ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਟਹਿਣਾ।
ਸਾਰਾ ਦਿਨ ਅੱਜ ਪਉਗਾ ਗਿੱਧਾ,
ਹਾਲ ਦਿਲਾਂ ਦਾ ਕਹਿਣਾ।
ਕੱਲ੍ਹ ਤੂੰ ਕਿਧਰੇ, ਮੈਂ ਕਿਧਰੇ ਤੁਰ ਜੂ,
ਫੇਰ ਨੀ ਰਲਕੇ ਬਹਿਣਾ।
ਸਭਨਾ ’ਚ ਰਹੇ ਖੇਡਦਾ…….
ਛੋਟਾ ਦਿਓਰ ਭਾਬੀਆਂ ਦਾ ਗਹਿਣਾ।
Deor bharjayii
ਜਦ ਮੁੰਡਿਆ ਤੇਰੀ ਪੈਂਦੀ ਰੋਪਨਾ
ਮੈਂ ਵੀ ਵੇਖਣ ਆਈ
ਸਿਰ ਤੇਰੇ ਤੇ ਹਰਾ ਮੂੰਗੀਆ
ਗੁੱਟ ਤੇ ਘੜੀ ਸਜਾਈ
ਮੈਥੋਂ ਪਹਿਲਾਂ ਵੇ
ਕਿਹੜੀ ਨਾਰ ਹੰਢਾਈ
ਤੈਥੋਂ ਪਹਿਲਾਂ ਨੀ
ਭਾਬੋ ਨਾਰ ਹੰਢਾਈ।
ਜਦ ਕੁੜੀਏ ਤੇਰੀ ਪੈਂਦੀ ਰੋਪਨਾ
ਮੈਂ ਵੀ ਦੇਖਣ ਆਇਆ
ਸਿਰ ਤੇ ਤੇਰੇ ਹਰਾ ਮੂੰਗੀਆ
ਟੇਢਾ ਚੀਰ ਸਜਾਇਆ
ਮੈਥੋਂ ਨੀ ਪਹਿਲਾਂ
ਕਿਹੜਾ ਯਾਰ ਹੰਢਾਇਆ
ਜਾਂ
ਤੈਥੋਂ ਵੇ ਪਹਿਲਾਂ
ਜੀਜਾ ਯਾਰ ਹੰਢਾਇਆ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਧਾਰੀ।
ਗਿੱਟਿਆਂ ਨੂੰ ਬੰਨ੍ਹ ਘੁੰਗਰੂ,
ਛਾਲ ਗਿੱਧੇ ਵਿੱਚ ਮਾਰੀ।
ਲੱਕ ਤਾਂ ਵਲੇਵਾਂ ਖਾ ਗਿਆ,
ਚੁੰਨੀ ਅੰਬਰੀ ਵਗਾਹ ਕੇ ਮਾਰੀ।
ਭੱਜ ਜਾਵੇ ਦਿਓਰਾ.
ਨਹੀਂ ਨਿਭਦੀ ਜੇ ਯਾਰੀ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਖਾਰੀ।
ਸਹੁੰ ਲੱਗੇ ਕਾਦਰ ਦੀ,
ਲੱਗਦੀ ਜਗਤ ਤੋਂ ਪਿਆਰੀ।
ਤੇਰਾ ਸੇਵਾਦਾਰ ਭਾਬੀਏ,
ਭਾਵੇਂ ਪਿੰਡ ਦੇ ਵਿੱਚ ਸਰਦਾਰੀ।
ਲਾ ਕੇ ਪੁਗਾ ਭਾਬੀਏ.
ਸ਼ੌਕੀ ਦਿਓਰ ਨਾਲ ਯਾਰੀ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਘਾਰੀ।
ਟਿੰਡਾਂ ਵਗਦੀਆਂ ਰਹਿਣ ਹਰ ਥਾਂ,
ਪਰ ਨੀ ਵਗਦੀ ਪਾਰੀ।
ਪਾਣੀ ਟਿੰਡਾਂ ਵਿੱਚੋਂ ਲੈਂਦੀ,
ਭਰਦੀ ਸਾਰੀ ਦੀ ਸਾਰੀ।
ਅੱਖੀਆਂ ‘ਚ ਪਾ ਰੱਖਦੀ……..,
ਕਾਲਾ ਦਿਓਰ, ਕੱਜਲੇ ਦੀ ਧਾਰੀ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਜੱਲੀ।
ਕੰਤ ਨੂੰ ਨਾ ਮਾਰ ਕਿਸੇ ਦੀ,
ਰਹਿੰਦਾ ਹਰ ਦਮ ਟੱਲੀ।
ਦਿਓਰ ਮੇਰਾ ਬੜਾ ਨਿਆਣਾ,
ਰੱਖੇ ਸਰਾਣਾ ਮੱਲੀ।
ਡੋਰੀਆ ਗੰਢੇ ਦੀ ਛਿੱਲ ਵਰਗਾ.
ਰੋਟੀ ਲੈ ਕੇ ਜੇਠ ਦੀ ਚੱਲੀ।
ਧਾਵੇ! ਧਾਵੇ! ਧਾਵੇ!
ਡੰਡੀਆਂ ਕਰਾ ਦੇ ਮਿੱਤਰਾ,
ਜੀਹਦੇ ਵਿੱਚ ਦੀ ਰੁਮਾਲ ਲੰਘ ਜਾਵੇ।
ਸੋਨੇ ਦਾ ਭਾਅ ਸੁਣਕੇ,
ਮੁੰਡਾ ਪੱਲਾ ਝਾੜਦਾ ਆਵੇ।
ਜੰਝ ਘੁਮਿਆਰਾਂ ਦੀ,
ਵਿਚ ਗਧਾ ਰੀਂਗਦਾ ਆਵੇ।
ਗਧੇ ਤੋਂ ਘੁਮਾਰੀ ਡਿੱਗ ਪਈ,
ਮੇਰਾ ਹਾਸਾ ਨਿੱਕਲਦਾ ਜਾਵੇ।
ਭਾਬੀ ਦਿਓਰ ਬਿਨਾਂ
ਫੁੱਲ ਵਾਂਗੂੰ ਕੁਮਲਾਵੇ।
ਚੀਚੀ ਵਾਲਾ ਛੱਲਾ
ਸਾਡੀ ਛਾਪ ਨਿਸ਼ਾਨੀ
ਸੋਹਣੀਆਂ ਰੰਨਾਂ ਦੀ
ਭੈੜਿਆ ਬੋਲਗੀ ਨਿਲਾਮੀ।
ਅੱਕ ਦੀ ਨਾ ਕਰਦਾ
ਢੱਕ ਦੀ ਨਾ ਕਰਦਾ
ਦਾਤਣ ਕਰਦਾ ਕਰੀਰ ਦੀ ਨੀ
ਇਹਨੂੰ ਚੜ੍ਹੀ ਐ ਜਵਾਨੀ ਹੀਰ ਦੀ ਨੀ।
ਲੰਮੀ ਹੋਵਾਂ ਤਾਂ
ਬੋਲੀ ਪਾਵਾਂ ਲਲਕਾਰ ਕੇ
ਮਧਰੀ ਜੀ ਰਹਿਗੀ
ਬੋਲੀ ਪੈਂਦੀ ਨਾ ਸਮਾਰ ਕੇ ।
ਨਿੱਕੀ-ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਛੜਿਆਂ ਦਾ ਢਹਿ ਗਿਆ ਕੋਠਾ
ਛੜਿਆ ਪੁੰਨ ਕਰ ਵੇ
ਤੇਰਾ ਭਰਿਆ ਜਹਾਜ਼ ਖਲੋਤਾ
ਮਧਰੋਂ ਐਂ ਤੁਰਦੀ
ਜਿਵੇਂ ਤੁਰਦਾ ਸੜਕ ਤੇ ਬੋਤਾ
ਵਿੱਚ ਦਰਿਆਵਾਂ ਦੇ
ਖਾ ਗੀ ਸੋਹਣੀਏ ਗੋਤਾ।