ਹੀਰਿਆ ਹਰਨਾ, ਬਾਗਾਂ ਚਰਨਾ,
ਬਾਗਾਂ ਦੇ ਵਿਚ ਮਾਲੀ।
ਬੂਟੇ-ਬੂਟੇ ਪਾਣੀ ਦਿੰਦਾ
ਰੁਮਕੇ ਡਾਲੀ-ਡਾਲੀ।
ਹਰਨੀ ਆਈ ਝਾਂਜਰਾਂ ਵਾਲੀ,
ਪਤਲੋ ਹਮੇਲਾਂ ਵਾਲੀ,
ਰੂਪ ਕੁਆਰੀ ਦਾ…..
ਦਿਨ ਚੜ੍ਹਦੇ ਦੀ ਲਾਲੀ।
Bhangra Boliyan Punjabi boliyan
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਚੱਠੇ
ਚੱਠੇ ਦੇ ਵਿੱਚ ਨੌਂ ਦਰਵਾਜ਼ੇ
ਨੌ ਦਰਵਾਜ਼ੇ ਕੱਠੇ
ਇੱਕ ਦਰਵਾਜ਼ੇ ਚੰਦ ਬਾਹਮਣੀ
ਲੱਪ-ਲੱਪ ਸੁਰਮਾ ਰੱਖੇ
ਗੱਭਰੂਆਂ ਨੂੰ ਭੱਜ ਗਲ ਲਾਉਂਦੀ
ਬੁੜ੍ਹਿਆਂ ਨੂੰ ਦਿੰਦੀ ਧੱਕੇ
ਇੱਕ ਬੁੜ੍ਹੇ ਦੇ ਉੱਠੀ ਕਚੀਚੀ
ਖੜ੍ਹਾ ਢਾਬ ਤੇ ਨੱਚੇ
ਏਸ ਢਾਬ ਦਾ ਗਾਰਾ ਕਢਾ ਦਿਓ
ਬਲਦ ਜੜਾ ਕੇ ਚੱਪੇ
ਜੁਆਨੀ ਕੋਈ ਦਿਨ ਦੀ
ਫੇਰ ਮਿਲਣਗੇ ਧੱਕੇ
ਜਾਂ
ਝੂਠ ਨਾ ਬੋਲੀਂ ਨੀ
ਸੂਰਜ ਲੱਗਦਾ ਮੱਥੇ।
ਸੁਣ ਨੀ ਕੁੜੀਏ, ਮਛਲੀ ਵਾਲੀਏ,
ਮਛਲੀ ਦਾ ਕੀ ਕਹਿਣਾ।
ਮਛਲੀ ਤੇਰੀ ਏਦਾਂ ਚਮਕੇ,
ਜਿਉਂ ਸੇਂਜੀ ਵਿਚ ਗਹਿਣਾ।
ਹਾਣ ਦੇ ਮੁੰਡੇ ਨਾਲ ਕਰ ਲੈ ਦੋਸਤੀ,
ਮੰਨ ਲੈ ਭੌਰ ਦਾ ਕਹਿਣਾ।
ਲੱਦੀਏ ਰੂਪ ਦੀਏ……
ਰੂਪ ਸਦਾ ਨੀ ਰਹਿਣਾ।
ਵੇ ਪੀ ਕੇ ਪਊਆ ਆ ਗਿਆ ਗਿੱਧੇ ਵਿੱਚ
ਦਿੰਦਾ ਫਿਰਦੈਂ ਗੇੜੇ
ਪਾਸੇ ਹੋ ਕੇ ਸੁਣ ਲੈ ਬੋਲੀਆਂ
ਹੁਣ ਨਾ ਹੋਈਂ ਨੇੜੇ
ਵਿੱਚ ਗਿੱਧੇ ਦੇ ਹੱਥ ਜੇ ਲੱਗ ਗਿਆ
ਵੀਰ ਦੇਖਦੇ ਮੇਰੇ
ਚੱਕ ਕੇ, ਸੋਟੀਆਂ ਫੜ ਕੇ ਬਾਹਾਂ
ਟੁਕੜੇ ਕਰਨਗੇ ਤੇਰੇ ਤੇ
ਮੈਂ ਤਾਂ ਮੁੰਡਿਓ ਸੁਣ ਕੇ ਸੱਚੀਆਂ
ਜਾ ਬੈਠਾ ਸੀ ਡੇਰੇ ,
ਘਰ ਦੀ ਨਾਰ ਬਿਨਾਂ
ਕੋਈ ਨਾ ਲਾਉਂਦੇ ਨੇੜੇ।
ਭੱਜ ਕੇ ਕੁੜੀਆਂ ਪਿੰਡ ਆ ਵੜੀਆਂ,
ਮੀਂਹ ਨੇ ਘੇਰ ਲਈਆਂ ਕਾਹਲੀ।
ਪੀਂਘ ਝੂਟਦੀ ਡਿੱਗ ਪਈ ਨੂਰਾਂ,
ਬਹੁਤੇ ਹਰਖਾਂ ਵਾਲੀ।
ਸ਼ਾਮੋਂ ਕੁੜੀ ਦੀ ਡਿੱਗੀ ਪੀ ਗਾਨੀ,
ਆ ਰੱਖੀ ਨੇ ਭਾਲੀ।
ਸੌਣ ਦਿਆ ਬੱਦਲਾ ਵੇ…
ਹੀਰ ਭਿਓਂਤੀ ਮਜਾਜਾਂ ਵਾਲੀ।
ਸ਼ਹਿਣੇ ਦੇ ਵਿੱਚ ਝਾਂਜਰ ਬਣਦੀ,
ਮੁਖਬਰ ਬਣਦੀ ਕਾਠੀ।
ਭਾਈ ਬਖਤੌਰੇ ਬਣਦੇ ਟਕੂਏ,
ਰੱਲੇ ਬਣੇ ਗੰਡਾਸੀ।
ਰੌਤੇ ਦੇ ਵਿੱਚ ਬਣਦੇ ਕੁੰਡੇ,
ਧੁਰ ਭਦੌੜ ਦੀ ਚਾਟੀ।
ਹਿੰਮਤਪੁਰੇ ਦੀਆਂ ਕਹਿੰਦੇ ਕਹੀਆਂ,
ਕਾਸ਼ੀਪੁਰੇ ਦੀ ਦਾਤੀ।
ਚੜ੍ਹ ਜਾ ਬੋਤੇ ਤੇ…..
ਮੰਨ ਕੇ ਭੌਰ ਦੀ ਰਾਖੀ।
ਸੌਣ ਮਹੀਨਾ ਆਇਆ ਬੱਦਲ
ਰਿਮਝਿਮ ਵਰਸੇ ਪਾਣੀ
ਬਣ ਕੇ ਪਟੋਲੇ ਆਈ ਗਿੱਧੇ ਵਿੱਚ
ਕੁੜੀਆਂ ਦੀ ਇੱਕ ਢਾਣੀ
ਲੰਬੜਦਾਰਾਂ ਦੀ ਬਚਨੀ ਕੁੜੀਓ
ਹੈ ਗਿੱਧਿਆਂ ਦੀ ਰਾਣੀ
ਹੱਸ ਕੇ ਮਾਣ ਲਵੋ
ਦੋ ਦਿਨ ਦੀ ਜ਼ਿੰਦਗਾਨੀ।
ਬੀਕਾਨੇਰ ਤੋਂ ਲਿਆਂਦੀ ਬੋਤੀ
ਦੇ ਕੇ ਰੋਕ ਪਚਾਸੀ।
ਬਰਨਾਲੇ ਤੋਂ ਲਿਆਂਦੀ ਝਾਂਜਰ,
ਜਗਰਾਵਾਂ ਤੋਂ ਕਾਠੀ।
ਉੱਤੇ ਬਹਿ ਗਈ ਅਣ-ਮੁਕਲਾਈ,
ਮੰਨ ਕੇ ਭੌਰ ਦੀ ਆਖੀ।
ਆਸ਼ਕ ਲੋਕਾਂ ਦੀ……
ਕੌਣ ਕਰੂਗਾ ਰਾਖੀ।
ਸਾਡੇ ਪਿੰਡ ਦੇ ਮੁੰਡੇ ਦੇਖ ਲਓ,
ਜਿਉਂ ਹਾਰਾਂ ਦੀਆਂ ਲੜੀਆਂ।
ਕੱਠੇ ਹੋ ਕੇ ਜਾਂਦੇ ਮੇਲੇ,
ਡਾਂਗਾਂ ਰੱਖਦੇ ਖੜੀਆਂ।
ਮਲਮਲ ਦੇ ਏਹ ਪਾਉਂਦੇ ਕੁੜਤੇ,
ਜੇਬਾਂ ਰੱਖਦੇ ਭਰੀਆਂ।
ਕਾਲੀ ਕੁੜੀ ਨਾਲ ਵਿਆਹ ਨਾ ਕਰਾਉਂਦੇ,
ਵਿਆਹ ਕੇ ਲਿਆਉਂਦੇ ਪਰੀਆਂ।
ਵੇਲਾਂ ਧਰਮ ਦੀਆਂ,
ਵਿਚ ਦਰਗਾਹ ਦੇ ਹਰੀਆਂ।
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਤੋਰੀ
ਉੱਥੋਂ ਦੀ ਇੱਕ ਨਾਰ ਸੁਣੀਂਦੀ
ਦੁੱਧ ਦੀ ਧਾਰ ਤੋਂ ਗੋਰੀ ਚੋਰੀ
ਚੋਰੀ ਨੈਣ ਲੜਾਏ
ਗੱਲਬਾਤ ਵਿੱਚ ਕੋਰੀ
ਇਸ਼ਕ ਮੁਸ਼ਕ ਕਦੇ ਨਾ ਛੁਪਦੇ
ਨਿਹੁੰ ਨਾ ਲੱਗਦੇ ਜ਼ੋਰੀਂ
ਹੌਲੀ ਹੌਲੀ ਨੱਚ ਬੱਲੀਏ
ਨੀ ਤੂੰ ਪਤਲੀ ਬਾਂਸ ਦੀ ਪੋਰੀ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਪਾਲੀ।
ਪਾਲੀ ਦੇ ਦੋ ਗੱਭਰੂ ਬੜੇ ਕਮਾਉ ,
ਮੂਲ ਨਾ ਕੱਢਦੇ ਗਾਲੀ।
ਕੰਮ ਕਾਰ ਨਾਲ ਰੱਖਣ ਵਾਸਤਾ,
ਮੋਢੇ ਹਲ ਪੰਜਾਲੀ।
ਇੱਕ ਮੁੰਡੇ ਨੇ ਮਲਕ ਦੇ ਕੇ,
ਇਕ ਮੁਰਗਾਈ ਫਾਹ ਲੀ।
ਕੰਮ ’ਚ ਓਹਦਾ ਚਿੱਤ ਨਾ ਲੱਗੇ,
ਕਰਨ ਮਸ਼ਕਰੀ ਹਾਲੀ।
ਰੂਪ ਕੁਆਰੀ ਦਾ।
ਦਿਨ ਚੜ੍ਹਦੇ ਦੀ ਲਾਲੀ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਮੋਗਾ।
ਉਰਲੇ ਪਾਸੇ ਢਾਬ ਸੁਣੀਂਦਾ,
ਪਰਲੇ ਪਾਸੇ ਟੋਭਾ।
ਟੋਭੇ ਤੇ ਇੱਕ ਸਾਧੂ ਰਹਿੰਦਾ,
ਬੜੀ ਸੁਣੀਂਦੀ ਸ਼ੋਭਾ।
ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ,
ਮਗਰੋਂ ਮਾਰਦਾ ਗੋਡਾ।
ਲੱਕ ਤੇਰਾ ਪਤਲਾ ਜਿਹਾ,
ਭਾਰ ਸਹਿਣ ਨੀ ਜੋਗਾ।