ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਰਾਇਆ।
ਪਿੰਡ ਵਿੱਚ ਆਇਆ, ਮੇਲ ਸੁਣੀਂਦਾ,
ਹਾਰ ਸ਼ਿੰਗਾਰ ਲਗਾਇਆ।
ਗਹਿਣੇ ਗੱਟੇ ਪਾਏ ਸਭ ਨੇ,
ਰੰਗ ਹੈ ਦੂਣ-ਸਵਾਇਆ।
ਦੇਵਰ ਭਾਬੀ ਨੇ….
ਗਿੱਧਾ ਖੂਬ ਰਚਾਇਆ।
Deor bharjayii
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਰਾਈਏ।
ਆਪੇ ਲੱਗ ਜਾਂਦੀ,
ਸੋਚ ਕੇ ਕੀਹਦੇ ਨਾਲ ਲਾਈਏ।
ਸੋਹਣੇ ਯਾਰਾਂ ਦੇ,
ਨਿੱਤ ਮੁਕਲਾਵੇ ਜਾਈਏ।
ਜਿਸ ਘਰ ਦਿਓਰ ਨਹੀਂ…….,
ਨਿੱਜ ਮੁਕਲਾਵੇ ਜਾਈਏ।
ਕਾਸਾ-ਕਾਸਾ-ਕਾਸਾ
ਗੱਲਾਂ ਗਿਆਨ ਦੀਆਂ
ਲੋਕਾਂ ਭਾਣੇ ਤਮਾਸ਼ਾ
ਇੱਕ ਦਿਨ ਫੁੱਟ ਜੇਂ ਗਾ
ਸੋਹਣਿਆਂ ਕੰਚ ਗਲਾਸਾ
ਚਿੱਟਿਆਂ ਦੰਦਾਂ ਤੇ
ਰੋਜ਼ ਮਲੇ ਦੰਦਾਸਾ
ਮਜਨੂੰ ਸੁੱਕ ਕੇ ਤਾਂਬੜ ਹੋ ਗਿਆ
ਰੱਤ ਰਹੀ ਨਾ ਮਾਸਾ
ਰਾਂਝੇ ਪੰਛੀ ਨੇ
ਭੰਨਤਾ ਬਾਰ ਅੱਗੇ ਕਾਸਾ
ਜਾਂਦਾ ਸੁਰਗਾਂ ਨੂੰ
ਦੋ ਨੈਣਾਂ ਦਾ ਪਿਆਸਾ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਕਾਰੀ।
ਗੋਰੀ ਗੋਰੀ ਨਾਰ ਦੇਖਕੇ,
ਜਾਂਦੀ ਐ ਜੱਟਾਂ ਦੀ ਮੱਤ ਮਾਰੀ।
ਤਾਰੇ ਗਿਣ ਗਿਣ ਕੇ,
ਸਾਰੀ ਰਾਤ ਗੁਜ਼ਾਰੀ।
ਅੱਖੀਆਂ ‘ਚ ਪਾ ਰੱਖਦੀ……..,
ਕਾਲਾ ਦਿਓਰ ਕੱਜਲੇ ਦੀ ਧਾਰੀ।
ਰੜਕੇ-ਰੜਕੇ-ਰੜਕੇ
ਬਾਹਾਂ ਪਤਲੀਆਂ ਚੂੜਾ ਮੋਕਲਾ
ਬਾਹਾਂ ਦੇ ਵਿੱਚ ਖੜਕੇ
ਮਿਰਜ਼ੇ ਨੂੰ ਮਾਰਨਗੇ
ਆ ਗਏ ਦਮੂਖਾਂ ਫੜਕੇ ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਡਾਮਾ।
ਭਾਬੀ ਬਣ ਦਰਦਣ,
ਤੇਰੀ ਬੱਕਰੀ ਚਾਰ ਕੇ ਲਿਆਮਾ।
ਤੇਰੇ ਰੰਗ ਵਰਗਾ,
ਬੇਰੀਆਂ ਤੋਂ ਬੇਰ ਲਿਆਮਾ।
ਮੁੰਡਾ ਜੰਮ ਭਾਬੀਏ…….,
ਪਿੰਡ ਨੂੰ ਸ਼ਰਾਬ ਪਲਾਮਾ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਢਾਬੀ।
ਫੁੱਲਾਂ ਵਿੱਚੋਂ, ਫੁੱਲ ਚੁਣੀਦਾ,
ਚੁਣੀਂਦਾ ਫੁੱਲ ਗੁਲਾਬੀ।
ਪਰੀਆਂ ਵਿੱਚੋਂ ਪਰੀ ਚੁਣੀਦੀ,
ਸੂਹੀ ਲਾਲ ਗੁਲਾਬੀ।
ਗੁਲਾਬੀ ਭਾਬੀ ਨੇ………
ਕਰ ’ਤਾ ਦਿਓਰ ਸ਼ਰਾਬੀ।
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ,
ਪਿੰਡ ਹੈ ਸਹਿਬ ਰਾੜਾ।
ਜਰਗ ਜਰਗੜੀ ਦੇ ਸਾਹਮਣੇ,
ਨਹਿਰੋਂ ਪਾਰ ਲਸਾੜਾ।
ਗੁੜ ਪੁਰਾਣਾ ਦੇਣ ਮੱਝਾਂ ਨੂੰ,
ਕਾਹੜ ਕਾਹੜ ਕੇ ਕਾੜਾ।
ਭਾਬੀ ਦੇਵਰ ਦਾ………,
ਸਭ ਤੋਂ ਰਿਸ਼ਤਾ ਗਾਹੜਾ।
ਤੇਰੇ ਲਾਲ ਸੂਹੇ ਬੁੱਲ੍ਹ
ਸਾਨੂੰ ਲੈਣੇ ਪੈ ਗਏ ਮੁੱਲ
ਜਿੱਥੇ ਟੱਕਰੇਂਗੀ ਕੱਲੀ
ਤੈਨੂੰ ਚੱਕੂੰ ਮੱਲੋਮੱਲੀ
ਕੱਟ ਮੋੜ ਬੱਲੀਏ
ਸਾਨੂੰ ਲੱਗਦੀ ਪਿਆਰੀ
ਤੇਰੀ ਤੋਰ ਬੱਲੀਏ।
ਪਿੰਡਾਂ ਵਿੱਚੋ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਘਰੀਆਂ।
ਰੰਗ ਵਿੱਚ ਭੰਗ ਪੈ ਗਿਆ,
ਗੱਲਾਂ ਕਰ ਗੀ ਨਹੋਰਨ ਖਰੀਆਂ।
ਹੱਸਦੀ ਨੇ ਫੁੱਲ ਮੰਗਿਆ,
ਦਿਲ ਦੀਆਂ ਸੱਧਰਾਂ ਧਰੀਆਂ।
ਤੇਰੇ ਪਿੱਛੇ ਲੱਗ ਭਾਬੀਏ…….,
ਲਾਹਣਤਾਂ ਦਿਓਰ ਨੇ ਜਰੀਆਂ।
ਆ ਵੇ ਨਾਜਰਾ
ਬਹਿ ਵੇ ਨਾਜਰਾ
ਪੀ ਠੰਡਾ ਜਲ ਪਾਣੀ
ਉੱਠ ਤੇਰੇ ਨੂੰ ਭੋਂ ਦੀ ਟੋਕਰੀ
ਤੈਨੂੰ ਦੋ ਪਰਸ਼ਾਦੇ
ਨਿੰਮ ਥੱਲੇ ਕੱਤਦੀ ਦੀ
ਗੂੰਜ ਪਈ ਦਰਵਾਜ਼ੇ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਪਾਵੇਂ।
ਕੰਮ ਨੀ ਸੁਣੀਂਦਾ, ਕਾਰ ਨੀ ਸੁਣੀਂਦਾ,
ਕੀ ਝਗੜੇ ਝੇੜੇ ਪਾਵੇ।
ਜੇ ਮੇਰੀ ਇੱਕ ਮੰਨ ਜੇਂ,
ਸਿੱਧਾ ਸੁਰਗ ਨੂੰ ਜਾਵੇਂ।
ਦਿਓਰਾ ਤਾਸ਼ ਖੇਡ ਲੈ..
ਬੋਤਾ ਬੰਨ੍ਹੀਏ ਤੂਤ ਦੀ ਛਾਵੇਂ।