ਧਨਾਸਰੀ ਮਹਲਾ ੫ ॥
ਤ੍ਰਿਪਤਿ ਭਈ ਸਚੁ ਭੋਜਨੁ ਖਾਇਆ ॥ ਮਨਿ ਤਨਿ ਰਸਨਾ ਨਾਮੁ ਧਿਆਇਆ ॥੧॥ ਜੀਵਨਾ ਹਰਿ ਜੀਵਨਾ ॥ ਜੀਵਨੁ ਹਰਿ ਜਪਿ ਸਾਧਸੰਗਿ ॥੧॥ ਰਹਾਉ ॥
ਹੇ ਭਾਈ! ਜਿਸ ਮਨੁੱਖ ਨੇ ਆਪਣੇ ਮਨ ਵਿਚ, ਹਿਰਦੇ ਵਿਚ, ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਜਿਸ ਨੇ ਸਦਾ ਥਿਰ ਹਰਿ ਨਾਮ (ਦੀ) ਖ਼ੁਰਾਕ ਖਾਣੀ ਸ਼ੁਰੂ ਕਰ ਦਿੱਤੀ ਉਸ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਸ਼ਾਂਤੀ ਆ ਜਾਂਦੀ ਹੈ।੧। ਹੇ ਭਾਈ! ਸਾਧ ਸੰਗਤਿ ਵਿਚ (ਬੈਠ ਕੇ) ਪਰਮਾਤਮਾ ਦਾ ਨਾਮ ਜਪਿਆ ਕਰੋ ਇਹੀ ਹੈ ਅਸਲ ਜੀਵਨ, ਇਹੀ ਹੈ ਅਸਲ ਜ਼ਿੰਦਗੀ।੧।ਰਹਾਉ।
daily hukamnama darbar sahib
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥
ਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ, (ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ॥ ਰਹਾਉ ॥ (ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ, ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ। (ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ, ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤ ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ ॥੧॥
ਅੰਗ: 656 | 02-12-2022
ਧਨਾਸਰੀ ਮਹਲਾ ੪ ॥
ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥ ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਮੁਖਿ ਦੇਵਹੁ ਹਰਿ ਨਿਮਖਾਤੀ ॥੧॥ ਹਰਿ ਬਿਨੁ ਰਹਿ ਨ ਸਕਉ ਇਕ ਰਾਤੀ ॥ ਜਿਉ ਬਿਨੁ ਅਮਲੈ ਅਮਲੀ ਮਰਿ ਜਾਈ ਹੈ ਤਿਉ ਹਰਿ ਬਿਨੁ ਹਮ ਮਰਿ ਜਾਤੀ ॥ ਰਹਾਉ ॥
ਹੇ ਹਰੀ! ਹੇ ਸੁਆਮੀ! ਮੈਂ ਪਪੀਹਾ ਤੇਰੇ ਨਾਮ ਬੂੰਦ ਵਾਸਤੇ ਤੜਫ਼ ਰਿਹਾ ਹਾਂ। (ਮੇਹਰ ਕਰ), ਤੇਰਾ ਨਾਮ ਮੇਰੇ ਵਾਸਤੇ (ਸ੍ਵਾਂਤੀ) ਬੂੰਦ ਬਣ ਜਾਏ। ਹੇ ਹਰੀ! ਹੇ ਪ੍ਰਭੂ! ਆਪਣੀ ਮੇਹਰ ਕਰ, ਅੱਖ ਦੇ ਝਮਕਣ ਜਿਤਨੇ ਸਮੇ ਵਾਸਤੇ ਹੀ ਮੇਰੇ ਮੂੰਹ ਵਿਚ (ਆਪਣੀ ਨਾਮ ਦੀ ਸ੍ਵਾਂਤੀ) ਬੂੰਦ ਪਾ ਦੇ ॥੧॥ ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਰਤਾ ਭਰ ਸਮੇ ਲਈ ਭੀ ਰਹਿ ਨਹੀਂ ਸਕਦਾ। ਜਿਵੇਂ (ਅਫ਼ੀਮ ਆਦਿਕ) ਨਸ਼ੇ ਤੋਂ ਬਿਨਾ ਅਮਲੀ (ਨਸ਼ੇ ਦਾ ਆਦੀ) ਮਨੁੱਖ ਤੜਫ਼ ਉੱਠਦਾ ਹੈ, ਤਿਵੇਂ ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਘਬਰਾ ਜਾਂਦਾ ਹਾਂ ॥ ਰਹਾਉ ॥
ਅੰਗ: 668 | 01-10-2022
ਰਾਗੁ ਧਨਾਸਿਰੀ ਮਹਲਾ ੩ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥੧॥ ਹੰਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ ॥ ਕਰਣ ਕਾਰਣ ਸਭਨਾ ਕਾ ਏਕੋ ਅਵਰੁ ਨ ਦੂਜਾ ਕੋਈ ॥੧॥ ਰਹਾਉ ॥
ਹੇ ਪ੍ਰਭੂ! ਅਸੀਂ ਜੀਵ ਤੇਰੇ (ਦਰ ਦੇ) ਮੰਗਤੇ ਹਾਂ, ਤੂੰ ਸੁਤੰਤਰ ਰਹਿ ਕੇ ਸਭ ਨੂੰ ਦਾਤਾਂ ਦੇਣ ਵਾਲਾ ਹੈਂ। ਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ। ਮੈਨੂੰ ਮੰਗਤੇ ਨੂੰ ਆਪਣਾ ਨਾਮ ਦੇਹ (ਤਾ ਕਿ) ਮੈਂ ਸਦਾ ਤੇਰੇ ਪ੍ਰੇਮ ਰੰਗ ਵਿਚ ਰੰਗਿਆ ਰਹਾਂ ॥੧॥ ਹੇ ਪ੍ਰਭੂ! ਮੈਂ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਤੋਂ ਸਦਕੇ ਜਾਂਦਾ ਹਾਂ। ਤੂੰ ਸਾਰੇ ਜਗਤ ਦਾ ਮੂਲ ਹੈਂ; ਤੂੰ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈਂ ਕੋਈ ਹੋਰ (ਤੇਰੇ ਵਰਗਾ) ਨਹੀਂ ਹੈ ॥੧॥ ਰਹਾਉ ॥
ਅੰਗ: 666 | 30-11-2022
ਧਨਾਸਰੀ ਮਹਲਾ ੩ ॥
ਸਦਾ ਧਨੁ ਅੰਤਰਿ ਨਾਮੁ ਸਮਾਲੇ ॥ ਜੀਅ ਜੰਤ ਜਿਨਹਿ ਪ੍ਰਤਿਪਾਲੇ ॥ ਮੁਕਤਿ ਪਦਾਰਥੁ ਤਿਨ ਕਉ ਪਾਏ ॥ ਹਰਿ ਕੈ ਨਾਮਿ ਰਤੇ ਲਿਵ ਲਾਏ ॥੧॥ ਗੁਰ ਸੇਵਾ ਤੇ ਹਰਿ ਨਾਮੁ ਧਨੁ ਪਾਵੈ ॥ ਅੰਤਰਿ ਪਰਗਾਸੁ ਹਰਿ ਨਾਮੁ ਧਿਆਵੈ ॥ ਰਹਾਉ ॥
ਹੇ ਭਾਈ! ਨਾਮ ਧਨ ਨੂੰ ਆਪਣੇ ਅੰਦਰ ਸਾਂਭ ਕੇ ਰੱਖ। ਉਸ ਪਰਮਾਤਮਾ ਦਾ ਨਾਮ (ਐਸਾ) ਧਨ (ਹੈ ਜੋ) ਸਦਾ ਸਾਥ ਨਿਬਾਹੁੰਦਾ ਹੈ, ਜਿਸ ਪਰਮਾਤਮਾ ਨੇ ਸਾਰੇ ਜੀਵਾਂ ਦੀ ਪਾਲਣਾ (ਕਰਨ ਦੀ ਜ਼ਿੰਮੇਵਾਰੀ) ਲਈ ਹੋਈ ਹੈ। ਹੇ ਭਾਈ! ਵਿਕਾਰਾਂ ਤੋਂ ਖ਼ਲਾਸੀ ਕਰਾਣ ਵਾਲਾ ਨਾਮ-ਧਨ ਉਹਨਾਂ ਮਨੁੱਖਾਂ ਨੂੰ ਮਿਲਦਾ ਹੈ, ਜੇਹੜੇ ਸੁਰਤ ਜੋੜ ਕੇ ਪਰਮਾਤਮਾ ਦੇ ਨਾਮ (ਰੰਗ) ਵਿਚ ਰੰਗੇ ਰਹਿੰਦੇ ਹਨ ॥੧॥ ਹੇ ਭਾਈ! ਗੁਰੂ ਦੀ (ਦੱਸੀ) ਸੇਵਾ ਕਰਨ ਨਾਲ (ਮਨੁੱਖ) ਪਰਮਾਤਮਾ ਦਾ ਨਾਮ ਧਨ ਹਾਸਲ ਕਰ ਲੈਂਦਾ ਹੈ। ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ ਅੰਦਰ (ਆਤਮਕ ਜੀਵਨ ਦੀ) ਸੂਝ ਪੈਦਾ ਹੋ ਜਾਂਦੀ ਹੈ ॥ ਰਹਾਉ॥
ਅੰਗ: 664 | 29-11-2022
ਧਨਾਸਰੀ ਮਹਲਾ ੪ ਘਰੁ ੧ ਚਉਪਦੇ
ੴ ਸਤਿਗੁਰ ਪ੍ਰਸਾਦਿ ॥
ਜੋ ਹਰਿ ਸੇਵਹਿ ਸੰਤ ਭਗਤ ਤਿਨ ਕੇ ਸਭਿ ਪਾਪ ਨਿਵਾਰੀ ॥ ਹਮ ਊਪਰਿ ਕਿਰਪਾ ਕਰਿ ਸੁਆਮੀ ਰਖੁ ਸੰਗਤਿ ਤੁਮ ਜੁ ਪਿਆਰੀ ॥੧॥ ਹਰਿ ਗੁਣ ਕਹਿ ਨ ਸਕਉ ਬਨਵਾਰੀ ॥ ਹਮ ਪਾਪੀ ਪਾਥਰ ਨੀਰਿ ਡੁਬਤ ਕਰਿ ਕਿਰਪਾ ਪਾਖਣ ਹਮ ਤਾਰੀ ॥ ਰਹਾਉ ॥
ਹੇ ਪ੍ਰਭੂ! ਤੇਰੇ ਜੇਹੜੇ ਸੰਤ ਜੇਹੜੇ ਭਗਤ ਤੇਰਾ ਸਿਮਰਨ ਕਰਦੇ ਹਨ, ਤੂੰ ਉਹਨਾਂ ਦੇ (ਪਿਛਲੇ ਕੀਤੇ) ਸਾਰੇ ਪਾਪ ਦੂਰ ਕਰਨ ਵਾਲਾ ਹੈ। ਹੇ ਮਾਲਕ-ਪ੍ਰਭੂ! ਸਾਡੇ ਉੱਤੇ ਭੀ ਮੇਹਰ ਕਰ, (ਸਾਨੂੰ ਉਸ) ਸਾਧ ਸੰਗਤਿ ਵਿਚ ਰੱਖ ਜੇਹੜੀ ਤੈਨੂੰ ਪਿਆਰੀ ਲੱਗਦੀ ਹੈ ।੧। ਹੇ ਹਰੀ! ਹੇ ਪ੍ਰਭੂ! ਮੈਂ ਤੇਰੇ ਗੁਣ ਬਿਆਨ ਨਹੀਂ ਕਰ ਸਕਦਾ। ਅਸੀ ਜੀਵ ਪਾਪੀ ਹਾਂ, ਪਾਪਾਂ ਵਿਚ ਡੁੱਬੇ ਰਹਿੰਦੇ ਹਾਂ, ਜਿਵੇਂ ਪੱਥਰ ਪਾਣੀ ਵਿਚ ਡੁੱਬੇ ਰਹਿੰਦੇ ਹਨ। ਮੇਹਰ ਕਰ, ਸਾਨੂੰ ਪੱਥਰਾਂ (ਪੱਥਰ ਦਿਲਾਂ) ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈ ।ਰਹਾਉ।
ਅੰਗ: 666 | 28-11-2022
ਵਡਹੰਸੁ ਮਹਲਾ ੩ ॥
ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਏ ॥ ਗੁਰਿ ਰਾਖੇ ਸੇ ਉਬਰੇ ਹੋਰੁ ਮਰਿ ਜੰਮੈ ਆਵੈ ਜਾਏ ॥ ਹੋਰਿ ਮਰਿ ਜੰਮਹਿ ਆਵਹਿ ਜਾਵਹਿ ਅੰਤਿ ਗਏ ਪਛੁਤਾਵਹਿ ਬਿਨੁ ਨਾਵੈ ਸੁਖੁ ਨ ਹੋਈ ॥ ਐਥੈ ਕਮਾਵੈ ਸੋ ਫਲੁ ਪਾਵੈ ਮਨਮੁਖਿ ਹੈ ਪਤਿ ਖੋਈ ॥
ਇਹ ਸਰੀਰ ਨਾਸ ਹੋ ਜਾਣ ਵਾਲਾ ਹੈ, ਇਸ ਨੂੰ ਬੁਢੇਪਾ ਆ ਦਬਾਂਦਾ ਹੈ। ਜਿਨ੍ਹਾਂ ਦੀ ਗੁਰੂ ਨੇ ਰੱਖਿਆ ਕੀਤੀ, ਉਹ (ਮੋਹ ਵਿਚ ਗ਼ਰਕ ਹੋਣ ਤੋਂ) ਬਚ ਜਾਂਦੇ ਹਨ ਪਰ ਹੋਰ ਜਮਦੇ ਤੇ ਮਰਦੇ ਹਨ। ਹੋਰ ਜਮਦੇ ਤੇ ਮਰਦੇ ਹਨ ਤੇ ਅੰਤ (ਮਰਨ) ਵੇਲੇ ਪਛਤਾਂਦੇ ਹਨ; ਹਰਿ-ਨਾਮ ਤੋਂ ਬਿਨਾ ਆਤਮਕ-ਜੀਵਨ ਦਾ ਸੁੱਖ ਨਹੀਂ ਮਿਲਦਾ। ਇਸ ਲੋਕ ਵਿਚ ਜੀਵ ਜੇਹੜੀ ਕਰਣੀ ਕਮਾਂਦਾ ਹੈ ਉਹੀ ਫਲ ਭੋਗਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ (ਪ੍ਰਭੂ ਦਰਬਾਰ ਵਿਚ) ਆਪਣੀ ਇੱਜ਼ਤ ਗਵਾ ਲੈਂਦਾ ਹੈ।
ਅੰਗ: 584 | 27-11-2022
ਵਡਹੰਸੁ ਮਹਲਾ ੩ ॥
ਰਸਨਾ ਹਰਿ ਸਾਦਿ ਲਗੀ ਸਹਜਿ ਸੁਭਾਇ ॥ ਮਨੁ ਤ੍ਰਿਪਤਿਆ ਹਰਿ ਨਾਮੁ ਧਿਆਇ ॥੧॥ ਸਦਾ ਸੁਖੁ ਸਾਚੈ ਸਬਦਿ ਵੀਚਾਰੀ ॥ ਆਪਣੇ ਸਤਗੁਰ ਵਿਟਹੁ ਸਦਾ ਬਲਿਹਾਰੀ ॥੧॥ ਰਹਾਉ ॥
ਹੇ ਭਾਈ! ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਦੀ ਜੀਭ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਲੱਗਦੀ ਹੈ, ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ, ਪ੍ਰਭੂ ਪ੍ਰੇਮ ਵਿਚ ਜੁੜ ਜਾਂਦਾ ਹੈ। ਪਰਮਾਤਮਾ ਦਾ ਨਾਮ ਸਿਮਰ ਕੇ ਉਸ ਦਾ ਮਨ ਮਾਇਆ ਦੀ ਤ੍ਰਿਸ਼ਨਾ ਵਲੋਂ ਰੱਜ ਜਾਂਦਾ ਹੈ ।੧। ਮੈਂ ਆਪਣੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਜਿਸ ਦੇ ਸਦਾ ਥਿਰ ਪ੍ਰਭੂ ਦੀ ਸਿਫ਼ਤਿ ਸਾਲਾਹ ਵਾਲੇ ਸ਼ਬਦ ਵਿਚ ਜੁੜਿਆਂ ਵਿਚਾਰਵਾਨ ਹੋ ਜਾਈਦਾ ਹੈ ਤੇ ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ ।੧।ਰਹਾਉ।
ਅੰਗ: 560 | 26-11-2022
ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ
ੴ ਸਤਿਗੁਰ ਪ੍ਰਸਾਦਿ ॥
ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥ ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ॥੧॥
ਗੁਰੂ (ਮਾਨੋ) ਇਕ ਸਮੁੰਦਰ (ਹੈ ਜੋ ਪ੍ਰਭੂ ਦੀ ਸਿਫ਼ਤਿ ਸਾਲਾਹ ਦੇ) ਰਤਨਾਂ ਨਾਲ ਨਕਾਨਕ ਭਰਿਆ ਹੋਇਆ ਹੈ। ਗੁਰਮੁਖ ਸਿੱਖ (ਉਸ ਸਾਗਰ ਵਿਚੋਂ) ਆਤਮਕ ਜੀਵਨ ਦੇਣ ਵਾਲੀ ਖ਼ੁਰਾਕ (ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੋਤੀ) ਚੁਗਦੇ ਹਨ, (ਤੇ ਗੁਰੂ ਤੋਂ) ਦੂਰ ਨਹੀਂ ਰਹਿੰਦੇ। ਪ੍ਰਭੂ ਦੀ ਮੇਹਰ ਅਨੁਸਾਰ ਸੰਤ ਹੰਸ ਹਰਿ ਨਾਮ ਰਸ (ਦੀ) ਚੋਗ ਚੁਗਦੇ ਹਨ। (ਗੁਰਸਿੱਖ) ਹੰਸ (ਗੁਰੂ) ਸਰੋਵਰ ਵਿਚ (ਟਿਕਿਆ ਰਹਿੰਦਾ ਹੈ, ਤੇ) ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ।੧।
ਅੰਗ: 685 | 25-11-2022
ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ
ੴ ਸਤਿਗੁਰ ਪ੍ਰਸਾਦਿ ॥
ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥ ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ॥੧॥
ਗੁਰੂ (ਮਾਨੋ) ਇਕ ਸਮੁੰਦਰ (ਹੈ ਜੋ ਪ੍ਰਭੂ ਦੀ ਸਿਫ਼ਤਿ ਸਾਲਾਹ ਦੇ) ਰਤਨਾਂ ਨਾਲ ਨਕਾਨਕ ਭਰਿਆ ਹੋਇਆ ਹੈ। ਗੁਰਮੁਖ ਸਿੱਖ (ਉਸ ਸਾਗਰ ਵਿਚੋਂ) ਆਤਮਕ ਜੀਵਨ ਦੇਣ ਵਾਲੀ ਖ਼ੁਰਾਕ (ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੋਤੀ) ਚੁਗਦੇ ਹਨ, (ਤੇ ਗੁਰੂ ਤੋਂ) ਦੂਰ ਨਹੀਂ ਰਹਿੰਦੇ। ਪ੍ਰਭੂ ਦੀ ਮੇਹਰ ਅਨੁਸਾਰ ਸੰਤ ਹੰਸ ਹਰਿ ਨਾਮ ਰਸ (ਦੀ) ਚੋਗ ਚੁਗਦੇ ਹਨ। (ਗੁਰਸਿੱਖ) ਹੰਸ (ਗੁਰੂ) ਸਰੋਵਰ ਵਿਚ (ਟਿਕਿਆ ਰਹਿੰਦਾ ਹੈ, ਤੇ) ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ।੧।
ਅੰਗ: 685 | 24-11-2022
ਸੋਰਠਿ ਮਹਲਾ ੯ ॥
ਇਹ ਜਗਿ ਮੀਤੁ ਨ ਦੇਖਿਓ ਕੋਈ ॥ ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥ ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥ ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥੧॥
ਹੇ ਭਾਈ! ਇਸ ਜਗਤ ਵਿਚ ਕੋਈ (ਤੋੜ ਸਾਥ ਨਿਬਾਹੁਣ ਵਾਲਾ) ਮਿੱਤਰ (ਮੈਂ) ਨਹੀਂ ਵੇਖਿਆ। ਸਾਰਾ ਸੰਸਾਰ ਆਪਣੇ ਸੁਖ ਵਿਚ ਹੀ ਜੁੱਟਾ ਪਿਆ ਹੈ। ਦੁੱਖ ਵਿਚ (ਕੋਈ ਕਿਸੇ ਦੇ) ਨਾਲ (ਸਾਥੀ) ਨਹੀਂ ਬਣਦਾ ॥੧॥ ਰਹਾਉ ॥ ਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਰਿਸ਼ਤੇਦਾਰ ਇਹ ਸਾਰੇ ਧਨ ਨਾਲ (ਹੀ) ਪਿਆਰ ਕਰਦੇ ਹਨ। ਜਦੋਂ ਹੀ ਇਹਨਾਂ ਨੇ ਮਨੁੱਖ ਨੂੰ ਕੰਗਾਲ ਵੇਖਿਆ, (ਤਦੋਂ) ਸਾਥ ਛੱਡ ਕੇ ਨੱਸ ਜਾਂਦੇ ਹਨ ॥੧॥
ਅੰਗ: 633 | 23-11-2022
ਧਨਾਸਰੀ ਮਹਲਾ ੪ ॥
ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥ ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥
ਹੇ ਮੇਰੇ ਪਾਤਿਸ਼ਾਹ! (ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ। ਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਕੋਈ ਹੋਰ ਕੀ ਜਾਣ ਸਕਦਾ ਹੈ ? ॥ ਰਹਾਉ ॥ ਹੇ ਮੇਰੇ ਪਾਤਿਸ਼ਾਹ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਅਟੱਲ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਭੀ ਉਕਾਈ ਹੀਣ ਹੈ (ਉਸ ਵਿਚ ਭੀ ਕੋਈ ਊਣਤਾ ਨਹੀਂ)। ਹੇ ਪਾਤਿਸ਼ਾਹ! (ਸਾਰੇ ਸੰਸਾਰ ਵਿਚ ਤੈਥੋਂ ਬਿਨਾ) ਹੋਰ ਕੋਈ ਨਹੀਂ ਹੈ (ਇਸ ਵਾਸਤੇ) ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ ॥੧॥
ਅੰਗ: 670 | 22-11-2022