ਤਿਲੰਗ ਘਰੁ ੨ ਮਹਲਾ ੫ ॥
ਤੁਧੁ ਬਿਨੁ ਦੂਜਾ ਨਾਹੀ ਕੋਇ ॥ ਤੂ ਕਰਤਾਰੁ ਕਰਹਿ ਸੋ ਹੋਇ ॥ ਤੇਰਾ ਜੋਰੁ ਤੇਰੀ ਮਨਿ ਟੇਕ ॥ ਸਦਾ ਸਦਾ ਜਪਿ ਨਾਨਕ ਏਕ ॥੧॥ ਸਭ ਊਪਰਿ ਪਾਰਬ੍ਰਹਮੁ ਦਾਤਾਰੁ ॥ ਤੇਰੀ ਟੇਕ ਤੇਰਾ ਆਧਾਰੁ ॥ ਰਹਾਉ ॥
ਹੇ ਪ੍ਰਭੂ! ਤੈਥੋਂ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ। ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ, ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ, (ਅਸਾਂ ਜੀਵਾਂ ਨੂੰ) ਤੇਰਾ ਹੀ ਤਾਣ ਹੈ, (ਸਾਡੇ) ਮਨ ਵਿਚ ਤੇਰਾ ਹੀ ਸਹਾਰਾ ਹੈ। ਹੇ ਨਾਨਕ ਜੀ! ਸਦਾ ਹੀ ਉਸ ਇਕ ਪਰਮਾਤਮਾ ਦਾ ਨਾਮ ਜਪਦਾ ਰਹੁ ॥੧॥ ਹੇ ਭਾਈ! ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਸਭ ਜੀਵਾਂ ਦੇ ਸਿਰ ਉਤੇ ਰਾਖਾ ਹੈ। ਹੇ ਪ੍ਰਭੂ! (ਅਸਾਂ ਜੀਵਾਂ ਨੂੰ) ਤੇਰਾ ਹੀ ਆਸਰਾ ਹੈ, ਤੇਰਾ ਹੀ ਸਹਾਰਾ ਹੈ ॥ ਰਹਾਉ ॥
dharmik status punjabi
ਸਲੋਕੁ ਮਃ ੩ ॥
ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥ ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥ ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥ ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥ ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ ॥ ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ ॥੧॥
ਹੇ ਚੁੱਕੇ ਚੁਕਾਏ ਸ਼ੇਖ਼! ਇਸ ਮਨ ਨੂੰ ਇਕ ਟਿਕਾਣੇ ਤੇ ਲਿਆ;ਵਿੰਗੀਆਂ ਟੇਢੀਆਂ ਗੱਲਾਂ ਛੱਡ ਤੇ ਸਤਿਗੁਰੂ ਦੇ ਸ਼ਬਦ ਨੂੰ ਸਮਝ। ਹੇ ਸ਼ੇਖਾ! ਜੋ (ਸਭ ਦਾ) ਜਾਣੂ ਸਤਿਗੁਰੂ ਸਭ ਕੁਝ ਸਮਝਦਾ ਹੈ ਉਸ ਦੀ ਚਰਨੀਂ ਲੱਗ;ਆਸਾਂ ਤੇ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿਚ ਪਰਾਹੁਣਾ ਸਮਝ; ਜੇ ਤੂੰ ਸਤਿਗੁਰੂ ਦੇ ਭਾਣੇ ਵਿਚ ਚਲੇਂਗਾ ਤਾਂ ਰੱਬ ਦੀ ਦਰਗਾਹ ਵਿਚ ਆਦਰ ਪਾਵੇਂਗਾ। ਹੇ ਨਾਨਕ! ਜੋ ਮਨੁੱਖ ਨਾਮ ਨਹੀਂ ਸਿਮਰਦੇ, ਉਹਨਾਂ ਦਾ (ਚੰਗਾ) ਖਾਣਾ ਤੇ (ਚੰਗਾ) ਪਹਿਨਣਾ ਫਿਟਕਾਰ-ਜੋਗ ਹੈ।1।
ਅੰਗ: 646 | 30-05-2022
ਬਿਹਾਗੜਾ ਮਹਲਾ ੪ ॥
ਸਭਿ ਜੀਅ ਤੇਰੇ ਤੂੰ ਵਰਤਦਾ ਮੇਰੇ ਹਰਿ ਪ੍ਰਭ ਤੂੰ ਜਾਣਹਿ ਜੋ ਜੀਇ ਕਮਾਈਐ ਰਾਮ ॥ ਹਰਿ ਅੰਤਰਿ ਬਾਹਰਿ ਨਾਲਿ ਹੈ ਮੇਰੀ ਜਿੰਦੁੜੀਏ ਸਭ ਵੇਖੈ ਮਨਿ ਮੁਕਰਾਈਐ ਰਾਮ ॥
ਹੇ ਮੇਰੇ ਹਰੀ! ਹੇ ਮੇਰੇ ਪ੍ਰਭੂ (ਸ੍ਰਿਸ਼ਟੀ ਦੇ) ਸਾਰੇ ਜੀਵ ਤੇਰੇ (ਹੀ ਪੈਦਾ ਕੀਤੇ ਹੋਏ) ਹਨ, ਤੂੰ (ਸਭ ਜੀਵਾਂ ਵਿਚ) ਮੌਜੂਦ ਹੈਂ, ਜੋ ਕੁਝ (ਜੀਵਾਂ ਦੇ) ਜੀ ਵਿਚ ਚਿਤਾਰਿਆ ਜਾਂਦਾ ਹੈ ਤੂੰ (ਉਹ ਸਭ ਕੁਝ) ਜਾਣਦਾ ਹੈਂ। ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਸਾਡੇ ਅੰਦਰ ਬਾਹਰ (ਹਰ ਥਾਂ ਸਾਡੇ) ਨਾਲ ਹੈ, ਜੋ ਕੁਝ ਸਾਡੇ ਮਨ ਵਿਚ ਹੁੰਦਾ ਹੈ ਉਹ ਸਭ ਵੇਖਦਾ ਹੈ, (ਪਰ ਫਿਰ ਭੀ) ਮੁਕਰ ਜਾਈਦਾ ਹੈ।
ਅੰਗ: 541 | 29-05-2022
ਦੇਵਗੰਧਾਰੀ ੫ ॥
ਮਾਈ ਜੋ ਪ੍ਰਭ ਕੇ ਗੁਨ ਗਾਵੈ ॥ ਸਫਲ ਆਇਆ ਜੀਵਨ ਫਲੁ ਤਾ ਕੋ ਪਾਰਬ੍ਰਹਮ ਲਿਵ ਲਾਵੈ ॥੧॥ ਰਹਾਉ ॥ ਸੁੰਦਰੁ ਸੁਘੜੁ ਸੂਰੁ ਸੋ ਬੇਤਾ ਜੋ ਸਾਧੂ ਸੰਗੁ ਪਾਵੈ ॥ ਨਾਮੁ ਉਚਾਰੁ ਕਰੇ ਹਰਿ ਰਸਨਾ ਬਹੁੜਿ ਨ ਜੋਨੀ ਧਾਵੈ ॥੧॥
ਹੇ ਮਾਂ! ਜੇਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਪਰਮਾਤਮਾ ਦੇ ਚਰਨਾਂ ਵਿਚ ਪ੍ਰੇਮ ਬਣਾਈ ਰੱਖਦਾ ਹੈ, ਉਸ ਦਾ ਜਗਤ ਵਿਚ ਆਉਣਾ ਕਾਮਯਾਬ ਹੋ ਜਾਂਦਾ ਹੈ, ਉਸ ਨੂੰ ਜ਼ਿੰਦਗੀ ਦਾ ਫਲ ਮਿਲ ਜਾਂਦਾ ਹੈ।੧।ਰਹਾਉ। ਹੇ ਮਾਂ! ਜੇਹੜਾ ਮਨੁੱਖ ਗੁਰੂ ਦਾ ਸਾਥ ਪ੍ਰਾਪਤ ਕਰ ਲੈਂਦਾ ਹੈ, ਉਹ ਮਨੁੱਖ ਸੋਹਣੇ ਜੀਵਨ ਵਾਲਾ ਸੁਚੱਜਾ ਸੂਰਮਾ ਬਣ ਜਾਂਦਾ ਹੈ, ਉਹ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ, ਤੇ, ਮੁੜ ਮੁੜ ਜੂਨਾਂ ਵਿਚ ਨਹੀਂ ਭਟਕਦਾ।੧।
ਅੰਗ: 531 | 28-05-2022
ਸਲੋਕ ਮ:੫ ॥
ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥ ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥ ਮ: ੫ ॥ ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਣੀ ਮਨੁ ਲਾਗ ॥ ਅਠਸਠਿ ਤੀਰਥ ਨਾਮੁ ਪ੍ਰਭ ਜਿਸੁ ਨਾਨਕ ਮਸਤਕਿ ਭਾਗ ॥੨॥
ਹੇ ਸੱਜਣ! ਮੈਂ ਸਦਾ ਤੇਰੇ ਪੈਰਾਂ ਦੀ ਖ਼ਾਕ ਹੋਇਆ ਰਹਾਂ, ਗੁਰੂ ਨਾਨਕ ਜੀ ਅਰਦਾਸ ਕਰਦੇ ਹਨ ਹੈ ਕਿ ਮੈਂ ਤੇਰੀ ਸਰਨ ਪਿਆ ਰਹਾਂ ਅਤੇ ਤੈਨੂੰ ਹੀ ਆਪਣੇ ਅੰਗ-ਸੰਗ ਵੇਖਾਂ ॥੧॥ (ਵਿਕਾਰਾਂ ਵਿਚ) ਡਿੱਗੇ ਹੋਏ ਭੀ ਬੇਅੰਤ ਜੀਵ ਪਵਿਤ੍ਰ ਹੋ ਜਾਂਦੇ ਹਨ ਜੇ ਉਹਨਾਂ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਲੱਗ ਜਾਏ, ਪ੍ਰਭੂ ਦਾ ਨਾਮ ਹੀ ਅਠਾਹਠ ਤੀਰਥ ਹੈ, ਪਰ, (ਗੁਰੂ ਨਾਨਕ ਜੀ ਆਪ ਨੂੰ ਕਹਿੰਦੇ ਹਨ) ਹੇ ਨਾਨਕ! (ਇਹ ਉਸ ਨੂੰ ਮਿਲਦਾ ਹੈ) ਜਿਸ ਦੇ ਮੱਥੇ ਤੇ ਭਾਗ (ਲਿਖੇ) ਹਨ ॥੨॥
ਅੰਗ: 518| 27-05-2022
ਸੋਰਠਿ ਮਹਲਾ ੫ ॥
ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥ ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ ॥੧॥ ਹਰਿ ਰਸੁ ਪੀਵਹੁ ਪੁਰਖ ਗਿਆਨੀ ॥ ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ ॥ ਰਹਾਉ ॥
ਹੇ ਭਾਈ! ਬੜੀ ਲੰਮੀ ਖੋਜ ਕਰ ਕੇ ਅਸੀਂ ਇਸ ਵਿਚਾਰ ਤੇ ਪਹੁੰਚੇ ਹਾਂ ਕਿ ਪਰਮਾਤਮਾ ਦਾ ਨਾਮ (ਸਿਮਰਨਾ ਹੀ ਮਨੁੱਖਾ ਜੀਵਨ ਦੀ) ਸਭ ਤੋਂ ਉੱਚੀ ਅਸਲੀਅਤ ਹੈ। ਗੁਰੂ ਦੀ ਸਰਨ ਪੈ ਕੇ ਹਰਿ ਨਾਮ ਸਿਮਰਿਆਂ (ਇਹ ਨਾਮ) ਅੱਖ ਦੇ ਫੋਰ ਵਿਚ (ਸਾਰੇ) ਪਾਪ ਕੱਟ ਦੇਂਦਾ ਹੈ, ਤੇ, (ਸੰਸਾਰ aਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ॥੧॥ ਆਤਮਕ ਜੀਵਨ ਦੀ ਸੂਝ ਵਾਲੇ ਹੇ ਮਨੁੱਖ! (ਸਦਾ) ਪਰਮਾਤਮਾ ਦਾ ਨਾਮ-ਰਸ ਪੀਆ ਕਰ। (ਹੇ ਭਾਈ!) ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ (ਪਰਮਾਤਮਾ ਦਾ) ਨਾਮ ਮੁੜ ਮੁੜ ਸੁਣ ਕੇ (ਮਨੁੱਖ ਦਾ) ਮਨ ਸਭ ਤੋਂ ਉੱਚਾ ਸੰਤੋਖ ਹਾਸਲ ਕਰ ਲੈਂਦਾ ਹੈ ॥
ਅੰਗ: 611 | 26-05-2022
ਸਲੋਕ ॥
ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥
ਜੋ ਸੰਤ ਜਨ ਗੋਪਾਲ ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ, ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ । ਹੇ ਨਾਨਕ! (ਤੂੰ ਭੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ ਦਾ ਪੱਲਾ ਫੜ ।੧। ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ—ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ । ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ ।੨।
ਅੰਗ: 709 | 25-05-2022
ਆਸਾ ਮਹਲਾ ੫ ॥
ਸਲੋਕ ॥
ਉਦਮੁ ਕਰਹੁ ਵਡਭਾਗੀਹੋ ਸਿਮਰਹੁ ਹਰਿ ਹਰਿ ਰਾਇ ॥ ਨਾਨਕ ਜਿਸੁ ਸਿਮਰਤ ਸਭ ਸੁਖ ਹੋਵਹਿ ਦੂਖੁ ਦਰਦੁ ਭ੍ਰਮੁ ਜਾਇ ॥੧॥ ਛੰਤੁ ॥ ਨਾਮੁ ਜਪਤ ਗੋਬਿੰਦ ਨਹ ਅਲਸਾਈਐ ॥ ਭੇਟਤ ਸਾਧੂ ਸੰਗ ਜਮ ਪੁਰਿ ਨਹ ਜਾਈਐ ॥
ਹੇ ਨਾਨਕ! (ਆਖ) ਹੇ ਵੱਡੇ ਭਾਗਾਂ ਵਾਲਿਓ! ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਸੁਖ ਮਿਲ ਜਾਂਦੇ ਹਨ, ਤੇ ਹਰੇਕ ਕਿਸਮ ਦਾ ਦੁੱਖ ਦਰਦ ਭਟਕਣਾ ਦੂਰ ਹੋ ਜਾਂਦਾ ਹੈ, ਉਸ ਪ੍ਰਭੂਪਾਤਿਸ਼ਾਹ ਦਾ ਸਿਮਰਨ ਕਰਦੇ ਰਹੋ (ਉਸ ਦੇ ਸਿਮਰਨ ਦਾ ਸਦਾ) ਉੱਦਮ ਕਰਦੇ ਰਹੋ।1।ਛੰਤ। ਹੇ ਵਡਭਾਗੀਹੋ! ਗੋਬਿੰਦ ਦਾ ਨਾਮ ਜਪਦਿਆਂ (ਕਦੇ) ਆਲਸ ਨਹੀਂ ਕਰਨਾ ਚਾਹੀਦਾ, ਗੁਰੂ ਦੀ ਸੰਗਤਿ ਵਿਚ ਮਿਲਿਆਂ (ਤੇ ਹਰਿ ਨਾਮ ਜਪਿਆਂ) ਜਮ ਦੀ ਪੁਰੀ ਵਿਚ ਨਹੀਂ ਜਾਣਾ ਪੈਂਦਾ।
ਅੰਗ: 456 | 24-05-2022
ਵਡਹੰਸੁ ਮਹਲਾ ੧ ॥
ਬਾਬਾ ਆਇਆ ਹੈ ਉਠਿ ਚਲਣਾ ਇਹੁ ਜਗੁ ਝੂਠੁ ਪਸਾਰੋਵਾ ॥ ਸਚਾ ਘਰੁ ਸਚੜੈ ਸੇਵੀਐ ਸਚੁ ਖਰਾ ਸਚਿਆਰੋਵਾ ॥
ਹੇ ਭਾਈ! ਜਗਤ ਵਿਚ ਜੇਹੜਾ ਭੀ ਜੀਵ ਜਨਮ ਲੈ ਕੇ) ਆਇਆ ਹੈ ਉਸ ਨੇ (ਆਖ਼ਰ ਇਥੋਂ) ਕੂਚ ਕਰ ਜਾਣਾ ਹੈ (ਕਿਸੇ ਨੇ ਇਥੇ ਸਦਾ ਨਹੀਂ ਬੈਠ ਰਹਿਣਾ) ਇਹ ਜਗਤ ਹੈ ਹੀ ਨਾਸਵੰਤ ਖਿਲਾਰਾ। ਜੇ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰੀਏ ਤਾਂ ਸਦਾ ਥਿਰ ਰਹਿਣ ਵਾਲਾ ਟਿਕਾਣਾ ਮਿਲ ਜਾਂਦਾ ਹੈ। ਜੇਹੜਾ ਮਨੁੱਖ ਸਦਾ ਥਿਰ ਪ੍ਰਭੂ ਨੂੰ ਸਿਮਰਦਾ ਹੈ ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ, ਉਹ ਸਦਾ ਥਿਰ ਪ੍ਰਭੂ ਦੇ ਪ੍ਰਕਾਸ਼ ਲਈ ਯੋਗ ਬਣ ਜਾਂਦਾ ਹੈ।
ਅੰਗ: 581 | 23-05-2022
ਸੋਰਠਿ ਮਹਲਾ ੫ ॥
ਮੇਰਾ ਸਤਿਗੁਰੁ ਰਖਵਾਲਾ ਹੋਆ ॥ ਧਾਰਿ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ ਹਰਿ ਗੋਵਿਦੁ ਨਵਾ ਨਿਰੋਆ ॥੧॥ ਰਹਾਉ ॥ ਤਾਪੁ ਗਇਆ ਪ੍ਰਭਿ ਆਪਿ ਮਿਟਾਇਆ ਜਨ ਕੀ ਲਾਜ ਰਖਾਈ ॥ ਸਾਧਸੰਗਤਿ ਤੇ ਸਭ ਫਲ ਪਾਏ ਸਤਿਗੁਰ ਕੈ ਬਲਿ ਜਾਂਈ ॥੧॥
ਹੇ ਭਾਈ! ਮੇਰਾ ਗੁਰੂ (ਮੇਰਾ) ਸਹਾਈ ਬਣਿਆ ਹੈ, (ਗੁਰੂ ਦੀ ਸ਼ਰਨ ਦੀ ਬਰਕਤਿ ਨਾਲ) ਪ੍ਰਭੂ ਨੇ ਕਿਰਪਾ ਕਰ ਕੇ (ਆਪਣੇ) ਹੱਥ ਦੇ ਕੇ (ਬਾਲਕ ਹਰਿ ਗੋਬਿੰਦ ਨੂੰ) ਬਚਾ ਲਿਆ ਹੈ, (ਹੁਣ ਬਾਲਕ) ਹਰਿ ਗੋਬਿੰਦ ਬਿਲਕੁਲ ਰਾਜ਼ੀ ਬਾਜ਼ੀ ਹੋ ਗਿਆ ਹੈ ॥੧॥ ਰਹਾਉ॥ (ਹੇ ਭਾਈ! ਬਾਲਕ ਹਰਿ ਗੋਬਿੰਦ ਦਾ) ਤਾਪ ਲਹਿ ਗਿਆ ਹੈ, ਪ੍ਰਭੂ ਨੇ ਆਪ ਉਤਾਰਿਆ ਹੈ, ਪ੍ਰਭੂ ਨੇ ਆਪਣੇ ਸੇਵਕ ਦੀ ਇੱਜ਼ਤ ਰੱਖ ਲਈ ਹੈ। ਹੇ ਭਾਈ! ਗੁਰੂ ਦੀ ਸੰਗਤ ਤੋਂ (ਮੈਂ) ਸਾਰੇ ਫਲ ਪ੍ਰਾਪਤ ਕੀਤੇ ਹਨ, ਮੈਂ (ਸਦਾ) ਗੁਰੂ ਤੋਂ (ਹੀ) ਕੁਰਬਾਨ ਜਾਂਦਾ ਹਾਂ ॥੧॥
ਅੰਗ: 620 | 22-05-2022
ਵਡਹੰਸੁ ਮਹਲਾ ੩ ॥
ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਏ ॥ ਗੁਰਿ ਰਾਖੇ ਸੇ ਉਬਰੇ ਹੋਰੁ ਮਰਿ ਜੰਮੈ ਆਵੈ ਜਾਏ ॥ ਹੋਰਿ ਮਰਿ ਜੰਮਹਿ ਆਵਹਿ ਜਾਵਹਿ ਅੰਤਿ ਗਏ ਪਛੁਤਾਵਹਿ ਬਿਨੁ ਨਾਵੈ ਸੁਖੁ ਨ ਹੋਈ ॥ ਐਥੈ ਕਮਾਵੈ ਸੋ ਫਲੁ ਪਾਵੈ ਮਨਮੁਖਿ ਹੈ ਪਤਿ ਖੋਈ ॥
ਇਹ ਸਰੀਰ ਨਾਸ ਹੋ ਜਾਣ ਵਾਲਾ ਹੈ, ਇਸ ਨੂੰ ਬੁਢੇਪਾ ਆ ਦਬਾਂਦਾ ਹੈ। ਜਿਨ੍ਹਾਂ ਦੀ ਗੁਰੂ ਨੇ ਰੱਖਿਆ ਕੀਤੀ, ਉਹ (ਮੋਹ ਵਿਚ ਗ਼ਰਕ ਹੋਣ ਤੋਂ) ਬਚ ਜਾਂਦੇ ਹਨ ਪਰ ਹੋਰ ਜਮਦੇ ਤੇ ਮਰਦੇ ਹਨ। ਹੋਰ ਜਮਦੇ ਤੇ ਮਰਦੇ ਹਨ ਤੇ ਅੰਤ (ਮਰਨ) ਵੇਲੇ ਪਛਤਾਂਦੇ ਹਨ; ਹਰਿ-ਨਾਮ ਤੋਂ ਬਿਨਾ ਆਤਮਕ-ਜੀਵਨ ਦਾ ਸੁੱਖ ਨਹੀਂ ਮਿਲਦਾ। ਇਸ ਲੋਕ ਵਿਚ ਜੀਵ ਜੇਹੜੀ ਕਰਣੀ ਕਮਾਂਦਾ ਹੈ ਉਹੀ ਫਲ ਭੋਗਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ (ਪ੍ਰਭੂ ਦਰਬਾਰ ਵਿਚ) ਆਪਣੀ ਇੱਜ਼ਤ ਗਵਾ ਲੈਂਦਾ ਹੈ।
ਅੰਗ: 584 | 21-05-2022
ਵਡਹੰਸੁ ਮਹਲਾ ੩ ॥
ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਏ ॥ ਗੁਰਿ ਰਾਖੇ ਸੇ ਉਬਰੇ ਹੋਰੁ ਮਰਿ ਜੰਮੈ ਆਵੈ ਜਾਏ ॥ ਹੋਰਿ ਮਰਿ ਜੰਮਹਿ ਆਵਹਿ ਜਾਵਹਿ ਅੰਤਿ ਗਏ ਪਛੁਤਾਵਹਿ ਬਿਨੁ ਨਾਵੈ ਸੁਖੁ ਨ ਹੋਈ ॥ ਐਥੈ ਕਮਾਵੈ ਸੋ ਫਲੁ ਪਾਵੈ ਮਨਮੁਖਿ ਹੈ ਪਤਿ ਖੋਈ ॥
ਇਹ ਸਰੀਰ ਨਾਸ ਹੋ ਜਾਣ ਵਾਲਾ ਹੈ, ਇਸ ਨੂੰ ਬੁਢੇਪਾ ਆ ਦਬਾਂਦਾ ਹੈ। ਜਿਨ੍ਹਾਂ ਦੀ ਗੁਰੂ ਨੇ ਰੱਖਿਆ ਕੀਤੀ, ਉਹ (ਮੋਹ ਵਿਚ ਗ਼ਰਕ ਹੋਣ ਤੋਂ) ਬਚ ਜਾਂਦੇ ਹਨ ਪਰ ਹੋਰ ਜਮਦੇ ਤੇ ਮਰਦੇ ਹਨ। ਹੋਰ ਜਮਦੇ ਤੇ ਮਰਦੇ ਹਨ ਤੇ ਅੰਤ (ਮਰਨ) ਵੇਲੇ ਪਛਤਾਂਦੇ ਹਨ; ਹਰਿ-ਨਾਮ ਤੋਂ ਬਿਨਾ ਆਤਮਕ-ਜੀਵਨ ਦਾ ਸੁੱਖ ਨਹੀਂ ਮਿਲਦਾ। ਇਸ ਲੋਕ ਵਿਚ ਜੀਵ ਜੇਹੜੀ ਕਰਣੀ ਕਮਾਂਦਾ ਹੈ ਉਹੀ ਫਲ ਭੋਗਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ (ਪ੍ਰਭੂ ਦਰਬਾਰ ਵਿਚ) ਆਪਣੀ ਇੱਜ਼ਤ ਗਵਾ ਲੈਂਦਾ ਹੈ।
ਅੰਗ: 584 | 21-05-2022