ਅਪ੍ਰੇਸ਼ਨ ਤੋਂ ਬਾਅਦ ਨਵਤੇਜ ਦਾ ਰਵੱਈਆ ਬਦਲਨਾ ਸ਼ੁਰੂ ਹੋ ਗਿਆ, ਪਹਿਲਾਂ ਗੱਲ-ਬਾਤ ਤੇ ਮਿਲਣਾ ਗਿਲਣਾ ਘੱਟ ਹੋਇਆ, ਫਿਰ ਬਹਾਨੇ ਬਣਾਕੇ ਦੂਰ ਹੋਣਾ ਸ਼ੁਰੂ ਕੀਤਾ ਤੇ ਆਖਰ ਇਕ ਦਿਨ ਅੰਦਰਲਾ ਕੌੜਾ ਸੱਚ ਜ਼ੁਬਾਨ ਤੇ ਆ ਗਿਆ ‘ ਤੇਰੇ ਨਾਲ ਵਿਆਹ ਕਰਕੇ ਉਮਰ ਭਰ ਬੇਔਲਾਦ ਰਹਿਣ ਤੋਂ ਬਿਨਾਂ ਹੋਰ ਕੀ ਮਿਲਣਾ ਮੈਨੂੰ, …. ਮੈ ਸਾਰੀ ਉਮਰ ਬੇਔਲਾਦ ਨੀ ਰਹਿਣਾ ਚਹੁੰਦਾ ‘ …. ਆਖਕੇ ਉਹ ਸਦਾ ਲਈ ਨੀਤੂ ਦੀ ਜ਼ਿੰਦਗੀ ਵਿਚੋਂ ਦੂਰ ਹੋ ਗਿਆ। ਹੁਣ ਤੱਕ ਨੀਤੂ ਨੇ ਅਨਾਥ ਹੋਣ ਦਾ ਦੁੱਖ ਭੋਗਿਆ ਸੀ, ਹੁਣ ਬੇਔਲਾਦ ਹੋਣ ਦੀ ਪੀੜ ਨਾਲ ਭਰੀ ਜ਼ਿੰਦਗੀ ਸਾਹਮਣੇ ਸੀ। ਨੀਤੂ ਅੱਜ ਤੱਕ ਕਦੇ ਵੀ ਇਸ ਤਰਾਂ ਦੁਖੀ ਨਹੀਂ ਸੀ ਹੋਈ ਜਿਵੇਂ ਨਵਤੇਜ ਦੇ ਜਾਣ ਤੋਂ ਪਿੱਛੋਂ ਰਹਿਣ ਲੱਗੀ। ਉਹ ਜਿਵੇਂ ਕਿਸੇ ਡੂੰਘੀ ਹਨੇਰੀ ਖੱਡ ਵਿੱਚ ਜਾ ਡਿਗੀ ਹੋਵੇ, …ਦੁਨੀਆ ਤੋਂ ਬੇਖ਼ਬਰ,…ਅਪਣੇ ਆਪ ਤੋਂ ਬੇਖ਼ਬਰ। ਫ਼ੌਜੀ ਮਾਮੇ ਨੂੰ ਫਿਕਰ ਲੱਗ ਗਿਆ ……ਇਸ ਤਰਾਂ ਤਾਂ ਕੁੜੀ ਪਾਗਲ ਹੋ ਜਾਏਗੀ, ਉਸਨੇ ਨੀਤੂ ਨੂੰ ਇਸ ਹਾਲਤ ਵਿੱਚੋਂ ਕੱਢਣ ਲਈ ਹਰ ਹੀਲਾ ਵਰਤਿਆ, ਉਸਨੂੰ ਚੰਗੇ ਸਾਹਿਤ ਨਾਲ ਜੋੜਿਆ,…. ਧਰਮ- ਕਰਮ ਵੱਲ ਮੋੜਿਆ,… ਉਸਨੂੰ ਦੁਬਾਰਾ ਨੌਕਰੀ ਤੇ ਜਾਣਾ ਸ਼ੁਰੂ ਕਰਵਾਇਆ, ….. ਉਹ ਨੀਤੂ ਨੂੰ ਜ਼ਿੰਦਗੀ ਜਿਉਣ ਲਈ ਪ੍ਰੇਰਦਾ, ਕੁਝ ਕਰਨ ਲਈ ਪ੍ਰੇਰਦਾ, ਹਰ ਵਕਤ ਹੌਸਲਾ ਦਿੰਦਾ ਰਹਿੰਦਾ।ਆਖਰ ਉਸਦੀ ਮਿਹਨਤ ਨੇ ਰੰਗ ਦਿਖਾਇਆ, ਨੀਤੂ ਨੇ ਅਪਣੀ ਜ਼ਿੰਦਗੀ ਅਨਾਥਾਂ ਬੇਸਹਾਰਿਆਂ ਨੂੰ ਸਮਰਪਿਤ ਕਰਨ ਦਾ ਫੈਸਲਾ ਕਰ ਲਿਆ, ਸਰਕਾਰੀ ਨੌਕਰੀ ਛੱਡ ਦਿੱਤੀ, ਅਪਣੇ ਮਾਤਾ ਪਿਤਾ ਦੇ ਨਾਮ ਨਾਲ ਇਕ ਗ਼ੈਰ ਸਰਕਾਰੀ ਸੰਸਥਾ ਸ਼ੁਰੂ ਕੀਤੀ ਤੇ ਅਪਣੇ ਸ਼ਹਿਰ ਤੋਂ ਦੂਰ ਹਿਮਾਚਲ ਨਾਲ ਲੱਗਦੇ ਪਹਾੜੀ ਇਲਾਕੇ ਵਿੱਚ ਅਨਾਥ ਆਸ਼ਰਮ ਸਥਾਪਿਤ ਕਰ ਲਿਆ। ਬੇਔਲਾਦ ਜੋੜੇ ਅਕਸਰ ਬੱਚਾ ਗੋਦ ਲੈਣ ਲਈ ਆਉਂਦੇ, ਕਿੰਨੀਆਂ ਹੀ ਦਰਦ ਕਹਾਣੀਆਂ ਸੁਣਦੀ ਨੀਤੂ ਨੂੰ ਅਪਣਾ ਦਰਦ ਮਾਮੂਲੀ ਜਿਹਾ ਲੱਗਦਾ। ਇਸ ਤਰਾਂ ਹੀ ਅੱਜ ਇਕ ਬੇਔਲਾਦ ਜੋੜਾ ਬੱਚਾ ਗੋਦ ਲੈਣ ਲਈ ਆ ਰਿਹਾ ਸੀ, ਉਨ੍ਹਾਂ ਦੇ ਆਉਣ ਦਾ ਖਿਆਲ ਕਰਦਿਆਂ ਨੀਤੂ ਪਾਰਕ ਚੋਂ ਉਠ ਅਪਣੇ ਦਫਤਰ ਵੱਲ ਚੱਲ ਪਈ।
ਨੀਤੂ ਅਪਣੀ ਅਰਾਮ ਕੁਰਸੀ ਤੇ ਖਿੜਕੀ ਦੇ ਸਾਹਮਣੇ ਬੈਠੀ ਸੀ, ਇਥੋਂ ਹਰ ਕੋਈ ਆਉਂਦਾ ਜਾਂਦਾ ਅਸਾਨੀ ਨਾਲ ਨਜ਼ਰ ਆਉਂਦਾ ਸੀ….. ਕਰੀਬ ਅੱਧਾ- ਪੌਣਾ ਘੰਟਾ ਬੀਤ ਜਾਣ ਪਿੱਛੋਂ ਇਕ ਕਾਰ ਆ ਕੇ ਰੁਕੀ। ਭਾਵੇਂ ਉਹ ਇੰਨੀ ਦੂਰ ਸੀ ਕਿ ਪਛਾਣਨਾ ਔਖਾ ਸੀ, ਪਰ ਉਸਦੀ ਡੀਲ ਡੌਲ ਤੋਂ, ਖੜਨ ਤੇ ਤੁਰਨ ਦੇ ਤਰੀਕੇ ਤੋਂ ਨੀਤੂ ਨੇ ਪਛਾਣ ਲਿਆ ਸੀ, ਇਹ ਉਹੀ ਨਵਤੇਜ ਸੀ।
ਕੁਝ ਸੋਚਕੇ ਨੀਤੂ ਨੇ ਫਾਈਲ ਚੁੱਕੀ ਤੇ ਬਾਹਰ ਸੇਵਾਦਾਰ ਨੂੰ ਕਿਹਾ ਜਦੋਂ ਵੀ ਇਹ ਆਉਣ ਤਾਂ ਪਹਿਲਾਂ ਪਤਨੀ ਨੂੰ ਅੰਦਰ ਭੇਜਣਾ,….. ਆਪ ਉਹ ਵਾਪਸ ਅਪਣੇ ਦਫਤਰ ਵਿੱਚ ਆ ਬੈਠੀ, …..ਕੁਝ ਮਿੰਟਾਂ ਦੀ ਉਡੀਕ ਪਿੱਛੋਂ ਰਮਨ ਦਫਤਰ ਵਿੱਚ ਦਾਖਲ ਹੋਈ। ਕੁਝ ਕਾਗ਼ਜ਼ੀ ਕਾਰਵਾਈ ਹੋਣੀ ਸੀ ਤੇ ਕੁਝ ਸਵਾਲ ਜਵਾਬ ਸੀ ਜੋ ਕਿ ਬੱਚਾ ਗੋਦ ਲੈਣ ਵਾਲੇ ਹਰ ਵਿਅਕਤੀ ਲਈ ਲਾਜ਼ਮੀ ਸੀ, ਨੀਤੂ ਨੂੰ ਪਤਾ ਸੀ ਕਿ ਨਵਤੇਜ ਸਵਾਲਾਂ ਦੇ ਜਵਾਬ ਦੇਣ ਵੇਲੇ ਉਸਦੇ ਸਾਹਮਣੇ ਅਸਹਿਜ ਮਹਿਸੂਸ ਕਰੇਗਾ ਤਾਂ ਉਸਨੇ ਇਕੱਲੀ ਰਮਨ ਨੂੰ ਪਹਿਲਾਂ ਅੰਦਰ ਬੁਲਾਉਣ ਵਾਲਾ ਰਾਹ ਚੁਣਿਆਂ। ਜਿੱਥੇ- ਜਿੱਥੇ ਰਮਨ ਦੇ ਦਸਤਖ਼ਤ ਹੋਣੇ ਸਨ ਨੀਤੂ ਕਰਵਾਉਂਦੀ ਗਈ ਤੇ ਨਾਲ਼ – ਨਾਲ਼ ਸਵਾਲ ਜਵਾਬ ਵੀ ਹੁੰਦੇ ਰਹੇ, ਰਮਨ ਨੇ ਦੱਸਿਆ ਕਿ ਵਿਆਹ ਦੇ ਸੱਤ ਸਾਲ ਬੀਤ ਜਾਣ ਤੇ ਵੀ ਬੱਚਾ ਨਾ ਹੋਣ ਕਰਕੇ ਡਾਕਟਰੀ ਸਲਾਹਾਂ ਲੈਣੀਆਂ ਸ਼ੁਰੂ ਕੀਤੀਆਂ ਤਾਂ ਪਤਾ ਲੱਗਿਆ ਕਿ ਨਵਤੇਜ ਨੂੰ ਜਨਮ ਤੋਂ ਹੀ ਇਸ ਤਰਾਂ ਦਾ ਨੁਕਸ ਏ ਕਿ ਉਹ ਭਾਵੇਂ ਕੋਈ ਇਲਾਜ ਕਰਾਵੇ ਪਰ ਬੱਚਾ ਪੈਦਾ ਨਹੀਂ ਕਰ ਸਕਦਾ, …..ਡਾਕਟਰਾਂ ਨੇ ਹੋਰ ਕਈ ਤਰੀਕੇ ਸੁਝਾਏ ਪਰ ਉਨ੍ਹਾਂ ਨੇ ਬੱਚਾ ਗੋਦ ਲੈਣ ਨੂੰ ਹੀ ਤਰਜੀਹ ਦਿੱਤੀ।
ਕੁਝ ਚਿਰ ਪਿੱਛੋਂ ਨਵਤੇਜ ਨੂੰ ਵੀ ਅੰਦਰ ਬੁਲਾਇਆ ਗਿਆ, ਸਾਹਮਣੇ ਨੀਤੂ ਨੂੰ ਦੇਖ ਉਸਦਾ ਸ਼ਰੀਰ ਸਿਰ ਤੋਂ ਪੈਰਾਂ ਤੱਕ ਬਰਫ਼ ਹੋ ਗਿਆ, ਜ਼ਿੰਦਗੀ ਦੇ ਇਸ ਮੋੜ ਤੇ ਨੀਤੂ ਨਾਲ ਸਾਹਮਣਾ ਹੋਵੇਗਾ ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ। ਨੀਤੂ ਨੂੰ ਸੱਤ ਸ਼੍ਰੀ ਅਕਾਲ ਆਖ ਉਸਨੇ ਹੱਥ ਜੋੜੇ ਪਰ ਇਸ ਤਰਾਂ ਜੋੜੇ ਜਿਵੇਂ ਕੋਈ ਅਪਰਾਧੀ ਜੱਜ ਸਾਹਮਣੇ ਸਜ਼ਾ ਸੁਣਨ ਤੋਂ ਪਹਿਲਾਂ ਰਹਿਮ ਦੀ ਅਪੀਲ ਕਰ ਰਿਹਾ ਹੋਵੇ। ਨੀਤੂ ਨੇ ਬੜੀ ਸਾਦਗੀ ਤੇ ਠਰੰਮੇ ਨਾਲ ਫਾਈਲ ਉਸਦੇ ਅੱਗੇ ਕਰਦਿਆਂ ਕਿਹਾ ‘ਤੁਹਾਡੀ ਪਤਨੀ ਦੇ ਦਸਤਖ਼ਤ ਹੋ ਚੁੱਕੇ ਹਨ ਬੱਸ ਤੁਹਾਡੇ ਬਾਕੀ ਹਨ’ …. ਜਿੱਥੇ – ਜਿੱਥੇ ਦਸਤਖ਼ਤ ਕਰਨ ਨੂੰ ਕਿਹਾ ਗਿਆ ਨਵਤੇਜ ਚਾਬੀ ਦਿੱਤੇ ਖਿਡੌਣੇ ਵਾਂਗ ਕਰਦਾ ਰਿਹਾ। ਬਾਕੀ ਦੀ ਕਾਰਵਾਈ ਆਸ਼ਰਮ ਵਿੱਚ ਕਰ ਲਵਾਂਗੇ…. ਆਓ ਚੱਲੀਏ’ ਕਹਿੰਦਿਆਂ ਨੀਤੂ ਨੇ ਫਾਈਲ ਚੁੱਕ ਲਈ। ਹੁਣ ਤੱਕ ਬੁੱਤ ਬਣੇ ਹੋਏ ਨਵਤੇਜ ਨੇ ਨੀਤੂ ਵੱਲ ਦੇਖਕੇ ਫੇਰ ਹੱਥ ਜੋੜੇ…. ਬੜੀ ਮੁਸ਼ਕਿਲ ਨਾਲ਼ ਮੂੰਹੋਂ ਬੋਲ ਕੱਢਿਆ…. ਮ…. ਮੈਂ…… ਮੇਰੀ….. ਮੇਰੀ ਬਦਨਸੀਬੀ ਅੱਜ ਮੈਨੂੰ ਇਥੇ ਲੈ ਆਈ। ਨੀਤੂ ਨੇ ਉਸਦੀ ਗੱਲ ਨੂੰ ਟੋਕਿਆ, ‘ਬਦਨਸੀਬ ਤਾਂ ਉਹ ਹੁੰਦੇ ਨੇ ਨਵਤੇਜ ਸਿੰਘ ਜੀ ਜਿਨ੍ਹਾਂ ਨੂੰ ਬਿਪਤਾ ਪਈ ਤੇ ਉਨ੍ਹਾਂ ਦਾ ਰੱਬ ਵੀ ਕੱਲਿਆਂ ਛੱਡ ਜਾਂਦਾ, ਤੁਸੀਂ ਤਾਂ ਬੜੇ ਖੁਸ਼ਨਸੀਬ ਹੋ ਕਿ ਤੁਹਾਡੀ ਪਤਨੀ ਨੇ ਇਸ ਹਾਲਤ ਵਿੱਚ ਵੀ ਤੁਹਾਡਾ ਸਾਥ ਦਿੱਤਾ‘ । ਨਵਤੇਜ ਨੂੰ ਦੇਣ ਲਈ ਪਾਣੀ ਦਾ ਗਿਲਾਸ ਨੀਤੂ ਨੇ ਰਮਨ ਨੂੰ ਫੜਾਉਂਦਿਆਂ ਕਿਹਾ ਜਦੋਂ ਇਹ ਠੀਕ ਮਹਿਸੂਸ ਕਰਨ ਤਾਂ ਆਪਾਂ ਚੱਲਾਂਗੇ ਮੈ ਬਾਹਰ ਉਡੀਕ ਕਰਦੀ ਹਾਂ।
ਕੁਝ ਚਿਰ ਪਿੱਛੋਂ ਸਵੈਮਾਣ ਨਾਲ਼ ਭਰੀ ਨੀਤੂ ਅਨਾਥ ਆਸ਼ਰਮ ਦੇ ਵਰਾਂਡੇ ਵਿੱਚ ਤੁਰੀ ਜਾ ਰਹੀ ਸੀ, ਪਿੱਛੇ – ਪਿੱਛੇ ਨਵਤੇਜ ਅਪਣੀ ਪਤਨੀ ਨਾਲ਼ ਸਿਰ ਸੁੱਟੀ ਤੁਰਿਆ ਆ ਰਿਹਾ ਸੀ, ਉਸਦੇ ਅਪਣੇ ਬੋਲ ਉਸਦੇ ਸਿਰ ਵਿੱਚ ਹਥੌੜੇ ਵਾਂਗ ਵੱਜ ਰਹੇ ਸੀ ‘ਮੈ ਸਾਰੀ ਉਮਰ ਬੇਔਲਾਦ ਨੀ ਰਹਿਣਾ ਚਹੁੰਦਾ’।
✍️ ਲੱਕੀ ਲਖਵੀਰ
EMOTIONAL STORIES
ਮੈਂ ਅੱਜ ਸਕੂਲ ਤੋਂ ਵਾਪਸ ਆ ਰਿਹਾ ਸੀ ਤਾਂ ਚਾਚਾ ਜੀ ਦੇ ਘਰ ਦੇ ਬਾਹਰ ਫੁਲਵਾੜੀ ਨੇੜਿਓਂ ਲੰਘਣ ਲੱਗਾ ਤਾਂ ਅਚਾਨਕ ਗੇਂਦੇ ਦੇ ਬੂਟੇ ਜੋਰ ਨਾਲ ਹਿੱਲੇ ਤੇ ਮੈਂ ਤ੍ਰਭਕ ਗਿਆ । ਇਸਤੋਂ ਪਹਿਲਾਂ ਕਿ ਮੈਂ ਕੋਈ ਅੰਦਾਜਾ ਲਗਾਉਂਦਾ ਇੱਕ ਚਿੱਟੇ ਭੂਰੇ ਰੰਗ ਦਾ ਕਤੂਰਾ ਮੂੰਹ ਬਾਹਰ ਕੱਢ ਕੇ ਦੇਖਣ ਲੱਗਾ ਤੇ ਮੈਨੂੰ ਦੇਖਦੇ ਹੀ ਫਿਰ ਲੁੱਕ ਗਿਆ । ਉਹ ਬਹੁਤ ਸੋਹਣਾ ਸੀ , ਚਿੱਟੇ ਭੂਰੇ ਡੱਬ ਸਨ , ਅੱਖਾਂ ਵਿੱਚ ਚਮਕ ਸੀ , ਮਾਸੂਮੀਅਤ ਜੇਹੀ ਉਸਦੇ ਚੇਹਰੇ ਤੇ ਸੀ । ਮੈਂ ਉਸਨੂੰ ਪੁਚਕਾਰਿਆ ਪਰ ਉਹ ਬਾਹਰ ਨਾ ਆਇਆ । ਇੰਨੇ ਨੂੰ ਚਾਚੀ ਜੀ ਬਾਹਰ ਆਏ ਤੇ ਬੋਲੇ “ਅੱਛਾ ਤੂੰ ਇਥੇ ਵੜਿਆ ਏ , ਜਿੰਮੀ ਚੱਲ ਅੰਦਰ”। ਜਿੰਮੀ ਨੇ ਫੁੱਲਾਂ ਚੋਂ ਨਿਕਲ ਕੇ ਸ਼ੂਟ ਵੱਟੀ ਤੇ ਅੰਦਰ ਚਲਾ ਗਿਆ। “ਚਾਚੀ ਜੀ ਤੁਸੀਂ ਵੀ ਕੁੱਤਾ ਰੱਖ ਲਿਆ” ਮੈਂ ਪੁੱਛਿਆ । “ਹਾਂ ਪੁੱਤ ਤੈਨੂੰ ਤਾਂ ਪਤਾ ਕੁੱਤੇ ਦੀ ਬਿੜਕ ਬੜੀ ਹੁੰਦੀ । ਰਾਤ ਬਰਾਤੇ ਨਾ ਕਰੇ ਕੋਈ ਡੰਗਰ ਵੱਛਾ ਖੁਲ ਜੇ ਭੌਂਕ ਤਾਂ ਪੈਂਦਾ, ਨਾਲੇ ਅੱਜਕਲ ਚੋਰੀਆਂ ਚਕਾਰੀਆਂ ਵੀ ਬੜੀਆਂ ਹੋ ਰਹੀਆਂ । ਤੇਰੇ ਚਾਚਾ ਜੀ ਦੇ ਕੰਮ ਦਾ ਤੈਨੂੰ ਪਤਾ ਹੀ ਹੈ ਕਈ ਵਾਰ 3-3 ਦਿਨ ਘਰ ਨਹੀਂ ਆ ਹੁੰਦਾ, ਮੈਂ ਕਿਹਾ ਕਿ ਕੁੱਤਾ ਜਰੂਰ ਰੱਖੋ ਤੇ ਉਹ ਲੈ ਆਏ ਜਿੰਮੀ” ਉਹਨਾਂ ਨੇ ਜਵਾਬ ਦਿੱਤਾ। ਮੈਂ ਕਿਹਾ ਵਧੀਆ ਗੱਲ ਏ ਬਹੁਤ ਸੋਹਣਾ ਏ ਤੁਹਾਡਾ ਜਿੰਮੀ ਤੇ ਮੈਂ ਆਪਣੇ ਘਰ ਆ ਗਿਆ। ਹੁਣ ਜਦੋਂ ਵੀ ਮੈਂ ਸਕੂਲ ਜਾਂਦਾ ਜਾਂ ਵਾਪਿਸ ਆਉਂਦਾ ਮੇਰਾ ਖਿਆਲ ਜਿੰਮੀ ਵੱਲ ਹੀ ਹੁੰਦਾ । ਉਹ ਆਉਂਦੇ ਜਾਂਦੇ ਅਕਸਰ ਮੇਰੀ ਨਜ਼ਰੇ ਪੈ ਜਾਂਦਾ । ਮੈਂ ਉਸ ਨੂੰ ਰੋਜ ਪੁਚਕਾਰ ਕੇ ਲੰਘਦਾ, ਹੌਲ਼ੀ ਹੌਲੀ ਉਹ ਵੀ ਮੇਰਾ ਭੇਤੀ ਹੋ ਗਿਆ ਤੇ ਸਾਡੀ ਜਿਵੇਂ ਦੋਸਤੀ ਹੋ ਗਈ । ਜਦੋਂ ਵੀ ਸ਼ਾਮ ਨੂੰ ਮੈਂ ਆਉਂਦਾ ਤਾਂ ਉਹ ਮੇਰੇ ਪੈਰਾਂ ਚ ਆ ਕੇ ਲੇਟਣ ਲੱਗ ਪੈਂਦਾ ਜਿਵੇ ਕਹਿ ਰਿਹਾ ਹੋਵੇ ਚੱਲ ਖੇਡੀਏ । ਮੈਂ ਪੈਰ ਦਾ ਛੜੱਪਾ ਮਾਰ ਕੇ ਹੁਛ ਕਹਿੰਦਾ ਉਹ ਅਗਲੇ ਪੰਜੇ ਨਿਵੇ ਕਰ ਕੇ ਰੁਕ ਰੁਕ ਕੇ ਦੌੜਦਾ ਜਿਵੇ ਕਹਿ ਰਿਹਾ ਹੋਵੇ ਚੱਲ ਛੂਹ ਮੈਨੂੰ । ਉਹ ਅਕਸਰ ਸਾਡੇ ਘਰ ਵੀ ਆ ਜਾਂਦਾ । ਮੰਮੀ ਜੀ ਨੇ ਚਾਹ ਨਾਲ ਬਿਸਕੁਟ ਦੇਣੇ ਤੇ ਮੈਂ ਚੋਰੀ ਚੋਰੀ ਉਸਨੂੰ ਖਿਲਾ ਦੇਣੇ । 2 ਕੁ ਮਹੀਨੇ ਲੰਘੇ ਹੀ ਸੀ ਕਿ ਜਿੰਮੀ ਦੇ ਗਲ ਸੰਗਲੀ ਪੈ ਗਈ । ਸਾਰਾ ਦਿਨ ਬੱਝਾ ਰਹਿੰਦਾ । ਸਾਰੇ ਦਿਨ ਦੀ ਗੁਲਾਮੀ ਰਾਤ ਨੂੰ ਖਤਮ ਹੁੰਦੀ । ਮੈਂ ਹੁਣ ਉਸਨੂੰ ਰੋਜ ਨਹੀਂ ਸੀ ਦੇਖਦਾ , ਬਸ ਸਵੇਰੇ ਜਦ ਚਾਚੀ ਜੀ ਉਸਨੂੰ ਬਾਹਰ ਘੁਮਾਉਂਦੇ ਤਾਂ ਨਜ਼ਰੀਂ ਪੈ ਜਾਂਦਾ। ਉਸਦੇ ਗਲ ਦੀ ਸੰਗਲੀ ਉਸਨੂੰ ਇਜਾਜਤ ਨਹੀਂ ਸੀ ਦੇਂਦੀ ਕਿ ਉਹ ਗੇਂਦੇ ਦੇ ਫੁੱਲਾਂ ਵਿਚੋਂ ਭੱਜਦਾ ਹੋਇਆ ਫੁੱਲਾਂ ਦੀ ਮਹਿਕ ਨੂੰ ਹਵਾ ਚ ਖਿਲਾਰਦਾ ਹੋਇਆ , ਭੱਜਦਾ ਨੱਸਦਾ ਜਿੰਦਗੀ ਦੀ ਮੌਜ ਮਾਣ ਸਕੇ । ਵੱਡਾ ਹੋ ਗਿਆ ਸੀ ਸ਼ਾਇਦ ਜਿੰਮੇਵਾਰੀ ਆ ਪਈ ਸੀ ਉਸ ਸਿਰ ਜਿਸ ਲਈ ਉਸਨੂੰ ਲਿਆਂਦਾ ਗਿਆ ਸੀ । ਜਦੋਂ ਵੀ ਚਾਚੀ ਜੀ ਘਰ ਆਉਂਦੇ ਜਿੰਮੀ ਦੀਆਂ ਸਿਫ਼ਤਾਂ ਕਰਦੇ ਨਾ ਥੱਕਦੇ “ਸਾਡਾ ਜਿੰਮੀ ਤਾਂ ਬਿੱਲੀ ਨੂੰ ਵੀ ਕੰਧ ਟੱਪ ਕੇ ਅੰਦਰ ਨਹੀਂ ਆਉਣ ਦਿੰਦਾ । ਜੇ ਕਿਤੇ ਰਾਤ ਨੂੰ ਮੱਝ ਖੁਲਜੇ ਉਸੇ ਵੇਲੇ ਭੌਂਕਣ ਲੱਗ ਪੈਂਦਾ । ਰਾਤ ਨੂੰ ਜਦੋਂ ਖੋਲੀਦਾ ਬੇਸ਼ਕ ਜੂਠੇ ਭਾਂਡੇ ਵੀ ਪਏ ਹੋਣ ਮੂੰਹ ਨਹੀਂ ਮਾਰਿਆ ਕਦੇ। ਬਸ ਇੱਕ ਵਾਰ ਕਹੋ ਜਿੰਮੀ ਚੱਲ ਡਿਊੜੀ ਬੈਠ ਜਾ ਕੇ , ਚੁਪ ਕਰਕੇ ਬੈਠ ਜਾਂਦਾ, ਗੱਲ ਨੂੰ ਸਮਝ ਲੈਂਦਾ , ਬੜਾ ਸਿਆਣਾ ਕੁੱਤਾ ਏ” । ਜਿੰਮੀ ਨੂੰ ਆਪਣੀ ਵਫ਼ਾਦਾਰੀ ਨਿਭਾਉਂਦਿਆਂ ਸਾਲ ਹੋ ਗਿਆ ਸੀ । 2 ਵੇਲੇ ਦੀ ਰੋਟੀ ਖਾ ਕੇ ਉਹ ਵੀ ਮਾਲਕ ਦੇ ਪਸੰਦ ਦੀ , ਉਸ ਨੇ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ ਸੀ। ਅੱਜ ਥੋੜੀ ਥੋੜੀ ਠੰਡ ਸੀ ਤੇ ਗੇਂਦੇ ਦੇ ਫੁੱਲ ਪੂਰੀ ਮਸਤੀ ਵਿਚ ਸਨ । ਚਾਚੀ ਦੇ ਘਰ ਮਿਸਤਰੀ ਲੱਗੇ ਹੋਏ ਸਨ । ਇੱਕ ਮਜਦੂਰ ਗੇਂਦੇ ਦੇ ਫੁੱਲਾਂ ਨੂੰ ਦਾਤਰੀ ਫੇਰੀ ਜਾਵੇ ਲਾਗੇ ਚਾਚਾ ਜੀ ਵੀ ਖੜੋਤੇ ਸਨ । ਮੈਂ ਸਕੂਲ ਜਾਂਦੇ ਜਾਂਦੇ ਨੇ ਪੁੱਛਿਆ ਚਾਚਾ ਜੀ ਕੀ ਗੱਲ ਇੰਨੇ ਸੋਹਣੇ ਫੁੱਲ ਖਿੜੇ ਸਨ ਤੁਸੀਂ ਵਢਾ ਕਿਉਂ ਰਹੇ ਹੋ । “ਪੁੱਤ ਡੰਗਰਾਂ ਦਾ ਸ਼ੈੱਡ ਬਣਾਉਣਾ ਤੇ ਇਹ ਜਗ੍ਹਾ ਵਿਚ ਆਉਂਦੀ ਏ ਤਾਂ ਕਰਕੇ ਵੱਢਣੇ ਪੈਣੇ” ਉਹਨਾਂ ਜਵਾਬ ਦਿੱਤਾ । ਤਿੰਨ ਚਾਰ ਦਿਨ ਬਾਅਦ ਐਤਵਾਰ ਸ਼ਾਮ ਨੂੰ ਮੈਂ ਦੇਖਿਆ ਜਿੰਮੀ ਗੇਂਦੇ ਦੇ ਸੁੱਕੇ ਫੁੱਲਾਂ ਦੇ ਢੇਰ ਉਪਰ ਲੇਟਿਆ ਪਿਆ ਸੀ ਤੇ ਹੌਲ਼ੀ ਹੌਲੀ ਘੁਰਾ ਰਿਹਾ ਸੀ ਜਿਵੇ ਉਸਨੂੰ ਕੋਈ ਤਕਲੀਫ ਹੋਵੇ । ਮੈਂ ਅਵਾਜ ਮਾਰੀ ਜਿੰਮੀ ਜਿੰਮੀ ਉਸਨੇ ਕੋਈ ਜਵਾਬ ਨਾ ਦਿੱਤਾ । ਮੈਂ ਚਾਚੀ ਜੀ ਨੂੰ ਆਵਾਜ਼ ਮਾਰੀ “ ਚਾਚੀ ਜੀ ਆਹ ਵੇਖੋ ਤੁਹਾਡੇ ਜਿੰਮੀ ਨੂੰ ਕੀ ਹੋਇਆ”। ਚਾਚੀ ਜੀ ਕਹਿੰਦੇ ਆਹੋ ਇਹ ਕਿੰਨੇ ਦਿਨਾਂ ਤੋਂ ਬਿਮਾਰ ਆ ਇੰਞ ਹੀ ਠੰਡ ਲਵਾ ਲਈ ਲੱਗਦਾ। ਅੰਦਰ ਡਿਊੜੀ ਚ ਗੰਦ ਪਾਈ ਜਾਂਦਾ ਸੀ ਬਾਹਰ ਕੱਢਿਆ ਹੁਣ ਨਾਖੱਟੇ ਨੂੰ । ਮੈਂ ਕਿਹਾ ਚਾਚੀ ਜੀ ਠੰਡ ਲੱਗ ਗਈ ਸੀ ਤਾਂ ਡਾਕਟਰ ਤੋਂ ਦਵਾਈ ਲੈ ਦਿੰਦੇ ਇਲਾਜ ਤਾਂ ਕਰਵਾਉਂਦੇ ਇਸਦਾ। ਚਾਚੀ ਜੀ ਕਹਿੰਦੇ “ ਆਹੋ ਇਲਾਜ ਕਰਵਾਉਣਾ ਇੰਨੇ ਵੀ ਨਹੀਂ ਨੋਟ ਧਰੇ ਕੁੱਤਿਆਂ ਦੀ ਦਵਾਈ ਕਰਾਉਂਦੇ ਰਹੀਏ ਆਪਣੀਆਂ ਦਵਾਈਆਂ ਆ ਜਾਣ ਥੋੜੀਆਂ” । ਮੈਂ ਸੋਚ ਰਿਹਾ ਸੀ ਕਿ ਜਿੰਮੀ ਅੱਜ ਕੁੱਤਾ ਕਿਵ਼ੇਂ ਹੋ ਗਿਆ। ਮੈਂ ਕਿਹਾ ਚਾਚੀ ਜੀ ਇੰਨੇ ਮਰ ਜਾਣਾ ਲੱਗਦਾ। “ਮਰ ਜਾਏ ! ਗਲੋਂ ਲੱਥੇ ਅਸੀਂ ਕੀ ਕਰਨ ਇਸਨੂੰ, ਚਾਚੇ ਤੇਰੇ ਨੇ ਲੋਹੇ ਦੀਆਂ ਗ੍ਰਿਲਾਂ ਲਵਾ ਦਿੱਤੀਆਂ ਨੇ ਹੁਣ ਅਸੀਂ ਕੁੱਤਾ ਵੈਸੇ ਵੀ ਨਹੀਂ ਰੱਖਣਾ। ਰਾਤ ਦੇ ਕੋਈ 8 ਵਜੇ ਸਨ ਠੰਡ ਵੀ ਕਾਫੀ ਸੀ ਮੈਂ ਦਹੀਂ ਜਮਾਉਣ ਵਾਲੀ ਭੜੋਲੀ ਚੋਂ ਚੁਪ ਕਰਕੇ ਬੋਰੀ ਕੱਢੀ ਤੇ ਜਿੰਮੀ ਦੇ ਉੱਤੇ ਪਾ ਕੇ ਉਸਨੂੰ ਢੱਕ ਦਿੱਤਾ । ਮੈਂ ਅਗਲੇ ਦਿਨ ਸਵੇਰੇ ਜਲਦੀ ਉਠਿਆ ਮੈਂ ਸੋਚਿਆ ਮੰਮੀ ਨੇ ਜੇ ਸਵੇਰੇ ਵੇਖਿਆ ਕਿ ਭੜੋਲੀ ਚ ਬੋਰੀ ਨਹੀਂ ਏ ਤਾਂ ਗੁੱਸੇ ਹੋਣਗੇ। ਮੈਂ ਜਾ ਕੇ ਜਿੰਮੀ ਕੋਲ ਖਲੋਤਾ, ਕੋਈ ਹਿਲਜੁਲ ਨਹੀਂ ਸੀ , ਮੈਂ ਬੋਰੀ ਲਾਹੀ, ਉਹ ਮਰ ਚੁਕਿਆ ਸੀ । ਉਸਦਾ ਸਰੀਰ ਆਕੜ ਚੁਕਿਆ ਸੀ ਅਗਲੇ ਦੋਵੇਂ ਪੰਜੇ ਇੰਜ ਜੋੜੇ ਹੋਏ ਸਨ ਜਿਵੇਂ ਰੱਬ ਤੋਂ ਪੁੱਛ ਰਿਹਾ ਹੋਵੇ ਦੱਸ ਮੇਰੀ ਵਫ਼ਾਦਾਰੀ ਚ ਕੋਈ ਕਮੀ ਤਾਂ ਨਹੀਂ ਸੀ ਰਹਿ ਗਈ । ਮੈਂ ਕਦੇ ਉਸ ਵੱਲ ਵੇਖਦਾ ਕਦੇ ਸੁੱਕੇ ਫ਼ੁੱਲਾਂ ਵੱਲ ਤੇ ਕਦੇ ਲੋਹੇ ਦੀਆਂ ਗ੍ਰਿਲਾਂ ਵੱਲ ਤੇ ਮੇਰੀ ਅੱਖ ਵਿਚੋਂ ਹੰਝੂ ਵਹਿ ਤੁਰੇ ।
ਮਹਿਤਾਬ ਸਿੰਘ
ਜਰਨੈਲ ਸਿੰਘ ਕਾਫੀ ਥੱਕਿਆ ਟੁੱਟਿਆ ਪਿਆ ਸੀ। ਪਰ ਮਜਬੂਰੀ ਸੀ, ਰੁਕ ਵੀ ਨਹੀਂ ਸਕਦਾ ਸੀ। ਉਸਦੇ ਹੱਥਾਂ ਵਿੱਚ ਇੱਕ ਵੱਡਾ ਝੋਲਾ ਸੀ ਜਿਸ ਵਿੱਚ ਇੱਕ ਫਾਇਲ,ਕੁਝ ਫੋਟੋਸਟੇਟਾਂ ਤੇ ਇੱਕ ਪਿੰਨ ਸੀ। ਅੱਜ ਗਰਮੀ ਵੀ ਬਹੁਤ ਸੀ। ਮੋਬਾਇਲਾ ਉੱਪਰ ਪਾਰਾ 44 ਡਿਗਰੀ ਦਿਖਾ ਰਿਹਾ ਸੀ। ਉਸਨੂੰ ਬਹੁਤ ਪਿਆਸ ਲੱਗੀ ਹੋਈ ਸੀ। ਪਰ ਹਰ ਪਾਸੇ ਦੇਖਣ ਦੇ ਬਾਅਦ ਵੀ ਕਿਤੇ ਪਾਣੀ ਨਹੀਂ ਦਿਖਿਆ। ਸਾਹਮਣੇ ਬਸ ਇੱਕ ਗੰਨੇ ਦੇ ਜੂਸ ਦੀ ਰੇਹੜੀ ਸੀ।
“ਜੇ ਉਹ ਮੈਨੂੰ ਨਾ ਲੁੱਟਦਾ, ਮੇਰੇ ਤੋਂ ਧੱਕੇ ਨਾਲ ਰਿਸ਼ਵਤ ਨਾ ਲੈਂਦਾ ਤਾਂ ਮੈ ਜੂਸ ਦਾ ਇੱਕ ਗਲਾਸ ਹੀ ਪੀ ਲੈਂਦਾ। ਬੇਸਬਰੇ ਨੇ ਮੰਗਿਆ ਵੀ ਤਾਂ ਪੂਰਾ 500, ਜੇ ਲੈਣਾ ਹੀ ਸੀ ਤਾਂ 100 ਲੈਅ ਲੈਂਦਾ। ਘਟੀਆਂ ਬੰਦਾ” ਜਰਨੈਲ ਸਿੰਘ ਆਪਣੇ ਮਨ ਵਿੱਚ ਉਸ ਅਫ਼ਸਰ ਨੂੰ ਗਾਲ਼ਾਂ ਕੱਢ ਰਿਹਾ ਸੀ। ਜਿਸਨੂੰ ਉਹ ਹੁਣੇ ਹੁਣੇ ਮਿਲਕੇ ਆਇਆ ਸੀ।
ਉਸਦੀ ਜੇਬ ਵਿੱਚ ਰੁਪਿਆ ਦਾ ਅਜੇ ਵੀ 400 ਬਚਿਆ ਹੋਇਆ ਸੀ। ਪਰ ਪਿੰਡ ਨੂੰ ਵਾਪਸ ਜਾਣ ਦੇ ਕਿਰਾਏ ਅਤੇ ਅਗਲੇ ਅਫ਼ਸਰ, ਜਿਸਨੂੰ ਹੁਣ ਮਿਲਣਾ ਸੀ ਵਾਰੇ ਸੋਚ ਕਿ ਉਸਦੀ ਖਰਚਣ ਦੀ ਹਿੰਮਤ ਨਹੀਂ ਪੈ ਰਹੀ ਸੀ। ਉਹ ਸੋਚ ਰਿਹਾ ਸੀ ਜਿਵੇਂ ਪਿਛਲੇ ਅਫ਼ਸਰ ਨੇ ਵੱਢੀ ਮੰਗ ਲਈ ਜੇ ਉਸੇ ਤਰ੍ਹਾਂ ਹੁਣ ਵਾਲੇ ਨੇ ਵੀ ਵੱਢੀ ਮੰਗ ਲਈ ਫੇਰ ਕਿੱਥੋਂ ਦੇਵਾਂਗਾ ?
ਇੰਨਾ ਹੀ ਖਿਆਲਾਂ ਦੀ ਉਦੇੜ ਬੁਣ ਵਿੱਚ ਸੀ ਉਹ ਕਿ ਉਸੇ ਵਕਤ ਬੱਸ ਆ ਗਈ। ਉਹ ਬੱਸ ਵਿੱਚ ਚੜਿਆ ਤੇ ਖਾਲੀ ਪਈ ਸੀਟ ਤੇ ਬੈਠ ਗਿਆ ਤੇ ਨਾਲ ਵਾਲੇ ਨੂੰ ਆਖਣ ਲੱਗਾ,”ਹਨੇਰ ਹੈ ਭਾਈ ਸਾਬ, ਕੱਲਯੁਗ ਦਾ ਇੰਨਾ ਅਸਰ ਹੈ ਕਿ ਬੰਦਿਆ ਦਾ ਸਬਰ ਹਿੱਲਿਆ ਪਿਆ ਹੈ। 50-50 ਹਜਾਰ ਤਨਖਾਹਾਂ ਨੇ ਫੇਰ ਵੀ ਵੱਢੀ ਮੰਗਣ ਲਈ ਹੱਥ ਅੱਡਣ ਲੱਗੇ ਸ਼ਰਮ ਨਹੀਂ ਖਾਂਦੇ।” ਉਹ ਕਾਫੀ ਸਮਾਂ ਆਪਣੇ ਅੰਦਰ ਵਾਲਾ ਗੁੱਬ- ਗੁਵਾਟ ਕੱਡਦਾ ਰਿਹਾ, ਨਾਲ ਦੀ ਨਾਲ ਸ਼ੀਸ਼ੇ ਥਾਣੀ ਬਾਹਰ ਦੇਖਦਾ ਰਹਿੰਦਾ ਤਾਂਕਿ ਕਿਤੇ ਛਬੀਲ ਲੱਗੀ ਹੀ ਮਿਲ ਜਾਵੇ ਤੇ ਉਸਦੀ ਪਿਆਸ ਵੀ ਬੁੱਝ ਜਾਵੇ। ਪਰ ਸ਼ਾਇਦ ਅੱਜ ਉਸਦਾ ਦਿਨ ਹੀ ਸਖਤ ਚੱਲ ਰਿਹਾ ਸੀ। ਕਿਤੇ ਵੀ ਛਬੀਲ ਨਹੀਂ ਆਈ ਤੇ ਦੋ ਘੰਟੇ ਦੇ ਸਫ਼ਰ ਬਾਅਦ ਉਹ ਆਪਣੀ ਮੰਜਿਲ ਤੇ ਪਹੁੰਚ ਗਿਆ। ਜਿਵੇਂ-ਜਿਵੇਂ ਉਹ ਅੰਦਰ ਜਾ ਰਿਹਾ ਸੀ ਉਵੇਂ ਉਵੇਂ ਮਨ ਵਿੱਚ ਗਾਲ਼ਾਂ ਕੱਡਦਾ ਜਾ ਰਿਹਾ ਸੀ,”ਆਹ ਹੁਣ ਫੇਰ ਅਫ਼ਸਰ ਦੇ ਭੇਸ ਚ ਇੱਕ ਹੋਰ ਜੋਕ ਮਿਲਜੂ, ਮੈਨੂੰ ਗਰੀਬ ਨੂੰ ਚੂਸਣ ਲਈ। ਲਾਲਚ ਦੇ ਭੁੱਖੇ ਇਹ ਕੁੱਤੇ ਕਿਸੇ ਦੀ ਮਜਬੂਰੀ, ਤਕਲੀਫ ਤੇ ਵੀ ਤਰਸ ਨਹੀਂ ਖਾਂਦੇ।”
ਤੁਰਦੇ ਤੁਰਦੇ ਉਹ ਅਫ਼ਸਰ ਦੇ ਦਫਤਰ ਦੇ ਬਾਹਰ ਬੈਠਣ ਹੀ ਲੱਗਾ ਸੀ ਕਿ ਚਪੜਾਸੀ ਨੇ ਰੋਹਬ ਨਾਲ ਕਿਹਾ,”ਮਿਲਣਾ ਹੈ ਤਾਂ ਹੁਣੇ ਚੱਲਜਾ ਅੰਦਰ, ਫੇਰ ਸਾਹਬ ਨੇ ਜਾਣਾ ਹੈ ਕਿਤੇ। ਨਹੀਂ ਫੇਰ ਤੈਨੂੰ ਕੱਲ ਨੂੰ ਫੇਰ ਆਉਣਾ ਪਵੇਗਾ।”
“ਇਹਨਾਂ ਨੂੰ ਦੂਜਿਆਂ ਦੇ ਟਾਇਮ ਦੀ ਭੋਰਾ ਕਦਰ ਨਹੀਂ, ਬਸ ਜਦੋਂ ਮਨ ਕਰਦਾ ਅੱਧੀ ਛੁੱਟੀ ਲੈਂਦੇ ਨੇ ਤੇ ਘਰ ਚਲੇ ਜਾਂਦੇ ਨੇ। ਲੈਅ ਜੇ ਭੋਰਾ ਹੋਰ ਲੇਟ ਹੋ ਜਾਂਦਾ ਤਾਂ ਸਾਰਾ ਕੰਮ ਫੇਰ ਕੱਲ ਤੇ ਗਿਆ ਸੀ।”ਜਰਨੈਲ ਸਿੰਘ ਆਪਣੇ ਹੀ ਮਨ ਵਿੱਚ ਖੁਦ ਨਾਲ ਹੀ ਗੱਲਾਂ ਕਰੀ ਜਾ ਰਿਹਾ ਸੀ।
“ਉਹ ਜਾ ਤੁਰਜਾ ਹੁਣ ਅੰਦਰ,, ਕਿਹੜੀਆਂ ਸੋਚਾਂ ਚ ਪੈ ਗਿਆ।” ਚਪੜਾਸੀ ਨੇ ਫੇਰ ਰੋਹਬ ਨਾਲ ਕਿਹਾ।
ਉਹਦੀਆਂ ਸੋਚਾ ਦੀ ਲੜੀ ਟੁੱਟੀ ਤੇ ਉਹ ਅੰਦਰ ਚਲਾ ਗਿਆ।
ਅੰਦਰ ਇੱਕ ਨੌਜਵਾਨ ਅਫ਼ਸਰ ਬੈਠਾ ਸੀ, ਸਿਰ ਤੇ ਪੋਚਵੀ ਪੱਗ ਬੰਨੀ ਹੋਈ ਸੀ, ਖੁੱਲ੍ਹੀ ਦਾਹੜੀ ਸੀ ਤੇ ਚਿਹਰੇ ਤੇ ਵੱਖਰਾ ਹੀ ਨੂਰ ਸੀ। ਸੋਹਣੇ ਕੱਪੜੇ ਪਾਈ ਪੂਰਾ ਜੱਚ ਰਿਹਾ ਸੀ।
ਅੰਦਰ ਜਾਕੇ ਜਰਨੈਲ ਸਿੰਘ ਨੇ ਦੋਵੇਂ ਹੱਥ ਜੋੜਕੇ ਸਤਿ ਸ੍ਰੀ ਆਕਾਲ ਬੁਲਾਈ ਤੇ ਆਪਣੀ ਬੇਨਤੀ ਕਰਨ ਲੱਗਾ,” ਸਾਬ ਜੀ ਮੇਰੀ ਧੀ ਦੇ ਗੁਰਦਾ ਪੈਣ ਵਾਲਾ ਹੈ। ਉਹਦੇ ਦੋ ਛੋਟੇ ਛੋਟੇ ਜਵਾਕ ਨੇ। ਪਿਛਲੇ 3 ਮਹੀਨਿਆਂ ਤੋਂ ਦਫ਼ਤਰਾਂ ਦੇ ਗੇੜੇ ਕੱਢ ਰਿਹਾ ਇਜਾਜਤ ਲੈਣ ਲਈ। ਮੈ ਮੇਰਾ ਹੀ ਗੁਰਦਾ ਦੇਣਾ ਹੈ ਉਸਨੂੰ। ਅਸੀਂ ਕਿਤੋਂ ਮੁੱਲ ਨਹੀਂ ਲੈਅ ਰਹੇ,ਪਰ ਫੇਰ ਵੀ ਪਿਛਲੇ ਤਿੰਨ ਮਹੀਨਿਆਂ ਤੋਂ ਦਫ਼ਤਰਾਂ ਚ ਧੱਕੇ ਖਾ ਰਿਹਾ। ਇਸੇ ਦੇਰੀ ਕਰਕੇ ਮੇਰੀ ਧੀ ਦੀ ਸਿਹਤ ਹੋਰ ਵੀ ਖਰਾਬ ਹੋਈ ਜਾਂਦੀ ਐ,, ਜੇ ਤੁਸੀ ਭੋਰਾ ਰਹਿਮ ਕਰੋ ਤਾਂ ਛੋਟੇ ਛੋਟੇ ਬੱਚਿਆ ਦੀ ਮਾਂ ਬਚ ਸਕਦੀ ਹੈ।”
“ਬਾਪੂ ਜੀ ਤੁਸੀ ਫ਼ਿਕਰ ਨਾ ਕਰੋ , ਤੁਸੀ ਆਏ ਕਿੱਥੋਂ ਹੋ? ਫਾਇਲ ਦੇਖਦੇ ਦੇਖਦੇ ਉਸ ਅਫ਼ਸਰ ਨੇ ਪੁੱਛਿਆ।
“ਪੁੱਤ ਮੈ ਤਾਂ ਫਿਰੋਜਪੁਰ ਏਰੀਏ ਤੋਂ ਆਇਆ । ਪਿੰਡੋ ਸਿੱਧੇ ਇਥੇ ਆਉਣ ‘ਚ ਤਾਂ 5 ਘੰਟੇ ਲੱਗ ਜਾਂਦੇ ਨੇ” ਜਰਨੈਲ ਸਿੰਘ ਨੇ ਦਿਲ ਜਿਹਾ ਹੌਲਾ ਕਰਦੇ ਨੇ ਦੱਸਿਆ।
ਅਫ਼ਸਰ ਨੇ ਆਪਣੇ ਮੇਜ ਤੇ ਪਈ ਘੰਟੀ ਵਜਾਈ ਤੇ ਆਪਣੇ ਚਪੜਾਸੀ ਨੂੰ ਅੰਦਰ ਸੱਦਿਆ ਤੇ ਉਸਨੂੰ ਜਰਨੈਲ ਸਿੰਘ ਵਾਸਤੇ ਸ਼ਰਬਤ ਲੈਕੇ ਆਉਣ ਲਈ ਕਿਹਾ। ਜਰਨੈਲ ਸਿੰਘ ਹੈਰਾਨ ਸੀ ਕਿ ਇਹ ਕਿਵੇਂ ਹੋ ਗਿਆ? ਉਸਦੀ ਹਿੰਮਤ ਹੀ ਨਹੀਂ ਪੈ ਰਹੀ ਸੀ, ਇੱਡੇ ਅਫ਼ਸਰ ਦੇ ਦਫ਼ਤਰ ਚ ਬੈਠਕੇ ਸ਼ਰਬਤ ਪੀਣ ਦੀ ।
“ਇੱਕ ਮਿੰਟ ਅੰਦਰ ਹੀ, ਚਪੜਾਸੀ ਸ਼ਰਬਤ ਦਾ ਭਰਿਆ ਗਲਾਸ ਲੈਅ ਆਇਆ ਤੇ ਜਰਨੈਲ ਸਿੰਘ ਅੱਗੇ ਕਰ ਦਿੱਤਾ। ਜਰਨੈਲ ਸਿੰਘ ਨੇ ਸੰਗਦੇ ਜਿਹੇ ਗਲਾਸ ਚੁੱਕਿਆ ਤੇ ਇੱਕੋ ਡੀਕ ਸਾਰਾ ਗਲਾਸ ਖਿੱਚ ਗਿਆ। ਉਸ ਲਈ ਤਾਂ ਇਹ ਸ਼ਰਬਤ ਦਾ ਗਲਾਸ ਸਾਲਾਂ ਦੇ ਸੋਕੇ ਬਾਅਦ ਪਏ ਪਹਿਲੇ ਮੀਂਹ ਵਰਗਾ ਸੀ।
ਅਫ਼ਸਰ ਨੇ ਪੁੱਛਿਆ,”ਬਾਪੂ ਜੀ ਹੋਰ ਸ਼ਰਬਤ ਲਵੋਂਗੇ”
ਮਨ ਤਾਂ ਬਹੁਤ ਸੀ ਜਰਨੈਲ ਸਿੰਘ ਦਾ ਪਰ ਫੇਰ ਇਹ ਸੋਚ ਨੇ ਨਾ ਹੀ ਬੋਲ ਗਿਆ ਕਿ ਕਿਤੇ ਅਫ਼ਸਰ ਬੁਰਾ ਹੀ ਨਾ ਮੰਨ ਜੇ, ਕਿ ਸਾਡੇ ਤੋ ਹੀ ਸੇਵਾ ਕਰਾਈ ਜਾਂਦਾ ਹੈ।
ਉਸ ਅਫ਼ਸਰ ਨੇ ਸਾਰੇ ਦਸਤਖ ਕਰਕੇ ਫਾਈਲ ਜਰਨੈਲ ਸਿੰਘ ਨੂੰ ਫੜਾ ਦਿੱਤੀ ਤੇ ਕਿਹਾ ,” ਬਾਪੂ ਜੀ ਹੁਣ ਆਪ੍ਰੇਸ਼ਨ ਹੋ ਜਾਊ ,, ਹੁਣ ਕੋਈ ਅੜਿਕਾ ਨਹੀਂ ਲੱਗਣਾ, ਮੈ ਸਾਰੇ ਸਾਈਨ ਕਰ ਦਿੱਤੇ ਨੇ”
ਜਰਨੈਲ ਸਿੰਘ ਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਕੋਈ ਅਜਿਹਾ ਅਫ਼ਸਰ ਵੀ ਹੋ ਸਕਦਾ ਹੈ, ਜਿਸਨੇ ਸ਼ਰਬਤ ਵੀ ਪਿਲਾਈ ਤੇ ਵੱਢੀ ਵੀ ਨਹੀਂ ਮੰਗੀ।
ਜਰਨੈਲ ਸਿੰਘ ਨੇ ਦੋਵੇਂ ਹੱਥ ਜੋੜਕੇ , ਉਸ ਅਫ਼ਸਰ ਨੂੰ ਧੰਨਵਾਦ ਕਿਹਾ ਤੇ ਅੱਖਾਂ ਭਰਦੇ ਨੇ ਅਨੇਕਾਂ ਦੁਆਵਾਂ ਦੇ ਦਿੱਤੀਆਂ। ਦੁਆਵਾਂ ਦਿੰਦਾ-ਦਿੰਦਾ ਦਫ਼ਤਰੋਂ ਬਾਹਰ ਆ ਗਿਆ। ਬਾਹਰ ਨਿਕਲਣ ਸਾਰ ਹੀ ਉਸਦੀ ਨਜਰ ਮੇਜ ਤੇ ਰੱਖੇ ਵਾਟਰਕੂਲਰ ਤੇ ਪਈ, ਉਸਨੇ ਵਾਟਰਕੂਲਰ ਉੱਪਰੋ ਗਲਾਸ ਚੁੱਕਿਆ ਤੇ ਜਿਉਂ ਹੀ ਟੂਟੀ ਛੱਡੀ ਤਾਂ ਦੇਖਿਆ ਉਸ ਵਿੱਚੋ ਵੀ ਰੂਹ ਅਫ਼ਜ਼ਾ ਵਾਲਾ ਪਾਣੀ ਨਿਕਲਿਆ, ਜਿਸ ਤਰ੍ਹਾਂ ਦਾ ਪਾਣੀ ਅਕਸਰ ਛਬੀਲਾਂ ਚ ਵਰਤਾਇਆ ਜਾਂਦਾ ਹੈ।
“ਮੈਨੂੰ ਪਤਾ ਤੂੰ ਕੀ ਸੋਚ ਰਿਹਾ ਹੋਵੇਗਾ ਕਿ ਆਹ ਕੀ ਹੋਈ ਜਾਂਦਾ ? ਜਿਹੜਾ ਪਹਿਲੀ ਵਾਰ ਆਉਂਦਾ ਉਹ ਤੇਰੇ ਵਾਂਗੂ ਹੀ ਹੈਰਾਨ ਹੁੰਦਾ ਐ। ਸਾਡੇ ਸਾਬ ਜੀ ਬਹੁਤ ਦਿਆਲੂ ਤੇ ਰੱਜੀ ਸੋਚ ਦੇ ਮਾਲਿਕ ਨੇ। ਗਰਮੀਆਂ ਚ ਸ਼ਰਬਤ ਅਤੇ ਸਿਆਲਾਂ ਚ ਚਾਹ ਦਾ ਲੰਗਰ ਲਾਈ ਰੱਖਦੇ ਨੇ। ਕਿਉਂਕਿ ਉਹ ਕਹਿੰਦੇ ਇਥੇ ਫਾਈਲਾਂ ਨਾਲ ਮੱਥਾ ਮਾਰਦਾ ਕਿਸਮਤ ਦਾ ਧੱਕਿਆ ਹੀ ਆਉਂਦਾ ਹੈ ਤੇ ਨਾਲੇ ਜੇ ਦਸਵੰਦ ਕਿਸੇ ਕਿਸਮਤ ਮਾਰੇ ਦੀ ਭੁੱਖ ਮਿਟਾਉਣ ਚ ਲੱਗੇ ਤਾਂ ਇਸਤੋਂ ਵਧੀਆ ਕੀ ਹੋਵੇਗਾ” ਵਾਟਰਕੂਲਰ ਦੇ ਨੇੜੇ ਹੀ ਸਟੂਲ ਤੇ ਬੈਠਾ ਚਪੜਾਸੀ ਬੋਲਿਆ।
” ਵਾਹ ਓਏ ਤੇਰੇ ਮਾਲਿਕਾਂ , ਮੇਰਾ ਤਾਂ ਤੇਰੇ ਤੋਂ ਯਕੀਨ ਜਿਹਾ ਉੱਠਦਾ ਜਾਂਦਾ ਸੀ। ਅੱਜ ਤਾਂ ਤੂੰ ਆਪ ਬੰਦੇ ਦੇ ਰੂਪ ਚ ਮਿਲਣ ਆ ਗਿਆ। ਮਿਹਰ ਰੱਖੀ ਅਜਿਹੀਆਂ ਰੂਹਾਂ ਤੇ ਜੋਂ ਸੇਵਾ ਭਾਵ ਨਾਲ ਭਰੀਆਂ ਨੇ ਤੇ ਦੂਜਿਆਂ ਦੀ ਮਜਬੂਰੀ ਚੋ ਮੁਨਾਫਾ ਨਹੀਂ ਦੇਖਦੀਆਂ।” ਜਰਨੈਲ ਸਿੰਘ ਦੋਵੇਂ ਹੱਥ ਜੋੜ ਕਿ ਉੱਪਰ ਵੱਲ ਤੱਕਦਾ ਹੋਇਆ ਬੋਲਿਆ ।
ਹੁਣ ਜਰਨੈਲ ਸਿੰਘ ਨੇ ਵਾਪਸੀ ਵਾਲੀ ਬੱਸ ਫੜੀ ਤੇ ਜਦ ਉਹ ਪਿਛਲੇ ਅੱਡੇ ਤੇ ਪਹੁੰਚਿਆ ਜਿੱਥੇ ਆਉਂਦੇ ਹੋਏ ਉਸਨੇ ਗੰਨੇ ਦੇ ਜੂਸ ਦੀ ਰੇਹੜੀ ਦੇਖੀਂ ਸੀ ਤਾਂ ਜੂਸ ਵਾਲੇ ਤੋਂ ਦੋ ਗਲਾਸ ਜੂਸ ਦੇ ਲਏ ਤੇ ਥੋੜ੍ਹੀ ਦੂਰ ਸਫਾਈ ਕਰਦੇ ਮੁੰਡਿਆ ਨੂੰ ਜੂਸ ਪਿਲਾ ਆਇਆ। ਜੂਸ ਪਿਲਾ ਉਹ ਪਿੰਡ ਵਾਲੀ ਬੱਸ ਵਿੱਚ ਆ ਬੈਠਾ,ਪਰ ਉਸਦਾ ਦਿਲ ਤੇ ਦਿਮਾਗ ਅਜੇ ਵੀ ਉਸ ਅਫ਼ਸਰ ਦੇ ਦਫ਼ਤਰ ਚ ਸੀ। ਉਸਦੇ ਚਿਹਰੇ ਤੇ ਹੁਣ ਵੱਖਰਾ ਹੀ ਸਕੂਨ ਸੀ।
ਜਗਮੀਤ ਸਿੰਘ ਹਠੂਰ
ਅੱਜ ਬੜੇ ਦਿਨਾਂ ਪਿੱਛੋਂ ਆਪਣੇ ਪਿੰਡ ਜਾਣ ਦਾ ਸਬੱਬ ਬਣਿਆ, ਸਮੇਂ ਦੇ ਨਾਲ ਬਹੁਤ ਕੁਝ ਬਦਲ ਗਿਆ ਸੀ, ਪਰ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ ਜਿਵੇਂ ਸਾਡੇ ਪਿੰਡ ਦਾ ਸੁਆ ਅਤੇ ਘੱਗਰ, ਦੋਵਾਂ ਦੇ ਵਿਚਕਾਰ ਸੀ ਸਾਡਾ ਛੋਟਾ ਜਿਹਾ ਪਿੰਡ, ਸੂਏ ਅਤੇ ਘੱਗਰ ਦੇ ਹਾਲਾਤ ਅਜਿਹੇ ਹੀ ਸਨ ਜੋ ਅੱਜ ਤੋਂ 10-15 ਸਾਲ ਪਹਿਲਾਂ। ਹੱਥਾਂ ਦੇ ਖਿਡਾਏ ਜਵਾਨ ਹੋ ਚੁੱਕੇ ਸੀ, ਅਤੇ ਜੋ ਜਵਾਨ ਸੀ, ਉਹਨਾਂ ਦੀ ਦਾੜੀ ਵਿੱਚੋਂ ਮੇਰੀ ਦਾੜੀ ਵਾਂਗੂ ਚਿਟੇ ਚਮਕਾਂ ਮਾਰਨ ਲੱਗੇ ਸੀ। ਪਿੰਡ ਵਿੱਚ ਯਾਰਾ ਦੋਸਤਾਂ ਅਤੇ ਕੁੱਝ ਬਜ਼ੁਰਗਾਂ ਨੂੰ ਮਿਲਿਆ, ਕੁੱਝ ਪੁਰਾਣੀਆਂ ਅਤੇ ਬੱਚਪਨ ਦੀਆਂ ਯਾਦਾਂ ਤਾਜਾ ਕੀਤੀਆਂ, ਸ਼ਹਿਰ ਦੀ ਭੱਜ- ਦੌੜ ਦੀ ਜਿੰਦਗੀ ਤੋਂ ਥੱਕੀ ਰੂਹ ਨੂੰ ਕੁੱਝ ਸਕੂਨ ਦਾ ਅਹਿਸਾਸ ਹੋਇਆ।
ਪਿੰਡ ਘੁੰਮਣ ਤੋਂ ਬਆਦ, ਜਦੋਂ ਅਪਣੇ ਜੱਦੀ ਘਰ ਵਾਲੀ ਗਲੀ ਨੂੰ ਮੁੜਿਆ ਤਾਂ ਸਾਡੇ ਪੁਰਾਣੇ ਗਵਾਂਢੀ, ਅਤੇ ਘਰ ਦੀਆਂ ਯਾਦਾਂ ਦਿਮਾਗ ਵਿੱਚ ਇੱਕ ਫ਼ਿਲਮ ਦੀ ਤਰ੍ਹਾਂ ਰਪੀਟ ਹੋਣ ਲੱਗੀਆਂ।
ਲੰਘਿਆ ਸਮਾਂ ਕਦੇ ਵਾਪਿਸ ਨਹੀਂ ਆਉਂਦਾ, ਇਹ ਗੱਲ ਸਾਰੇ ਭਲੀ- ਭਾਂਤੀ ਜਾਣਦੇ ਹਾਂ, ਪਰ ਜਿੰਦਗੀ ਦੇ ਕੁੱਝ ਅਜਿਹੇ ਪਲ ਵੀ ਹੁੰਦੇ ਹਨ ਜਿਨ੍ਹਾਂ ਨੂੰ ਯਾਦ ਕਰਕੇ ਬੰਦਾ ਭਾਵੁਕ ਹੋ ਜਾਂਦਾ ਹੈ।
ਰਾਤ ਦਾ ਸਮਾਂ ਜਦੋਂ ਅਸੀ ਰਲ੍ਹ ਕੇ ਸਮਾਨ ਵਗੈਰਾ ਇਕੱਠਾ ਕਰ ਰਹੇ ਸੀ, ਤਾਂ ਇੰਝ ਲੱਗ ਰਿਹਾ ਸੀ ਕਿ ਘਰ ਦੀਆਂ ਕੰਧਾਂ ਨੂੰ ਵੀ ਜਿਵੇਂ ਪਤਾ ਲੱਗ ਗਿਆ ਸੀ ਕਿ ਸਾਡੇ ਮਾਲਿਕ, ਸਾਡੇ ਤੋਂ ਕੁੱਝ ਛੁਪਾ ਰਹੇ ਹੋਣ,ਪਿੰਡ ਛੱਡਣ ਬਾਰੇ ਅਸੀਂ ਬਹੁਤਾ ਰੌਲਾ ਨਹੀਂ ਸੀ ਪਾਇਆ, ਸਾਨੂੰ ਡਰ ਸੀ ਕਿ ਜੇ ਗਵਾਂਢੀਆਂ ਨੂੰ ਦੱਸਿਆ ਤਾਂ ਪਿੰਡ ਨਾ ਛੱਡਣ ਲਈ ਜਰੂਰ ਕਹਿਣਗੇ, ਅਤੇ ਸਾਨੂੰ ਪਿੰਡ ਛੱਡਣਾ ਔਖਾ ਲੱਗੇਗਾ, ਇਸੇ ਲਈ ਮੈਂ ਬੇਬੇ ਬਾਪੂ ਨੂੰ ਵੀ ਦੋ ਦਿਨ ਪਹਿਲਾਂ ਸ਼ਹਿਰ ਰਿਸਤੇਦਾਰ ਘਰੇ ਛੱਡ ਦਿੱਤਾ ਸੀ, ਮੈਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਜੇ ਉਹ ਭਾਵੁਕ ਹੋ ਗਏ ਤਾਂ ਸਾਂਭਣਾ ਔਖਾ ਹੋ ਜਾਵੇਗਾ।
ਪਰ ਸਾਡੇ ਗਵਾਂਢੀ ਦਿਆਲੇ ਬੁੜ੍ਹੇ ਅਤੇ ਓਹਦੇ ਘਰਵਾਲੀ ਸੀਤੋ ਨੂੰ ਪਤਾ ਨਹੀਂ ਕਿਥੋਂ ਸੂਹ ਮਿਲ ਗਈ, ਰਾਤ ਵੇਲ੍ਹੇ ਹੀ ਸਾਡੇ ਘਰ ਆ ਬੈਠੇ ਸੀਤੋ ਬੁੜੀ ਮੇਰੇ ਗਲ੍ਹ ਲੱਗ ਰੋਣ ਲੱਗ ਪਈ, ਅਸੀ ਦੋਵੇਂ ਜੀਅ ਥੋਡੇ ਸਹਾਰੇ ਦਿਨ ਕੱਟਦੇ ਸੀ, ਤੇਰੇ ਬੇਬੇ ਬਾਪੂ ਨਾਲ ਦੁਖ-ਸੁੱਖ ਸਾਂਝਾ ਕਰ ਲੈਂਦੇ ਸੀ, ਹੁਣ ਸਾਨੂੰ ਕਿਹਨੇ ਪੁੱਛਣਾ ਦਿਆਲੇ ਬੁੜ੍ਹੇ ਦੀਆਂ ਦੋ ਧੀਆਂ ਹੀ ਸਨ, ਜੋ ਵਿਆਹ ਪਿੱਛੋਂ ਆਪਣੇ-ਆਪਣੇ ਘਰ ਸੁੱਖੀ-ਸਾਂਦੀ ਰਹਿ ਰਹੀਆਂ ਸਨ ਜਿਸ ਕਰਕੇ ਉਹ ਦੋਵੇਂ ਜੀਅ ਇਕੱਲੇ ਰਹਿ ਗਏ ਸੀ, ਮੈਂ ਦਿਲਾਸਾ ਦਿੰਦਿਆਂ ਕਿਹਾ ਬੇਬੇ ਹੌਸਲਾ ਰੱਖ ਅਸੀ ਸਾਰੇ ਮਿਲਣ ਆਇਆ ਕਰਾਂਗੇ, ਨਾਲੇ ਪਿੰਡ ਛੱਡਣ ਨੂੰ ਕੀਹਦਾ ਦਿੱਲ ਕਰਦਾ, ਕੁੱਝ ਮਜਬੂਰੀਆਂ ਮਜਬੂਰ ਕਰ ਦਿੰਦੀਆਂ ਹਨ, ਮੈਂ ਲੰਮਾ ਹੋਕਾਂ ਲੈ ਕੇ ਕਿਹਾ ਸੀ, ਦਿਆਲੇ ਬੁੜ੍ਹੇ ਨੇ ਜਾਣ ਲੱਗਿਆ ਇੱਕ ਨਸੀਹਤ ਵੀ ਦਿੱਤੀ ਸੀ ਕਿ ਪੁੱਤਰਾ, ਸ਼ਹਿਰ ਵਿੱਚ ਚਾਦਰ ਦੇਖ ਕਿ ਪੈਰ ਪਸਾਰਿਓ ਪਿੰਡਾਂ ਵਿੱਚ ਸੌ ਪਰਦਾ ਹੁੰਦਾ, ਸੁਣਿਐ ਸ਼ਹਿਰ ਚ ਦੁੱਧ ਦੇ ਨਾਲ-ਨਾਲ ਪਾਣੀ ਵੀ ਮੁੱਲ ਮਿਲਦਾ। ਉਹ ਸਾਰੀ ਰਾਤ ਬੇਚੈਨੀ ਲੱਗੀ ਰਹੀ, ਨੀਂਦ ਨਾ ਆਈ, ਸਵੇਰੇ ਛੇ ਵੱਜਦੇ ਨੂੰ ਬੱਚੇ ਬੱਸ ਚ ਚੜ੍ਹਾਏ,ਸਮਾਨ ਕਿਰਾਏ ਦੀ ਟਰਾਲੀ ਚ ਲਦਿਆ, ਚੇਤਕ ਸਕੂਟਰ ਟਰਾਲੀ ਦੇ ਪਿੱਛੇ ਲਾਇਆ, ਪਿੰਡ ਤੋਂ ਬਾਹਰ ਨਿਕਲਦੇ ਇੱਕ ਪਲ ਲਈ ਲੱਗਿਆ ਜਿਵੇਂ ਕੋਈ ਗੁਨਾਹ ਕਰਕੇ ਜਾ ਰਿਹਾ ਹੋਵਾਂ, ਪਿੰਡ ਦੀਆਂ ਗਲੀਆਂ ਲਾਹਨਤਾਂ ਪਾ ਰਹੀਆਂ ਹੋਣ, ਕਿ ਸਾਡੇ ਵਿੱਚ ਖੇਡਣ ਦਾ ਮੁੱਲ ਤਾਂ ਮੋੜਦਾ ਜਾ।
ਇਹੋ ਸੋਚਾਂ ਸੋਚਦਾ ਹੋਇਆ ਅੱਜ ਫੇਰ ਮੈਂ ਆਪਣੇ ਘਰ ਮੁਹਰੇ ਖੜਾ ਸੀ, ਘਰ ਵੱਲ ਵੇਖਿਆ ਤਾਂ ਇੰਝ ਲੱਗਾ ਜਿਵੇਂ ਸਮੇਂ ਦੇ ਨਾਲ ਇਹ ਵੀ ਆਪਣਾ ਬੁਢਾਪਾ ਹੰਡਾ ਰਿਹਾ ਹੋਵੇ ਘਰ ਵਿੱਚ ਪਈਆਂ ਤਰੇੜਾਂ ਇੰਝ ਲੱਗ ਰਹੀਆਂ ਸਨ ਜਿਵੇਂ ਕਿਸੇ ਬਜ਼ੁਰਗ ਦੇ ਮੂੰਹ ਤੇ ਝੁਰੜੀਆਂ ਪਈਆਂ ਹੋਣ, ਇੱਕ ਪਲ ਲਈ ਮੈਨੂੰ ਲੱਗਿਆ ਜਿਵੇਂ ਮੇਰਾ ਘਰ ਕਹਿ ਰਿਹਾ ਹੋਵੇ ਕਿ ਤੂੰ ਸ਼ਹਿਰ ਜਾ ਕੇ ਮੈਂਨੂੰ ਭੁੱਲ ਹੀ ਗਿਆ ਸੀ, ਮੇਰਾ ਤਾਂ ਤੇਰੇ ਕੋਲ ਸ਼ਹਿਰ ਆਉਣਾ ਮਜਬੂਰੀ ਸੀ ਪਰ ਤੂੰ ਤਾਂ ਆ ਸਕਦਾ ਸੀ,ਅੱਜ ਪਹਿਲੀ ਵਾਰ ਲੱਗਿਆ ਜਿਵੇਂ ਕੋਈ ਬੇਜਾਨ ਚੀਜ ਗੱਲਾਂ ਕਰਦੀ ਹੋਵੇ, ਬਸ ਸਮਝਣ ਦੀ ਲੋੜ ਸੀ।ਘਰ ਵੱਲ ਵੇਖ ਮੇਰੀਆਂ ਅੱਖਾਂ ਭਰ ਆਈਆਂ ਮੈਂ ਕਿੰਨਾ ਚਿਰ ਹੀ ਉੱਥੇ ਖੜਾ ਸੋਚਦਾ ਰਿਹਾ, ਕਿ ਜੇ ਮੈਂ ਵੀ ਇਸ ਨੂੰ ਆਪਣਾ ਦਰਦ ਸਮਝਾ ਸਕਦਾ।
ਭਾਵੇਂ ਮਜਬੂਰੀਆਂ ਸਾਨੂੰ ਜਿੱਥੇ ਮਰਜੀ ਲੈ ਜਾਣ ਪਰ ਪਿੰਡਾ ਵਾਲਿਆਂ ਨੂੰ ਆਪਣੇ ਪਿੰਡ ਭਲਾਉਣੇ ਬਹੁਤ ਔਖੇ ਨੇ।
ਦਵਿੰਦਰ ਸਿੰਘ ਰਿੰਕੂ
ਅਲਾਰਮ ਵੱਜਦੇ ਹੀ ਅੱਖ ਖੁੱਲ੍ਹੀ ਤੇ ਕੰਮ ਤੇ ਜਾਣ ਲਈ ਤਿਆਰ ਹੋਣ ਲੱਗਾ। ਛੇਤੀ ਦੇਣੀ ਚਾਹ ਬਣਾਈ ਤੇ ਨਾਲ ਕੱਲ੍ਹ ਦੇ ਬਚੇ ਬਰੈਡ ਖਾ ਕੇ ਕੰਮ ਤੇ ਨਿਕਲ ਪਿਆ। ਕੰਮ ਤੇ ਪਹੁੰਚਿਆ ਹੀ ਸੀ ਕਿ ਉਸਦਾ ਫੋਨ ਵੱਜਿਆ । ਪੰਜਾਬ ਦਾ ਨੰਬਰ ਦੇਖ ਕੇ ਫਟਾਫਟ ਫੋਨ ਚੁੱਕਿਆ ਤੇ ਹੈਲੋ ਕਿਹਾ ਹੀ ਸੀ ਕਿ ਉਧਰੋਂ ਬਾਪੂ ਜੀ ਬੋਲੇ “ਕਿੱਦਾਂ ਪੁੱਤਰਾ ” ਓਹਨੇ ਕਿਹਾ “ਮੈਂ ਠੀਕ ਹਾਂ ਬਾਪੂ ਜੀ ਤੁਸੀਂ ਦੱਸੋ ਕਿੱਦਾਂ ਸਾਰੇ”?? ਬਾਪੂ ਜੀ ਕਹਿੰਦੇ ਠੀਕ ਆ ਸਾਰੇ ਪਰ ਤੇਰੀ ਬੇਬੇ ਥੋੜੀ ਢਿੱਲੀ ਹੈ ਉਹਨੂੰ ਹਸਪਤਾਲ ਲੈ ਕੇ ਆਏ ਹਾਂ। ਦਿਲ ਚ ਹੌਲ ਜਿਹਾ ਪਿਆ ਤੇ ਇਕਦਮ ਕਿਹਾ ਕਿ ਬਾਪੂ ਜੀ ਚੰਗੀ ਤਰ੍ਹਾਂ ਇਲਾਜ ਕਰਾਓ ਤੁਸੀਂ ਕਹੋ ਤੇ ਮੈਂ ਆ ਜਾਵਾਂ। ਬਾਪੂ ਜੀ ਕਹਿੰਦੇ ਨਹੀਂ ਪੁੱਤਰਾ ਕੋਈ ਨੀ ਅਸੀਂ ਹੈਗੇ ਆ ਸਾਰੇ ਤੂੰ ਫਿਕਰ ਨਾ ਕਰ।ਗੱਲਬਾਤ ਕਰਕੇ ਫੋਨ ਕੱਟ ਕੇ ਫਿਰ ਕੰਮ ਤੇ ਲੱਗ ਗਿਆ । ਪਰ ਵਾਰ ਵਾਰ ਧਿਆਨ ਮਾਂ ਵੱਲ ਜਾਂਦਾ ਸੀ ਕਿ ਕਿਵੇਂ ਹੋਏਗੀ ਠੀਕ ਹੋਏਗੀ ਕਿ ਨਹੀਂ ਇੱਕ ਚੜਦੀ ਇੱਕ ਲਹਿੰਦੀ ਤੇ ਫੇਰ ਦਿਲ ਨੂੰ ਤਸੱਲੀ ਜਿਹੀ ਦੇ ਕੇ ਮਨ ਕੰਮ ਚ ਲਗਾਉਂਦਾ । ਸ਼ਾਮ ਨੂੰ ਘਰ ਆਉਂਦਾ ਤੇ ਆਉਂਦੇ ਸਾਰ ਹੀ ਫੋਨ ਕਰਦਾ ਹੈ ਤੇ ਬੇਬੇ ਦਾ ਹਾਲਚਾਲ ਪੁੱਛਦਾ ਹੈ ।ਸੁਣ ਕੇ ਮਨ ਨੂੰ ਥੋੜਾ ਚੈਨ ਮਿਲਦਾ ਕਿ ਹੁਣ ਠੀਕ ਹੈ ।ਬੇਬੇ ਨਾਲ਼ ਵੀ ਗੱਲ ਕਰਦਾ ਤੇ ਆਖਦਾ ਹੈ ਕਿ ਕੋਈ ਨਾ ਬੇਬੇ ਫਿਕਰ ਨਾ ਕਰੀਂ ਮੈਂ ਹੈਗਾ । ਫੋਨ ਕੱਟ ਕੇ ਸੌਂ ਜਾਂਦਾ ।
ਸਵੇਰ ਹੋਈ ਤੇ ਬਾਪੂ ਜੀ ਦਾ ਫਿਰ ਫੋਨ ਆਇਆ ਕਹਿੰਦੇ ਪੁੱਤਰਾ ਤੇਰੀ ਬੇਬੇ ਤੈਨੂੰ ਮਿਲਣ ਨੂੰ ਬੁਲਾ ਰਹੀ ਆ ਜੇ ਇੱਕ ਵਾਰ ਆ ਕੇ ਮਿਲ ਜਾਂਦਾ । ਉਹ ਇਕਦਮ ਪੁੱਛਦਾ ਕਿ ਬੇਬੇ ਠੀਕ ਆ ?? ਕਹਿੰਦੇ ਹਾਂ ਠੀਕ ਆ ਪੁੱਤਰਾ ।ਉਹ ਕਹਿੰਦਾ ਕੋਈ ਨਾ ਬਾਪੂ ਜੀ ਮੈਂ ਦੁਪਹਿਰ ਤੱਕ ਦੱਸਦਾ ਤੁਹਾਨੂੰ। ਦੁਪਹਿਰ ਨੂੰ ਟਿਕਟ ਦਾ ਬੰਦੋਬਸਤ ਕਰਕੇ ਬਾਪੂ ਨੂੰ ਦੱਸ ਦਿੱਤਾ ਕਿ ਆ ਰਿਹਾ ਮੈਂ । ਘਰੋਂ ਹਵਾਈ ਅੱਡੇ ਨੂੰ ਜਾਂਦੇ ਹੋਏ ਨੂੰ ਬੇਬੇ ਨੂੰ ਮਿਲਣ ਦੀ ਤਾਂਘ ਤੇ ਮਨ ਚ ਇੱਕ ਅਜੀਬ ਜਿਹੀ ਬੇਚੈਨੀ ਸੀ । ਹਵਾਈ ਸਫਰ ਤੋਂ ਬਾਅਦ ਜਦ ਦਿੱਲੀ ਹਵਾਈ ਅੱਡੇ ਤੇ ਪਹੁੰਚਿਆ ਤੇ ਚਾਚੇ ਦਾ ਮੁੰਡਾ ਲੈਣ ਆਇਆ ਸੀ । ਮਿਲਣ ਤੋਂ ਬਾਅਦ ਜਲਦੀ ਦੇਣੀ ਤੁਰ ਪੈਂਦੇ ਆ ।
ਰਸਤੇ ਚ ਦਿੱਲੀ ਤੋਂ ਪਿੰਡ ਤੱਕ ਦਾ ਸਫਰ ਉਹਨੂੰ ਪਰਦੇਸ ਤੋਂ ਵੀ ਜਿਆਦਾ ਲੱਗ ਰਿਹਾ ਸੀ। ਉਹਨੂੰ ਏਦਾਂ ਲਗਦਾ ਸੀ ਕਿ ਕਾਸ਼ ਉੱਡ ਕੇ ਚਲਾ ਜਾਵੇ। ਪਿੰਡ ਦੀ ਜੂਹ ਲੰਘਿਆ ਸੀ ਕਿ ਅਚਾਨਕ ਗੱਡੀ ਨੂੰ ਸ਼ਮਸ਼ਾਨਘਾਟ ਵੱਲ ਜਾਂਦੀ ਵੇਖ ਕੇ ਉਹਨੇ ਇਕਦਮ ਪੁੱਛਿਆ ਕਿ ਆਹ ਕਿੱਧਰ ਦੀ ਚੱਲੇ ਆਪਾਂ??? ਉਹ ਕਹਿੰਦਾ ਕਿ ਵੀਰੇ ਸਾਰੇ ਤੈਨੂੰ ਹੀ ਉਡੀਕ ਰਹੇ ਆ ਕਿਉਂਕਿ ਤਾਈ ਤੇ ਕੱਲ ਦੀ ਸਾਨੂੰ ਛੱਡ ਕੇ ਹਮੇਸ਼ਾਂ ਲਈ ਜਾ ਚੁੱਕੀ ਆ। ਉਹ ਜਾਗਦਾ ਹੋਇਆ ਬੁੱਤ ਬਣ ਜਾਂਦਾ ਹੈ। ਉਹਦੀਆਂ ਅੱਖਾਂ ਅੱਗੇ ਬੇਬੇ ਦਾ ਉਹੀ ਹਸੂੰ ਹਸੂੰ ਕਰਦਾ ਚਿਹਰਾ ਆ ਜਾਂਦਾ ਹੈ ਜੋ ਆਪਣੇ ਪੁੱਤ ਨੂੰ ਦੇਖ ਕੇ ਆਉਂਦਾ ਸੀ। ਧਾਹਾਂ ਮਾਰਦਾ ਹੋਇਆ ਉਹ ਬੇਬੇ ਕੋਲ਼ ਜਾਂਦਾ ਹੈ ਤੇ ਆਖਦਾ ਹੈ ਕਿ ਬੇਬੇ ਉੱਠ ਤੇਰਾ ਪੁੱਤ ਆ ਗਿਆ ਆ। ਰੋਂਦਾ ਹੋਇਆ ਫਿਰ ਦੂਰ ਖੜ੍ਹ ਜਾਂਦਾ ਹੈ ਤੇ ਚੁੱਪਚਾਪ ਬੇਬੇ ਵੱਲ ਨੂੰ ਦੇਖਦਾ ਰਹਿੰਦਾ ……….
ਰੀਨਾ ਔਜਲਾ