ਦਲਜੀਤ ਨੇ ਫੋਨ ਦੀ ਘੰਟੀ ਵੱਜਣ ਤੇ ਬੇਦਿਲੀ ਨਾਲ ਫਾਈਲ ਤੋ ਸਿਰ ਚੁੱਕਿਆ।ਰਾਜ ਦਾ ਨੰਬਰ ਦੇਖ ਉਸਨੇ ਝੱਟ ਫੋਨ ਤੇ ਗੱਲ ਕੀਤੀ ।ਰਾਜ ਦੇ ਸੁਨੇਹੇ ਨੇ ਉਸਦਾ ਮਨ ਖੁਸ਼ ਕਰ ਦਿੱਤਾ ਸੀ।ਉਸਦਾ ਜਿਗਰੀ ਯਾਰ ਵਰਿਆ ਬਾਅਦ ਉਸਦੇ ਸਹਿਰ ਆ ਰਿਹਾ ਸੀ।ਇੱਥੋ ਉਸਨੇ ਵਿਦੇਸ ਲਈ ਹਵਾਈ ਜਹਾਜ ਤੇ ਚੜਨਾ ਸੀ।ਉਸ ਨੇ ਪਿਛਲੇ ਸਮੇਂ ਨੂੰ ਯਾਦ ਕਰਦੇ ਸੋਚਿਆ ਦਲਜੀਤ ਸਿਆ ਵੱਡਾ ਕਾਰੋਬਾਰੀ ਬਣਨ ਹਿੱਤ ਤੈਂਨੂੰ ਆਪਣਾ ਘਰ ਛੱਡੇ ਨੂੰ ਜੁੱਗੜੇ ਬੀਤ ਗਏ।
ਉਹ ਸਾਰਿਆ ਚਿੰਤਾਵਾ ਤੇ ਰੁਝੇਵਿਆ ਨੂੰ ਪਾਸੇ ਰੱਖ ਆਪਣੀ ਸੀਟ ਤੋ ਖੜਾ ਹੋ ਗਿਆ।ਉਸਨੇ ਘੜੀ ਤੇ ਨਜਰ ਮਾਰੀ ਟਰੇਨ ਆਉਣ ਵਿੱਚ ਇੱਕ ਘੰਟਾ ਬਾਕੀ ਸੀ।ਉਸਨੇ ਘੰਟੀ ਵਜਾ ਕੇ ਡਰਾਇਵਰ ਨੂੰ ਸੱਦਿਆ ਤੇ ਉਸ ਤੋ ਗੱਡੀ ਦੀ ਚਾਬੀ ਫੜ ਤੇ ਉਸਨੂੰ ਛੁੱਟੀ ਕਰ ਦਿੱਤੀ ਡਰਾਇਵਰ ਵੀ ਮਾਲਕ ਦੇ ਇਸ ਰਵੱਈਏ ਤੋ ਹੈਰਾਨ ਸੀ ।ਕਿਉਕਿ ਉਸਨੇ ਅੱਜ ਤੱਕ ਕਦੇ ਇਸ ਤਰ੍ਹਾ ਵਰਤਾਅ ਕਰਦੇ ਨਹੀ ਦੇਖਿਆ ਸੀ।
ਉਸ ਦੇ ਮਨ ਵਿੱਚ ਰਾਜ ਨੂੰ ਮਿਲਣ ਦੀ ਅਜੀਬ ਤਾਂਘ ਸੀ।ਇਸੇ ਲਈ ਉਹ ਘੰਟਾ ਪਹਿਲਾ ਹੀ ਸਟੇਸਨ ਵੱਲ ਚੱਲ ਪਿਆ ਸੀ।ਕਿਧਤੇ ਰਸਤੇ ਵਿੱਚ ਟਰੈਫਿਕ ਕਾਰਣ ਲੇਟ ਹੀ ਨਾ ਹੋ ਜਾਵੇ।ਕਾਰ ਡਰਾਇਵ ਕਰਦਿਆਂ ਉਸਨੂੰ ਪੁਰਾਣੀਆਂ ਗੱਲਾ ਵੀ ਯਾਦ ਆਉਣ ਲੱਗੀਆ। ਉਸ ਦੇ ਬੁੱਲਾ ਤੇ ਮੁਸਕਰਾਹਟ ਆ ਗਈ।ਉਸ ਨੇ ਯਾਦ ਕੀਤਾ ਕਿ ਉਹਨਾ ਦੋਵਾ ਵਿੱਚ ਦੋਸਤੀ ਵੀ ਬਹੁਤ ਸੀ ਤੇ ਮੁਕਾਬਲਾ ਵੀ ਬੜਾ ਸਖਤ ਸੀ।
ਉਹ ਇਹ ਗੱਲ ਚੰਗੀ ਤਰਾਂ ਸਮਝਦਾ ਸੀ ਕਿ ਮਨੁੱਖ ਦੀ ਫਿਤਰਤ ਹੁੰਦੀ ਹੈ ਕਿ ਉਹ ਹਰ ਸਮੇ ਮੁਕਾਬਲੇ ਬਾਰੇ ਸੋਚਦਾ ,ਸਾਹਮਣੇ ਭਾਵੇ ਉਸਦਾ ਭਰਾ ਹੋਵੇ ਜਾਂ ਜਿਗਰੀ ਦੋਸਤ। ਉਸਨੇ ਯਾਦ ਕੀਤਾ ਪਹਿਲੇ ਦੂਜੇ ਨੰਬਰ ਲਈ ਉਹ ਕਿੰਨਾ ਪੜ੍ਹਦੇ ਸੀ।ਪਰ ਬਾਜੀ ਹਮੇਸਾ ਉਸਦੇ ਹੱਥ ਰਹਿੰਦੀ ਸੀ।ਖੇਡਾ ਦੇ ਮੈਦਾਨ ਵਿੱਚ ਵੀ ਉਸਨੇ ਰਾਜ ਨੂੰ ਕਦੇ ਅੱਗੇ ਨਹੀ ਲੰਘਣ ਦਿੱਤਾ ਸੀ।ਜਦੋ ਰਾਜ ਨੇ ਸਰਕਾਰੀ ਨੌਕਰੀ ਕਰ ਲਈ ਤੇ ਉਹ ਕਾਰੋਬਾਰ ਵਿੱਚ ਪੈ ਗਿਆ ਤਾਂ ਉਸਨੂੰ ਮੁਕਾਬਲਾ ਬਿਲਕੁੱਲ ਇੱਕ ਪਾਸੜ ਹੀ ਲੱਗਣ ਲੱਗਾ ਸੀ।ਉਹ ਤਰੱਕੀ ਕਰਦਾ-2 ਛੋਟੇ ਸਹਿਰ ਤੋ ਵੱਡੀ ਰਾਜਧਾਨੀ ਤੱਕ ਸਫਰ ਕਰ ਗਿਆ ਸੀ।ਉਸਨੇ ਕਰੋਬਾਰ ਦੀ ਬੁਲੰਦੀਆਂ ਨੂੰ ਛੂਹ ਲਿਆ ਸੀ ਤੇ ਰਾਜ ਉਸੇ ਨੌਕਰੀ ਤੇ ਬੱਝਿਆ ਹੋਇਆ ਉਸਨੂੰ ਗਲ ਵਿੱਚ ਸੰਗਲ ਪਾਈ ਕਿਲ੍ਹੇ ਦੁਆਲੇ ਘੁੰਮਦਾ ਮੁਨੱਖ ਪ੍ਰਤੀਤ ਹੁੰਦਾ ਸੀ।
ਗੱਡੀ ਵਿੱਚੋ ਉਤਰਦੇ ਰਾਜ ਨੂੰ ਉਸ ਨੂੰ ਝੱਟ ਪਛਾਣ ਲਿਆ।ਬਹੁਤਾ ਫਰਕ ਨਹੀ ਪਿਆ ਸੀ।ਸਿਰਫ ਵਾਲਾ ਦੀ ਸਫੈਦੀ ਵਿੱਚ ਹੀ ਵਾਧਾ ਹੋਇਆ ਸੀ।ਉਸਨੇ ਆਪਣੇ ਭਾਰੇ ਸਰੀਰ ਤੇ ਨਜਰ ਮਾਰੀ ਤਾਂ ਉਹ ਥੋੜਾ ਪ੍ਰੇਸਾਨ ਹੋ ਗਿਆ।ਦੋਵੇ ਦੋਸਤ ਬਗਲਗੀਰ ਹੋ ਕੇ ਮਿਲੇ।ਰਾਜ ਕੋਲ ਸਿਰਫ ਚਾਰ-ਪੰਜ ਘੰਟਿਆ ਦਾ ਸਮਾ ਸੀ।ਉਹ ਉਸ ਨੂੰ ਸਹਿਰ ਦੇ ਸਭ ਤੋ ਸਾਨਦਾਰ ਰੈਸਟੋਰੈਟ ਵਿੱਚ ਲੈ ਗਿਆ।ਦੋਵੇ ਪੁਰਾਣੀਆਂ ਗੱਲਾ ਵਿੱਚ ਡੁੱਬ ਗਏ।ਬਚਪਨ ਜਵਾਨੀ ਦੇ ਕਿੱਸੇ ਸਾਂਝੇ ਕਰਦੇ ਉਹ ਕਦੇ ਖੁਸ ਹੋ ਜਾਦੇ ਕਦੇ ਉਦਾਸ।ਇਸ਼ਕ ਮੁਸ਼ਕ ਦੇ ਤਬਸਰੇ ਨੇ ਤਾ ਇਕ ਵਾਰ ਬੁਢਾਪੇ ਨੂੰ ਭੁੱਲਾਂ ਦਿੱਤਾ ਸੀ। ਪਿਛਲੇ ਵੀਹ ਸਾਲਾ ਦੇ ਵਿਛੋੜੇ ਨੂੰ ਉਹ ਚਾਰ ਪੰਜ ਘੰਟਿਆ ਵਿੱਚ ਪੂਰਾ ਕਰ ਦੇਣਾ ਚਾੁਹੰਦੇ ਸੀ।ਸਮਾ ਵੀ ਖੰਭ ਲਾ ਕੇ ਉੱਡ ਰਿਹਾ ਸੀ।ਅਚਾਨਕ ਰਾਜ ਨੇ ਘੜੀ ਤੇ ਨਜਰ ਮਾਰੀ ਤਾਂ ਉਸਨੇ ਕਿਹਾ “ਲੈ ਵੀ ਮਿੱਤਰਾ ਹੁਣ ਸਮਾ ਇਜਾਜਤ ਨਹੀ ਦਿੰਦਾ ਮੈਨੂੰ ਏਅਰਪੋਰਟ ਛੱਡ ਆ॥”
ਦੋਵੇ ਮਿੱਤਰ ਏਅਰਪੋਰਟ ਨੂੰ ਚੱਲ ਪਏ ਗੱਲਾ ਕਰਦੇ ਅਚਾਨਕ ਰਾਜ ਨੇ ਪੁੱਛਿਆ, “ਯਾਰ ਆਪਾ ਦੁਨੀਆਂ ਜਹਾਨ ਦੀਆਂ ਗੱਲਾ ਕਰ ਲਈਆਂ, ਪਰ ਤੂੰ ਆਪਣੇ ਨਿਆਣਿਆ ਬਾਰੇ ਦੱਸਿਆ ਹੀ ਨਹੀ, ਸੁੱਖ ਨਾਲ ਜਵਾਨ ਹੋ ਗਏ ਹੋਣਗੇ।” ਰਾਜ ਦੀ ਗੱਲ ਸੁਣ ਉਸ ਦੀਆਂ ਅੱਖਾ ਦੇ ਸਾਹਮਣੇ ਉਸਦੇ ਪੁੱਤਰ ਘੁੰਮ ਗਏ। ਦੋਵੇ ਸਿਰੇ ਦੇ ਨਸ਼ਈ ਅਤੇ ਅੱਯਾਸ਼ੀ ਵਿੱਚ ਡੁੱਬੇ ਹੋਏ।ਉਹ ਰਾਜ ਨੂੰ ਕੀ ਦੱਸਦਾ ਕਿ ਦੋਲਤ ਕਮਾਉਣ ਦੇ ਚੱਕਰ ਵਿੱਚ ਉਸਦੀ ਔਲਾਦ ਸੰਸਕਾਰੀ ਤੇ ਕਮਾਉ ਬਣਨ ਦੀ ਥਾਂ ਤੇ ਅਵਾਰਾ ਤੇ ਬੇਕਾਰ ਹੋ ਗਈ ਹੈ। ਉਸਨੂੰ ਸੋਚਾ ਵਿੱਚੋ ਡੁੱਬੇ ਨੂੰ ਰਾਜ ਦੀ ਅਵਾਜ ਨੇ ਝੰਜੋੜਿਆ, “ ਕੀ ਸੋਚੀ ਜਾਣਾ ਵੀਰ ਮੈ ਬੱਚਿਆ ਬਾਰੇ ਪੁੱਛਿਆ?” ਉਸਨੇ ਬੇਦਿਲੀ ਨਾਲ ਉਸ ਵੱਲ ਮੂਹ ਮੋੜਿਆ ਤੇ ਕਿਹਾ, “ ਬੱਸ ਚਲੀ ਜਾਂਦਾ ਭਰਾਵਾ ਉਹ ਵੀ ਲੱਗੇ ਹੋਏ ਨੇ ਵਪਾਰ ਵਿਚ, ਤੂੰ ਆਪਣੇ ਬੱਚਿਆ ਬਾਰੇ ਦੱਸ।”
ਰਾਜ ਨੇ ਉਸਦੀ ਅਵਾਜ ਵਿੱਚ ਛੁਪੇ ਗਮ ਨੂੰ ਮਹਿਸੂਸ ਕੀਤਾ,ਜਿਵੇ ਉਹ ਕੋਈ ਗੱਲ ਲੁਕੋ ਗਿਆ ਹੋਵੇ।ਫੇਰ ਉਹ ਦੱਸਣ ਲੱਗਾ, “ਤੈਨੂੰ ਤਾ ਪਤਾ ਮੇਰੇ ਇੱਕ ਮੁੰਡਾ ਤੇ ਕੁੜੀ ਹਨ,ਮੁੰਡਾ ਆਈ.ਆਈ.ਟੀ ਤੋ ਡਿਗਰੀ ਕਰਕੇ ਮਲਟੀ ਨੈਸਨਲ ਕੰਪਨੀ ਵਿੱਚ ਬੰਗਲੌਰ ਨੌਕਰੀ ਕਰਦਾ ਤੇ ਬੇਟੀ ਉੱਚ ਸਿੱਖਿਆ ਦੀ ਪੜ੍ਹਾਈ ਵਿਦੇਸ ਕਰਦੀ ਹੈ।ਉਸੇ ਦੀ ਕਨਵੋਕੇਸ਼ਨ ਤੇ ਜਾ ਰਿਹਾ ,ਭਰਾਵਾ ਰੰਗ ਲੱਗੇ ਪਏ ਹਨ।” ਰਾਜ ਨੇ ਗੱਲ ਪੂਰੀ ਕੀਤੀ।
ਰਾਜ ਨੇ ਏਅਰਪੋਰਟ ਦੇ ਗੇਟ ਤੇ ਘੁੱਟ ਕੇ ਜੱਫੀ ਪਾਈ ਤਾਂ ਉਸ ਦੀਆਂ ਬਾਹਵਾ ਨੇ ਸਾਥ ਨਾ ਦਿੱਤਾ। ਉਹ ਹੱਥ ਹਿਲਾਉਦਾ ਦਰਵਾਜੇ ਵੱਲ ਨੂੰ ਤੁਰ ਪਿਆ।ਉਹ ਦੂਰ ਖੜਾ ਉਸਨੂੰ ਦੇਖਦਾ ਰਿਹਾ।ਉਸਨੂੰ ਲੱਗ ਰਿਹਾ ਸੀ ਕਿ ਜਿੰਦਗੀ ਦੀ ਹਰ ਬਾਜੀ ਜਿੱਤਣ ਦੇ ਬਾਵਜੂਦ ਉਹ ਆਖਰੀ ਬਾਜੀ ਹਾਰ ਗਿਆ ਹੈ।
ਭੁਪਿੰਦਰ ਸਿੰਘ ਮਾਨ