ਸਟੇਟਸ (ਸੱਚੀ ਕਹਾਣੀ)
ਫੌਜ ਵਿਚੋਂ ਰਿਟਾਇਰਮੈਂਟ ਲੈਣ ਤੋਂ ਬਾਅਦ ਜਗੀਰ ਸਿੰਘ ਬੱਚਿਆਂ ਨੂੰ ਚੰਗੇਰੀ ਸਿੱਖਿਆ ਦਿਵਾਉਣ ਹਿਤ ਸਰਹੱਦੀ ਖੇਤਰ ਦੇ ਪਿੰਡ ਤੋਂ ਸ਼ਹਿਰ ਸ਼ਿਫਟ ਹੋ ਗਿਆ। ਕਾਲਜ ਦੇ ਪਹਿਲੇ ਦਿਨ ਉਹ ਬੱਸ ਸਟਾਪ ‘ਤੇ ਬੇਟੀ ਨੂੰ ਛੱਡਣ ਆਇਆ ਤਾਂ ਕਾਲਜ ਦੇ ਡਰਾਈਵਰ ਕੋਲੋਂ ਵਾਪਸੀ ਦੇ ਸਮੇਂ ਦਾ ਵੇਰਵਾ ਲੈ ਘਰ ਵਾਪਸ ਆ ਗਿਆ।
ਬੱਸ ਦੇ ਸਟਾਪਜ ਤੋਂ ਕਾਲਜ ਦੀ ਦੂਰੀ ਤਕਰੀਬਨ ਅੱਧੇ ਘੰਟੇ ਦੀ ਸੀ। ਡਰਾਈਵਰ ਵੱਲੋਂ ਵਾਪਸੀ ਦੇ ਦੱਸੇ ਸਮੇਂ ਸਾਢੇ ਤਿੰਨ ਤੋਂ ਦਸ ਮਿੰਟ ਪਹਿਲਾਂ ਹੀ ਪਹੁੰਚ ਜਗੀਰ ਸਿੰਘ ਬੱਸ ਦਾ ਇੰਤਜ਼ਾਰ ਕਰਨ ਲੱਗਾ। ਪੰਦਰਾਂ ਵੀਹ ਮਿੰਟ ਬਾਅਦ ਬੱਸ ਤਾਂ ਪਰ ਬੇਟੀ ਨੂੰ ੳਸ ਵਿੱਚ ਨਾ ਦੇਖ ਉਹ ਚਿੰਤਾਤੁਰ ਹੋ ਗਿਆ।ਪੁੱਛਣ ਤੇ ਡਰਾਈਵਰ ਨੇ ਦੱਸਿਆ ਕਿ ਦੋ ਤਿੰਨ ਬੱਸਾਂ ਆਉਂਦੀਆਂ ਨੇ ਇਸ ਰੂਟ ‘ਤੇ ਹੋ ਸਕਦਾ ਅਗਲੀ ਵਿੱਚ ਆ ਜਾਵੇ। ਏਨਾ ਕਹਿ ਬੱਸ ਵਾਲਾ ਤਾਂ ਚਲਾ ਗਿਆ ਪਰ ਉਸਦੀ ਆਪਣੀ ਹਾਲਤ ਖਰਾਬ ਹੋਣ ਲੱਗੀ।
ਬੇਟੀ ਨੂੰ ਵਾਰ-ਵਾਰ ਫੋਨ ਲਗਾਉਣ ਤੇ ਕੋਈ ਉੱਤਰ ਨਹੀਂ ਮਿਲਿਆ। ਉਸ ਨੂੰ ਹੋਰ ਵੀ ਫਿਕਰ ਹੋਣ ਲੱਗਾ। ਚਾਰ ਵਜੇ ਦੇ ਕਰੀਬ ਬੇਟੀ ਨੇ ਫੋਨ ‘ਤੇ ਦੱਸਿਆ ਕਿ ਮੇਰੀ ਬੱਸ ਮਿਸ ਹੋ ਗਈ ਸੀ ਇਸ ਲਈ ਨਹੀਂ ਆ ਸਕੀ।ਚਾਰ ਵਜੇ ਦੂਜੀ ਬੱਸ ਚੱਲਣੀ ਹੈ ਉਸ ਵਿੱਚ ਆਵਾਂਗੀ। ਉਸ ਕੋਲ ਇੰਤਜ਼ਾਰ ਕਰਨ ਤੋਂ ਇਲਾਵਾ ਹੋਰ ਕੋਈ ਰਾਸਤਾ ਨਹੀਂ ਸੀ। ਪਰ ਉਸ ਲਈ ਪਲ ਪਲ ਬਿਤਾਉਣਾ ਮੁਸ਼ਕਿਲ ਹੋ ਗਿਆ। ਥੋੜੀ ਦੇਰ ਬਾਅਦ ਇਹ ਪੁਖਤਾ ਕਰਨ ਲਈ ਕਿ ਬੱਸ ਚੱਲ ਪਈ ਕੀ ਨਹੀਂ….ਉਸ ਨੇ ਬਹੁਤ ਵਾਰ ਬੇਟੀ ਨੂੰ ਫੋਨ ਮਿਲਾਇਆ ਪਰ ਹਰ ਵਾਰ ਨਿਰਾਸ਼ਾ ਹੀ ਹੱਥ ਲੱਗੀ। ਇਸੇ ਦੌਰਾਨ ਦੂਜੀ ਬੱਸ ਵੀ ਨਿਕਲ ਗਈ ਪਰ ਜਦੋਂ ਬੇਟੀ ਨਹੀਂ ਆਈ ਤਾਂ ਹੁਣ ਉਸਦੀ ਜਾਨ ਟੁੱਟਣ ਲੱਗੀ ਅਤੇ ਹੱਥ ਪੈਰ ਕੰਬਣ ਲੱਗੇ। ਉਸਨੇ ਬਿਨ੍ਹਾਂ ਦੇਰ ਕੀਤਿਆਂ ਮੋਟਰਸਾਈਕਲ ਕਾਲਜ ਵੱਲ ਮੋੜ ਦਿੱਤਾ।ਕਾਲਜ ਦੇ ਗੇਟ ‘ਤੇ ਪਹੁੰਚ ਉਸਨੇ ਗੇਟਕੀਪਰ ਤੋਂ ਅੰਦਰ ਜਾਣ ਲਈ ਗੇਟ ਖੋਲ੍ਹਣ ਲਈ ਬੇਨਤੀ ਕੀਤੀ ਪਰ ਲੜਕੀਆਂ ਦਾ ਕਾਲਜ ਹੋਣ ਕਾਰਣ ਬਾਹਰਲੇ ਕਿਸੇ ਵੀ ਇਨਸਾਨ ਦਾ ਅੰਦਰ ਆਉਣਾ ਮਨ੍ਹਾ ਸੀ।ਕਾਲਜ ਪ੍ਰਬੰਧਕਾਂ ਨੂੰ ਬੁਲਾ ਜਦ ਉਸਨੇ ਆਪਣਾ ਸਾਬਕਾ ਫੌਜੀ ਦਾ ਸ਼ਨਾਖਤੀ ਕਾਰਡ ਦਿਖਾ ਕੇ ਆਪਣੀ ਮੁਸ਼ਕਿਲ ਦੱਸੀ ਤਾਂ ਪ੍ਰਬੰਧਕਾਂ ਨੇ ਕਿਹਾ ਕਿ ਅਜੇ ਕੁਝ ਲੜਕੀਆਂ ਕੰਟੀਨ ‘ਤੇ ਬੈਠੀਆਂ ਨੇ ਤੁਸੀਂ ਦੇਖ ਲਉ ਹੋ ਸਕਦਾ ਉੱਥੇ ਹੀ ਹੋਵੇ।
ਕੰਟੀਨ ‘ਤੇ ਜਾਂਦਿਆਂ ਹੀ ਉਸ ਦੇਖਿਆ ਕਿ ਉਸਦੀ ਬੇਟੀ ਹੋਰਨਾਂ ਲੜਕੀਆਂ ਨਾਲ ਬੈਠੀ ਗੱਪਾਂ ਮਾਰ ਰਹੀ ਸੀ।ਫੌਜੀ ਨੂੰ ਸੁਖ ਦਾ ਸਾਹ ਤਾਂ ਆਇਆ ਪਰ ਗੁੱਸਾ ਵੀ ਬਹੁਤ ਸੀ ਕਿ ਮੇਰਾ ਖੂਨ ਸੁੱਕ ਗਿਆ…ਤੂੰ ਘੱਟੋ ਫੋਨ ਤਾਂ ਚੁੱਕ ਕੇ ਦੱਸ ਦੇ ਕੇ ਲੇਟ ਆਉਣਾ…ਫੋਨ ਕਿਉਂ ਨਹੀਂ ਚੁੱਕ ਰਹੀ ਸੀ ??
ਬੇਟੀ ਨੇ ਜਵਾਬ ਦਿੱਤਾ,” ਪਾਪਾ ਮੇਰੀ ਪਹਿਲੀ ਬੱਸ ਨਿਕਲ ਗਈ ਸੀ…ਦੂਜੀ ਬੱਸ ਚਾਰ ਵਜੇ ਚੱਲਣੀ ਸੀ ,ਕੰਟੀਨ ਬੈਠੇ ਹੋਣ ਕਾਰਣ ਉਹ ਵੀ ਨਿਕਲ ਗਈ…
……ਤੇ ਫੋਨ ਕਿਉਂ ਨਹੀਂ ਚੁੱਕਿਆ ?
ਬੇਟੀ ਪਰਸ ਵਿੱਚੋਂ ਛੋਟਾ ਜਿਹਾ ਫੋਨ ਕੱਢ ,”ਪਾਪਾ ਮੇਰੀਆਂ ਸਾਰੀਆਂ ਸਹੇਲੀਆਂ ਕੋਲ ਬਹੁਤ ਵਧੀਆ ਤੇ ਮਹਿੰਗੇ ਫੋਨ ਹਨ ਪਰ ਮੇਰੇ ਕੋਲ ਆਹ ਦੇਸੀ ਜਿਹਾ ਬਟਨਾ ਵਾਲਾ ਫੋਨ…ਕਿਵੇਂ ਉਨ੍ਹਾਂ ਸਾਹਮਣੇ ਇਸ ਫੋਨ ਨਾਲ ਗੱਲ ਕਰਦੀ..ਮੇਰਾ ਸਾਰਾ ਸਟੇਟਸ ਖਰਾਬ ਹੋ ਜਾਣਾ ਸੀ।
ਹੁਣ ਜਗੀਰ ਸਿੰਘ ਨੂੰ ਆਪਣੀ ਬੇਟੀ ਦੇ ਸਟੇਟਸ ਅੱਗੇ ਆਪਣਾ ਫੌਜੀ ਦਾ ਕਿਰਦਾਰ ਵੀ ਬੌਣਾ ਨਜ਼ਰ ਆ ਰਿਹਾ ਸੀ ।
– ਰਾਕੇਸ਼ ਅਗਰਵਾਲ