘ ਜਾਣ ਦੇ
ਇਹਦੇ ਹੈ ਨੀ ਹੁਸਨ ਦਾ ਬਾਲੀ
ਰੂਪ ਕੁਆਰੀ ਦਾ
ਦਿਨ ਚੜ੍ਹਦੇ ਦੀ ਲਾਲੀ।
ਕਾਲਿਆ ਹਰਨਾ ਬਾਗਾਂ ਚਰਨਾ
ਤੇਰੇ ਸਿੰਗਾਂ ਤੇ ਕੀ ਕੁਛ ਲਿਖਿਆ
ਤਿੱਤਰ ਤੇ ਮੁਰਗਾਈਆਂ ,
ਅੱਗੇ ਤਾਂ ਟੱਪਦਾ ਕੰਧਾਂ ਕੋਠੇ
ਹੁਣ ਨਾ ਟੱਪਦਾ ਖਾਈਆਂ
ਖਾਈ ਟੱਪਦੇ ਦੇ ਵੱਜਿਆ ਕੰਡਾ
ਦੇਮੇ ਰਾਮ ਦੁਹਾਈਆਂ
ਮਾਸ ਮਾਸ ਤੇਰਾ ਕੁੱਤਿਆਂ ਨੇ ਖਾਧਾ
ਹੱਡੀਆਂ ਦਾ ਮਹਿਲ ਬਣਾਇਆ
ਵਿੱਚ ਮਹਿਲ ਦੇ ਮੋਰੀ
ਕਾਕਾ ਚੰਦ ਵਰਗਾ,
ਦੇ ਵੇ ਆਸ਼ਕਾ ਲੋਰੀ।