ਲੱਭਦਾ ਫਿਰੇਂ ਕੀ ਦਿਉਰਾ,
ਰੁਪ ਦੀਆਂ ਮੰਡੀਆਂ ‘ਚੋਂ,
ਬੰਨ੍ਹ ਕੇ ਤੂੰ ਪੱਗ ਵੇ ਨਵਾਬ ਵਰਗੀ।
ਤੇਰੇ ਜੱਟੀ ਨਾ ਪਸੰਦ ਵੇ,
ਸ਼ਰਾਬ ਵਰਗੀ।
Deor bharjayii
ਬਾਰੀਂ ਬਰਸੀਂ ਖੱਟਣ ਗਿਆ ਸੀ,
ਕੀ ਖੱਟ ਲਿਆਇਆ ?
ਖੱਟ ਕੇ ਲਿਆਂਦੀ ਦਾਤੀ।
ਪਿੰਡਾ ਮੇਰਾ ਰੇਸ਼ਮ ਦਾ,
ਮੇਰੇ ਦਿਉਰ ਦੀ ਮਖਮਲੀ ਛਾਤੀ।
ਨਹੀਂ ਤਾਂ ਦਿਉਰਾ ਅੱਡ ਤੂੰ ਹੋ ਜਾ,
ਨਹੀਂ ਕਢਾ ਲੈ ਕੰਧ ਵੇ।
ਮੈਂ ਬੁਰੀ ਕਰੂੰਗੀ,
ਆਕੜ ਕੇ ਨਾ ਲੰਘ ਵੇ।
ਅੱਜ ਤੋਂ ਭਾਬੀ ਨੇਮ ਚੁਕਾ ਲੈ,
ਜੇ ਘਰ ਵੜ ਗਿਆ ਤੇਰੇ।
ਨੀ ਪਾਣੀ ਦੀ ਤੂੰ ਚੂਲੀ ਭਰਾ ਲੈ,
ਹੱਥ ਵਿਚ ਗੜਬੀ ਮੇਰੇ।
ਜੇ ਮੈਂ ਮਰ ਗਿਆ ਨੀ,
ਵਿੱਚ ਬੋਊਗਾ ਤੇਰੇ।
ਝੂਟਾ-ਝੂਟਾ-ਝੂਟਾ !
ਜਿੱਥੇ ਦਿਉਰ ਪੱਬ ਧਰਦਾ,
ਉੱਥੇ ਉੱਗਦਾ ਸਰੂ ਦਾ ਬੂਟਾ।
ਬੂਟਾ ਲਾ ਨੀ ਲਿਆ,
ਫੁੱਲ ਖਿੜ ਨੀ ਗਿਆ।
ਸੋਹਣੀ ਭਾਬੋ ਮਿਲ ਗਈ,
ਦਿਉਰ ਤਿੜ ਨੀ ਗਿਆ।
ਘਰ ਨੇ ਜਿੰਨ੍ਹਾਂ ਦੇ ਕੋਲੋ ਕੋਲੀ,
ਖੇਤ ਜਿਨ੍ਹਾਂ ਦੇ ਨਿਆਈਆਂ।
ਕੋਲੋ ਕੋਲੀ ਮਨ੍ਹੇ ਗਡਾ ਲਏ,
ਗੱਲਾਂ ਕਰਨ ਪਰਾਈਆਂ।
ਜੱਟਾਂ ਦੇ ਪੁੱਤ ਸਾਧੂ ਹੋ ਗਏ,
ਸਿਰ ਤੇ ਜਟਾਂ ਰਖਾਈਆਂ।
ਫੜ ਕੇ ਬਗਲੀ ਮੰਗਣ ਚੜ੍ਹ ਪਏ,
ਖੈਰ ਨਾ ਪਾਉਂਦੀਆਂ ਮਾਈਆਂ।
ਹੁਣ ਨਾ ਸਿਆਣਦੀਆਂ,
ਦਿਉਰਾਂ ਨੂੰ ਭਰਜਾਈਆਂ।
ਭਾਬੀ, ਭਾਬੀ ਕੀ ਲਾਈ ਆ ਦਿਉਰਾ,
ਕੀ ਭਾਬੀ ਤੋਂ ਲੈਣਾ।
ਬੂਰੀ ਮਹਿ ਨੂੰ ਪੱਠੇ ਪਾ ਦੇ,
ਨਾਲੇ ਘੜਾ ਦੇ ਗਹਿਣਾ।
ਭਾਬੀ ਦਾ ਝਿੜਕਿਆ ਵੇ,
ਕੁਛ ਨੀ ਬੇਸ਼ਰਮਾ ਰਹਿਣਾ।
ਵਿਹੜੇ ਦੇ ਵਿੱਚ ਪਈ ਆਂ ਭਾਬੀਏ,
ਹਰਾ ਮੂੰਗੀਆ ਤਾਣੀ।
ਵੀਰ ਤਾਂ ਮੇਰਾ ਨੌਕਰ ਉਠ ਗਿਆ,
ਆਪਾਂ ਹਾਣੋ ਹਾਣੀ।
ਮੁੜਕਾ ਲਿਆ ਹੂੰਗਾ,
ਛੋਟਾ ਦਿਉਰ ਨਾ ਜਾਣੀ।
ਇੱਕ ਲੱਡੂਆ ਕੋਈ ਦੋ ਲੱਡੂਆ
ਲੱਡੂਆਂ ਦੀ ਭਰੀ ਪਰਾਂਤ
ਤੈਨੂੰ ਪੁੰਨ ਕਰ ਦਿਆਂ
ਵੇ ਦੀਵਾਲੀ ਵਾਲੀ ਰਾਤ।
ਵਿਹੜੇ ਦੇ ਵਿਚ ਪਈ ਆਂ ਭਾਬੀਏ,
ਹਰਾ ਮੂੰਗੀਆ ਤਾਣੀ।
ਵੀਰ ਤਾਂ ਮੇਰਾ ਨੌਕਰ ਉੱਠ ਗਿਆ,
ਆਪਾਂ ਹਾਣੋ ਹਾਣੀ।
ਮੱਚ ਗਿਆ ਤੇਰੇ ਤੇ,
ਛਿੜਕ ਭਾਬੀਏ ਪਾਣੀ।
ਲੈ ਦਿਉਰਾ ਤੈਨੂੰ ਅੱਡ ਕਰ ਦਿੰਨੀ ਆਂ
ਦੇ ਕੇ ਸੇਰ ਪੰਜੀਰੀ
ਤੂੰ ਅੱਡ ਹੋ ਗਿਆ ਵੇ
ਮੇਰੇ ਦੁੱਖਾਂ ਦਾ ਸੀਰੀ।
ਵਿਹੜੇ ਦੇ ਵਿਚ ਪਈ ਆਂ ਭਾਬੀਏ,
ਹਰਾ ਮੂੰਗੀਆ ਤਾਣੀ।
ਵੀਰ ਤਾਂ ਮੇਰਾ ਨੌਕਰ ਉੱਠ ਗਿਆ,
ਆਪਾਂ ਹਾਣੋ ਹਾਣੀ।
ਉੱਠ ਕੇ ਨੀ ਭਾਬੋ,
ਭਰ ਦੇ ਦਿਉਰ ਦਾ ਪਾਣੀ।
ਸਾਉਣ ਮਹੀਨੇ ਮੀਂਹ ਨਹੀਂ ਪੈਂਦਾ,
ਲੋਕੀ ਘੜਨ ਸਕੀਮਾਂ।
ਮੌਲੇ ਤਾਂ ਹੁਣ ਹਲ ਵਾਹੁਣੋ ਹਟਗੇ,
ਗੱਭਰੂ ਲੱਗ ਗੇ ਫੀਮਾਂ।
ਗੱਭਣਾਂ ਤੀਮੀਆਂ ਨੱਚਣੋਂ ਰਹਿ ਗਈਆਂ,
ਢਿੱਡ ਹੋ ਜਾਂਦੇ ਬੀਨਾਂ।
ਲਹਿੰਗਾ ਭਾਬੋ ਦਾ,
ਚੱਕ ਲਿਆ ਦਿਉਰ ਸ਼ੌਕੀਨਾਂ।