ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਵਾਘਾ।
ਐਥੇ ਡੱਕਾ ਲਾਦੇ ਹੁਣ,
ਕਾਹਨੂੰ ਮਾਰਦੈਂ ਵਾਧਾ।
ਸੂਝ ਬੂਝ ਦੀ ਹੋ ਗੀ ਖੇਤੀ,
ਕੀ ਘੱਗਾ, ਕੀ ਵਾਹਗਾ।
ਮੌਜਾਂ ਮਾਣ ਰਿਹੈ……….,
ਜੋ ਜੋ ਹੈ ਵਡਭਾਗਾ।
bhangra boliyan
ਰਾਏ-ਰਾਏ-ਰਾਏ
ਰੱਬ ਨੇ ਦੋ ਹੀ ਰੰਗ ਬਣਾਏ
ਗੋਰੀ ਧੌਣ ਦੇ ਦੁਆਲੇ ਕਾਲੀ ਗਾਨੀ
ਨੀ ਸੋਹਣੇ ਦਾ ਕੀ ਰੂਪ ਚੱਟਣਾ।
ਮੁੰਡਾ ਹੋਵੇ ਨੀ ਦਿਲਾਂ ਦਾ ਜਾਨੀ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਚਾਵੇ।
ਸਾਰੀ ਦੁਨੀਆਂ ਨੱਚਦੀ ਦੇਖੀ,
ਪੈਸਾ ਜਿਵੇਂ ਨਚਾਵੇ।
ਰਾਹ ਦੇ ਵਿੱਚ ਹੀ ਰਹਿ ਜਾਂਦੇ ਨੇ,
ਮੰਜ਼ਲ ਜੇ ਨਾ ਥਿਆਵੇ।
ਬਾਥੋਂ ਹਿੰਮਤ ਦੇ………,
ਕਿਹੜਾ ਪਾਰ ਲੰਘਾਵੇ ?
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਬੁਟਾਹਰੀ।
ਰੁੱਖਾਂ ਦੀਆਂ ਦੁਪਾਸੀ ਲੜੀਆਂ,
ਨਹਿਰ ਸਰਹੰਦ ਪਿਆਰੀ।
ਦੂਰੋਂ ਫੁੱਲ ਇਓਂ ਲਗਦੇ ਨੇ,
ਰੰਗੇ ਰੱਬ ਲਲਾਰੀ।
ਮਹਿਕ ਮਿੱਟੀ ਦੀ……..,
ਸੱਚੀ ਅਤੇ ਪਿਆਰੀ।
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਕਟਾਹਰੀ।
ਨਹਿਰ ਦੁਆਲੇ ਰੁੱਖਾਂ ਵਿੱਚ ਰਾੜਾ ਸਾਹਿਬ,
ਝਾਕੀ ਬੜੀ ਪਿਆਰੀ।
ਜੋ ਜੋ ਗੁਰੂ ਵਾਲਾ ਨੀ ਬਣਦਾ,
ਝੱਲਣੀ ਪਵੇ ਖੁਆਰੀ।
ਗੁਰੂ ਸ਼ਬਦ ਦੀ………,ਚਾਰੇ ਪਹਿਰ ਖੁਮਾਰੀ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦੇ,
ਪਿੰਡ ਸੁਣੀਂਦੇ ਖਾਰੇ।
ਬੱਦਲੀ ਉਡਦੀ ਉੱਚੇ ਅੰਬਰੀਂ,
ਮੋਰ ਝਾਤੀਆ ਮਾਰੇ।
ਚਾਰ ਚੁਫੇਰੇ ਲਾਈ ਛਹਿਬਰ,
ਡੁੱਬਦੀ ਨੂੰ ਰੱਬ ਤਾਰੇ।
ਕਿਧਰੇ ਸੋਕਾ, ਕਿਧਰੇ ਡੋਬਾ …
ਦੇਖ ਓਸਦੇ ਕਾਰੇ
ਕਿਸ ਦੇ ਨੇ ਏਹ ਕਾਰੇ ??
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਖਾਰੀ।
ਕੌਡੀ ਬਾਡੀ ਖੇਡਦੇ ਮੁੰਡੇ,
ਹੁੰਦੇ ਨੇ ਬਲ-ਕਾਰੀ।
ਆ ਜੋ ਜੀਹਨੇ ਕੌਡੀ ਖੇਡਣੈ,
ਕੱਠ ਹੋ ਗਿਆ ਭਾਰੀ।
ਤਨ ਵਿੱਚ ਜਾਨ ਨਹੀਂ……..,
ਕੀ ਕਰੂਗੀ ਯਾਰੀ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਬਘੋਰ।
ਦੋ ਘੁੱਟ ਪੀ ਦਾਰੂ,
ਬਦਲ ਜਾਂਦੇ ਤੌਰ।
ਸੱਤ ਰੰਗ ਅੰਬਰਾਂ ਦੇ,
ਕੀ ਸਨੌਰ, ਕੀ ਘਨੌਰ।
ਓਹ ਤਾਂ ਜੰਮਿਆਂ ਈ ਨੀ,
ਜੋ ਦੇਖੇ ਨਹੀਂ ਲਾਹੌਰ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਮਾਨਾਂ।
ਮਾਨ ਗੋਤ ਪਿੰਡ ਸਾਰੇ ਦਾ,
ਮਿਤ ਕਿਹੜਾ ਦੱਸ ਮਾਨਾਂ ।
ਦਾਰੂ ਪੀਣ ਦੇ ਬਹੁਤੇ ਸ਼ੌਕੀ,
ਇੱਕੋ ਇੱਕ ਨਿਸ਼ਾਨੀ।
ਬੋਤਲ ਆਪਣੀ ਹੈ…..,
ਬਾਕੀ ਸਭ ਬਗਾਨਾ ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਹਜ਼ਾਰੇ।
ਨਰਕ ਸੁਰਗ ਦੋਵੇਂ ਨੇ ਏਥੇ,
ਐਵੇਂ ਫਿਰਦੇ ਮਾਰੇ ਮਾਰੇ।
ਚੰਗੀ ਸੋਚ ਚੰਗੇ ਕਾਰਜ,
ਸਹਿਜ ਰਹਿੰਦੇ ਸਾਰੇ।
ਪੁੱਠਿਆਂ ਬੋਲਾਂ ਨੂੰ……
ਰੱਬ ਨੇ ਨਰਕ ਖਿਲਾਰੇ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਸੰਘੇੜੇ।
ਹੁੰਦੇ ਨਹੀਂ ਚੰਗੇ ਮਿੱਤਰਾ,
ਅੱਲੇ ਜ਼ਖਮ ਉਧੇੜੇ।
ਗੋਲੀ ਵਾਂਗੂੰ ਵੱਜ ਗਏ,
ਪੁੱਠੇ ਬੋਲ ਨੇ ਜਿਹੜੇ।
ਚੰਦ ਤੇ ਜੋ ਥੁੱਕਦੇ………,
ਆਪੇ ਜਾਣਗੇ ਰੇੜ੍ਹੇ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਭਾਲੇ।
ਦਿਲ ਦਾ ਹਾਣੀ ਕਦ ਮਿਲਿਆ,
ਜੁੱਗ ਬਥੇਰੇ ਭਾਲੇ।
ਤਨ ਮਿਲਦਾ, ਮਨ ਨੀ ਮਿਲਦਾ,
ਜੀਭ ਨੂੰ ਲਗਦੇ ਤਾਲੇ।
ਰੂਹਾਂ ਭਾਲਦੀਆਂ……
ਹਾਣ ਨੀ ਮਿਲਦੇ ਭਾਲੇ।