ਭੇਤੀ ਚੋਰ ਦੁਪਹਿਰੇ ਲੁੱਟਦੇ,
ਪਾੜ ਲਾਉਣ ਪਿਛਵਾੜੇ।
ਗਹਿਣੇ ਗੱਟੇ ਕਦੇ ਨਾ ਲੁੱਟਦੇ,
ਲਾਹੁੰਦੇ ਕੰਨਾਂ ਦੇ ਵਾਲੇ।
ਬਿਨ ਮੁਕਲਾਈਆਂ ਦੇ,
ਪਲੰਘ ਘੁੰਗਰੂਆਂ ਵਾਲੇ।
Gidda boliyan
ਕਾਲਜ ਦੇ ਮੁੰਡੇ ਬੜੇ ਸ਼ੁਕੀਨੀ ਜੀ. ਟੀ. ਰੋਡ ਤੇ ਖੜ੍ਹਦੇ ਜਾਂਦੀ ਕੁੜੀ ਨੂੰ ਕੁੱਝ ਨਾਂ ਆਖਦੇ ਆਉਂਦੀ ਨੂੰ ਬਾਹੋਂ ਫੱੜਦੇ ਵੇਲਾ ਆਥਣ ਦਾ ਬਹਿਜਾ ਬਹਿਜਾ ਕਰਦੇ
ਕਾਲਜ ਦੇ ਮੁੰਡੇ ਬੜੇ ਸ਼ੁਕੀਨੀ,
ਜੀ. ਟੀ. ਰੋਡ ਤੇ ਖੜ੍ਹਦੇ।
ਜਾਂਦੀ ਕੁੜੀ ਨੂੰ ਕੁਛ ਨਾ ਆਖਦੇ,
ਆਉਂਦੀ ਨੂੰ ਬਾਹੋਂ ਫੜਦੇ।
ਵੇਲਾ ਆਥਣ ਦਾ,
ਬਹਿਜਾ ਬਹਿਜਾ ਕਰਦੇ।
ਦਿਨ ਚੜ੍ਹੇ ਬੁੜ੍ਹਾ ਚੱਲਿਆ ਖੇਤ ਨੂੰ,
ਖੇਤ ਨੱਕਾ ਕਰ ਆਵੇ।
ਘਰੇ ਆ ਕੇ ਬੁੜ੍ਹਾ ਬੋਲ ਮਾਰਦਾ,
ਨੂੰਹ ਤੋਂ ਕੁੰਡਾ ਖੁਲ੍ਹਾਵੇ।
ਨੂੰਹ ਵਾਲੀ ਤਾਂ ਛੱਡ ਸਕੀਰੀ,
ਬੁੱਢੜਾ ਆਖ ਸੁਣਾਵੇ।
ਬੁੜ੍ਹੇ ਦਾ ਸਵਾਲ ਸੁਣ ਕੇ,
ਨੂੰਹ ਨੂੰ ਪਸੀਨਾ ਆਵੇ।
ਤੇਰੇ ਤਾਈਂ ਮੈਂ ਆਈ ਵੀਰਨਾ,
ਲੰਮਾ ਧਾਵਾ ਧਰਕੇ।
ਸਾਕ ਇਦੋ ਦਾ ਦੇ ਦੇ ਵੀਰਨਾ,
ਆਪਾਂ ਬਹਿ ਜਾਈਏ ਰਲਕੇ।
ਚੰਗਾ ਮੁੰਡਾ ਨਰਮ ਸੁਭਾਅ ਦਾ,
ਅੱਖਾਂ ਚ ਪਾਇਆ ਨਾ ਰੜਕੇ।
ਸਾਕ ਭਤੀਜੀ ਦਾ।
ਭੂਆ ਲੈ ਗਈ ਅੜਕੇ।
ਆ ਵੇ ਯਾਰਾ, ਬਹਿ ਵੇ ਯਾਰਾ,
ਦਿਲ ਦੀ ਆਖ ਸੁਣਾਵਾਂ।
ਜਾਕਟ ਲਿਆ ਮਿੱਤਰਾ,
ਜਿਹੜੀ ਕੁੜਤੀ ਹੇਠਾਂ ਦੀ ਪਾਵਾਂ।
ਕੁੜਤੀ ਦੀ ਵਿਉਂਤ ਬੁਰੀ,
ਫੇਰ ਹਿੱਕ ਦੇ ਹੇਠ ਗਲਾਵਾਂ।
ਕੁੰਜੀਆਂ ਇਸ਼ਕ ਦੀਆਂ,
ਕਿਸ ਜਿੰਦਰੇ ਨੂੰ ਲਾਵਾਂ।
ਚੱਕ ਲਿਆ ਟੋਕਰਾ ਚਲ ਪਈ ਖੇਤ ਨੂੰ,
ਮੈਂ ਵੀ ਮਗਰੇ ਆਇਆ।
ਵੱਟਾਂ ਡੋਲੇ ਸਾਰੇ ਫਿਰ ਗਿਆ,
ਤੇਰਾ ਮਨ੍ਹਾਂ ਨਾ ਥਿਆਇਆ।
ਪਾਣੀ ਪਿਆ ਪਤਲੋ,
ਮਰ ਗਿਆ ਯਾਰ ਤਿਹਾਇਆ।
ਮਲਕਾ ਜਾਂਦੀ ਨੇ ਰਾਜ ਕਰ ਲਿਆ,
ਪਹਿਨੇ ਪੱਟ ਮਰੀਨਾਂ।
ਲੋਹੇ ਦੇ ਝੋਟੇ ਤੇਲ ਮੂਤਦੇ,
ਜੋੜੇ ਸਿਊਣ ਮਸ਼ੀਨਾਂ।
ਤੂੜੀ ਖਾਂਦੇ ਬੈਲ ਹਾਰ ਗਏ,
ਗੱਭਰੂ ਗਿੱਝ ਗਏ ਫੀਮਾਂ।
ਲਹਿੰਗਾ ਹਰ ਕੁਰ ਦਾ,
ਲਿਆ ਵੇ ਯਾਰ ਸ਼ੌਕੀਨਾ।
ਕਾਲਿਆ ਹਰਨਾ ਬਾਗੀ ਚਰਨਾਂ,
ਤੇਰਿਆਂ ਸਿੰਗਾਂ ਤੇ ਕੀ ਕੁਝ ਲਿਖਿਆ।
ਤਿੱਤਰ ਤੇ ਮੁਰਗਾਈਆਂ,
ਅੱਗੇ ਤਾਂ ਟੱਪਦਾ ਨੌਂ ਨੌਂ ਕੋਠੇ,
ਹੁਣ ਨਾ ਟੱਪਦੀਆਂ ਖਾਈਆਂ।
ਖਾਈ ਟੱਪਦੇ ਦੇ ਲੱਗਿਆ ਕੰਡਾ,
ਦਿੰਦਾ ਏ ਰਾਮ ਦੁਹਾਈਆਂ।
ਮਾਸ ਮਾਸ ਤੇਰਾ ਕੁੱਤਿਆਂ ਖਾਧਾ,
ਹੱਡੀਆਂ ਰੇਤ ਰਲਾਈਆਂ।
ਚੁਗ ਚੁਗ ਹੱਡੀਆਂ ਪਿੰਜਰ ਬਣਾਏ,
ਸਈਆਂ ਵੇਖਣ ਆਈਆਂ।
ਇਹਨਾਂ ਸਈਆਂ ਦੇ ਚੱਕਮੇਂ ਲਹਿੰਗੇ,
ਪਿੱਪਲੀ ਪੀਘਾਂ ਪਾਈਆਂ।
ਹਾਲੇ ਕਿਆਂ ਦਾ ਠਾਣਾ ਆਇਆ,
ਉਹਨੇ ਆਣ ਲੁਹਾਈਆਂ।
ਬਿਸ਼ਨੋ ਦੇ ਚਰਖੇ ਤੇ,
ਗਿਣ ਗਿਣ ਮੇਖਾਂ ਲਾਈਆਂ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਚੱਠੇ।
ਚੱਠੇ ਦੇ ਵਿਚ ਨੌਂ ਦਰਵਾਜ਼ੇ,
ਨੌ ਦਰਵਾਜ਼ੇ ਕੱਠੇ।
ਇਕ ਦਰਵਾਜ਼ੇ ਚੰਦੋ ਬਾਹਮਣੀ,
ਲੱਪ ਲੱਪ ਸੁਰਮਾ ਰੱਖੇ।
ਗੱਭਰੂਆਂ ਨੂੰ ਭੱਜ ਗਲ ਲਾਉਂਦੀ,
ਬੁੜ੍ਹਿਆਂ ਨੂੰ ਦਿੰਦੀ ਧੱਕੇ।
ਇਕ ਬੁੜ੍ਹੇ ਦੇ ਉੱਠੀ ਕਚੀਚੀ,
ਖੜ੍ਹਾ ਢਾਬ ਤੇ ਨੱਚੇ।
ਏਸ ਢਾਬ ਦਾ ਗਾਰਾ ਕੱਢਾ ਦਿਓ,
ਬਲਦ ਜੜਾ ਕੇ ਚੱਪੇ।
ਜੁਆਨੀ ਕੋਈ ਦਿਨ ਦੀ,
ਫੇਰ ਮਿਲਣਗੇ ਧੱਕੇ।
ਜਾਂ
ਝੂਠ ਨਾ ਬੋਲੀਂ ਨੀਂ,
ਸੂਰਜ ਲੱਗਦਾ ਮੱਥੇ।
ਵੇ ਪੀ ਕੇ ਪਊਆ ਆ ਗਿਆ ਗਿੱਧੇ ਵਿਚ,
ਦਿੰਦਾ ਫਿਰਦੈਂ ਗੇੜੇ।
ਪਾਸੇ ਹੋ ਕੇ ਸੁਣ ਲੈ ਬੋਲੀਆਂ,
ਹੁਣ ਨਾ ਹੋਈਂ ਨੇੜੇ।
ਵਿਚ ਗਿੱਧੇ ਦੇ ਹੱਥ ਜੇ ਲੱਗ ਗਿਆ,
ਵੀਰ ਦੇਖਦੇ ਮੇਰੇ।
ਚੱਕ ਕੇ ਸੋਟੀਆਂ ਫੜ ਕੇ ਬਾਹਾਂ,
ਟੁਕੜੇ ਕਰਨਗੇ ਤੇਰੇ।
ਮੈਂ ਤਾਂ ਮੁੰਡਿਓ ਸੁਣ ਕੇ ਸੱਚੀਆਂ,
ਜਾ ਬੈਠਾ ਸੀ ਡੇਰੇ।
ਘਰ ਦੀ ਨਾਰ ਬਿਨਾਂ,
ਕੋਈ ਨਾ ਲਾਉਂਦੀ ਨੇੜੇ।
ਆਇਆ ਸਾਉਣ ਮਹੀਨਾ ਪਿਆਰਾ,
ਘਟਾ ਕਾਲੀਆਂ ਛਾਈਆਂ।
ਰਲ ਮਿਲ ਸਈਆਂ ਪਾਵਣ ਗਿੱਧੇ,
ਪੀਘਾਂ ਪਿੱਪਲੀਂ ਪਾਈਆਂ।
ਮੋਰ ਪਪੀਹੇ ਕੋਇਲਾਂ ਕੂਕਣ,
ਯਾਦਾਂ ਤੇਰੀਆਂ ਆਈਆਂ।
ਤੂੰ ਟਕਿਆਂ ਦਾ ਲੋਭੀ ਹੋ ਗਿਆ,
ਕਦਰਾਂ ਸਭ ਭੁਲਾਈਆਂ।
ਸਾਉਣ ਮਹੀਨਾ ਚੜ੍ਹ ਗਿਆ ਸਖੀਓ,
ਰੁੱਤ ਤੀਆਂ ਦੀ ਆਈ।
ਗੱਡੀ ਜੋੜ ਕੇ ਲੈਣ ਜੋ ਜਾਂਦੇ,
ਭੈਣਾਂ ਨੂੰ ਜੋ ਭਾਈ।
ਨੱਚਣ ਕੁੱਦਣ ਮਾਰਨ ਤਾੜੀ,
ਰੰਗਲੀ ਮਹਿੰਦੀ ਲਾਈ।
ਬਿਜਲੀ ਵਾਂਗੂੰ ਦੂਰੋਂ ਚਮਕੇ,
ਨੱਥ ਵਿਚ ਮਛਲੀ ਪਾਈ।
ਆਉਂਦੇ ਜਾਂਦੇ ਮੋਹ ਲਏ ਰਾਹੀ,
ਰਚਨਾ ਖੂਬ ਰਚਾਈ।
ਤੀਆਂ ਦੇਖਣ ਨੂੰ,
ਸਹੁਰੀਂ ਜਾਣ ਜੁਆਈ।