ਗੱਲ ਕੋਈ 2006 – 7 ਦੀ ਹੈ ਇੱਕ ਵਾਰੀ ਮੇਰੇ ਯਾਰ ਵਿੰਦਰ ਕੇ ਪਿੰਡ ਖੂਨ ਦਾਨ ਦਾ ਕੈਂਪ ਲੱਗਾ। ਵਿੰਦਰ ਹੋਣੀ ਓਸ ਦਿਨ ਤੱੜਕੇ ਦੇ ਉੱਠ ਕੇ ਉੱਥੋਂ ਦੀਆਂ ਹੋ ਰਹੀਆਂ ਗਤਵਿਧੀਆਂ ਨੂੰ ਵੇਖ ਰਹੇ ਸੀ। ਅੱਧਾ ਦਿਨ ਲੰਘ ਗਿਆ ਸਿਰਫ ਇੱਕੋ ਬੰਦਾ ਹੀ ਆਇਆ ਖੂਨਦਾਨ ਕਰਨ। ਓਦੋਂ ਖੂਨਦਾਨ ਬਾਰੇ ਲੋਕ ਇਹਨੇ ਜਾਗਰੂਕ ਵੀ ਨਹੀਂ ਸਨ ਤੇ ਖੂਨ ਦੇਣ ਲੱਗੇ ਬਹੁਤ ਜਿਆਦਾ ਘਬਰਾਉਂਦੇ ਸਨ। ਡਾਕਟਰ ਬਹੁਤ ਪ੍ਰੇਸ਼ਾਨ ਕਿ ਹੁਣ ਕੀ ਹੱਲ ਕੱਢਿਆ ਜਾਵੇ ਮਸਲੇ ਦਾ। ਤਾਂ ਡਾਕਟਰ ਦੀ ਨਿਗ੍ਹਾ ਵਿੰਦਰ ਤੇ ਪਈ ਕਿ ਇਹ ਜਵਾਕ ਸਵੇਰ ਦਾ ਇੱਥੇ ਖੜਾਏ ਇਹ ਵਾਹਵਾ ਦਿਲਚਸਪੀ ਲੈ ਰਿਹਾ ਇਹਨੂੰ ਕਹਿਣੇਆ। ਡਾਕਟਰ ਨੇ ਵਿੰਦਰ ਨੂੰ ਕੋਲ ਸੱਦਿਆ ਤੇ ਅੰਗਰੇਜੀ ਵਿੱਚ ਪੁੱਛਿਆ “In Which Class Do You Read?”
ਵਿੰਦਰ ਵੀ ਅੰਗਰੇਜੀ ਮਾਧਿਅਮ ਦਾ ਸਟੂਡੈਂਟ ਸੀ ਤੇ ਅੰਗਰੇਜੀ ਵਿੱਚ ਸਵਾਲ ਸੁਣਕੇ ਬਹੁਤ ਖੁਸ਼ ਹੋਇਆ ਤੇ ਝੱਟ ਦੇਣੇ ਜਵਾਬ ਦਿੱਤਾ “Sir Sixth Class”।
ਅੱਗੋ ਡਾਕਟਰ ਕਹਿੰਦਾ ” Very Good Intelligent Boy”।
ਫਿਰ ਡਾਕਟਰ ਨੇ ਬੜੀ ਹੀ ਹਲੀਮੀ ਨਾਲ ਗੱਲ ਸ਼ੁਰੂ ਕਰਦਿਆਂ ਕਿਹਾ ਕਿ ਬੇਟਾ ਖੂਨਦਾਨ ਕਰਨਾ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ ਤੇ ਖੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮਜ਼ੋਰੀ ਸਾਡੇ ਸ਼ਰੀਰ ਵਿੱਚ ਨਹੀਂ ਆਉਂਦੀ । ਪਰ ਤੁਹਾਡੇ ਪਿੰਡ ਵਾਲੇ ਬਹੁਤ ਜਿਆਦਾ ਡਰਦੇ ਨੇ ਤੇ ਇਹ ਗੱਲ ਸਮਝ ਨਹੀਂ ਪਾ ਰਹੇ। ਬੇਟਾ ਤੂੰ ਆਪਣੇ ਦੋਸਤਾਂ ਨੂੰ ਕਹਿਕੇ ਘੱਟੋ ਘੱਟ ਆਪਣੇ ਆਪਣੇ ਪਰਿਵਾਰ ਨੂੰ ਸਾਰੀ ਗੱਲ ਸਮਝਾਕੇ ਇੱਕ ਇੱਕ ਮੈਂਬਰ ਨੂੰ ਹੀ ਖੂਨਦਾਨ ਕਰਨ ਲਈ ਮਨਾਕੇ ਲਿਆਯੋ ਉਹਨਾਂ ਨੂੰ ਕਹੋ ਕਿ ਜਿਹੜਾ ਖੂਨਦਾਨ ਕਰੂਗਾ ਉਸਨੂੰ ਇੱਕ ਇੱਕ ਗਲਾਸ ਜੂਸ .. ਦੋ ਕੇਲੇ .. ਇੱਕ ਇੱਕ ਸੰਤਰਾ ਖਾਨ ਨੂੰ ਦਿੱਤਾ ਜਾਊਗਾ ਖੂਨਦਾਨ ਕਰਨ ਤੋਂ ਬਾਅਦ । ਇਹ ਸੁਣਕੇ ਹੁਣ ਸਾਰੇ ਜਵਾਕਾਂ ਨੇ ਮਿਲਕੇ ਸਲਾਹ ਕੀਤੀ ਕਿ ਜੇ ਘਰੇ ਗਏ ਤਾਂ ਘਰਦਿਆਂ ਨੇ ਬੰਨ੍ਹਕੇ ਬਿਠਾ ਲੈਣਾ ਤੇ ਮੁੜਕੇ ਆਉਣ ਨੀ ਦੇਣਾ । ਫੇਰ ਇੱਕ ਜਾਣਾ ਕਹਿੰਦਾ ਕਿ ਮੈਂ ਤਾਏ ਬੱਗੇ ਨੂੰ ਜੰਝ ਘਰੇ ਬੈਠਾ ਵੇਖਿਆ, ਉਹਨੂੰ ਲੈਕੇ ਆਉਣੇਆ ਕੈਂਪ ਚ। ਓਹਨੇ ਫਲਾਂ ਤੇ ਜੂਸ ਦੇ ਨਾਂ ਤੇ ਭੱਜੇ ਨੇ ਆਉਣਾ ਤੇ ਆਪਣੀ ਇੱਜ਼ਤ ਵੀ ਰਹਿਜੂ ਡਾਕਟਰ ਮੂਹਰੇ। ਵਿੰਦਰ ਹੋਣਾ ਨੂੰ ਸਲਾਹ ਵਧੀਆ ਲੱਗੀ ਤੇ ਉਹ ਤਾਏ ਬੱਗੇ ਕੋਲੇ ਜਾ ਵੱਜੇ। ਅਖੇ ਤਾਇਆ ਆਪਣੇ ਪਿੰਡ ਕੈਂਪ ਲੱਗਾ ਖੂਨਦਾਨ ਦਾ । ਤਾਇਆ ਕਿਸੇ ਗੱਲੋਂ ਖਪਿਆ ਬੈਠਾ ਸੀ ਗੁੱਸੇ ਚ ਕਹਿੰਦਾ ਫੇਰ ਮੈ ਕੀ ਕਰਾਂ ਮੈਨੂੰ ਭਾ ਕੈਂਪ ਦਾ ਜਾਓ ਵਗ ਜੌ ਇਥੋਂ ਹੋਰ ਨਾ ਤੰਬੇ ਖਾ ਲਿਓ। ਜਵਾਕ ਕਹਿੰਦੇ ਤਾਇਆ ਸਾਨੂੰ ਪਤਾ ਤੈਨੂੰ ਜੂਸ ਬੜਾ ਪਸੰਦ ਆ ਤੇ ਕੈਂਪ ਵਾਲੇ ਖੂਨਦਾਨ ਕਰਨ ਵਾਲੇ ਨੂੰ ਦੋ ਗਲਾਸ ਜੂਸ, ਕੇਲੇ , ਸੰਤਰੇ ਦਿੰਦੇਯੂ। ਇਹ ਗੱਲ ਸੁਣਕੇ ਤਾਏ ਦਾ ਗੁੱਸਾ ਉਹ ਉਹ ਗਿਆ ਖੁਸ਼ ਹੁੰਦਾ ਹੋਇਆ ਕਹਿੰਦਾ ਜੱਸੇ ਕਿਆ ਸੱਚੀ ਓਏ .. ਵਿੰਦਰ ਕਹਿੰਦਾ ਹਾਂ ਤਾਇਆ ਸੱਚੀ। ਜਵਾਕ ਲੈ ਗਏ ਤਾਏ ਨੂੰ ਡਾਕਟਰ ਕੋਲੇ। ਡਾਕਟਰ ਬੜਾ ਖੁਸ਼ ਹੋਇਆ ਚੱਲ ਕੋਈ ਤਾਂ ਆਇਆ। ਤਾਏ ਨੇ ਜਾਂਦੇ ਸਾਰ ਜੂਸ ਦੀ ਡੇਮਾਂਡ ਰੱਖ ਤੀ। ਡਾਕਟਰ ਕਹਿੰਦਾ ਮਿਲੁਗਾ ਪਰ ਖੂਨਦਾਨ ਕਰਨ ਤੋਂ ਮਗਰੋਂ। ਤਾਏ ਨੂੰ ਲੱਗਿਆ ਕਿ ਕਿੰਨਾ ਕੁ ਖੂਨ ਕੱਢ ਲੈਣਗੇ ਮੇਰਾ ਇੱਕ ਅੱਧੀ ਸਰਿੰਜ ਕੱਡਣਗੇ ਤਾਇਆ ਓਂ ਵੀ ਦਿਲ ਦਾ ਥੋੜਾ ਕਮਜ਼ੋਰ ਸੀ। ਚਲੋ ਡਾਕਟਰਾਂ ਨੇ ਪਾ ਲਿਆ ਬੇਡ ਤੇ । ਤਾਇਆ ਇਦਾ ਪਿਆ ਜਿਵੇਂ ਸਾਰੀ ਦੁਨੀਆ ਦੀ ਜਗੀਰ ਮਿਲ ਗਈ ਹੋਵੇ ਉਹਦੀਆ ਅੱਖਾਂ ਸਾਵੇਂ ਜੂਸ ਦੇ ਗਲਾਸ ਹੀ ਘੁੰਮ ਰਹੇ ਸੀ ਤੇ ਡਾਕਟਰਾਂ ਨੇ ਕਦੋਂ ਖੂਨ ਕੱਢ ਲਿਆ ਤਾਏ ਨੂੰ ਕੁਛ ਪਤਾ ਨਾ ਲੱਗਿਆ। ਜਦੋਂ ਕਾਰਵਾਈ ਸਾਰੀ ਪੂਰੀ ਹੋ ਗਈ ਤਾਂ ਡਾਕਟਰਾਂ ਨੇ ਤਾਏ ਨੂੰ ਉੱਠਣ ਲਈ ਕਿਹਾ ਤਾਇਆ ਉੱਠ ਦੇ ਸਾਰ ਕਹਿੰਦਾ ਲਿਆਓ ਜਾਰ ਜੂਸ ਹੁਣ ਤਾਂ ਪਿਆਦੋ। ਉਹਨਾਂ ਨੇ ਜੂਸ ਦਿੱਤਾ ਤਾਏ ਨੇ ਬੜੇ ਸਵਾਦ ਲਾ ਲਾ ਕੇ ਪਿਤੇ ਦੋ ਗਲਾਸ, ਦੋ ਕੇਲੇ ਖਾਦੇ ਸਵਾਦਾਂ ਨਾਲ ਤੇ ਸੰਤਰਾ ਗੀਜੇ ਚ ਪਾ ਲਿਆ ਕਿ ਚੱਲ ਇਹ ਬਾਅਦ ਵਿੱਚ ਖਾਵਾਂਗੇ। ਤੁਰਨ ਲੱਗੇ ਤਾਏ ਦੇ ਦਿਮਾਗ ਚ ਪਤਾ ਨੀ ਕੀ ਆਇਆ ਕਹਿੰਦਾ ਭਾਈ ਡਾਕਟਰ ਮੈਨੂੰ ਦਿਖਾ ਤਾਂ ਦਿਓ ਜਿਹੜਾ ਮੇਰਾ ਖੂਨ ਕੱਢਿਆ ਮੈਂ ਵੀ ਦੇਖਾ ਮੇਰਾ ਖੂਨ ਕਿਹੋ ਜੇਹਾ ਲਗਦਾ। ਜਦੋਂ ਡਾਕਟਰ ਨੇ ਤਾਏ ਦੇ ਖੂਨ ਦੀ ਕੱਢੀ ਹੋਈ ਬੋਤਲ ਤਾਏ ਨੂੰ ਦਿਖਾਈ ਤਾਂ ਤਾਏ ਦਾ ਦਿਲ ਘਟ ਗਿਆ ਕਿ ਏਨਾ ਖੂਨ ਕੱਢ ਲਿਆ ਮੈਂ ਤਾਂ ਸੋਚਿਆ ਸੀ ਕਿ ਇੱਕ ਅੱਧੀ ਸਰਿੰਜ ਹੀ ਕੱਢਣਗੇ। ਬੋਤਲ ਦੇਖਕੇ ਤਾਏ ਨੂੰ ਗਸ਼ੀ ਪੇਗੀ ਤਾਇਆ ਉੱਥੇ ਹੀ ਧੜਮ ਦੇਣੇ ਥੱਲੇ ਡਿੱਗ ਗਿਆ ਤੇ ਬੇਹੋਸ਼ ਹੋ ਗਿਆ। ਡਾਕਟਰਾਂ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ ਕਿ ਜੇ ਇਹਨੂੰ ਕੁਛ ਹੋ ਗਿਆ ਤਾਂ ਨਵਾ ਸਿਆਪਾ ਗਲ ਪੈ ਜੂ। ਉਹਨਾਂ ਬ੍ਥੇਰਾ ਜੋਰ ਲਾਇਆ ਤਾਏ ਨੂੰ ਹੋਸ਼ ਚ ਲਿਓਨ ਲਈ ਪਰ ਤਾਏ ਨੂੰ ਤਾਂ ਕੋਈ ਫਰਕ ਨਾ ਪਿਆ । ਫੇਰ ਡਾਕਟਰ ਨੇ ਦੋ ਬੋਤਲਾ ਖੂਨ ਦੀਆਂ ਪੱਲਿਓ ਤਾਏ ਨੂੰ ਚੜਾਈਆ ਟੀਕੇ ਟੁਕੇ ਲਾਏ ਫੇਰ ਜਾਕੇ ਕੀਤੇ ਤਾਏ ਨੂੰ ਸੁਰਤ ਆਈ। ਫੇਰ ਡਾਕਟਰ ਨੇ ਤਾਏ ਨੂੰ ਮੱਥਾ ਟੇਕ ਕੇ ਕੈਂਪ ਚੋ ਬਾਹਰ ਦਾ ਰਸਤਾ ਦਿਖਾਇਆ ਤੇ ਵਿੰਦਰ ਹੋਣਾ ਨੂੰ ਆਨੇ ਕੱਡਦਾ ਹੋਇਆ ਆਪਣੀ ਚੁੱਪ ਵਿੱਚ ਹੀ ਕਈ ਗਾਲਾ ਕੱਢ ਗਿਆ ਕੰਨਾਂ ਨੂੰ ਹੱਥ ਲਾ ਗਿਆ।