ਹੋਸਟਲ ਦੀ ਮੈੱਸ ਵਿੱਚ ਸਾਰੀਆਂ ਕੁਰਸੀਆਂ ਭਰੀਆਂ ਹੋਈਆਂ ਸੀ । ਐਤਵਾਰ ਦਾ ਦਿਨ ਹੋਣ ਕਰਕੇ ਸਭ ਸਮੇਂ ਸਿਰ ਮੈੱਸ ਪਹੁੰਚ ਗਏ । ਇੱਕ ਮੁੰਡਾ ਰੋਟੀਆਂ ਵੰਡ ਰਿਹਾ ਸੀ । ਇੱਕ ਸਬਜੀ ਅਤੇ ਚੌਲ ਵੰਡ ਰਿਹਾ ਸੀ । ਅੰਦਰ ਵੱਡੇ ਵੱਡੇ ਮੇਜਾਂ ਉੱਪਰ ਗਰੁੱਪ ਬਣਾ ਕਿ ਬੈਠੇ ਮੁੰਡੇ ਨਾਲੇ ਤਾਂ ਇੱਕ ਦੂਜੇ ਨਾਲ ਹਾਸਾ ਮਜਾਕ ਕਰੀ ਜਾ ਰਹੇ ਸੀ ਤੇ ਨਾਲੇ ਰੋਟੀ ਖਾਈ ਜਾ ਰਹੇ ਸੀ । ਸਭ ਆਪਣੇ ਆਪ ਵਿੱਚ ਵਿਅਸਤ ਸਨ ।
ਸਫੇਦ ਰੰਗ ਦੀ ਲੋਈ ਜੋਂ ਪੀਲੀ ਪਈ ਹੋਈ ਸੀ ਤੇ ਭੂਰੇ ਜਿਹੇ ਰੰਗ ਦਾ ਕੁੜਤਾ ਪਜਾਮਾ ਪਾ ਉਹ ਵੀ ਮੈੱਸ ਦੇ ਗੇਟ ਤੇ ਤਾਂ ਸਮੇਂ ਸਿਰ ਆ ਗਿਆ ਸੀ । ਪਰ ਅੰਦਰ ਵੜਨ ਦੀ ਹਿੰਮਤ ਨਾ ਹੋਈ ਉਸਦੀ । ਗੇਟ ਕੋਲ ਲੱਗੀ ਟੂਟੀ ਤੋਂ ਪਾਣੀ ਪੀਣ ਲੱਗ ਗਿਆ ਤੇ ਪਾਣੀ ਦੀਆਂ ਘੁੱਟਾਂ ਭਰਦਾ ਹੋਇਆ, ਦਿਮਾਗ ਵਿੱਚ ਹਿਸਾਬ ਲਗਾਉਣ ਲੱਗ ਪਿਆ ਕਿ “ਇਸ ਮਹੀਨੇ ਦੇ ਬਿੱਲ ਨੂੰ ਵਧਣ ਨਹੀ ਦੇਣਾ ਕਿਉਕਿ ਇਸ ਵਾਰ ਏਗਜਾਮੀਨੇਸ਼ਨ ਫੀਸ ਵੀ ਭਰਣੀ ਹੈ। ਮੈੱਸ ਦੇ ਰੂਲ ਅਨੁਸਾਰ ਬੰਨੀਆਂ ਹੋਈਆਂ 20 ਡਾਇਟਾ ਤਾਂ ਪਹਿਲਾ ਹੀ ਪੂਰੀ ਹੋ ਚੁੱਕੀਆਂ ਹਨ , ਇਸ ਲਈ ਵੱਧ ਡਾਇਟਾ ਖਾਉ ਤਾਂ ਬਿੱਲ ਵੀ ਵਧ ਜਾਊ।”
ਉਹ ਘੁੱਟਾਂ ਭਰ ਹੀ ਰਿਹਾ ਸੀ ਕਿ ਉਸਦੇ ਇੱਕ ਮਿੱਤਰ ਨੇ ਪਿੱਛੋਂ ਆਕੇ ਢੂਈ ਵਿੱਚ ਧੱਫਾ ਮਾਰਦੇ ਹੋਏ ਕਿਹਾ , “ਉਏ ਬਸ ਕਰ ਗੁਰੂ ਹੁਣ ਕੀ ਟੈਂਕੀ ਖਾਲੀ ਕਰੇਗਾ , ਸਾਡੇ ਲਈ ਵੀ ਛੱਡਦੇ ਪਾਣੀ , ਰੋਟੀ ਖਾ ਲਈ ?”
“ਨਹੀ, ਖਾਣੀ ਨਹੀ । ਭੁੱਖ ਹੈਨੀ” ਉਸਨੇ ਉੱਤਰ ਦਿੱਤਾ ।
ਦੋਸਤ ਸਾਰੀ ਗੱਲ ਜਾਣਦਾ ਸੀ ਕਿ ਭੁੱਖ ਤਾਂ ਹੈ , ਪਰ ਗਲ ਪਈ ਗ਼ਰੀਬੀ ਵਾਲੀ ਮਜਬੂਰੀ ਢਿੱਡ ਤੇ ਰੱਸਾ ਬੰਨਣ ਨੂੰ ਮਜਬੂਰ ਕਰ ਰਹੀ ਹੈ ।
“ਉਹ ਯਰ ਤੂੰ ਆਏ ਕਰ ਅੱਜ ਮੇਰੇ ਖਾਤੇ ਵਿੱਚ ਰੋਟੀ ਖਾ ਲੈ, ਥੋੜੀ ਬਹੁਤੀ ਥਾਂ ਤਾਂ ਹੋਊ ਹੀ ਢਿੱਡ ‘ਚ, ਅੱਜ ਮੈ ਰੋਟੀ ਨਹੀਂ ਖਾਣੀ ਮੈ ਬਾਹਰੋਂ ਖਾ ਆਇਆ ਸੀ , ਮੇਰੀਆਂ ਮਹੀਨੇ ਦੀਆਂ 20 ਡਾਇਟਾ ਵੀ ਪੂਰੀਆਂ ਨਹੀਂ ਹੋਣੀਆਂ ਇਸ ਵਾਰ । ਐਵੇਂ ਮੈੱਸ ਵਾਲਿਆ ਨੂੰ ਕਿਉਂ ਫਾਇਦਾ ਦੇਣਾ , ਆਪਾ ਆਪ ਫਾਇਦਾ ਲਈਏ। ”
ਬਹੁਤ ਨਾ ਨੁੱਕਰ ਕਰਨ ਦੇ ਬਾਵਜੂਦ ਵੀ ਦੋਸਤ ਨੇ ਇੱਕ ਨਾ ਮੰਨੀ ਤੇ ਉਸਨੂੰ ਮੈਸ ਵਿੱਚ ਲਜਾ ਕਿ ਮੈੱਸ ਵਾਲੇ ਨੂੰ ਕਹਿ ਦਿੱਤਾ ਕਿ ਇਸਦੀ ਡਾਇਟ ਮੇਰੇ ਖਾਤੇ ਵਿਚ ਪਾ ਦੇਣਾ । ਦੋਸਤ ਚਲਾ ਗਿਆ ਤੇ ਉਹ ਬੈਠ ਰੋਟੀ ਖਾਣ ਲੱਗ ਪਿਆ ।
ਰੋਟੀ ਖਾ ਕਿ ਜਦ ਉਹ ਮੁਨੀਮ ਕੋਲ ਪਈ ਸੌਂਫ ਖਾਣ ਲੱਗਾ ਤਾਂ ਉਸਦੀ ਨਜਰ ਆਪਣੇ ਦੋਸਤ ਦੇ ਖਾਤੇ ਉੱਪਰ ਪਈ ਜਿਸ ਵਿੱਚ ਦੁਪਿਹਰ ਦੀਆਂ ਦੋ ਡਾਇਟਾ ਲਿਖੀਆਂ ਹੋਈਆਂ ਸੀ ।
ਉਸਨੇ ਮੈੱਸ ਵਾਲੇ ਨੂੰ ਕਿਹਾ,” ਬਾਈ ਇੱਕ ਹੀ ਡਾਇਟ ਪਾਉਣੀ ਸੀ , ਮੇਰੇ ਦੋਸਤ ਨੇ ਤਾਂ ਰੋਟੀ ਖਾਦੀ ਹੀ ਨਹੀਂ । ਸਿਰਫ਼ ਮੈ ਹੀ ਖਾਦੀ ਹੈ ਉਸਦੀ ਥਾਂ”
“ਨਹੀ ਬਾਈ , ਉਹ ਵੀ ਖਾ ਕਿ ਗਿਆ ਸੀ ਤੇਰੇ ਤੋਂ ਪਹਿਲਾਂ ਹੀ , ਇੱਕ ਡਾਇਟ ਉੱਸੇ ਦੀ ਪਾਈ ਐ ।” ਮੈੱਸ ਵਾਲੇ ਨੇ ਜਵਾਬ ਦਿੱਤਾ ।
ਉਸਦੀਆਂ ਅੱਖਾਂ ਥੋੜੀਆਂ ਨਮ ਹੋ ਗਈਆਂ ਸੀ ਆਪਣੇ ਦੋਸਤ ਦੀ ਦੋਸਤੀ ਅਤੇ ਪਿਆਰ ਵਾਰੇ ਸੋਚ ਕਿ ਜਿਸ ਵਿੱਚ ਉਸਨੇ ਉਸਦੀ ਮਦਦ ਵੀ ਕਰ ਦਿੱਤੀ ਤੇ ਉਸਦੀ ਗ਼ਰੀਬੀ ਦਾ ਅਹਿਸਾਸ ਵੀ ਨਹੀਂ ਕਰਵਾਇਆ।
ਉਹ ਆਪਣੇ ਦੋਸਤ ਦੇ ਕਮਰੇ ਵਿੱਚ ਗਿਆ ਤੇ ਉਸਨੂੰ ਗਲੇ ਲਗਾਉਂਦਾ ਹੋਇਆ ਜਜਬਾਤਾਂ ਨਾਲ ਭਰੇ ਮਨ ਤੋਂ ਬੋਲਿਆ,”ਸ਼ੁਕਰੀਆ ਬਾਈ” ਤੇ ਬੋਲਦੇ ਬੋਲਦੇ ਜੱਫੀ ਉਸਨੇ ਹੋਰ ਕਸ ਲਈ ।
ਜਗਮੀਤ ਸਿੰਘ ਹਠੂਰ