ਆ ਮਿਲ ਯਾਰ ਸਾਰ ਲੈ ਮੇਰੀ
ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ ।
ਅੰਦਰ ਖਾਬ ਵਿਛੋੜਾ ਹੋਇਆ, ਖਬਰ ਨਾ ਪੈਂਦੀ ਤੇਰੀ ।
ਸੁੰਞੇ ਬਨ ਵਿਚ ਲੁੱਟੀ ਸਾਈਆਂ, ਸੂਰ ਪਲੰਗ ਨੇ ਘੇਰੀ ।
ਇਹ ਤਾਂ ਠੱਗ ਜਗਤ ਦੇ, ਜਿਹਾ ਲਾਵਣ ਜਾਲ ਚਫੇਰੀ ।
ਕਰਮ ਸ਼ਰ੍ਹਾ ਦੇ ਧਰਮ ਬਤਾਵਣ, ਸੰਗਲ ਪਾਵਣ ਪੈਰੀਂ ।
ਜ਼ਾਤ ਮਜ਼੍ਹਬ ਇਹ ਇਸ਼ਕ ਨਾ ਪੁੱਛਦਾ, ਇਸ਼ਕ ਸ਼ਰ੍ਹਾ ਦਾ ਵੈਰੀ ।
ਨਦੀਉਂ ਪਾਰ ਮੁਲਕ ਸਜਨ ਦਾ ਲਹਵੋ-ਲਆਬ ਨੇ ਘੇਰੀ ।
ਸਤਿਗੁਰ ਬੇੜੀ ਫੜੀ ਖਲੋਤੀ ਤੈਂ ਕਿਉਂ ਲਾਈ ਆ ਦੇਰੀ ।
ਪ੍ਰੀਤਮ ਪਾਸ ਤੇ ਟੋਲਨਾ ਕਿਸ ਨੂੰ, ਭੁੱਲ ਗਿਉਂ ਸਿਖਰ ਦੁਪਹਿਰੀ ।
ਬੁੱਲ੍ਹਾ ਸ਼ਾਹ ਸ਼ੌਹ ਤੈਨੂੰ ਮਿਲਸੀ, ਦਿਲ ਨੂੰ ਦੇਹ ਦਲੇਰੀ ।
ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ ।
ਆਓ ਫ਼ਕੀਰੋ ਮੇਲੇ ਚਲੀਏ
ਆਓ ਫ਼ਕੀਰੋ ਮੇਲੇ ਚਲੀਏ, ਆਰਫ਼ ਦਾ ਸੁਣ ਵਾਜਾ ਰੇ ।
ਅਨਹਦ ਸਬਦ ਸੁਣੋ ਬਹੁ ਰੰਗੀ, ਤਜੀਏ ਭੇਖ ਪਿਆਜਾ ਰੇ ।
ਅਨਹਦ ਬਾਜਾ ਸਰਬ ਮਿਲਾਪੀ, ਨਿਰਵੈਰੀ ਸਿਰਨਾਜਾ ਰੇ ।
ਮੇਲੇ ਬਾਝੋਂ ਮੇਲਾ ਔਤਰ, ਰੁੜ੍ਹ ਗਿਆ ਮੂਲ ਵਿਆਜਾ ਰੇ ।
ਕਠਿਨ ਫ਼ਕੀਰੀ ਰਸਤਾ ਆਸ਼ਕ, ਕਾਇਮ ਕਰੋ ਮਨ ਬਾਜਾ ਰੇ ।
ਬੰਦਾ ਰੱਬ ਬ੍ਰਿਹੋਂ ਇਕ ਮਗਰ ਸੁਖ, ਬੁਲ੍ਹਾ ਪੜ ਜਹਾਨ ਬਰਾਜਾ ਰੇ ।
ਐਸਾ ਜਗਿਆ ਗਿਆਨ ਪਲੀਤਾ
ਐਸਾ ਜਗਿਆ ਗਿਆਨ ਪਲੀਤਾ ।
ਨਾ ਹਮ ਹਿੰਦੂ ਨਾ ਤੁਰਕ ਜ਼ਰੂਰੀ, ਨਾਮ ਇਸ਼ਕ ਦੀ ਹੈ ਮਨਜ਼ੂਰੀ,
ਆਸ਼ਕ ਨੇ ਵਰ ਜੀਤਾ, ਐਸਾ ਜਗਿਆ ਗਿਆਨ ਪਲੀਤਾ ।
ਵੇਖੋ ਠੱਗਾਂ ਸ਼ੋਰ ਮਚਾਇਆ, ਜੰਮਣਾ ਮਰਨਾ ਚਾ ਬਣਾਇਆ ।
ਮੂਰਖ ਭੁੱਲੇ ਰੌਲਾ ਪਾਇਆ, ਜਿਸ ਨੂੰ ਆਸ਼ਕ ਜ਼ਾਹਰ ਕੀਤਾ,
ਐਸਾ ਜਗਿਆ ਗਿਆਨ ਪਲੀਤਾ ।
ਬੁੱਲ੍ਹਾ ਆਸ਼ਕ ਦੀ ਬਾਤ ਨਿਆਰੀ, ਪ੍ਰੇਮ ਵਾਲਿਆਂ ਬੜੀ ਕਰਾਰੀ,
ਮੂਰਖ ਦੀ ਮੱਤ ਐਵੇਂ ਮਾਰੀ, ਵਾਕ ਸੁਖ਼ਨ ਚੁੱਪ ਕੀਤਾ,
ਐਸਾ ਜਗਿਆ ਗਿਆਨ ਪਲੀਤਾ ।