ਬਾਰਾਂ ਬਰਸ ਦੀ ਹੋ ਗਈ ਰਕਾਨੇ
ਬਰਸ ਤੇਰਵਾਂ ਚੜ੍ਹਿਆ
ਹੁੰਮ ਹੁੰਮਾ ਕੇ ਚੜ੍ਹੀ ਜਵਾਨੀ
ਨਾਗ ਇਸ਼ਕ ਦਾ ਲੜਿਆ
ਬਾਪ ਤੇਰੇ ਨੇ ਅੱਖ ਪਛਾਣੀ
ਜਾਂ ਪੰਡਤਾਂ ਦੇ ਖੜ੍ਹਿਆ
ਉੱਠੋ ਪੰਡਤੋਂ ਖੋਲ੍ਹੇ ਪੱਤਰੀ
ਲਾਗ ਦੇਊਂ ਜੋ ਸਰਿਆ
ਮਿੱਤਰਾਂ ਨੂੰ ਫਿਕਰ ਪਿਆ
ਵਿਆਹ ਸੋਹਣੀ ਦਾ ਧਰਿਆ |
bhangra boliyan
ਆਰੇ! ਆਰੇ! ਆਰੇ!
ਲੰਮਾ ਸਾਰਾ ਘੁੰਡ ਕੱਢ ਕੇ,
ਕਿਥੇ ਚੱਲੀ ਏਂ ਪਤਲੀਏ ਨਾਰੇ।
ਤਿੱਖੀਆਂ ਨਾਸਾਂ ਤੇ,
ਲੌਂਗ ਚਾਂਭੜਾਂ ਮਾਰੇ।
ਮੱਥਾ ਤੇਰਾ ਚੰਨ ਵਰਗਾ,
ਨੈਣ ਜਿਵੇਂ ਅੰਗਿਆਰੇ।
ਹਾਲੀਆਂ ਨੇ ਹਲ ਡੱਕ ਲਏ,
ਤੇਰਾ ਨਖਰਾ ਦੇਖ ਮੁਟਿਆਰੇ।
ਖੇਤ ਗਈ ਸੀ ਕੀ ਕੁਛ ਲਿਆਂਦਾ
ਭਰੀ ਲਿਆਏ ਆਗਾਂ ਦੀ
ਜੋੜੀ ਓਏ
ਜੋੜੀ ਕਾਲੇ ਨਾਗਾਂ ਦੀ।
ਆਰੀ! ਆਰੀ! ਆਰੀ!
ਸਾਹੇ ਦੀ ਤਰੀਕ ਬੰਨ੍ਹਤੀ,
ਕਰ ਲੈ ਪਟੋਲ੍ਹਿਆ ਤਿਆਰੀ।
ਲੱਡੂਆਂ ਨੇ ਤੂੰ ਪੱਟਤੀ,
ਤੇਰੀ ਤੋਰ ਪੱਟਿਆ ਪਟਵਾਰੀ।
ਟੇਢਾ ਚੀਰ ਕੱਢ ਕੇ,
ਲਿਆ ਡੋਰੀਆ ਉਤੇ ਨਸਵਾਰੀ।
ਤ੍ਰਿੰਝਣਾਂ ‘ਚ ਕੱਤਦੀ ਦੇ,
ਸੋਹਣੇ ਯਾਰ ਨੇ ਖਿੱਲਾਂ ਦੀ ਲੱਪ ਮਾਰੀ।
ਸੁਰਮਾ ਨਿੱਤ ਪਾਉਂਦੀ…..
ਗੱਭਰੂ ਪੱਟਣ ਦੀ ਮਾਰੀ।
ਆਰੀ! ਆਰੀ! ਆਰੀ!
ਹੇਠ ਬਰੋਟੇ ਦੇ,
ਦਾਤਣ ਕਰੇ ਕੁਆਰੀ।
ਦਾਤਣ ਕਿਉਂ ਕਰਦੀ,
ਦੰਦ ਚਿੱਟੇ ਕਰਨ ਦੀ ਮਾਰੀ।
ਦੰਦ ਚਿੱਟੇ ਕਿਉਂ ਕਰਦੀ,
ਸੋਹਣੀ ਲੱਗਣ ਦੀ ਮਾਰੀ।
ਸੋਹਣੀ ਕਿਉਂ ਲੱਗਦੀ,
ਮੁੰਡੇ ਪੱਟਣ ਦੀ ਮਾਰੀ।
ਕੁੜੀਏ ਹਾਣ ਦੀਏ,
ਲਾ ਮਿੱਤਰਾਂ ਨਾਲ ਯਾਰੀ।
ਧਾਵੇ! ਧਾਵੇ! ਧਾਵੇ!
ਕੰਨੀਦਾਰ ਮੁੰਡੇ ਬੰਨ੍ਹਦੇ ਚਾਦਰੇ,
ਪਿੰਜਣੀਆਂ ਨਾਲ ਸੁਹਾਵੇ।
ਦੁੱਧ ਕਾਸ਼ਨੀ ਬੰਨ੍ਹਦੇ ਸਾਫੇ,
ਜਿਵੇਂ ਉੱਡਿਆ ਕਬੂਤਰ ਜਾਵੇ।
ਮਲਮਲ ਦੇ ਤਾਂ ਸੋਂਹਦੇ ਕੁੜਤੇ,
ਜਿਵੇਂ ਬਗਲਾ ਤਲਾਅ ਵਿਚ ਨਾਹਵੇ।
ਨੱਚਦੀ ਪਤਲੋ ਦੀ .
ਸਿਫ਼ਤ ਕਰੀ ਨਾ ਜਾਵੇ।
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਪੱਖੇ
ਪੱਖੇ ਦੀ ਇੱਕ ਤੇਲਣ ਸੁਣੀਂਦੀ
ਲੱਪ-ਲੱਪ ਸੁਰਮਾ ਥੱਪੇ
ਬੁੜ੍ਹਿਆਂ ਨਾਲ ਤਾਂ ਲਾਉਂਦੀ ਯਾਰੀ
ਮੁੰਡਿਆਂ ਨੂੰ ਦਿੰਦੀ ਧੱਕੇ
ਇੱਕ ਮੁੰਡੇ ਦੇ ਆ ਗਈ ਜੱਫੇ ਵਿੱਚ
ਲੈ ਵੜਿਆ ਕਲਕੱਤੇ
ਝੂਠ ਨਾ ਬੋਲੀਂ ਨੀ
ਸੂਰਜ ਲੱਗਦਾ ਮੱਥੇ
ਨੀਲੇ ਘੋੜੇ ਵਾਲਿਆ
ਤੇਰਾ ਸਭ ਕੁੱਝ ਲੀਲੋ ਲੀਲ
ਲੀਲ ਵਿਚਾਰਾ ਕੀ ਕਰੇ
ਝੂਠੇ ਪਏ ਵਕੀਲ
ਰਾਂਝਣਾਂ ਮੋੜੀ ਵੇ
ਰੱਸੀ ਜਾਂਦੀ ਹੀਰ।
ਯਾਰੀ ਲਾਉਣ ਦਾ ਦੱਸਾਂ ਤਰੀਕਾ
ਬਹਿ ਕੇ ਰੋੜ ਚਲਾਈਏ
ਜੇ ਤਾਂ ਤੇਰਾ ਰੋੜ ਸਹਿ ਲਿਆ |
ਹੱਥ ਛਾਤੀ ਨੂੰ ਪਾਈਏ
ਜੇਕਰ ਤੈਨੂੰ ਕੱਢੇ ਗਾਲੀਆਂ
ਭੱਜ ਕੇ ਭੈਣ ਬਣਾਈਏ
ਅੰਗ ਦੀ ਪਤਲੀ ਦੇ
ਨਾਲ ਸਤੀ ਹੋ ਜਾਈਏ।
ਧਾਵੇ ਧਾਵੇ ਧਾਵੇ
ਮੁੰਡਿਆਂ ਦੇ ਵਿਚ ਵਿਚ ਦੀ,
ਵਾਂਗ ਸੱਪਣੀ ਮੇਲ੍ਹਦੀ ਆਵੇ।
ਕੰਨਾ ’ਚ ਸੁਨਹਿਰੀ ਵਾਲੀਆਂ,
ਵਿੱਚ ਨੱਕ ਦੇ ਲੌਂਗ ਸਜਾਵੇ।
ਪੱਬਾਂ ਭਾਰ ਫਿਰੇ ਨੱਚਦੀ,
ਕੁੜੀ ਪੈਰ ਨਾ ਧਰਤ ਤੇ ਲਾਵੇ।
ਹੌਲੀ ਹੌਲੀ ਨੱਚ ਪਤਲੋ,
ਕਿਤੇ ਲੱਕ ਨਾ ਮਰੋੜਾ ਖਾਵੇ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰਾਈਆਂ।
ਉਰਲਾ ਪਾਸਾ ਝਿਉਰਾਂ ਮੱਲਿਆ,
ਪਰਲਾ ਪਾਸਾ ਨਾਈਆਂ।
ਨਾਈਆਂ ਦੀਆਂ ਦੋ ਕੁੜੀਆਂ ਸੁਣਾਂਦੀਆਂ,
ਤੁਰਨ ਜਿਵੇਂ ਮੁਰਗਾਈਆਂ।
ਉਰਲੀ ਢਾਬ ਤੇ ਮੇਲਾ ਲੱਗਦਾ,
ਮੇਲਾ ਵੇਖਣ ਆਈਆਂ।
ਅੱਖਾਂ ਦੇ ਵਿਚ ਲੱਪ ਲੱਪ ਸੁਰਮਾ,
ਪੈਰੀਂ ਝਾਂਜਰਾਂ ਪਾਈਆਂ।
ਵੇਖ ਵੇਖ ਜੱਟ ਹੋਏ ਸ਼ਰਾਬੀ,
ਹੱਟ ਭੁੱਲੇ ਹਲਵਾਈਆਂ।
ਕੁੜਤੀ ਤੇ ਮੋਰਨੀਆਂ,
ਛੜੇ ਪੱਟਣ ਨੂੰ ਪਾਈਆਂ।
ਪਿੰਡਾਂ ਵਿਚੋਂ ਪਿੰਡ ਸੁਣੀਦਾ,
ਪਿੰਡ ਸੁਣੀਂਦਾ ਰਾਈਂ।
ਦੁਆਰ ਤੇਰੇ ਤੇ ਬੈਠਾ ਜੋਗੀ,
ਧੁਣੀ ਆਪ ਤਪਾਈਂ।
ਹੱਥ ਜੋਗੀ ਨੇ ਫੜਿਆ ਕਾਸਾ,
ਖੈਰ ਰਤਾ ਕੁ ਪਾਈਂ।
ਐਧਰ ਜਾਂਦੀ, ਓਧਰ ਜਾਂਦੀ,
ਕੋਲੋਂ ਲੰਘਦੀ ਜਾਈਂ।
ਵਿਚ ਦਰਵਾਜ਼ੇ ਦੇ
ਝਾਂਜਰ ਨਾ ਛਣਕਾਈਂ।