ਅਰਬ ਦੇਸ਼ ਦੇ ਇਕ ਸਿਆਣੇ ਵਜ਼ੀਰ ਨੇ ਬਾਦਸ਼ਾਹ ਦੀ ਤੀਹ ਸਾਲ ਇਮਾਨਦਾਰੀ ਨਾਲ ਸੇਵਾ ਕੀਤੀ ਸੀ ਪਰ ਉਸ ਵਜ਼ੀਰ ਦੇ ਦੋਖੀ ਦਰਬਾਰੀਆਂ ਨੇ ਬਾਦਸ਼ਾਹ ਦੇ ਕੰਨ ਭਰ-ਭਰ ਕੇ ਅਤੇ ਗੰਭੀਰ ਦੋਸ਼ ਲਾ ਕੇ, ਉਸ ਨੂੰ ਮੌਤ ਦੀ ਸਜ਼ਾ ਸੁਣਵਾ ਦਿੱਤੀ । ਉਸ ਵੇਲੇ ਦੇ ਰਿਵਾਜ ਅਨੁਸਾਰ , ਆਲੇ-ਦੁਆਲੇ ਬੈਠੇ ਲੋਕਾਂ ਦੇ ਵਿਚਕਾਰ, ਅਖਾੜੇ ਵਿਚ, ਵਿਅਕਤੀ ਨੂੰ ਮੌਤ ਦੇ ਘਾਟ ਉਤਾਰਨ ਲਈ, ਉਸ ‘ਤੇ ਕੁੱਤੇ ਛੱਡੇ ਜਾਂਦੇ ਸਨ।
ਮੌਤ ਦੀ ਸਜ਼ਾ ਮਿਲਣ ਤੋਂ ਇਕ ਦਿਨ ਪਹਿਲਾਂ ਵਜ਼ੀਰ ਨੇ ਬਾਦਸ਼ਾਹ ਨੂੰ ਬੇਨਤੀ ਕੀਤੀ ਕਿ ਉਸ ਨੂੰ ਦਸ ਦਿਨ ਦੀ ਮੋਹਲਤ ਦਿੱਤੀ ਜਾਵੇ ਤਾਂ ਜੁ ਉਹ ਪਰਿਵਾਰ ਲਈ ਗੁਜ਼ਾਰੇ ਦਾ ਕੋਈ ਪ੍ਰਬੰਧ ਕਰ ਸਕੇ ।ਉਸਦੀ ਲੰਮੀ ਸੇਵਾ ਨੂੰ ਧਿਆਨ ਵਿਚ ਰੱਖਦਿਆਂ, ਬਾਦਸ਼ਾਹ ਨੇ ਮੋਹਲਤ ਦੇ ਦਿੱਤੀ। ਮੋਹਲਤ ਮਿਲਣ ਉਪਰੰਤ ਉਹ ਕੁੱਤੇ-ਖਾਨੇ ਵਿਚ ਗਿਆ ਅਤੇ ਮੋਹਲਤ ਦੇ ਦਸ ਦਿਨ ਉਸ ਨੇ ਕੁੱਤਿਆਂ ਦੀ ਖੂਬ ਸੇਵਾ ਕੀਤੀ। ਕੁੱਤੇ ਉਸ ਦੇ ਮਤਵਾਲੇ ਹੋ ਗਏ ਸਨ।
ਸਜ਼ਾ ਵਾਲੇ ਦਿਨ ਜਦੋਂ ਵਜ਼ੀਰ ਉਤੇ ਕੁੱਤੇ ਛੱਡ ਗਏ ਤਾਂ ਉਹ ਵੱਡਣ ਦੀ ਥਾਂ ਵਜ਼ੀਰ ਦੇ ਹੱਥ-ਪੈਰ ਚੱਟਣ ਲਗ ਪਏ।
ਬਾਦਸ਼ਾਹ ਹੈਰਾਨ ਹੋਇਆ ਅਤੇ ਪੁੱਛਿਆ : ਇਹ ਕੀ ਹੋ ਰਿਹਾ ਹੈ ? ਵਜ਼ੀਰ ਨੇ ਕਿਹਾ : ਤੁਹਾਡੇ ਵਲੋਂ ਮਿਲੀ ਮੋਹਲਤ ਦੇ ਦਸ ਦਿਨ ਮੈਂ ਇਨ੍ਹਾਂ ਕੁੱਤਿਆਂ ਦੀ ਸੇਵਾ ਕੀਤੀ ਹੈ, ਇਹ ਮੇਰੀ ਸੇਵਾ ਦਾ ਮੁੱਲ ਤਾਰ ਰਹੇ ਹਨ ।
ਤੁਹਾਡੀ ਮੈਂ ਤੀਹ ਸਾਲ ਸੇਵਾ ਕੀਤੀ ਹੈ, ਤੁਸੀਂ ਮੇਰੀ ਸੇਵਾ ਦਾ ਮੁੱਲ ਤਾਰਿਆ ਹੈ ?