ਮੇਰੇ ਦਿਓਰ ਦਾ ਵਿਆਹ
ਮੈਨੂੰ ਗੋਡੇ ਗੋਡੇ ਚਾਅ
ਮੈਨੂੰ ਨਚਣਾ ਨਾ ਆਵੇ
ਬੀਬੀ ਇੰਜ ਸਮਝਾਵੇ
ਕਹਿੰਦੀ ਇੰਜ ਨੱਚ ਡਾਰੀਏ
ਨੀ ਇੰਜ ਨੱਚ ਡਾਰੀਏ
Deor bharjayii
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੇ ਕਰੇਲੇ
ਛੋਟੇ ਦਿਉਰ ਬਿਨਾਂ ਕੌਣ ਲਿਜਾਊ
ਮੇਲੇ ਛੋਟੇ ਦਿਉਰ ਬਿਨਾਂ ਕੌਣ ਲਿਜਾਊ ਮੇਲੇ
ਦਿਓਰ ਮੇਰੇ ਨੇ ਇਕ ਦਿਨ ਲੜਕੇ,
ਖੂਹ ਤੇ ਪਾ ਲਿਆ ਚੁਬਾਰਾ,
ਤਿੰਨ ਭਾਂਤ ਦੀ ਇੱਟ ਲਵਾਈ,
ਚਾਰ ਭਾਂਤ ਦਾ ਗਾਰਾ,
ਆਕੜ ਕਾਹਦੀ ਵੇ,
ਜੱਗ ਤੇ ਫਿਰੇਂ ਕੁਆਰਾ…
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਟਹਿਣਾ।
ਸਾਰਾ ਦਿਨ ਅੱਜ ਪਉਗਾ ਗਿੱਧਾ,
ਹਾਲ ਦਿਲਾਂ ਦਾ ਕਹਿਣਾ।
ਕੱਲ੍ਹ ਤੂੰ ਕਿਧਰੇ, ਮੈਂ ਕਿਧਰੇ ਤੁਰ ਜੂ,
ਫੇਰ ਨੀ ਰਲਕੇ ਬਹਿਣਾ।
ਸਭਨਾ ’ਚ ਰਹੇ ਖੇਡਦਾ…….
ਛੋਟਾ ਦਿਓਰ ਭਾਬੀਆਂ ਦਾ ਗਹਿਣਾ।
ਕੀ ਮੁੰਡਿਆਂ ਤੂੰ
ਭੁੱਖ ਭੁੱਖ ਲਾਈ ਐ
ਖਾ ਲੈ ਰੋਟੀ ਵੇ .
ਜਿਹੜੀ ਭਾਬੋ ਨੇ ਪਕਾਈ ਐ।
ਤਾਵੇ-ਤਾਵੇ-ਤਾਵੇ .
ਭਾਬੀ ਦਿਉਰ ਬਿਨਾਂ
ਫੁੱਲ ਮਾਂਗੂ ਕੁਮਲਾਵੇ
ਲੰਘਦੀ ਐ ਹਿੱਕ ਤਾਣ ਕੇ
ਜ਼ੋਰ ਭਾਬੀ ਤੋਂ ਨਾ ਥੰਮਿਆ ਜਾਵੇ
ਭਾਬੀ ਦੇ ਪੰਘੂੜੇ ਝੂਟਦਾ
ਛੋਟਾ ਦਿਉਰ ਫੁੰਮਣੀਆਂ ਪਾਵੇ
ਮਿਰਚਾਂ ਵਾਰ ਸੱਸੀਏ
ਕਿਤੇ ਜੇਠ ਦੀ ਨਜ਼ਰ ਲੱਗ ਜਾਵੇ
ਜੇਠ ਨੂੰ ਜੁਖਾਮ ਹੋ ਗਿਆ।
ਗੋਰੇ ਰੰਗ ਦੀ ਵਾਸ਼ਨਾ ਆਵੇ।
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦਾ ਕੇਲਾ
ਛੋਟੇ ਦਿਉਰ ਬਿਨਾਂ
ਕੌਣ ਦੁਖਾਉ ਮੇਲਾ |
ਝਾਵਾਂ!ਝਾਵਾਂ!ਝਾਵਾਂ!
ਦਿਉਰ ਜੁਆਨ ਹੋ ਗਿਆ
ਉਹਨੂੰ ਅੱਖੀਆਂ ਨਾਲ ਪਰਚਾਵਾਂ।
ਨੀਤ ਉਹਦੀ ਦਿਸੇ ਫਿੱਟਦੀ,
ਕਦੇ ਕੱਲੀ ਨਾ ਖੇਤ ਨੂੰ ਜਾਵਾਂ।
ਕਹਿੰਦਾ ਭਾਬੀ ਆਈਂ ਕੱਲ੍ਹ ਨੂੰ ,
ਹੋਲਾਂ ਭੁੰਨ ਕੇ ਤੈਨੂੰ ਖੁਆਵਾਂ।
ਨਿੱਕੀ ਭੈਣ ਵਿਆਹ ਦੇ ਨੀ,
ਤੈਨੂੰ ਨੱਤੀਆਂ ਸੋਨੇ ਦੀਆਂ ਪਾਵਾਂ।
ਮੈਨੂੰ ਲੈ ਜਾਵੇ ਤੈਨੂੰ
ਦਿਲ ਦਾ ਹਾਲ ਸੁਣਾਵਾਂ।
ਘਰ ਤਾਂ ਜਿਨ੍ਹਾਂ ਦੇ ਕੋਲੋ ਕੋਲੀ,
ਖੇਤ ਜਿਨ੍ਹਾਂ ਦੇ ਨਿਆਈਆਂ।
ਫੜ ਕੇ ਗੋਪੀਆ ਚੜ੍ਹਗੀ ਮਨ੍ਹੇ ਤੇ,
ਚਿੜੀਆਂ ਖੁਬ ਉਡਾਈਆਂ।
ਜੱਟਾਂ ਦੇ ਪੁੱਤ ਸਾਧੂ ਹੋ ਗਏ,
ਸਿਰ ਤੇ ਜਟਾਂ ਰਖਾਈਆਂ।
ਫੜ ਕੇ ਬਗਲੀ ਮੰਗਣ ਚੜ੍ਹ ਪਏ,
ਖੈਰ ਨਾ ਪਾਉਂਦੀਆਂ ਮਾਈਆਂ।
ਝੁਕ ਝੁਕ ਦੇਖਦੀਆਂ
ਦਿਓਰਾਂ ਨੂੰ ਭਰਜਾਈਆਂ।
ਹੁਣ ਨਹੀਂ ਸਿਆਣੀਆਂ,
ਦਿਓਰਾਂ ਨੂੰ ਭਰਜਾਈਆਂ।