ਤੇਰੇ ਨਾਮ ਦੀ ਫੇਰਦੀ ਮਾਲਾ,
ਮਿਲ ਜਾ ਰੱਬ ਬਣ ਕੇ।
Deor bharjayii
ਘਰ ਤਾਂ ਜਿਨ੍ਹਾਂ ਦੇ ਕੋਲੋ ਕੋਲੀ,
ਖੇਤ ਜਿਨ੍ਹਾਂ ਦੇ ਨਿਆਈਆਂ।
ਫੜ ਕੇ ਗੋਪੀਆ ਚੜ੍ਹਗੀ ਮਨ੍ਹੇ ਤੇ,
ਚਿੜੀਆਂ ਖੁਬ ਉਡਾਈਆਂ।
ਜੱਟਾਂ ਦੇ ਪੁੱਤ ਸਾਧੂ ਹੋ ਗਏ,
ਸਿਰ ਤੇ ਜਟਾਂ ਰਖਾਈਆਂ।
ਫੜ ਕੇ ਬਗਲੀ ਮੰਗਣ ਚੜ੍ਹ ਪਏ,
ਖੈਰ ਨਾ ਪਾਉਂਦੀਆਂ ਮਾਈਆਂ।
ਝੁਕ ਝੁਕ ਦੇਖਦੀਆਂ
ਦਿਓਰਾਂ ਨੂੰ ਭਰਜਾਈਆਂ।
ਹੁਣ ਨਹੀਂ ਸਿਆਣੀਆਂ,
ਦਿਓਰਾਂ ਨੂੰ ਭਰਜਾਈਆਂ।
ਭਾਬੀ, ਭਾਬੀ, ਕਰਦਾ ਭਾਬੀਏ,
ਪਦਾਂ ਤੇਰੀ ਬਾਣੀ।
ਨਿੱਕੀ ਜਹੀ ਗੱਲ ਬਣਾ ਲਈ ਵੱਡੀ,
ਤੰਦ ਦੀ ਬਣ ਗੀਤਾਣੀ।
ਆ ਭਾਬੀ ਘਰ ਬਾਰ ਸਾਂਭ ਲੈ,
ਰੱਖੂ ਬਣਾ ਕੇ ਰਾਣੀ।
ਮਰਦੇ ਦੇਵਰ ਦੇਪਾ ਦੇ
ਮੁੰਹ ਵਿੱਚ ਪਾਣੀ।
ਏਧਰ ਕਣਕਾਂ ਉਧਰ ਕਣਕਾਂ
ਵਿੱਚ ਕਣਕਾਂ ਦੇ ਰਾਹ ਕਿਹੜਾ
ਦਿਉਰਾ ਵੇ ਕੈਂਠੇ ਵਾਲਿਆ ।
ਮੈਨੂੰ ਤੇਰੇ ਵਿਆਹ ਦਾ ਚਾਅ ਬਥੇਰਾ।
ਏਧਰ ਬੈਠੇ ਉਧਰ ਬੈਠੇ
ਝੱਲਦਾ ਰਹਿੰਦਾ ਪੱਖੀ
ਔਖਾ ਹੋਵੇਂਗਾ ਦਿਉਰਾ
ਜੇ ਨਾਜੋ ਲਾਡਲੀ ਰੱਖੀ।
ਲਿਆ ਦਿਉਰਾ ਤੇਰਾ ਕੁੜਤਾ ਧੋ ਦਿਆਂ
ਪਾ ਕੇ ਕਲਮੀ ਸ਼ੋਰਾ
ਵਿੱਚ ਭਰਜਾਈਆਂ ਦੇ
ਬੋਲ ਕਲਹਿਰੀਆ ਮੋਰਾ।
ਝਾ
ਵਾਂ-ਝਾਵਾਂ-ਝਾਵਾਂ
ਮੰਗ ਦੇ ਕੁਆਰੇ ਦਿਉਰ ਨੂੰ
ਤੈਨੂੰ ਵਾਸਤੇ ਭਾਬੀਏ ਪਾਵਾਂ।
ਸਰਾਣੇ ਬੈਠੀ ਬਾਂਦਰੀ
ਤੇ ਪੈਂਦੇ ਬੈਠੀ ਕੁੱਤੀ
ਮੂਰਖਾ ਦਿਉਰਾ ਵੇ
ਦਰਾਣੀ ਕਾਹਤੋਂ ਕੁੱਟੀ।
ਵਗਦੀ ਰਾਵੀ ਦੇ ਵਿੱਚ ਬੂਟਾ ਵੇ ਜੁਵੈਣ ਦਾ
ਦੇਖ ਦਿਉਰਾ ਤੈਨੂੰ ਸਾਕ ਲਿਆਵਾਂ ਛੋਟੀ ਭੈਣ ਦਾ।
ਨਹੀਂ ਤਾਂ ਦਿਉਰਾ ਵਿਆਹ ਕਰਵਾ ਲੈ
ਨਹੀਂ ਤਾਂ ਕੱਢ ਲੈ ਕੰਧ ਵੇਂ
ਮੈਂ ਬੁਰੀ ਕਰੂੰਗੀ .
ਨੀਮੀਂ ਪਾ ਕੇ ਲੰਘ ਵੇ।
ਦਿਉਰਾ ਵੇ ਸਾਨੂੰ ਭੁੱਖਾਂ ਵੇ ਲੱਗੀਆਂ
ਥਾਲ ਲੱਗਾ ਲਿਆਈਂ ਵੇ ਹਲਵਾਈ ਤੋਂ
ਸੁਣ ਭਾਬੋ ਨੀ ਅਨੋਖੜੀਏ
ਡਰ ਲੱਗਦਾ ਵੱਡੇ ਭਾਈ ਤੋਂ।
ਦਿਉਰਾ ਵੇ ਸਾਨੂੰ ਪਾਲਾ ਵੇ ਲੱਗਦਾ
ਪੱਲਾ ਦੇ ਦਿਉ ਜੀ ਰਜਾਈ ਦਾ
ਸੁਣ ਭਾਬੋ ਨੀ ਅਨੋਖੜੀਏ
ਡਰ ਲੱਗਦਾ ਵੱਡੇ ਭਾਈ ਦਾ।