ਕੱਲ ਰਾਤ ਮੈਂ ਤੁਰਿਆ ਜਾਂਦਾ ਸੀ । ਮੇਰੇ ਸਾਹਮਣੇ ਇੱਕ ਦੇਵਤਾ ਪਰਗਟ ਹੋਇਆ। ਮੱਕੜੀ ਵਾਂਗ ਕਈ ਬਾਂਹਾਂ ਵੇਖ ਕੇ ਮੈ ਝੱਟ ਹੀ ਸਮਝ ਗਿਆ ਕਿ ਇਹ ਕੋਈ ਹਿੰਦੂਆਂ ਦਾ ਦੇਵਤਾ ਹੋਵੇਗਾ। ਮੈਂ ਹੈਰਾਨ ਹੋਕੇ ਪੁਛਿਆ, “ਬਾਬਾ ਜੀ ਤੁਸੀ ਕੋਣ ਹੋ?” ਬਾਬੇ ਨੇ ਕਿਹਾ, “ਮੈਂ ਸਕਰਮਾਂ ਹਾਂ” ਮੈਂ ਗੁੱਸੇ ਨਾਲ ਕਿਹਾ “ਬਾਬਾ ਦੇਖ ਮੇਰਾ ਤੇਰੇ ਨਾਲ ਪੂਰਨ ਤੌਰ ਤੇ ਬਾਈਕਾਟ ਹੈ। ਤੇਰੇ ਕੋਲ ਤਾਂ ਇਨਸਾਫ ਨਾਂ ਦੀ ਕੋਈ ਚੀਜ਼ ਹੀ ਨਹੀਂ|| ਸਾਡਾ ਸਾਰਾ ਮੁਲਕ ਤੇਰੀ ਪੂਜਾ ਕਰਦਾ ਹੈ ਤੇ ਤੂੰ
ਵਰਦਾਨ ਦੇਨਾ ਹੈਂ ਚਾਈਨਾ, ਜਪਾਨ, ਅਮਰੀਕਾ, ਕਨੇਡਾ ਤੇ ਹੋਰ ਤਕੜੇ ਮੁਲਖਾਂ ਨੂੰ । ਇਹ ਤਾਂ ਕੋਈ ਬੰਦਿਆਂ ਵਾਲੀ ਗੱਲ ਨਾਂ ਹੋਈ”
ਬਾਬਾ ਵਿਸ਼ਕਰਮਾ ਬੋਲਿਆ, “ਵੇ ਪੁੱਤ ! ਮੇਰੇ ਕੋਲ ਉਨ੍ਹਾਂ ਮੁਲਖਾਂ ਨੂੰ ਵਰਦਾਨ ਦੇਣ ਦੀ ਤਾਕਤ ਕਿੱਥੇ ਤੂੰ ਦਿਮਾਗ ਤੇ ਜੋਰ ਪਾ ਕੇ ਸੋਚ ਮੈਂ ਖੁਦ ਉਸ ਜਮਾਨੇ ਚ ਦਿਨ ਕੱਟੇ ਸੀ, ਜਦੋਂ ਅਸੀਂ ਗਧਿਆਂ ਨਾਲ ਸਮਾਨ ਢੋਂਦੇ ਹੁੰਦੇ ਸੀ । ਅੱਜ ਤੁਸੀਂ ਟਰੱਕਾਂ ਦੇ ਮਾਲਕ ਹੋ ਕੇ ਮੈਥੋਂ ਵਰਦਾਨ ਭਾਲਦੇ ਹੋ ? ਜੇ ਮੇਰੇ ਵਿੱਚ ਐਨੀ ਪਾਵਰ ਹੁੰਦੀ ਮੈਂ ਅਪਣੇ ਜਮਾਨੇ ਚ ਹੀ ਮਸ਼ੀਨਾਂ ਪੈਦਾ ਕਰ ਲੈਂਦਾ। ਮੈ ਬਸ ਤੁਹਾਡੇ ਵਰਗੇ ਕਮਲੇ ਲੋਂਕਾਂ ਦੀ ਅੰਨੀ ਸ਼ਰਧਾ ਦਾ ਮਾਣ ਰੱਖਣ ਖਾਤਰ ਉਨ੍ਹਾਂ ਮੁਲਖਾਂ ਦੀਆਂ ਮਿੱਨਤਾਂ ਤਰਲੇ ਕਰਕੇ ਉਨ੍ਹਾਂ ਦੀ ਰੱਦੀ ਮਸ਼ੀਨਰੀ ਤੁਹਾਨੂੰ ਲੈ ਦਿੰਦਾ ਹਾਂ।
ਤੁਸੀ ਕਮਲੇ ਲੋਕ ਏਨੇ ਚ ਹੀ ਖੁਸ਼ ਹੋ ਜਾਂਦੇ ਹੋ ।
ਅਤੇ ਇਕ ਗੱਲ ਹੋਰ ਸੁਣ ਲੈ ,ਮੈਨੂੰ ਤਾਂ ਮੇਰੇ ਨਾਲ ਦੇ ਦੇਵਤੇ ਵੀ ਟਿਚਰਾਂ ਕਰਦੇ ਨੇ ਕਹਿੰਦੇ ਆਪ ਤਾਂ ਤੂੰ ਪੱਤਿਆਂ ਤੇ ਲਿਖ ਲਿਖ ਟਾਈਮ ਪਾਸ ਕੀਤਾ ਤੇ ਆਹ ਵੇਖ ਅੱਜ ਪ੍ਰੈਸ ਵਾਲੇ ਵੀ ਤੇਰੇ ਨਾਂ ਦੀ ਛੁੱਟੀ ਕਰੀ ਬੈਠੇ ਨੇ” ਬਾਬੇ ਵਿਸ਼ਕਰਮੇ ਨੇ ਆਪਣੇ ਦਿਲ ਦੀ ਗੱਲ ਆਖ ਦਿੱਤੀ। ਬਾਬਾ ਸ਼ਰਮਸਾਰ ਜਿਹਾ ਹੋਕੇ ਖਿਸਕਣ ਲਗਿਆ ਮੈਂ ਕਿਹਾ “ਬਾਬਾ ਜਾਂਦਾਂ-੨ ਏਹ ਤਾਂ ਦੱਸ ਜਾ ਉਹ ਮੁਲਖ ਕਿਹੜੇ ਦੇਵਤੇ ਦੀ ਪੂਜਾ ਕਰਦੇ ਨੇ? ਅਸੀਂ ਵੀ ਉਸੇ ਨੂੰ ਧਿਆ ਲਿਆ ਕਰਾਂਗੇ” ਬਾਬਾ ਵਿਸ਼ਕਰਮਾ ਬੋਲਿਆ, “ਓ ਕਮਲਿਓ ਲੋਕੋ ਤੁਹਾਨੂੰ ਪੂਜਾ ਤੋਂ ਬਿਨਾਂ ਕੁਝ ਸੁਝੇ
ਤਾਂ ਹੀ ਤੁਸੀਂ ਕਾਮਯਾਬ ਹੋਵੋਂ,ਓਹ ਲੋਕ ਮਿਹਨਤ ਕਰਦੇ ਨੇ || ਉਹ ਨੀ ਕਿਸੇ ਦੇਵਤੇ ਨੂੰ ਮੰਨਦੇ । ਸਗੋਂ ਅਸੀ ਦੇਵਤੇ ਉਨ੍ਹਾਂ ਲੋਕਾਂ ਦੀ ਪੂਜਾ ਕਰਦੇ ਹਾਂ।”
ਇਹ ਕਹਿਕੇ ਬਾਬਾ ਵਿਸ਼ਕਰਮਾ ਅਲੋਪ ਹੋ ਗਿਆ ।