ਘਰ ਘਾਟ
ਜੁਗਿੰਦਰ ਸਿੰਹੁੰ ਭਲੇ ਵੇਲਿਆਂ ਚ ਫੌਜ ਚ ਭਰਤੀ ਹੋਇਆ ਸੀ , ਓਹਨਾਂ ਵੇਲਿਆਂ ਚ, ਜਦੋਂ ਸਿਰਫ ਸਰੀਰਕ ਯੋਗਤਾ ਦੇ ਬਲ ਤੇ ਨੌਕਰੀ ਮਿਲ ਜਾਂਦੀ ਸੀ , ਰਿਸ਼ਵਤ ਜਾਂ ਸਿਫ਼ਾਰਸ਼ ਦੀ ਲੋੜ ਨਹੀਂ ਸੀ ਪੈਂਦੀ ।ਵਿਆਹ ਤੋਂ ਬਾਅਦ ਓਹਨੇ ਨੌਕਰੀ ਛੱਡਣ ਦੀ ਕੋਸ਼ਿਸ਼ ਵੀ ਕੀਤੀ ਪਰ ਫੌਜ ਵਾਲੇ ਘਰੋਂ ਲੈ ਗਏ ਸਨ ਆ ਕੇ , ਫਿਰ ਕਈ ਦਿਨ ਪਿੱਠ ਤੇ ਭਾਰ ਚੁੱਕ ਕੇ ਤੁਰਨ ਦੀ ਸਜ਼ਾ ਤੇ ਲੂਣ ਵਾਲਾ ਪਾਣੀ ਪਿਆ ਪਿਆ ਕੇ ਅਕਲ ਟਿਕਾਣੇ ਲੈ ਆਂਦੀ ਸੀ ਆਰਮੀ ਵਾਲ਼ਿਆਂ । ਜਿਵੇਂ ਕਿਵੇਂ , ਔਖਾ ਸੌਖਾ ਹਵਲਦਾਰੀ ਦੀ ਪੈਨਸ਼ਨ ਲੈ ਈ ਮੁੜਿਆ ਸੀ ਓਹ , ਤੇ ਨਾਲ ਈ ਪੱਕਾ ਨਾਉਂ ਵੀ ਕਮਾ ਲਿਆ ਸੀ ,”ਹੌਲਦਾਰ” । ਵਿਆਹ ਪੰਝੀ ਸਾਲ ਦੀ ਉਮਰ ਦੇ ਇਰਦ ਗਿਰਦ ਪਹੁੰਚ ਕੇ ਹੋਇਆ ਸੀ ਓਹਦਾ , ਤੇ ਰੱਬ ਸਬੱਬੀਂ ਓਹਦੀ ਜੀਵਨ ਸਾਥਣ ਦਾ ਨਾਮ ਵੀ ਜੁਗਿੰਦਰ ਕੌਰ ਈ ਸੀ। ਬੜੀ ਵਧੀਆ ਜੋੜੀ ਸੀ ਓਹਨਾਂ ਦੀ , ਜੁਗਿੰਦਰ ਕੌਰ ਬੜੇ ਈ ਨੇਕ ਸੁਭਾਅ ਦੀ ਸੀ ਤੇ ਜੋਗਿੰਦਰ ਸਿੰਘ ਵੀ ਪਿਆਰ ਕਰਨ ਵਾਲਾ , ਖਿਆਲ ਰੱਖਣ ਵਾਲਾ ਪਤੀ ਸੀ । ਕਦੀ ਵੀ ਕਿਹਾ ਸੁਣੀ ਨਹੀਂ ਸੀ ਹੋਈ ਓਹਨਾਂ ਦਰਮਿਆਨ । ਜੇ ਕੋਈ ਕਮੀ ਸੀ ਤਾਂ ਸਿਰਫ ਔਲਾਦ ਦੀ , ਲੱਖ ਯਤਨਾਂ ਤੋ ਬਾਦ ਵੀ ਸੰਤਾਨ ਨਹੀ ਸੀ ਹੋਈ ਓਹਨਾਂ ਦੇ । ਜਦੋਂ ਕਿਸੇ ਪਾਸਿਓਂ ਵੀ ਕੋਈ ਆਸ ਨਾ ਰਹੀ ਤਾਂ ਜੁਗਿੰਦਰ ਕੌਰ ਦੇ ਭਰਾ ਨੇ ਆਪਣੀ ਸਭ ਤੋ ਛੋਟੀ ਧੀ ਬਲਵੀਰ ਓਹਨਾਂ ਦੀ ਝੋਲੀ ਪਾ ਦਿੱਤੀ ਜਿਸਨੂੰ ਓਹਨਾਂ ਦੋਹਾਂ ਜੀਆਂ ਨੇ ਬੜੇ ਲਾਡਾਂ ਨਾਲ ਪਾਲ਼ਿਆ , ਦਸਵੀਂ ਤੱਕ ਪੜ੍ਹਾਇਆ ਤੇ ਨੇੜਲੇ ਪਿੰਡ ਈ ਚੰਗਾ ਵਰ ਘਰ ਵੇਖ ਕੇ ਵਿਆਹ ਵੀ ਕਰ ਦਿੱਤਾ ।
ਜ਼ਮੀਨ ਤਾਂ ਮਸਾਂ ਗੁਜ਼ਾਰੇ ਜੋਗੀ ਸੀ ਹੌਲਦਾਰ ਦੀ ਪਰ ਪੈਨਸ਼ਨ ਨਾਲ ਸੋਹਣਾ ਨਿਰਬਾਹ ਹੋ ਜਾਂਦਾ ਸੀ ,ਸਾਰਾ ਦਿਨ ਵਿਹਲਾ ਰਹਿਣਾ ਮੁਸ਼ਕਲ ਸੀ , ਸੋ ਓਹਨੇ ਜ਼ਮੀਨ ਠੇਕੇ ਤੇ ਦੇ ਕੇ ਥੋੜੀ ਕੁ ਨੁੱਕਰ ਪੱਠੇ ਦੱਥੇ ਲਈ ਰੱਖ ਲਈ ਸੀ ਤੇ ਇੱਕ ਚੰਗੇ ਰਵੇ ਦੀ ਮੱਝ ਰੱਖ ਲਈ ਸੀ । ਜੁਗਿੰਦਰ ਨੂੰ ਗੱਲਾਂ ਕਰਨ ਦਾ ਬੜਾ ਸ਼ੌਕ ਸੀ , ਘਰ ਹੁੰਦਾ ਤਾਂ ਨੌਕਰੀ ਟੈਮ ਦੀਆਂ ਗੱਲਾਂ ਛੇੜ ਬਹਿੰਦਾ । ਸਾਹਬ ਨੇ ਯੇਹ ਬੋਲਾ , ਸੂਬੇਦਾਰ ਨੇ ਵੋਹ ਕਿਹਾ , ਬਰਫ਼ਾਂ ਤੋ ਲੈ ਕੇ ਰੇਤਲੇ ਮੈਦਾਨਾਂ ਦੀਆਂ ਗੱਲਾਂ । ਰੇਡੀਓ ਈ ਬਣ ਜਾਂਦਾ ਕਈ ਵਾਰੀ ਤਾਂ ਹੌਲਦਾਰ । ਜੁਗਿੰਦਰ ਕੌਰ ਕਦੀ ਕਦੀ ਕਹਿ ਦਿੰਦੀ ,
”ਬਲਵੀਰ ਦੇ ਭਾਅ, ਏਹ ਗੱਲ ਤੇ ਵੀਹ ਵਾਰੀ ਪਹਿਲਾਂ ਵੀ ਸੁਣਾਈ ਆ ਤੂੰ , ਬੱਸ ਵੀ ਕਰਿਆ ਕਰ ਨਾ ”
ਸੁਣਕੇ ਜ਼ਰਾ ਝੇਂਪ ਜਾਂਦਾ ਤੇ ਆਖਦਾ ,” ਚੱਲ ਚਾਹ ਬਣਾ ਲੈ ਭੋਰਾ, ਮੈ ਫਿਰ ਨਿੱਕਲਾਂ ਬਾਹਰ, ਮੱਝ ਕਾਹਲੀ ਪਈ ਆ ,”ਪਰ ਫੇਰ ਚੱਲ ਸੋ ਚੱਲ।
ਫਿਰ ਹੌਲੀ ਹੌਲੀ ਓਹਨੇ ਰੋਜ ਦਾ ਨੇਮ ਬਣਾ ਲਿਆ ਸੀ , ਮੱਝ ਨੂੰ ਚਾਰ ਕੇ ਲਿਔਣ ਦਾ । ਸਵੇਰ ਦੀ ਰੋਟੀ ਖਾ ਕੇ ਮੱਝ ਲੈ ਕੇ ਚਾਰਨ ਨਿੱਕਲ ਜਾਂਦਾ ਤੇ ਸ਼ਾਮ ਢਲੀ ਤੋ ਮੁੜਦਾ, ਬਾਹਰ ਹੋਰ ਕਿਸੇ ਨਾਲ ਘੱਟ ਵੱਧ ਈ ਗੱਲ ਕਰਦਾ ਸੀ ਓਹ, ਪਰ ਇਕੱਲ੍ਹਾ ਮੱਝ ਨਾਲ ਈ ਗੱਲਾਂ ਕਰੀ ਜਾਂਦਾ । ਬੰਦੇ ਨੂੰ ਗਾਹਲ ਤਾਂ ਕੱਢ ਲੈਂਦਾ ਪਿੱਠ ਪਿੱਛੇ ਪਰ ਮੱਝ ਨੂੰ ਕਦੀ ਫਿੱਟੇ ਮੂੰਹ ਨਹੀ ਸੀ ਕਿਹਾ ਓਹਨੇ ।
“ ਅਕਲ ਕਰ ਅਕਲ, ਘਾਹ ਨਾਲ ਸਬਰ ਕਰ ਲਿਆ ਕਰ, ਕਣਕ ਨੂੰ ਮੂੰਹ ਨਾ ਮਾਰ, ਕੋਈ ਕੰਜਰ ਗ਼ੁੱਸਾ ਕਰੂਗਾ ਕਮਲੀਏ “
ਤੇ ਮੱਝ ਵੀ ਜਿਵੇਂ ਗੱਲ ਸਮਝਦੀ ਸੀ ਓਹਦੀ। ਕਦੀ ਨੱਥ ਨਹੀਂ ਸੀ ਪਾਈ ਓਹਨੂੰ ਹੌਲਦਾਰ ਨੇ ਤੇ ਨਾ ਈ ਕਦੀ ਹੱਥ ਚ ਸੋਟੀ ਈ ਰੱਖੀ ਸੀ ਮੋੜਨ ਲਈ ,ਓਹਦੀ ਹਰ ਗੱਲ ਸਮਝਦੀ ਸੀ ਓਹ ਸ਼ਾਇਦ। ਸੇਵਾ ਏਨੀ ਕਰਦਾ ਸੀ ਕਿ ਮੱਝ ਤੋਂ ਮੱਖੀ ਤਿਲਕਦੀ ਸੀ , ਕੋਈ ਵੇਚਣ ਦੀ ਗੱਲ ਕਰੇ ਤਾਂ ਲੜ ਪੈਂਦਾ ਸੀ ਓਹ । ਇੱਕ ਤਰਾਂ ਨਾਲ ਓਹਦੇ ਘਰਦਾ ਤੀਸਰਾ ਜੀਅ ਸੀ ਓਹ ਵੀ । ਬਸ ਏਨੀ ਕੁ ਈ ਦੁਨੀਆਂ ਸੀ ਓਹਦੀ । ਜ਼ਮੀਨ ਦਾ ਠੇਕਾ, ਪੈਨਸ਼ਨ ਤੇ ਦੁੱਧ ਦੀ ਥੋੜ੍ਹੀ ਕੁ ਆਮਦਨ ਨਾਲ ਸੋਹਣਾ ਗੁਜ਼ਾਰਾ ਚੱਲਦਾ ਸੀ ਹੌਲਦਾਰ ਦਾ । ਓਹ ਆਪਣੀ ਦੁਨੀਆਂ ਵਿੱਚ ਮਸਤ ਸੀ ਤੇ ਲੋਕ ਓਹਦੀਆਂ ਗੱਲਾਂ ਵਿੱਚ, ਕਿ ਬੜਾ ਰਸੂਖ਼ ਏ ਦੋਹਾਂ ਜੀਆਂ ਦਾ , ਹੋਰ ਕਿਸੇ ਵੱਲ ਤਾਂ ਵੇਂਹਦੇ ਈ ਨਹੀਂ, ਆਪਸ ਵਿੱਚ ਈ ਰੁੱਝੇ ਰਹਿੰਦੇ ਨੇ। ਬਲਵੀਰ ਦੇ ਬੱਚੇ ਹੋ ਗਏ ਸਨ ਤੇ ਰੁੱਝ ਗਈ ਸੀ ਆਪਣੇ ਘਰੇ , ਪਰ ਨੇੜੇ ਹੋਣ ਕਾਰਨ ਛੇਤੀ ਹੀ ਆ ਕੇ ਮਿਲ ਜਾਂਦੀ ਸੀ ਓਹ। ਏਨੇ ਨਾਲ ਘਰ ਚ ਰੌਣਕ ਲੱਗੀ ਰਹਿੰਦੀ ।
ਕਦੀ ਕਦੀ ਹੌਲਦਾਰ ਨੇ ਜੁਗਿੰਦਰੋ ਨੂੰ ਕਹਿਣਾ, “ ਬੀਰੀ ਕੋਲ ਚਲੀ ਜਾਵੀਂ ਜੇ ਮੈ ਪਹਿਲੋਂ ਤੁਰ ਗਿਆ ਤੇ,”ਤੇ ਜੁਗਿੰਦਰੋ ਅੱਖਾਂ ਭਰ ਆਉਂਦੀ , ਬੀਰੀ ਦੇ ਭਾਅ, ਰੱਬ ਦਾ ਨਾਂਅ ਲਿਆ ਕਰ, ਕਰਮਾਂ ਵਾਲ਼ੀਆਂ ਹੁੰਦੀਆਂ ਜਿਹੜੀਆਂ ਪਤੀ ਦੇ ਹੱਥੀਂ ਤੁਰ ਜਾਣ, ਬਾਦ ਚ ਤਾਂ ਧੱਕੇ ਧੋੜੇ ਈ ਹੁੰਦੇ ਆ ,ਹਾਅ ਗੱਲ ਮੁੜ ਕੇ ਨਾ ਆਖੀਂ।
ਏਹ ਸਭ ਕਰਨ ਦੀਆਂ ਗੱਲਾਂ ਈ ਨੇ , ਕੁਦਰਤ ਆਪਣਾ ਕੰਮ ਆਪਣੇ ਤਰੀਕੇ ਨਾਲ ਕਰਦੀ ਏ । ਬੜੇ ਸੋਹਣੇ ਤਰੀਕੇ ਨਾਲ ਜਿੰਦਗੀ ਦੀ ਗੱਡੀ ਰਿੜ੍ਹ ਰਹੀ ਸੀ ਹੌਲਦਾਰ ਦੀ , ਫਿਰ ਇੱਕ ਦਿਨ ਸ਼ਾਮ ਨੂੰ ਓਹ ਘਰੇ ਪਰਤਿਆ ਤਾਂ ਤੇਜ਼ ਬੁਖ਼ਾਰ ਸੀ ਓਹਨੂੰ , ਜਿਵੇਂ ਕਿਵੇਂ , ਮੱਝ ਕਿੱਲੇ ਬੰਨ੍ਹੀ ਤੇ ਮੰਜੇ ਤੇ ਢਹਿ ਪਿਆ । ਜੁਗਿੰਦਰੋ ਨੇ ਡਾਕਟਰ ਬੁਲਾਇਆ ਪਿੰਡ ਚੋਂ , ਦਵਾ ਦੇ ਕੇ ਚਲਾ ਗਿਆ, , ਠੰਢੇ ਪਾਣੀ ਦੀਆਂ ਪੱਟੀਆਂ ਕਰਨ ਨੂੰ ਕਹਿ ਗਿਆ । ਰਾਤ ਟਿਕ ਗਿਆ ਹੌਲਦਾਰ, ਸਵੇਰੇ ਜੁਗਿੰਦਰੋ ਨੇ ਤੜਕੇ ਉੱਠਕੇ ਵੇਖਿਆ , ਤਾਂ ਹੌਲਦਾਰ ਪੱਲਾ ਛੁਡਾ ਚੁੱਕਾ ਸੀ , ਜਾਣ ਲੱਗੇ ਆਵਾਜ ਤੱਕ ਨਾ ਦੇ ਹੋਈ ਓਸਤੋਂ, ਚੁੱਪ ਚਾਪ ਈ ਕੂਚ ਕਰ ਗਿਆ ਰਾਤ ਦੇ ਹਨੇਰੇ ਚ । ਜੁਗਿੰਦਰੋ ਦੀ ਦੁਨੀਆਂ ਉੱਜੜ ਗਈ ਸੀ ਰਾਤੋ ਰਾਤ ।
ਦਿਨ ਚੜ੍ਹੇ ਸਭ ਸਾਕ ਸਕੀਰੀ ਚ ਸੁਨੇਹੇ ਭੇਜ ਦਿੱਤੇ ਗਏ , ਸ਼ਾਮ ਨੂੰ ਦਾਹ ਸੰਸਕਾਰ ਕਰਨਾ ਸੀ ।ਪਰ ਸਭ ਹੈਰਾਨ ਸਨ, ਏਨਾ ਪ੍ਰੇਮ ਸੀ ਜੁਗਿੰਦਰ ਕੌਰ ਦਾ , ਕਿਤੇ ਅੱਥਰੂ ਨਹੀਂ ਸੀ ਡਿੱਗਾ ਓਹਦਾ, ਪੱਥਰ ਹੋ ਗਈ ਸੀ ਓਹ ਬਿਲਕੁੱਲ , ਸਿਲ ਪੱਥਰ । ਬਲਵੀਰ ਨੇ ਰੋ ਰੋ ਬੁਰਾ ਹਾਲ ਕਰ ਲਿਆ , ਪਰ ਜੁਗਿੰਦਰ ਕੌਰ ਇੱਕ ਨੁੱਕਰੇ ਲੱਗ ਗੁੰਮ ਸੁੰਮ ਪਈ ਸੀ ,ਮੂੰਹ ਤੇ ਚੁੰਨੀ ਲੈ ਕੇ । ਬੰਦੇ ਹੌਲਦਾਰ ਨੂੰ ਨਹੌਣ ਚ ਰੁੱਝ ਗਏ, ਜੋਗਿੰਦਰ ਕੌਰ ਮੂੰਹ ਤੇ ਪੱਲਾ ਲੈ ਕੇ ਇੱਕ ਪਾਸੇ ਪਈ ਰਹੀ । ਅਖੀਰ ਜਦੋਂ ਹੌਲਦਾਰ ਨੂੰ ਲੈ ਕੇ ਤੁਰਨ ਲੱਗੇ ਤਾਂ ਜੋਗਿੰਦਰ ਕੌਰ ਨੂੰ ਕਿਸੇ ਔਰਤ ਨੇ ਹਿਲਾਇਆ, “ਉੱਠ ਭੈਣੇ, ਮੂੰਹ ਵੇਖਲਾ ਜਾਂਦੀ ਵਾਰ ਦਾ , ਫੇਰ ਨਹੀਓਂ ਓਹਨੇ ਲੱਭਣਾ ,”
ਪਰ ਜੋਗਿੰਦਰ ਕੌਰ ਹੁੰਦੀ ਤਾਂ ਉੱਠਦੀ , ਓਹ ਤਾਂ ਖ਼ੁਦ ਵੀ ਜਾ ਚੁੱਕੀ ਸੀ ਹੌਲਦਾਰ ਕੋਲ, ਲੜ ਨਹੀ ਸੀ ਛੱਡਿਆ ਓਹਨੇ , ਮਗਰੇ ਈ ਤੁਰ ਗਈ ਸੀ ਆਪਣੇ ਪ੍ਰੀਤਮ ਪਿਆਰੇ ਦੇ । ਦੰਦ ਜੁੜ ਗਏ ਵੇਖਣ ਵਾਲਿਆਂ ਦੇ ।ਬਲਵੀਰ ਦਾ ਰੋਣਾ ਝੱਲਿਆ ਨਹੀ ਸੀ ਜਾ ਰਿਹਾ । ਅਖੀਰ ਇੱਕੋ ਵੇਲੇ ਦੋਵਾਂ ਦੀਆਂ ਅਰਥੀਆਂ ਉੱਠੀਆਂ , ਅਸਮਾਨ ਵੀ ਰੋ ਪਿਆ ਇਹ ਵਰਤਾਰਾ ਵੇਖ ਕੇ , ਜਦੋਂ ਭਾਈ ਸਾਹਿਬ ਨੇ ਅਰਦਾਸ ਚ ਏਹ ਸ਼ਬਦ ਕਹੇ ,
ਜਿਸੁ ਪਿਆਰੇ ਸਿਉ ਨੇਹੁ
ਤਿਸੁ ਆਗੈ ਮਰਿ ਚਲੀਐ।
ਧ੍ਰਿਗੁ ਜੀਵਣੁ ਸੰਸਾਰਿ
ਤਾ ਕੈ ਪਾਛੈ ਜੀਵਣਾ ।
ਕਿੱਲੇ ਬੱਝੀ ਹੌਲਦਾਰ ਦੀ ਮੱਝ ਨੂੰ ਕੋਈ ਗਵਾਂਢੀ ਪੱਠੇ ਕੁਤਰ ਕੇ ਪਾ ਗਿਆ ਸੀ ਰੱਬ ਤਰਸੀਂ , ਪਰ ਓਹ ਪੱਠਿਆਂ ਨੂੰ ਮੂੰਹ ਨਹੀਂ ਸੀ ਲਾ ਰਹੀ , ਵਿਚਾਰੀ ਬੇ ਜ਼ੁਬਾਨ ਹੰਝੂ ਕੇਰ ਰਹੀ ਸੀ , ਰੋਸ ਜਤਾ ਰਹੀ ਸੀ ਸ਼ਾਇਦ , ਕਿ ਹੌਲਦਾਰ ਚਾਰਨ ਲਈ ਆਪ ਕਿਓਂ ਨਹੀਂ ਲੈ ਕੇ ਗਿਆ । ਓਹੀ ਘਰ ਜੋ ਬੀਤੇ ਕੱਲ੍ਹ ਤੱਕ ਵੱਸਦਾ ਰੱਸਦਾ ਘਰ ਸੀ , ਅੱਜ ਉਜਾੜ ਬੀਆਬਾਨ , ਡਰਾਉਣਾ ਬਣ ਗਿਆ ਸੀ , ਜਿੱਥੇ ਕੋਈ ਦੀਵਾ ਜਗੌਣ ਵਾਲਾ ਵੀ ਨਹੀਂ ਸੀ ਰਿਹਾ । ਦੇਰ ਸ਼ਾਮ ਬਲਵੀਰ ਦੇ ਘਰ ਵਾਲੇ ਨੇ ਲਾਗੀ ਨੂੰ ਕਹਿ ਕੇ ਮੱਝ ਵੀ ਹਿੱਕ ਲਈ, ਕੌਣ ਸੀ ਜੋ ਏਸ ਬੇਜੁਬਾਨ ਨੂੰ ਸਾਂਭਦਾ ਹੁਣ , ਵਕਤ ਦਾ ਤਕਾਜ਼ਾ ਸੀ , ਮਜਬੂਰੀ ਸੀ । ਮੱਝ ਵੀ ਰਾਤ ਦੇ ਹਨੇਰੇ ਵਿੱਚ ਡੌਰ ਭੌਰ ਤੁਰੀ ਜਾਂਦੀ ਪਿੱਛੇ ਮੁੜ ਮੁੜ ਤੱਕਦੀ ਜਾ ਰਹੀ ਸੀ, ਸ਼ਾਇਦ ਸਮਝ ਗਈ ਸੀ ਕਿ ਏਸ ਘਰ ਮੁੜ ਕਦੀ ਫੇਰਾ ਨਹੀਂ ਪੈਣਾ।
ਦੋਸਤੋ, ਘਰ ਸਿਰਫ ਵਿੱਚ ਰਹਿਣ ਵਾਲ਼ਿਆਂ ਨਾਲ ਈ ਅਸਲ ਵਿੱਚ ਘਰ ਬਣਦੇ ਨੇ , ਜਿਉਂਦੇ , ਵੱਸਦੇ ਨੇ , ਨਹੀਂ ਤੇ ਘਾਟ ਈ ਹੁੰਦੇ ਨੇ , ਸਿਰਫ ਇੱਟਾਂ ਸੀਮੈਂਟ ਦਾ ਢਾਂਚਾ ਜਾਂ ਜੋੜ ਤੋੜ । ਓਹ ਘਾਟ ਜਾਂ ਸਰਾਂ , ਜਿੱਥੇ ਅਸੀਂ ਰੁਕਦੇ ਆਂ , ਥੋੜ੍ਹਾ ਜਾਂ ਬਹੁਤਾ ਅਰਸਾ , ਅਖੀਰ ਨੂੰ ਤੁਰਨਾ ਪੈਂਦਾ ਏ , ਚੈੱਕ ਆਊਟ ਕਰਨਾ ਪੈਂਦਾ ਏ ਸਵਾਸਾਂ ਦੀ ਪੂੰਜੀ ਦੇ ਰੂਪ ਵਿੱਚ ਬਣਦਾ ਕਿਰਾਇਆ ਦੇ ਕੇ । ਤੇ ਸਾਡੀ ਯਗਾ ਕੋਈ ਹੋਰ ਮੁਸਾਫਿਰ ਆ ਜਾਂਦਾ ਏ , ਕੁਝ ਸਮਾਂ ਬਿਤਾਉਣ ਲਈ, ਕੋਲ ਦਮਾਂ ਦੀ ਪੂੰਜੀ ਤੇ ਅਰਮਾਨਾਂ ਦੀ ਗਠੜੀ ਲੈ ਕੇ ।
ਦਵਿੰਦਰ ਸਿੰਘ ਜੌਹਲ