ਬੱਚਿਆਂ ਦਾ ਵਾਹ-ਵਾਸਤ ਦੋ ਤਰ੍ਹਾਂ ਦੇ ਵਡੇਰਿਆਂ ਨਾਲ ਪੈਂਦਾ ਹੈ। ਪਹਿਲੇ ਉਹ ਜੋ ਉਨ੍ਹਾਂ ਦੇ ਮਨ ਦੀਆਂ ਸਾਫ਼ ਸਲੇਟਾਂ ‘ਤੇ ਝਰੀਟਾਂ ਵਰਗੇ ਸੰਸਕਾਰ ਉਕਾਰਦੇ ਹਨ। ਅੰਗੂਠੇ ਹੇਠ ਰੱਖਣ ਲਈ ਉਨ੍ਹਾਂ ‘ਚ ਡਰ ਭਰਦੇ ਹਨ। ਆਲੇ-ਦਆਲੇ ਵਾਪਰਦੀਆਂ ਘਟਨਾਵਾਂ ਦੀਆਂ ਨਿਰਅਧਾਰ ਵਿਆਖਿਆ ਦੇ ਕੇ, ਉਨ੍ਹਾਂ ਨੂੰ ਗੁਲਾਮ ਮਾਨਸਿਕਤਾ ਵਾਲਾ ਕਰਮਕਾਂਡੀ ਬਣਾਉਂਦੇ ਹਨ। ਬਚਪਨ ‘ਚ ਮਿਲੀਅਾਂ ਇਹ ਕੂਡ਼ ਸਿੱਖਿਆਵਾਂ ਉਮਰ ਭਰ ਉਨ੍ਹਾਂ ਦਾ ਖਹਿਡ਼ਾ ਨਹੀਂ ਛੱਡਦੀਆਂ। ਦੂਜੇ ਉਹ ਵਡੇਰੇ ਵੀ ਹਨ, ਜੋ ਬੱਚਿਆਂ ਉੱਪਰ ਆਪਣਾ-ਆਪ ਠੋਸਦੇ ਨਹੀਂ। ਉਨ੍ਹਾਂ ਦੀ ਜਗਿਆਸਾ ਨੂੰ ਖੁੰਢੀ ਨਹੀਂ ਕਰਦੇ। ਉਨ੍ਹਾਂ ਦੇ ਮਨਾਂ ਉੱਪਰ ਖੂਬਸੂਰਤ ਅਤੇ ਸਿਆਣੇ ਸੰਸਕਾਰਾਂ ਦੀ ਇਬਾਰਤ ਮੜਦੇ ਹਨ। ਚੀਜ਼ਾਂ ਨੂੰ, ਘਟਨਾਵਾਂ ਨੂੰ, ਵੇਖਣ ਪਰਖਣ ਦੀ ਜਾਂਚ ਸਿੱਖਣ ‘ਚ ਮਦਦ ਕਰਦੇ ਹਨ। ਉਨ੍ਹਾਂ ਵਿੱਚ ਜਿੰਮੇਵਾਰੀ ਦੀ ਅਹਿਸਾਸ ਭਰਕੇ, ਸਵੈ-ਅਨੁਸ਼ਾਸਨ ਦੇ ਰਾਹ ਪਾਉਂਦੇ ਹਨ। ਦੂਜੀ ਕਿਸਮ ਦੇ ਵੱਡੇ-ਵਡੇਰਿਆਂ ਦੀ ਫਿਕਰਮੰਦੀ ਵਿਚੋਂ ਜੋ ਗਿਆਨ, ਸਾਹਿਤ ਰੂਪ ਵਿੱਚ ਹੈ ਉਹ ਬੱਚਿਆਂ ਦਾ ਬਹੁਪੱਖੀ ਵਿਕਾਸ ਕਰ ਸਕਦਾ ਹੈ। ਸਾਨੂੰ ਇਸ ਤਰ੍ਹਾਂ ਦੇ ਸਾਹਿਤ ਦੀ ਚੋਣ ਕਰਕੇ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਵਰਿੰਦਰ ਦੀਵਾਨਾ
ਫੋਟੋ- ਰਵਨ ਖੋਸਾ ( Ravan Khosa )