ਮਾਨ ਸਰੋਵਰ ਰਿਸ਼ਮਾਂ ਲੱਥੀਆਂ
ਮੋਤੀ ਰਹੀਆਂ ਚੁੱਗ ਵੇ ।
ਫੇਰ ਹਨੇਰੇ ਚਉਸਰ ਖੇਡੇ
ਫ਼ਜ਼ਰ ਗਈ ਊ ਪੁੱਗ ਵੇ ।
ਪੂਰਬ ਦੀ ਇਕ ਟਾਹਣੀ ਉੱਤੇ
ਕਿਰਣਾਂ ਪਈਆਂ ਉੱਗ ਵੇ ।
ਸੱਭੇ ਯਾਦਾਂ ਉੱਮਲ੍ਹ ਆਈਆਂ
ਭਰੀ ਕਲੇਜੇ ਰੁੱਗ ਵੇ ।
ਅੱਲ੍ਹੜ ਧੁੱਪਾਂ ਖੇਡਣ ਪਈਆਂ
ਖੇਡਣ ਰੰਗ ਕਸੁੰਭ ਵੇ ।
ਲਗਰਾਂ ਜਹੀਆਂ ਸਿਖ਼ਰ ਦੁਪਹਿਰਾਂ
ਹੋਈਆਂ ਚਿੱਟੀਆਂ ਖੁੰਬ ਵੇ ।
ਵੇਖ ਸਮੇਂ ਨੇ ਚਾੜ੍ਹ ਧੁਣਖਣੀ
ਚਾਨਣ ਦਿੱਤਾ ਤੁੰਬ ਵੇ ।
ਦੋਵੇਂ ਪੈਰ ਦਿਹੁੰ ਦੇ ਠਰ ਗਏ
ਕਿਰਣਾਂ ਮਾਰੀ ਝੁੰਬ ਵੇ ।ਕਿਰਣਾਂ ਜਿਵੇ ਜਲੂਟੀ ਹੋਈਆਂ
ਅੰਬਰ ਗਏ ਨੇ ਅੰਬ ਵੇ ।
ਕਿਸੇ ਰਾਹੀ ਨੇ ਅੱਡੀ ਝਾੜੀ
ਪੰਛੀ ਝਾੜੇ ਖੰਭ ਵੇ ।
ਆ ਗਏ ਝੁੰਡ, ਵੱਗ ਤੇ ਡਾਰਾਂ
ਭਰ ਗਏ ਸਰਵਰ ਛੰਭ ਵੇ ।
ਏਸ ਹਿਜਰ ਦੇ ਪੈਂਡੇ ਉੱਤੇ
ਜਿੰਦ ਗਈ ਮੇਰੀ ਹੰਭ ਵੇ ।ਡੋਲ ਗਈ ਸੂਰਜ ਦੀ ਬੇੜੀ
ਪੱਛਮ ਉੱਠੀ ਛੱਲ ਵੇ ।
ਗੰਢ ਪੋਟਲੀ ਚੁੱਕ ਤਰਕਾਲਾਂ
ਆਈਆਂ ਸਾਡੀ ਵੱਲ ਵੇ ।
ਕਿਹੜੇ ਬੱਦਲੋਂ ਕਣੀਆਂ ਲੱਥੀਆਂ
ਅੱਖੀਆਂ ਭਰ ਲਈ ਡੱਲ ਵੇ ।
ਹਰ ਇਕ ਮੇਰੀ “ਅੱਜ” ਢੂੰਡਦੀ
ਕਿੱਥੇ ਕੁ ਤੇਰੀ “ਕੱਲ੍ਹ” ਵੇ ?
Amrita Pritam
ਜਿਉਂ ਕੋਈ ਨਿੱਕਾ ਪੰਛੀ ਜਾ ਕੇ
ਡੂੰਘੀ ਸੰਘਣੀ ਰੱਖ ਦੇ ਅੰਦਰ
ਇਕ ਆਲ੍ਹਣਾ ਪਾਏਸੱਜਾ ਹੱਥ ਮੇਰਾ ਨਸ਼ਿਆਇਆ
ਉਹਦੀਆਂ ਦੋ ਤਲੀਆਂ ਵਿਚ ਬੈਠਾ
ਸੁਪਨੇ ਕਈ ਬਣਾਏਇਕ ਦਿਨ ਰੱਜ ਖੇਡੀਆਂ ਉਂਗਲਾਂ
ਤਲੀਆਂ ਦੀ ਉਸ ਧਰਤੀ ਉੱਤੇ
ਕਿਤਨੇ ਘਰ ਘਰ ਪਾਏਫੇਰ ਜਿਵੇ ਕੋਈ ਅਲਤਾ ਖੇਡੇ,
ਮੁੱਠਾਂ ਦੇ ਵਿੱਚ ਭਰ ਕੇ ਸੁਪਨੇ
ਅੱਖਾਂ ਨੂੰ ਉਸ ਲਾਏਵਰ੍ਹਿਆਂ ਉੱਤੇ ਵਰ੍ਹੇ ਬੀਤ ਗਏ,
ਰੰਗ ਕੋਈ ਨਾ ਖੁਰੇ ਇਨ੍ਹਾਂ ਦਾ
ਲੱਖਾਂ ਅੱਥਰੂ ਆਏਚਿੱਟਾ ਚਾਨਣ ਢੋਈ ਨਾ ਦੇਵੇ ,
ਅੱਖਾਂ ਵਿਚ ਖਲੋਤੇ ਸੁਪਨੇ
ਰਾਤ ਬੀਤਦੀ ਜਾਏAmrita Pritam
ਸੱਤੀਂ ਸੁਰੀਂ ਜਗਾ ਲਏ ਜਾਦੂ
ਸੱਤੇ ਰੰਗ ਪਹਿਨ ਲਏ ਓਹਨਾਂ
ਰੂਪ ਕਿਤੋਂ ਨਾ ਊਣਾ ।ਪੇਸ਼ਵਾਈ ਨਾ ਸਰੀ ਅਸਾਥੋਂ
ਦੋਵੇਂ ਹੱਥ ਹੋਏ ਬਉਰਾਨੇ
ਜਿੰਦ ਸਾਡੀ ਨੂੰ ਬਾਂਹ ਵਲਾ ਕੇ
ਕਰ ਗਈਆਂ ਕੋਈ ਟੂਣਾ ।ਸੱਤੇ ਅੰਬਰ ਲੰਘ ਕੇ ਆਈਆਂ
ਸੱਤੇ ਅੰਬਰ ਲੰਘ ਕੇ ਗਈਆਂ
ਹੱਥ ਵਿਚ ਲੋਹਾ, ਹੱਥ ਵਿਚ ਪਾਰਸ
ਭੁੱਲ ਗਿਆ ਸਾਨੂੰ ਛੂਹਣਾ ।ਕਿਸ ਡਾਚੀ ਮੇਰਾ ਪੁੰਨੂੰ ਖੜਿਆ
ਨੌਂ ਸੌ ਮੀਲ ਬਰੇਤਾ ਵਿਛਿਆ
ਜਿਉਂ ਜਿਉਂ ਸੱਸੀ ਜਾਏ ਅਗੇਰੇ
ਤਿਉਂ ਤਿਉਂ ਪੈਂਡਾ ਦੂਣਾ ।ਅੰਦਰੇ ਅੰਦਰ ਬੱਦਲ ਘਿਰਦੇ
ਕਦੇ ਕਦੇ ਕੋਈ ਵਾਫੜ ਆਵੇ
ਦੋ ਅੱਖਾਂ ਵਿਚ ਆ ਕੇ ਲੱਥੇ
ਮੂੰਹ ਨੂੰ ਕਰ ਜਾਏ ਲੂਣਾ ।ਜੁੱਗਾਂ ਜੇਡੇ ਦਿਹੁੰ ਬੀਤ ਗਏ
ਯਾਦਾਂ ਦੀ ਇਕ ਤਾਣੀ ਬੱਝੀ
ਬਹੀਏ, ਬਹਿ ਕੇ ਅੱਖਰ ਉਣੀਏ
ਹੋਰ ਅਸਾਂ ਕੀ ਕੂਣਾ !ਆਈਆਂ, ਦੋ ਘੜੀਆਂ ਕੋਈ ਆਈਆਂ
ਸੱਤੀਂ ਸੁਰੀਂ ਜਗਾ ਲਏ ਜਾਦੂ
ਸੱਤੇ ਰੰਗ ਪਹਿਨ ਲਏ ਓਹਨਾਂ
ਰੂਪ ਕਿਤੋਂ ਨਾ ਊਣਾ ।Amrita Pritam
ਦੋਵੇਂ ਨੈਣ ਵੈਰਾਗੇ ਮੇਰੇ ਭਰ ਭਰ ਕੇ ਅੱਜ ਰੁੰਨੇ ।
ਸੱਤ ਸਮੁੰਦਰ ਪੈਰਾਂ ਅੱਗੇ ਕਾਬਾ ਪਰਲੇ ਬੰਨੇ ।ਅਖੀਆਂ ਦੇ ਵਿਚ ਦੀਵੇ ਭਰ ਕੇ ਲੰਮੀ ਨੀਝ ਉਮਰ ਨੇ ਲਾਈ
ਡੀਕਾਂ ਨਾਲ ਹਨੇਰੇ ਪੀਤੇ ਛਾਣੇ ਅੰਬਰ ਜਿੰਨੇ ।ਵਰ੍ਹਿਆਂ ਬੱਧੀ ਸੂਰਜ ਬਾਲੇ ਵਰ੍ਹਿਆਂ ਬੱਧੀ ਚੰਨ ਜਗਾਏ
ਅੰਬਰਾਂ ਕੋਲੋਂ ਮੰਗੇ ਜਾ ਕੇ ਤਾਰੇ ਚਾਂਦੀ ਵੰਨੇ ।ਕਿਸੇ ਨਾ ਆ ਕੇ ਸ਼ਮ੍ਹਾ ਜਗਾਈ ਘੋਰ ਕਾਲਖ਼ਾਂ ਜਿੰਦ ਵਲ੍ਹੇਟੀ
ਵਰ੍ਹਿਆਂ ਦੀ ਇਸ ਬੱਤੀ ਨਾਲੋਂ ਚਾਨਣ ਰਹੇ ਵਿਛੁੰਨੇ ।ਸੌ ਸੌ ਵਾਰ ਮਨਾਈਆਂ ਜਾ ਕੇ ਪਰ ਤਕਦੀਰਾਂ ਮੁੜ ਨਾ ਮੰਨੀਆਂ
ਪੌਣਾਂ ਦੀ ਇਸ ਕੰਨੀ ਅੰਦਰ ਕਈ ਕਈ ਧਾਗੇ ਬੰਨ੍ਹੇ ।ਹਾਰੇ ਹੋਏ ਮੇਰੇ ਹੱਥਾਂ ਵਿਚੋਂ ਸ਼ਮ੍ਹਾਦਾਨ ਜਦ ਡਿੱਗਣ ਲੱਗਾ
ਸੱਤੇ ਸਾਗਰ ਤਰ ਕੇ ਕੋਈ ਆਇਆ ਮੇਰੀ ਵੰਨੇ ।ਹੋਠਾਂ ਵਿਚ ਜਗਾ ਕੇ ਜਾਦੂ ਹੱਥ ਮੇਰੇ ਉਸ ਛੋਹੇ
“ਕਹੁ ਕਲਮ ਨੂੰ ਏਸ ਪੀੜ ਦਾ ਦਾਰੂ ਬਣ ਕੇ ਪੁੰਨੇ !”ਤੇਰੀਆਂ ਪੀੜਾਂ ਮੇਰੀਆਂ ਪੀੜਾਂ ਹੋਰ ਅਜੇਹੀਆਂ ਲੱਖਾਂ ਪੀੜਾਂ
ਤੇਰੇ ਅੱਥਰੂ ਮੇਰੇ ਅੱਥਰੂ ਹੋਰ ਅੱਥਰੂ ਕਿੰਨੇ ।ਸੱਤਾਂ ਵਰ੍ਹਿਆਂ ਦਾ ਇਹ ਪੈਂਡਾ ਨਿਰੇ ਅਸੀਂ ਨਾ ਪਾਂਧੀ ਇਸ ਦੇ
ਲੱਖਾਂ ਪੁੰਨੂੰ ਲੱਖਾਂ ਸੱਸੀਆਂ ਪੈਰ ਥਲਾਂ ਵਿਚ ਭੁੰਨੇ ।ਦੋਵੇਂ ਹੋਠ ਉੜਾ ਕੇ ਉਸ ਨੇ ਕਲਮ ਮੇਰੀ ਫਿਰ ਛੋਹੀ
ਦੋਵੇਂ ਨੈਣ ਵੈਰਾਗੇ ਉਸ ਦੇ ਭਰ ਭਰ ਕੇ ਫਿਰ ਰੁੰਨੇ ।Amrita Pritam
ਪੂਰਬ ਨੇ ਕੁਝ ਲੱਭਿਆ
ਕਿਹੜੇ ਅੰਬਰ ਫੋਲ!ਜਿਉਂ ਹੱਥ ਕਟੋਰਾ ਦੁੱਧ ਦਾ
ਵਿਚ ਕੇਸਰ ਦਿੱਤਾ ਘੋਲ।ਚਾਨਣ ਲਿੱਪੀ ਰਾਤ ਨੇ
ਸੱਤ ਸਗੰਧਾਂ ਡੋਹਲਅੰਬਰ ਫ਼ਸਲਾਂ ਪੱਕੀਆਂ
ਤਾਰਿਆਂ ਲਾ ਲਏ ਬੋਹਲਆਸਾਂ ਕੱਤਣ ਬੈਠੀਆਂ
ਤੰਦ ਸੁਬਕ ਤੇ ਸੋਹਲਭਰ ਭਰ ਲੱਛੇ ਪੈਣ ਵੇ
ਰੇਸ਼ਮੀ ਅੱਟੀ ਝੋਲਅਰਪੀ ਕਿਸ ਨੇ ਜਿੰਦੜੀ
ਚਾਰੇ ਕੰਨੀਆਂ ਖੋਹਲਬੱਦਲਾਂ ਭਰ ਲਈ ਅੱਖ ਵੇ
ਪੌਣਾਂ ਭਰ ਲਈ ਝੋਲਪੰਛੀ ਤੋਲੇ ਪਰਾਂ ਨੂੰ
ਟਾਹਣਾ ਗਾਈਆਂ ਡੋਲਲੈ ਦੇ ਖੰਭ ਵਿਕੰਦੜੇ
ਜਾਂ ਰਹਿ ਪਉ ਸਾਡੇ ਕੋਲ
ਵੇ ਪਰਦੇਸੀਆ !Amrita Pritam
ਡੰਗਾਂ ਦਾ ਸੀ ਭਰਿਆ ਛੱਤਾ
ਇਕ ਦਿਹਾੜੇ ਕੱਤਕ ਆਇਆ
ਆਣ ਮਾਖਿਓਂ ਚੋਇਆ ।ਚੰਨੋਂ ਚਿੱਟੇ ਅੰਗ ਜ਼ਿਮੀ ਦੇ
ਸਭਣਾਂ, ਕਿਰਣਾਂ ਸੂਰਜ ਵਿਚੋਂ
ਰੰਗ ਕਿਰਮਚੀ ਢੋਇਆ ।ਸਭਣਾਂ ਰੋਗਾਂ ਕਾਮਣ ਪਾਇਆ
ਪੈਰਾਂ ਦੇ ਵਿਚ ਝੁੰਮਰ ਬੱਧਾ
ਵਣ ੜ੍ਰਿਣ ਆ ਕੇ ਮੋਹਿਆ ।ਵੇਲ ਰੁੱਖ ਦੇ ਗਲ ਨੂੰ ਲੱਗੀ
ਫੁੱਲਾਂ ਵਿਚੋਂ ਉੱਠ ਸੁਗੰਧੀ
ਹੱਥ ਪੌਣ ਦਾ ਛੋਹਿਆ ।ਦੋਵੇਂ ਲੋਕ ਮੇਰੇ ਰੁਸ਼ਨਾਏ
ਦੋ ਅੱਖਾਂ ਨੂੰ ਲੱਭਾ ਆ ਕੇ
ਨੂਰ ਗੁਆਚਾ ਹੋਇਆ ।Amrita Pritam
ਸਮੁੰਦਰ ਦੇ ਕੰਢੇ ਲੋਕਾਂ ਦੀ ਇਕ ਭੀੜ ਪਈ ਹੋਈ ਸੀ। ਹਰ ਉਮਰ ਦੇ ਲੋਕ, ਹਰ ਕੌਮ ਦੇ ਲੋਕ, ਹਰ ਵੇਸ ਦੇ ਲੋਕ।
ਕਈ ਲੋਕ ਬੜੀ ਤਾਂਘ ਨਾਲ ਸਮੁੰਦਰ ਦੀ ਛਾਤੀ ਨੂੰ ਉਥੋਂ ਤੱਕ ਵੇਖਦੇ ਪਏ ਸਨ ਜਿੱਥੋਂ ਤੱਕ ਉਨ੍ਹਾਂ ਦੀ ਨੀਝ ਜਾ ਸਕਦੀ ਸੀ। ਕਈਆਂ ਦੀਆਂ ਅੱਖਾਂ ਭੀੜ ਵਿਚ ਇਸ ਤਰ੍ਹਾਂ ਰੁੱਝੀਆਂ ਹੋਈਆਂ ਸਨ, ਜਿਵੇਂ ਉਨ੍ਹਾਂ ਨੂੰ ਸਮੁੰਦਰ ਨਾਲ ਕੋਈ ਵਾਸਤਾ ਨਹੀਂ ਸੀ।
ਕਈ ਲੋਕ ਮੱਕਈ ਦੀਆਂ ਭੁੱਜੀਆਂ ਹੋਈਆਂ ਛੱਲੀਆਂ ਖਾਂਦੇ ਪਏ ਸਨ, ਕਈ ਮੁੰਗਫਲੀ ਛਿਲਦੇ ਪਏ ਸਨ ਤੇ ਕਈ ਨਾਰੀਅਲ ਪੀਂਦੇ ਪਏ ਸਨ। ਕੁਝ ਬੱਚੇ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਰੇਤ ਦੇ ਘਰ ਬਣਾਂਦੇ ਪਏ ਸਨ।
ਸਮੁੰਦਰ ਦੀ ਛਾਤੀ ਉਤੇ ਕੁਝ ਝਿਲਮਿਲ ਕਰਨ ਲੱਗ ਪਿਆ। ਕਈਆਂ ਲੋਕਾਂ ਦੇ ਦਿਲ ਧੜਕੇ। ਅਸਮਾਨ ਦੀ ਇਕ ਨੁੱਕਰ ਨੇ ਆਪਣੇ ਹੱਥਾਂ ਵਿਚ ਸੂਰਜ ਦਾ ਪਿਆਲਾ ਫੜਿਆ ਹੋਇਆ ਸੀ ਤੇ ਉਸ ਪਿਆਲੇ ਵਿਚੋਂ ਬਹੁਤ ਸਾਰੀ ਲਾਲੀ ਸਮੁੰਦਰ ਦੇ ਪਾਣੀ ਵਿਚ ਡੁੱਲ੍ਹਦੀ ਪਈ ਸੀ।
ਪਾਣੀਆਂ ਨੂੰ ਚੀਰ ਕੇ ਆਉਂਦੀ ਬੇੜੀ ਦਾ ਹੁਣ ਵਜੂਦ ਲੱਭਣ ਲੱਗ ਪਿਆ ਸੀ। ਕਈ ਲੋਕਾਂ ਨੇ ਇਹ ਗੱਲ ਨਾ ਗੌਲੀ, ਪਰ ਕਈਆਂ ਦੇ ਹੱਥੋਂ ਮੱਕੀ ਦੀਆਂ ਛੱਲੀਆਂ ਛੁਟਕ ਗਈਆਂ, ਮੁੰਗਫਲੀ ਡਿੱਗ ਪਈ ਤੇ ਨਾਰੀਅਲ ਦਾ ਪਾਣੀ ਡੁੱਲ੍ਹ ਪਿਆ।
ਛੱਲਾਂ ਇਕ ਸਾਜ਼ ਵਾਂਗ ਵੱਜਦੀਆਂ ਪਈਆਂ ਸਨ, ਚੱਪੂਆਂ ਦੀ ਆਵਾਜ਼ ਉਹਨੂੰ ਤਾਲ ਦੇਣ ਲੱਗ ਪਈ ਤੇ ਫਿਰ ਮਲਾਹ ਦਾ ਗੀਤ ਕੰਢੇ ਵੱਲ ਆਉਣ ਲੱਗ ਪਿਆ।
ਮਲਾਹ ਦਾ ਇਹ ਗੀਤ ਕੋਈ ਜਾਦੂ ਚਾੜ੍ਹਨ ਦੀ ਥਾਂ ਖਬਰੇ ਕੋਈ ਜਾਦੂ ਲਾਂਹਦਾ ਪਿਆ ਸੀ, ਕੰਢੇ ਉਤੇ ਖਲੋਤੇ ਹੋਏ ਕਈ ਜੋੜਿਆਂ ਦੇ ਹੱਥ ਹੱਥਾਂ ਵਿਚੋਂ ਛੁਟਕ ਗਏ। ਜਿਉਂ ਜਿਉਂ ਮਲਾਹ ਦੀ ਆਵਾਜ਼ ਉਚੀ ਹੁੰਦੀ ਗਈ ਤੇ ਬੇੜੀ ਕੰਢੇ ਵੱਲ ਆਉਂਦੀ ਗਈ, ਕਈਆਂ ਦੀਆਂ ਅੱਖਾਂ ਵਿਚ ਧੁੱਪ ਲਿਸ਼ਕੀ, ਕਈਆਂ ਦੀਆਂ ਅੱਖਾਂ ਵਿਚ ਬੱਦਲ ਆ ਗਏ ਤੇ ਕਈਆਂ ਦੀਆਂ ‘ਚੋਂ ਕਣੀਆਂ ਲਹਿ ਪਈਆਂ। ਬਹੁਤ ਸਾਰੇ ਲੋਕ ਇਹੋ ਜਿਹੇ ਵੀ ਸਨ, ਜਿਨ੍ਹਾਂ ਨੇ ਇਸ ਪਾਸੇ ਅੱਖਾਂ ਹੀ ਨਹੀਂ ਸਨ ਕੀਤੀਆਂ।
ਬੇੜੀ ਨੂੰ ਕੰਢੇ ਲਾ ਕੇ ਮਲਾਹ ਨੇ ਲੋਕਾਂ ਵੱਲ ਤੱਕਿਆ ਤੇ ਬੁਲਾਵਾ ਦਿੱਤਾ, “ਹੈ ਕੋਈ ਸਵਾਰੀ?”
ਮਲਾਹ ਦੇ ਮੂੰਹ ਦੀ ਝਾਲ ਨਹੀਂ ਸੀ ਝੱਲੀ ਜਾਂਦੀ, ਲੋਕਾਂ ਨੇ ਅੱਖਾਂ ਨੀਵੀਆਂ ਪਾ ਲਈਆਂ। ਤੇ ਮਲਾਹ ਕੰਢੇ ਦੀ ਰੇਤ ਉਤੇ ਨਿਵੇਕਲਾ ਬਹਿ ਕੇ ਹੁੱਕਾ ਪੀਣ ਲੱਗ ਪਿਆ।
ਸੂਰਜ ਦਾ ਪਿਆਲਾ ਮੂਧਾ ਹੋ ਗਿਆ ਤੇ ਸਮੁੰਦਰ ਨੇ ਮਿੰਟਾਂ ਵਿਚ ਉਹਦੀ ਲਾਲੀ ਡੀਕ ਲਾ ਕੇ ਪੀ ਲਈ। ਹੁਣ ਸਮੁੰਦਰ ਰਾਤ ਦੇ ਹਨੇਰੇ ਨੂੰ ਘੁੱਟ ਘੁੱਟ ਕਰ ਕੇ ਪੀਂਦਾ ਪਿਆ ਸੀ। ਲੋਕ ਘਰਾਂ ਨੂੰ ਤੁਰ ਗਏ ਸਨ।
ਮਲਾਹ ਨੇ ਹੁੱਕਾ ਇਕ ਪਾਸੇ ਧਰ ਦਿੱਤਾ ਤੇ ਉਠ ਕੇ ਸਮੁੰਦਰ ਦੇ ਖਾਲੀ ਕੰਢੇ ਨੂੰ ਵੇਖਿਆ, ਪਾਣੀ ਦੀ ਕੋਈ ਛੱਲ ਹੰਭਲਾ ਮਾਰ ਕੇ ਆਉਂਦੀ ਸੀ ਤੇ ਰੇਤ ਉਤੇ ਡਿੱਗੇ ਹੋਏ ਛੱਲੀਆਂ ਦੇ ਤੁੱਕੇ, ਮੁੰਗਫਲੀ ਦੇ ਛਿੱਲੜ ਤੇ ਨਾਰੀਅਲ ਦੇ ਖਿੱਪਰ ਹੂੰਝ ਕੇ ਕੰਢੇ ਦੀ ਰੇਤ ਨੂੰ ਸਵਾਹਰਿਆਂ ਕਰਦੀ ਪਈ ਸੀ। ਲੋਕਾਂ ਦੇ ਪੈਰਾਂ ਦੇ ਨਿਸ਼ਾਨ ਵੀ ਹੂੰਝੇ ਗਏ ਸਨ, ਤੇ ਬਾਲਾਂ ਦੇ ਬਣਾਏ ਹੋਏ ਘਰ ਵੀ।
ਮਲਾਹ ਨੇ ਦੂਰ ਨਾਰੀਅਲ ਦੇ ਝੁੰਡਾਂ ਵਿਚ ਬਣੀ ਝੁੱਗੀ ਵੱਲ ਵੇਖਿਆ। ਝੁੱਗੀ ਵਿਚ ਦੀਵਾ ਅਜੇ ਜਗਦਾ ਪਿਆ ਸੀ। ਮਲਾਹ ਗੇਣਤਰੀਆਂ ਗਿਣਦੇ ਪੈਰਾਂ ਨਾਲ ਉਸ ਝੁੱਗੀ ਵੱਲ ਤੁਰ ਪਿਆ।
“ਜਾਗਨੀ ਏਂ ਅਜੇ?” ਮਲਾਹ ਨੇ ਝੁੱਗੀ ਦਾ ਅੱਧ ਭੀੜਿਆ ਬੂਹਾ ਠਕੋਰਿਆ।
“ਲੰਘ ਆ ਅੰਦਰ! ਤੈਨੂੰ ਹੀ ਪਈ ਉਡੀਕਦੀ ਸਾਂ” ਝੁੱਗੀ ਦੇ ਅੰਦਰੋਂ ਇਕ ਤੀਵੀਂ ਦੀ ਆਵਾਜ਼ ਆਈ, “ਬਹਿ ਜਾ ਏਥੇ” ਤੀਵੀਂ ਨੇ ਫੇਰ ਆਖਿਆ ਤੇ ਝੁੱਗੀ ਦੀ ਨੁੱਕਰੇ ਵਿਛਾਈ ਬੋਰੀ ਨੂੰ ਇਕ ਵਾਰੀ ਫੇਰ ਝਾੜ ਕੇ ਵਿਛਾ ਦਿੱਤਾ।
“ਕੋਈ ਸਵਾਰੀ ਨਹੀਂ ਮਿਲੀ”, ਮਲਾਹ ਨੇ ਇਕ ਡੂੰਘਾ ਸਾਹ ਭਰਿਆ।
“ਮੈਂ ਆਖਣੀ ਆਂ ਤੂੰ ਇਹ ਰੋਜ਼ ਦਾ ਬਖੇੜਾ ਛੱਡ ਕਿਉਂ ਨਹੀਂ ਦੇਂਦਾ? ਕਦੇ ਤੈਨੂੰ ਕੋਈ ਸਵਾਰੀ ਲੱਭੀ ਵੀ ਏ? ਛੱਡ ਪਰ੍ਹੇ ਸਵਾਰੀਆਂ ਦੀ ਗੱਲ, ਇਹ ਦੱਸ ਨਾਰੀਅਲ ਪੀਏਂਗਾ?”
“ਨਾਰੀਅਲ ਪੀਣ ਹੀ ਤਾਂ ਆਇਆ ਵਾਂ।”
“ਦੱਸ ਕਿਹੜਾ ਲਿਆਵਾਂ? ਪਾਣੀ ਵਾਲਾ, ਮਲਾਈ ਵਾਲਾ ਕਿ ਗਰੀ ਵਾਲਾ?”
“ਅੱਜ ਮੇਰਾ ਜੀਅ ਬੜਾ ਉਦਾਸ ਏ, ਤੂੰ ਮੈਨੂੰ ਤਿੰਨੇ ਹੀ ਪਿਆ ਦੇ। ਪਹਿਲੋਂ ਪਾਣੀ ਵਾਲਾ, ਫੇਰ ਮਲਾਈ ਵਾਲਾ, ਤੇ ਫੇਰ ਮੋਟੀ ਗਰੀ ਵਾਲਾ।”
ਤੀਵੀਂ ਨੇ ਟੋਕਰੀ ਵਿਚੋਂ ਤਿੰਨੋਂ ਨਾਰੀਅਲ ਆਂਦੇ ਤੇ ਵਾਰੋ ਵਾਰ ਤੋੜਦੀ, ਮਲਾਹ ਦੇ ਹੱਥਾਂ ਵਿਚ ਫੜਾਂਦੀ ਆਖਣ ਲੱਗੀ, “ਕੁਝ ਮਿੱਠੇ ਵੀ ਨਿਕਲੇ ਨੇ ਕਿ ਨਹੀਂ?”
“ਬੜੇ ਮਿੱਠੇ ਨੇ”, ਮਲਾਹ ਨੇ ਆਖਿਆ ਤੇ ਕੱਚੀ ਗਰੀ ਦਾ ਟੋਟਾ ਭੰਨ ਕੇ ਉਸ ਤੀਵੀਂ ਦੇ ਹੱਥ ਫੜਾਂਦਾ ਆਖਣ ਲੱਗਾ, “ਲੈ ਤੂੰ ਆਪ ਖਾ ਕੇ ਵੇਖ।”
“ਇਹ ਵੀ ਸ਼ੁਕਰ ਏ ਜੁ ਤੂੰ ਘੜੀ ਬਿੰਦ ਏਥੇ ਆ ਜਾਨਾਂ ਏਂ, ਨਹੀਂ ਤਾਂ ਮੈਂ ਇਹ ਨਾਰੀਅਲ ਦੇ ਸਾਰੇ ਰੁੱਖ ਕੱਟ ਛੱਡਣੇ ਸਨ।”
ਮਲਾਹ ਮੁਸਕਰਾਇਆ ਤੇ ਆਖਣ ਲੱਗਾ, “ਤਾਂਹੀਓਂ ਆਖਨੀ ਏਂ ਮੈਂ ਇਹ ਰੋਜ਼ ਦਾ ਬਖੇੜਾ ਛੱਡ ਦਿਆਂ? ਜੇ ਮੈਂ ਸਵਾਰੀਆਂ ਦੀ ਆਸ ਛੱਡ ਦਿਆਂ, ਤੇ ਬੇੜੀ ਲੈ ਕੇ ਕਦੀ ਇਸ ਕੰਢੇ ਨਾ ਆਵਾਂ ਤਾਂ ਫੇਰ ਤੂੰ ਇਸ ਧਰਤੀ ਉਤੇ ਇਹ ਨਾਰੀਅਲ ਦੇ ਰੁੱਖ ਕਾਹਨੂੰ ਬੀਜੇਂਗੀ?”
“ਇਹ ਤੇ ਤੂੰ ਸੱਚ ਆਖਨਾ ਏਂ”, ਤੀਵੀਂ ਨੇ ਹਉਕਾ ਭਰਿਆ।
“ਮੈਨੂੰ ਕੋਈ ਸਵਾਰੀ ਨਹੀਂ ਲੱਭਦੀ ਕਦੇ ਕਦੇ ਮੈਂ ਜਦੋਂ ਬਹੁਤਾ ਹੀ ਉਦਾਸ ਹੋ ਜਾਨਾ ਵਾਂ, ਮੇਰਾ ਜੀਅ ਕਰਦਾ ਏ ਤੈਨੂੰ ਆਪਣੀ ਬੇੜੀ ਵਿਚ ਬਿਠਾ ਕੇ ਲੈ ਜਾਵਾਂ…।”
“ਇਹ ਗੱਲ ਤੇ ਤੂੰ ਅੱਗੇ ਵੀ ਕਈ ਵਾਰ ਆਖੀ ਏ, ਪਰ ਇਹ ਕੋਈ ਤੇਰੇ ਵੱਸ ਦੀ ਗੱਲ ਥੋੜ੍ਹੀ ਏ।” ਤੀਵੀਂ ਨੇ ਆਪਣੇ ਦੁੱਪਟੇ ਦੀ ਕੰਨੀ ਨਾਲ ਆਪਣੀਆਂ ਅੱਖਾਂ ਪੂੰਝੀਆਂ।
“ਇਹੋ ਹੀ ਤੇ ਦੁੱਖ ਏ ਕਿ ਇਹ ਮੇਰੇ ਵੱਸ ਦੀ ਗੱਲ ਨਹੀਂ”, ਮਲਾਹ ਨੇ ਲੰਬਾ ਸਾਹ ਭਰਿਆ।
“ਇਹ ਕਿਹੋ ਜਿਹਾ ਨੇਮ ਬਣਾਇਆ ਏ ਕੁਦਰਤ ਨੇ।”
“ਤੀਵੀਂ ਦੇ ਮਨ ਵਿਚ ਇਕ ਮਰਦ ਵਾਸਤੇ ਸਦੀਵੀ ਤਾਂਘ ਤੇ ਮਰਦ ਦੇ ਮਨ ਵਿਚ ਇਕ ਤੀਵੀਂ ਲਈ ਸਦੀਵੀ ਖਿੱਚ। ਕੁਦਰਤ ਦੇ ਇਸ ਨੇਮ ਨੂੰ ਕਿਹੜਾ ਭੰਨੇ?”
“ਪਰ ਤੀਵੀਂ ਨੂੰ ਕਦੇ ਵੀ ਉਹ ਮਰਦ ਨਾ ਮਿਲਿਆ, ਜਿਹਦੇ ਨਾਲ ਉਹਦੀ ਭਟਕਣਾ ਮੁੱਕ ਜਾਂਦੀ, ਤੇ ਮਰਦ ਨੂੰ ਕਦੇ ਵੀ ਉਹ ਤੀਵੀਂ ਨਾ ਮਿਲੀ ਜਿਹਦੇ ਨਾਲ ਉਹਦੀ ਤ੍ਰਿਸ਼ਨਾ ਖਲੋ ਜਾਂਦੀ।”
“ਮਨ ਦਾ ਇਹ ਏਡਾ ਵੱਡਾ ਸਮੁੰਦਰ ਕਿਸੇ ਕੋਲੋਂ ਪਾਰ ਨਹੀਂ ਹੁੰਦਾ, ਮੈਂ ਤਾਂਹੀਏਂ ਤਾਂ ਇਹ ਬੇੜੀ ਬਣਾਈ ਪਰ ਸਮੁੰਦਰ ਦੇ ਪਰਲੇ ਪਾਸੇ ਜ਼ਿੰਦਗੀ ਦੀ ਸਾਰੀ ਵਾਦੀ ਸੱਖਣੀ ਪਈ ਹੋਈ ਏ, ਮੈਨੂੰ ਕੋਈ ਸਵਾਰੀ ਹੀ ਨਹੀਂ ਲੱਭਦੀ, ਉਸ ਪਾਸੇ ਲਿਜਾਣ ਲਈ।”
“ਤੇ ਏਧਰ ਦੁਨੀਆਂ ਕੁਰਬਲ ਕੁਰਬਲ ਪਈ ਕਰਦੀ ਏ, ਰਹਿਣ ਨੂੰ ਘਰ ਨਹੀਂ, ਖਾਣ ਨੂੰ ਰੋਟੀ ਨਹੀਂ। ਨਿਥਾਵਿਆਂ ਵਾਂਗ ਲੋਕ ਜੰਮਦੇ ਨੇ, ਤੇ ਮੁਹਤਾਜਾਂ ਵਾਂਗ ਜੀਊਂਦੇ ਨੇ।”
“ਫੇਰ ਵੀ ਸਾਰੇ ਏਧਰ ਹੀ ਰਹਿੰਦੇ ਨੇ, ਮੈਂ ਤਾਂ ਰੋਜ਼ ਬੇੜੀ ਲੈ ਕੇ ਔਨਾ ਵਾਂ।”
“ਤੇਰਾ ਭਾੜਾ ਕੌਣ ਚੁਕਾਵੇ? ਤੂੰ ਭਾੜਾ ਮੰਗਨਾਂ ਏਂ ਸਾਬਤਾ ਦਿਲ ਦਾ ਉਹ ਵੀ ਕੋਈ ਚੁਕਾ ਦੇਵੇ, ਕਈਆਂ ਕੋਲ ਸਾਬਤ ਦਿਲ ਨੇ, ਪਰ ਨਾਲ ਤੇਰੀ ਸ਼ਰਤ ਵੀ ਅਨੋਖੀ ਏ ਕਿ ਤੇਰੀ ਬੇੜੀ ਵਿਚ ਨਾ ਕੋਈ ਤੀਵੀਂ ਇਕੱਲੀ ਜਾ ਸਕਦੀ ਏ, ਨਾ ਕੋਈ ਮਰਦ ਇਕੱਲਾ। ਤੀਵੀਂ ਕੋਲ ਵੀ ਸਾਬਤ ਦਿਲ ਹੋਵੇ ਤੇ ਮਰਦ ਕੋਲ ਵੀ ਸਾਬਤ ਦਿਲ ਹੋਵੇ, ਤੇ ਫਿਰ ਉਹ ਦੋਵੇਂ ਸਿੱਕੇ ਇਕ ਦੂਸਰੇ ਦੇ ਸਿਰ ਉਤੋਂ ਵਾਰ ਕੇ ਤੈਨੂੰ ਦੇ ਦੇਣ ਤਾਂ ਉਹ ਤੇਰੀ ਬੇੜੀ ਵਿਚ ਬਹਿ ਸਕਦੇ ਨੇ।”
“ਮੈਂ ਤਾਂ ਤੈਨੂੰ ਦੱਸਿਆ ਏ ਕਿ ਮੇਰਾ ਕਸੂਰ ਕੋਈ ਨਹੀਂ ਇਹਦੇ ਵਿਚ। ਇਹ ਨੇਮ ਏ ਕੁਦਰਤ ਦਾ ਨਹੀਂ ਤਾਂ ਮੈਂ ਤੈਨੂੰ ਇਕੱਲੀ ਨੂੰ ਇਸ ਬੇੜੀ ਵਿਚ ਬਿਠਾ ਕੇ ਲੈ ਜਾਂਦਾ। ਜ਼ਿੰਦਗੀ ਦੀ ਵਾਦੀ ਵਿਚ ਤੂੰ ਬੜਾ ਸੋਹਣਾ ਘਰ ਬਣਾਉਣਾ ਸੀ।”
“ਤੂੰ ਮੇਰਿਆਂ ਦੁੱਖਾਂ ਨੂੰ ਹੁਣ ਕਾਹਨੂੰ ਫੋਲਦਾ ਏਂ? ਹੁਣ ਮੇਰੀ ਉਮਰ ਢਲ ਚੱਲੀ ਏ। ਹੁਣ ਤਾਂ ਮੇਰੀਆਂ ਯਾਦਾਂ ਦੇ ਜ਼ਖਮ ਵੀ ਭਰ ਗਏ ਨੇ।”
“ਜ਼ਖਮ ਹੀ ਤੇ ਭਰਦੇ ਨਹੀਂ ਝੱਲੀਏ। ਤੂੰ ਕੀ ਸੋਚਨੀ ਏਂ ਇਹ ਜ਼ਖਮ ਸਿਰਫ ਜਵਾਨੀ ਦੇ ਪਿੰਡੇ ਉਤੇ ਲੱਗਦੇ ਨੇ? ਇਹ ਦਰਦ ਜਿਸਮਾਂ ਦਾ ਨਹੀਂ ਪਗਲੀ, ਇਹ ਰੂਹਾਂ ਦਾ ਦਰਦ ਏ ਤੇ ਰੂਹਾਂ ਦੀ ਉਮਰ ਕਦੇ ਨਹੀਂ ਢਲਦੀ।”
ਤੀਵੀਂ ਨੇ ਸਿਰ ਨੀਵਾਂ ਪਾ ਲਿਆ ਜਿਵੇਂ ਉਹਦੀ ਰੂਹ ‘ਤੇ ਪਏ ਸਾਰੇ ਜ਼ਖਮ ਸਿੰਮ ਪਏ ਹੋਣ।
“ਤੈਨੂੰ ਉਹ ਦਿਨ ਭੁੱਲ ਗਿਆ ਏ ਜਦੋਂ ਇਕ ਮਰਦ ਤੇਰਾ ਹੱਥ ਫੜ ਕੇ ਮੇਰੀ ਬੇੜੀ ਵਿਚ ਬਹਿਣ ਲਈ ਆਇਆ ਸੀ ਤੇ ਫੇਰ ਫੇਰ ਉਹ ਕੰਢੇ ਉਤੇ ਖਲੋਤੀਆਂ ਹੋਈਆਂ ਕੁੜੀਆਂ ਦੇ ਮੂੰਹ ਵੇਖ ਕੇ ਭਰਮ ਗਿਆ।
ਉਹਦਾ ਦਿਲ ਸਾਬਤ ਨਾ ਰਿਹਾ, ਉਹ ਮੇਰਾ ਭਾੜਾ ਨਾ ਚੁਕਾ ਸਕਿਆ ਤੇ ਉਹ ਤੇਰਾ ਹੱਥ ਛੱਡ ਕੇ ਕੰਢੇ ਦੀ ਭੀੜ ਵਿਚ ਗੁਆਚ ਗਿਆ।”
“ਬਸ ਕਰ ਬਸ ਕਰ, ਮੇਰੇ ਜ਼ਖਮਾਂ ਨੂੰ ਨਾ ਉਚੇੜ”, ਤੀਵੀਂ ਰੋਣ ਲੱਗ ਪਈ।
“ਅੱਛਾ, ਚੁੱਪ ਕਰ ਜਾ! ਮੈਂ ਕੋਈ ਨਹੀਂ ਉਹਦੀ ਗੱਲ ਕਰਦਾ ਸੁਣਾ ਤੇਰੇ ਸ਼ਹਿਰ ਦਾ ਕੀ ਹਾਲ ਏ? ਦੁਨੀਆਂ ਆਖਦੇ ਨੇ ਨਾ ਤੇਰੇ ਸ਼ਹਿਰ ਨੂੰ?”
“ਮੇਰੇ ਸ਼ਹਿਰ ਦਾ ਹਾਲ ਤੇਰੇ ਕੋਲੋਂ ਕੋਈ ਗੁੱਝਾ ਏ?” ਤੀਵੀਂ ਨੇ ਸਿਸਕੀਆਂ ਭਰ ਕੇ ਕਿਹਾ।
“ਮੈਂ ਸ਼ਹਿਰ ਵਿਚ ਤਾਂ ਕਦੇ ਗਿਆ ਨਹੀਂ, ਇੱਥੋਂ ਕੰਢੇ ਕੋਲੋਂ ਹੀ ਮੁੜ ਜਾਨਾ ਵਾਂ, ਤੀਵੀਆਂ ਅਤੇ ਮਰਦ ਕਿਵੇਂ ਰਹਿੰਦੇ ਨੇ ਆਪੋ ਵਿਚ?”
“ਤੀਵੀਆਂ ਨੂੰ ਝੱਖੜ ਝਾਂਜੇ ਤੋਂ ਬਚਣ ਲਈ ਘਰਾਂ ਦੀ ਓਟ ਚਾਹੀਦੀ ਏ, ਤੇ ਮਰਦਾਂ ਨੂੰ ਦਿਨ ਰਾਤ ਦੀ ਗੁਲਾਮੀ ਕਰਨ ਵਾਲਾ ਤੀਵੀਂ ਤੋਂ ਚੰਗਾ ਕੋਈ ਗੁਲਾਮ ਨਹੀਂ ਮਿਲ ਸਕਦਾ, ਇਸ ਲਈ ਰੋਟੀ ਕੱਪੜਾ ਦੇ ਕੇ ਮਰਦ ਇਹ ਸੌਦਾ ਕਰ ਲੈਂਦੇ ਨੇ। ਵਿਆਹ ਆਖਦੇ ਨੇ ਸਾਡੇ ਸ਼ਹਿਰ ਵਿਚ ਇਹਨੂੰ।” ਤੀਵੀਂ ਨੇ ਕਿਹਾ।
“ਏਸ ਵਿਆਹ ਨਾਲ ਉਨ੍ਹਾਂ ਦੀ ਉਮਰ ਰੱਜੀ ਰਹਿੰਦੀ ਏ?”
“ਰੱਜੀ ਕਾਹਨੂੰ ਰਹਿੰਦੀ ਏ, ਹਾਬੜੀ ਰਹਿੰਦੀ ਏ। ਕਦੇ ‘ਨੇਰੇ ਸਵੇਰੇ ਕੋਈ ਮਰਦ ਘੜੀ ਭਰ ਲਈ ਕਿਸੇ ਦੀ ਤੀਵੀਂ ਚੁਰਾ ਲੈਂਦਾ ਏ, ਤੇ ਕੋਈ ਤੀਵੀਂ ਘੜੀ ਭਰ ਲਈ ਕਿਸੇ ਦਾ ਮਰਦ ਖੋਹ ਲੈਂਦੀ ਏ।”
“ਕਹਿੰਦੇ ਨੇ ਹੁਣ ਤੁਹਾਡੇ ਸ਼ਹਿਰ ਵਿਚ ਬੜੀਆਂ ਸੋਹਣੀਆਂ ਇਮਾਰਤਾਂ ਬਣ ਗਈਆਂ ਨੇ, ਉਥੇ ਲੋਕ ਰਲ ਕੇ ਬਹਿੰਦੇ, ਬੜੇ ਹੱਸਦੇ, ਗਾਉਂਦੇ ਤੇ ਨੱਚਦੇ ਨੇ।”
“ਤੈਨੂੰ ਤਾਂ ਪਤਾ ਏ ਕਿ ਪਹਿਲਾਂ ਇਸ ਸਮੁੰਦਰ ਦਾ ਪਾਣੀ ਬੜਾ ਮਿੱਠਾ ਹੁੰਦਾ ਸੀ, ਪੇਰ ਲੋਕਾਂ ਨੇ ਆਪਣੇ ਜੂਠੇ ਕੌਲ ਕਰਾਰ ਇਸ ਵਿਚ ਪਾਣੇ ਸ਼ੁਰੂ ਕਰ ਦਿੱਤੇ, ਤੇ ਸਮੁੰਦਰ ਦਾ ਪਾਣੀ ਖਾਰਾ ਹੋ ਗਿਆ। ਹੁਣ ਲੋਕ ਚੌਲਾਂ ਨੂੰ ਤੇ ਫਲਾਂ ਨੂੰ ਕਾੜ੍ਹ ਕੇ ਕੋਈ ਪਾਣੀ ਜਿਹਾ ਬਣਾ ਲੈਂਦੇ ਨੇ, ਉਸ ਪਾਣੀ ਵਿਚ ਪਤਾ ਨਹੀਂ ਕੀ ਹੁੰਦਾ ਏ, ਲੋਕ ਪੀਂਦੇ ਨੇ ਤੇ ਘੜੀ ਭਰ ਲਈ ਉਚੀ ਉਚੀ ਹੱਸਣ ਲੱਗ ਪੈਂਦੇ ਨੇ, ਗੌਣ ਵੀ ਲੱਗ ਪੈਂਦੇ ਨੇ, ਨੱਚਣ ਵੀ ਲੱਗ ਪੈਂਦੇ ਨੇ। ਫਿਰ ਉਸ ਪਾਣੀ ਦਾ ਜ਼ੋਰ ਲਹਿ ਜਾਂਦਾ ਏ ਤੇ ਉਹ ਪੀਲੇ ਭੂਕ ਹੋ ਕੇ ਬਹਿ ਜਾਂਦੇ ਨੇ।”
“ਲੋਕਾਂ ਦਾ ਤੇ ਹਾਕਮਾਂ ਦਾ ਕਿਹੋ ਜਿਹਾ ਰਿਸ਼ਤਾ ਏ ਆਪੋ ਵਿਚ?”
“ਹਕੂਮਤ ਦੀ ਕੁਰਸੀ ਪਤਾ ਨਹੀਂ ਕਿਹੜੀ ਲੱਕੜ ਦੀ ਬਣੀ ਹੋਈ ਹੁੰਦੀ ਏ, ਅਕਸਰ ਜਿਹੜਾ ਕੋਈ ਉਸ ਕੁਰਸੀ ਉਤੇ ਬਹਿੰਦਾ ਏ, ਉਹਦਾ ਸਿਰ ਭੌਂ ਜਾਂਦਾ ਏ!”
“ਲੋਕ ਮਿਹਨਤੀ ਕਿੰਨੇ ਕੁ ਨੇ?”
“ਕਈ ਤਾਂ ਹੱਡਾਂ ਨਾਲ ਤੋੜਵੀਂ ਮਿਹਨਤ ਕਰਦੇ ਨੇ, ਤੇ ਕਈ ਆਪਣੇ ਅੰਗਾਂ ਨੂੰ ਹਿਲਾਂਦੇ ਵੀ ਨਹੀਂ। ਪਰ ਜਿਹੜੇ ਲੋਕ ਆਪਣੇ ਅੰਗ ਨਹੀਂ ਹਿਲਾਂਦੇ, ਉਨ੍ਹਾਂ ਨੂੰ ਇਕ ਬੜੀ ਜਾਚ ਆਉਂਦੀ ਏ, ਉਹ ਦੂਜਿਆਂ ਦੀ ਮਿਹਨਤ ਦਾ ਸਾਰਾ ਮੁੱਲ ਆਪ ਲੈ ਲੈਂਦੇ ਨੇ।”
“ਇਨਸਾਫ ਕੋਈ ਨਹੀਂ ਤੁਹਾਡੇ ਸ਼ਹਿਰ?”
“ਕਹਿੰਦੇ ਨੇ ਲੋਕਾਂ ਨੇ ਉਹਦੇ ਉਤੇ ਬਗਾਵਤ ਦਾ ਫਤਵਾ ਲਾ ਕੇ ਉਹਨੂੰ ਆਪਣੇ ਸ਼ਹਿਰੋਂ ਕੱਢ ਛੱਡਿਆ ਏ।”
“ਫੇਰ ਇਨਸਾਫ ਹੁਣ ਰਹਿੰਦਾ ਕਿੱਥੇ ਵੇ?”
“ਕਿਤੇ ਲੁਕਿਆ ਛਿਪਿਆ ਕਿਸੇ ਦੇ ਮਨ ਵਿਚ ਰਹਿੰਦਾ ਏ, ਹੁਣ ਉਹ ਕਚਹਿਰੀਆਂ ਵਿਚ ਨਹੀਂ ਰਹਿੰਦਾ।”
“ਸੁਣਿਆਂ ਏ ਲੋਕਾਂ ਨੇ ਬੜੀਆਂ ਨਵੀਆਂ ਕਾਢਾਂ ਕੱਢ ਲਈਆਂ ਨੇ?”
“ਜਿਵੇਂ ਅੰਜਾਣੇ ਦੇ ਹੱਥ ਵਿਚ ਛੁਰੀ ਆ ਜਾਏ ਤਾਂ ਉਹ ਕੁਝ ਘੜਨ ਦੀ ਥਾਂ ਵੱਢੀ ਟੁੱਕੀ ਜਾਂਦਾ ਏ। ਇੰਜ ਹੀ ਪਹਿਲੋਂ ਲੋਕ ਨਵੀਆਂ ਕਾਢਾਂ ਕੱਢਦੇ ਨੇ ਤੇ ਫੇਰ ਉਹਦੇ ਨਾਲ ਦੁਨੀਆਂ ਨੂੰ ਢਾਹਣ ਲੱਗ ਪੈਂਦੇ ਨੇ।”
“ਹੋਰ ਕੀ ਪੁੱਛਾਂ ਮੈਂ? ਜੋ ਕੁਝ ਪੁੱਛਿਆ ਏ, ਉਹੀ ਬੜਾ ਏ।”
“ਕੁਝ ਨਾ ਪੁੱਛੋ! ਤੇ ਨਾਲੇ ਤੂੰ ਤਾਂ ਪੁੱਛੇਂ ਜੇ ਤੈਨੂੰ ਪਤਾ ਨਾ ਹੋਵੇ। ਤੂੰ ਸੱਭੋ ਕੁਝ ਜਾਣਦਾ ਏਂ, ਬੜਾ ਖਚਰਾ ਏ”
“ਹਾਂ ਸੱਚ, ਤੁਹਾਡੇ ਸ਼ਹਿਰ ਵਿਚ ਲਿਖਾਰੀ ਵੀ ਤਾਂ ਹੋਣਗੇ?”
“ਹਾਂ ਹੈਣ ਤਾਂ ਸਹੀ, ਪਰ ਉਹ ਉਚਾ ਨਹੀਂ ਉਭਾਸਰ ਸਕਦੇ, ਨਹੀਂ ਤਾਂ ਲੋਕ ਉਨ੍ਹਾਂ ਨੂੰ ਵੀ ਸ਼ਹਿਰੋਂ ਕੱਢ ਦੇਣ। ਚਿੰਨ੍ਹਾਂ ਸੰਕੇਤਾਂ ਨਾਲ ਉਹ ਜ਼ਿੰਦਗੀ ਦੀ ਵਾਦੀ ਦੀਆਂ ਗੱਲਾਂ ਕਰਦੇ ਨੇ, ਤੇ ਇਸ ਮਨ ਦੇ ਸਮੁੰਦਰ ਦੀਆਂ ਗੱਲਾਂ ਤੇ ਤੇਰੀਆਂ ਗੱਲਾਂ। ਤੂੰ ਮਲਾਹ ਜੁ ਹੋਇਉਂ ਬੇੜੀ ਦਾ।”
“ਮੇਰਾ ਨਾਂ ਉਨ੍ਹਾਂ ਨੂੰ ਪਤਾ ਏ?”
“ਤੇਰਾ ਨਾਂ ਕੋਈ ਲੁਕਿਆ ਛਿਪਿਆ ਏ? ਸਾਰੇ ਜਾਣਦੇ ਨੇ ਤੇਰੇ ਨਾਂ ਨੂੰ, ਸੁਪਨਾ!”
ਮਲਾਹ ਨੇ ਇਕ ਹਉਕਾ ਭਰਿਆ ਤੇ ਆਖਣ ਲੱਗਾ, “ਫੇਰ ਕਦੇ ਉਹ ਮੇਰੀ ਬੇੜੀ ਵਿਚ ਚੜ੍ਹ ਕੇ ਇਸ ਸਮੁੰਦਰ ਨੂੰ ਪਾਰ ਕਿਉਂ ਨਹੀਂ ਕਰਦੇ?”
“ਤੇਰੀ ਸ਼ਰਤ ਨਹੀਂ ਪੁੱਜਦੀ ਕਿਸੇ ਕੋਲੋਂ” ਤੀਵੀਂ ਨੇ ਠੰਡਾ ਸਾਹ ਲਿਆ ਤੇ ਆਖਿਆ, “ਤਨ ਦੇ ਬੋਝੇ ਵਿਚ ਕਈਆਂ ਕੋਲ ਮਨ ਦਾ ਭਾੜਾ ਹੈਗਾ ਏ ਦੇਣ ਲਈ, ਪਰ ਉਨ੍ਹਾਂ ਨੂੰ ਉਨ੍ਹਾਂ ਦਾ ਸਾਥੀ ਨਹੀਂ ਮਿਲਦਾ। ਤੇਰੇ ਗੀਤ ਨੂੰ ਉਨ੍ਹਾਂ ਨੇ ਕਈ ਵਾਰ ਗਾਇਆ ਏ, ਪਰ ਉਨ੍ਹਾਂ ਦੇ ਸਾਥੀ ਇਸ ਗੀਤ ਦਾ ਹੁੰਗਾਰਾ ਨਹੀਂ ਭਰਦੇ।”
ਮਲਾਹ ਨੇ ਸਿਰ ਨੀਵਾਂ ਪਾ ਲਿਆ।
“ਇਕ ਗੱਲ ਪੁੱਛਾਂ?” ਤੀਵੀਂ ਨੇ ਹੌਲੀ ਜਿਹੀ ਆਖਿਆ।
“ਪੁੱਛ।”
“ਉਹਦਾ ਕੀ ਹਾਲ ਏ? ਤੂੰ ਕਦੇ ਵੇਖਿਆ ਹੋਵੇਗਾ ਉਹਨੂੰ?”
“ਕਿਹਨੂੰ?”
“ਕਾਹਨੂੰ ਮਸ਼ਕਰੀ ਕਰਨਾ ਏਂ? ਉਹੀਉ, ਜਿਹੜਾ ਇਕ ਦਿਨ ਮੇਰਾ ਹੱਥ ਫੜ ਕੇ ਮੈਨੂੰ ਤੇਰੀ ਬੇੜੀ ਵਿਚ ਬਿਠਾਣ ਲਈ ਲਿਆਇਆ ਸੀ।”
“ਹੁਣ ਕਾਹਨੂੰ ਉਹਦਾ ਹਾਲ ਪੁੱਛਦੀ ਏਂ?”
“ਐਵੇਂ ਹੀ।”
“ਤੂੰ ਜਿਵੇਂ ਨਾਰੀਅਲ ਵੇਚਦੀ ਏਂ, ਉਹ ਚਾਹ ਵੇਚਦਾ ਏ।”
“ਕੋਈ ਤੀਵੀਂ ਉਹਦੇ ਕੋਲ ਹੋਵੇਗੀ?”
“ਹਾਂ ਬਥੇਰੀਆਂ ਆਈਆਂ ਤੇ ਬਥੇਰੀਆਂ ਗਈਆਂ।”
“ਉਹ ਕਿਸੇ ਦਾ ਹੱਥ ਫੜ ਕੇ ਤੇਰੀ ਬੇੜੀ ਵਿਚ ਕਿਉਂ ਨਹੀਂ ਚੜ੍ਹਿਆ?”
“ਹੁਣ ਉਹਦੇ ਬੋਝੇ ਵਿਚ ਭਾੜਾ ਕਿੱਥੇ ਵੇ ਮੈਨੂੰ ਦੇਣ ਲਈ।”
ਤੀਵੀਂ ਨੇ ਫੇਰ ਅੱਖਾਂ ਭਰ ਲਈਆਂ।
“ਮੈਂ ਜਾਵਾਂ ਹੁਣ?” ਮਲਾਹ ਨੇ ਪੁੱਛਿਆ। “ਜਿਵੇਂ ਤੇਰੀ ਮਰਜ਼ੀ।”
“ਮੇਰੀ ਜ਼ਨਾਨੀ ਮੈਨੂੰ ਉਡੀਕਦੀ ਹੋਵੇਗੀ। ਮੇਰੀ ਕਲਪਨਾ।” ਤੇ ਮਲਾਹ ਉਠ ਬੈਠਾ।
ਤੀਵੀਂ ਨੇ ਆਪਣੀ ਝੁੱਗੀ ਦਾ ਬੂਹਾ ਭੀੜ ਲਿਆ। ਦੀਵਾ ਬੁਝਾ ਦਿੱਤਾ। ਬਾਹਰ ਸਮੁੰਦਰ ਦੀਆਂ ਛੱਲਾਂ ਇਕ ਸਾਜ਼ ਵਾਂਗ ਵੱਜਦੀਆਂ ਸਨ, ਚੱਪੂਆਂ ਦੀ ਆਵਾਜ਼ ਉਹਨੂੰ ਤਾਲ ਦੇਂਦੀ ਪਈ ਸੀ, ਮਲਾਹ ਦਾ ਗੀਤ ਕੰਢੇ ਕੋਲੋਂ ਦੂਰ ਜਾ ਰਿਹਾ ਸੀ।
ਉਹਨੂੰ ਹੁਣ ਨੀਲਮ ਕੋਈ ਨਹੀਂ ਸੀ ਆਖਦਾ, ਸਾਰੇ ਸ਼ਾਹ ਦੀ ਕੰਜਰੀ ਆਖਦੇ ਸਨ……
ਨੀਲਮ ਨੂੰ ਲਾਹੌਰ ਹੀਰਾ ਮੰਡੀ ਦੇ ਇੱਕ ਚੁਬਾਰੇ ਵਿੱਚ ਜਵਾਨੀ ਚੜ੍ਹੀ ਸੀ। ਤੇ ਉੱਥੇ ਹੀ ਇੱਕ ਰਿਆਸਤੀ ਸਰਦਾਰ ਦੇ ਹੱਥੋਂ ਪੂਰੇ ਪੰਜ ਹਜ਼ਾਰ ਤੋਂ ਉਹਦੀ ਨੱਥ ਲੱਥੀ ਸੀ। ਤੇ ਉੱਥੇ ਹੀ ਉਹਦੇ ਹੁਸਨ ਨੇ ਅੱਗ ਬਾਲ ਕੇ ਸ਼ਹਿਰ ਲੂਹ ਦਿੱਤਾ ਸੀ। ਪਰ ਫੇ਼ਰ ਇੱਕ ਦਿਨ ਉਹ ਹੀਰਾ ਮੰਡੀ ਦਾ ਸਸਤਾ ਚੁਬਾਰਾ ਛੱਡ ਕੇ ਸ਼ਹਿਰ ਦੇ ਸਭ ਤੋਂ ਮਹਿੰਗੇ ਹੋਟਲ ਫ਼ਲੈਟੀ ਵਿੱਚ ਆ ਗਈ ਸੀ। ਉਹੀਉ ਸ਼ਹਿਰ ਸੀ, ਪਰ ਸਾਰੇ ਸ਼ਹਿਰ ਨੂੰ ਜਿਵੇਂ ਰਾਤੋ ਰਾਤ ਉਹਦਾ ਨਾਂ ਭੁੱਲ ਗਿਆ ਹੋਵੇ, ਸਾਰਿਆਂ ਦੇ ਮੂੰਹ ਤੋਂ ਸੁਣੀਂਦਾ ਸੀ- ਸ਼ਾਹ ਦੀ ਕੰਜਰੀ।
ਲੋਹੜੇ ਦਾ ਗਾਉਂਦੀ ਸੀ। ਕੋਈ ਗੌਣ ਵਾਲੀ ਉਹਦੇ ਵਾਂਗ ਮਿਰਜ਼ੇ ਦੀ ਸੱਦ ਨਹੀਂ ਸੀ ਲਾ ਸਕਦੀ। ਇਸ ਲਈ ਲੋਕ ਭਾਵੇਂ ਉਹਦਾ ਨਾਂ ਭੁੱਲ ਗਏ ਸਨ, ਪਰ ਉਹਦੀ ਆਵਾਜ਼ ਨਹੀਂ ਸਨ ਭੁੱਲੇ। ਸ਼ਹਿਰ ਵਿੱਚ ਜਿਹਦੇ ਘਰ ਵੀ ਤਵਿਆਂ ਵਾਲਾ ਵਾਜਾ ਸੀ, ਉਹ ਉਹਦੇ ਭਰੇ ਹੋਏ ਤਵੇ ਨੂੰ ਜ਼ਰੂਰ ਖ਼ਰੀਦਦਾ ਸੀ। ਪਰ ਸਾਰੇ ਘਰਾਂ ਵਿੱਚ ਤਵੇ ਦੀ ਫ਼ਰਮਾਇਸ਼ ਵੇਲੇ, ਹਰ ਕੋਈ ਇਹੋ ਕਹਿੰਦਾ ਸੀ, “ਅੱਜ ਸ਼ਾਹ ਦੀ ਕੰਜਰੀ ਵਾਲਾ ਤਵਾ ਜ਼ਰੂਰ ਸੁਣਨਾ ਏ।”
ਗੁੱਝੀ ਛਿਪੀ ਗੱਲ ਨਹੀਂ ਸੀ, ਸ਼ਾਹ ਦੇ ਘਰਦਿਆਂ ਨੂੰ ਵੀ ਪਤਾ ਸੀ। ਸਿਰਫ਼ ਪਤਾ ਨਹੀਂ ਸੀ, ਉਹਨਾਂ ਲਈ ਗੱਲ ਵੀ ਪੁਰਾਣੀ ਹੋ ਗਈ ਸੀ। ਸ਼ਾਹ ਦਾ ਵੱਡਾ ਮੁੰਡਾ, ਜੋ ਹੁਣ ਵਿਆਹੁਣ ਜੋਗਾ ਸੀ, ਜਦੋਂ ਕੁੱਛੜ ਹੁੰਦਾ ਸੀ ਤਾਂ ਸੇਠਾਣੀ ਨੇ ਜ਼ਹਿਰ ਖਾ ਕੇ ਮਰਨ ਦੀ ਧਮਕੀ ਦਿੱਤੀ ਸੀ, ਪਰ ਸ਼ਾਹ ਨੇ ਉਹਦੇ ਗਲ ਵਿੱਚ ਮੋਤੀਆਂ ਦਾ ਹਾਰ ਪਾ ਕੇ ਉਹਨੂੰ ਆਖਿਆ ਸੀ, “ਸ਼ਾਹਣੀਏ! ਉਹ ਤੇਰੇ ਘਰ ਦੀ ਬਰਕਤ ਏ। ਮੇਰੀ ਅੱਖ ਜਵਾਹਰੀਏ ਦੀ ਅੱਖ ਏ, ਤੂੰ ਸੁਣਿਆਂ ਨਹੀਂ ਹੋਇਆ ਕਿ ਨੀਲਮ ਇਹੋ ਜਿਹੀ ਚੀਜ਼ ਹੁੰਦਾ ਏ, ਜੋ ਲੱਖੋਂ ਕੱਖ ਕਰ ਦੇਂਦਾ ਏ। ਪਰ ਜਿਹਨੂੰ ਸਿੱਧਾ ਪੈ ਜਾਏ ਉਹਦਾ ਕੱਖੋਂ ਲੱਖ ਕਰ ਦੇਂਦਾ ਏ। ਉਹ ਵੀ ਨੀਲਮ ਏ, ਸਾਡੀ ਰਾਸ ਨਾਲ ਮਿਲ ਗਈ ਏ। ਜਿਸ ਦਿਨ ਤੋਂ ਸੰਗ ਬਣਿਆ ਏ, ਮੈਂ ਮਿੱਟੀ ਨੂੰ ਹੱਥ ਪਾਵਾਂ ਤਾਂ ਸੋਨਾ ਹੋ ਜਾਂਦੀ ਏ……।”
“ਪਰ ਉਹੀਉ ਇੱਕ ਦਿਨ ਘਰ ਉਜਾੜ ਦੇਵੇਗੀ; ਲੱਖੋਂ ਕੱਖ ਕਰ ਦੇਵੇਗੀ।” ਸ਼ਾਹਣੀ ਨੇ ਛਾਤੀ ਦੇ ਸੱਲ ਨੂੰ ਸਹਿ ਕੇ, ਉਸੇ ਪਾਸਿਓਂ ਦਲੀਲ ਦਿੱਤੀ ਸੀ, ਜਿਸ ਪਾਸਿਓਂ ਸ਼ਾਹ ਨੇ ਗੱਲ ਤੋਰੀ ਸੀ।
“ਮੈਂ ਤਾਂ ਸਗੋਂ ਡਰਨਾਂ- ਕਿ ਇਹਨਾਂ ਕੰਜਰੀਆਂ ਦਾ ਕੀ ਭਰੋਸਾ, ਕੱਲ੍ਹ ਨੂੰ ਕਿਸੇ ਹੋਰ ਨੇ ਸਬਜ਼ ਬਾਗ਼ ਦਿਖਾਏ, ਤੇ ਜੇ ਇਹ ਹੱਥੋਂ ਨਿਕਲ ਗਈ, ਤਾਂ ਲੱਖੋਂ ਕੱਖ ਹੋ ਜਾਣਾ ਏਂ।” ਸ਼ਾਹ ਨੇ ਫ਼ੇਰ ਆਪਣੀ ਦਲੀਲ ਦਿੱਤੀ ਸੀ।
ਤੇ ਸ਼ਾਹਣੀ ਕੋਲ ਹੋਰ ਦਲੀਲ ਨਹੀਂ ਸੀ ਰਹਿ ਗਈ। ਸਿਰਫ਼ ਵਕਤ ਕੋਲ ਰਹਿ ਗਈ ਸੀ, ਤੇ ਵਕਤ ਚੁੱਪ ਸੀ, ਕਈ ਵਰ੍ਹਿਆਂ ਤੋਂ ਚੁੱਪ ਸੀ। ਸ਼ਾਹ ਸੱਚੀਂਮੁੱਚੀਂ ਜਿੰਨੇ ਪੈਸੇ ਨੀਲਮ ਉੱਤੇ ਰੋੜ੍ਹਦਾ ਸੀ, ਉਸ ਤੋਂ ਕਈ ਗੁਣਾ ਬਹੁਤੇ, ਪਤਾ ਨਹੀਂ ਕਿੱਥੋਂ ਕਿੱਥੋਂ, ਰੁੜ੍ਹ ਕੇ ਉਹਦੇ ਘਰ ਆ ਜਾਂਦੇ ਸਨ। ਅੱਗੇ ਉਹਦੀ ਛੋਟੀ ਜਿਹੀ ਦੁਕਾਨ, ਸ਼ਹਿਰ ਦੇ ਛੋਟੇ ਜਿਹੇ ਬਾਜ਼ਾਰ ਵਿੱਚ ਹੁੰਦੀ ਸੀ, ਪਰ ਹੁਣ ਸਭ ਤੋਂ ਵੱਡੇ ਬਾਜ਼ਾਰ ਵਿੱਚ, ਲੋਹੇ ਦੇ ਜੰਗਲਿਆਂ ਵਾਲੀ, ਸਭ ਤੋਂ ਵੱਡੀ ਦੁਕਾਨ ਉਹਦੀ ਸੀ। ਘਰ ਦੀ ਥਾਵੇਂ ਪੂਰਾ ਮੁਹੱਲਾ ਹੀ ਉਹਦਾ ਸੀ, ਜਿਹਦੇ ਵਿੱਚ ਬੜੇ ਸਰਦੇ ਪੁੱਜਦੇ ਕਿਰਾਏਦਾਰ ਸਨ। ਤੇ ਜਿਹਦੇ ਵਿੱਚ ਤਹਿਖ਼ਾਨੇ ਵਾਲੇ ਘਰ ਦਾ, ਉਹਦੀ ਸ਼ਾਹਣੀ, ਕਦੇ ਇੱਕ ਦਿਨ ਵੀ ਵਸਾਹ ਨਹੀਂ ਸੀ ਖਾਂਦੀ।
ਬੜੇ ਵਰ੍ਹੇ ਹੋਏ, ਸ਼ਾਹਣੀ ਨੇ ਇੱਕ ਦਿਨ ਮੋਹਰਾਂ ਵਾਲੇ ਟਰੰਕ ਨੂੰ ਜੰਦਰਾ ਮਾਰਦਿਆਂ, ਸ਼ਾਹ ਨੂੰ ਆਖਿਆ ਸੀ- “ਉਹਨੂੰ ਭਾਵੇਂ ਹੋਟਲ ਵਿੱਚ ਰੱਖ, ਤੇ ਭਾਵੇਂ ਉਹਨੂੰ ਤਾਜ ਮਹੱਲ ਪਵਾ ਦੇ, ਪਰ ਬਾਹਰ ਦੀ ਬਲਾ ਬਾਹਰ ਹੀ ਰੱਖੀਂ, ਉਹਨੂੰ ਮੇਰੇ ਘਰ ਨਾ ਵਾੜੀਂ। ਮੈਂ ਉਹਦੇ ਮੱਥੇ ਨਹੀਂ ਲੱਗਣਾ!” ਤੇ ਸੱਚੀਂ ਸ਼ਾਹਣੀ ਨੇ ਅੱਜ ਤੱਕ ਉਹਦਾ ਮੂੰਹ ਨਹੀਂ ਸੀ ਵੇਖਿਆ। ਜਦੋਂ ਉਹਨੇ ਇਹ ਗੱਲ ਆਖੀ ਸੀ, ਉਹਦਾ ਵੱਡਾ ਪੁੱਤਰ ਅਜੇ ਸਕੂਲ ਪੜ੍ਹਦਾ ਸੀ, ਤੇ ਹੁਣ ਉਹ ਵਿਆਹੁਣ ਜੋਗਾ ਹੋਇਆ ਪਿਆ ਸੀ, ਪਰ ਸ਼ਾਹਣੀ ਨੇ ਨਾ ਉਹਦੇ ਗੌਣਾਂ ਵਾਲੇ ਤਵੇ ਘਰ ਵੜਣ ਦਿੱਤੇ ਸਨ, ਤੇ ਨਾ ਘਰ ਵਿੱਚ ਕਿਸੇ ਨੂੰ ਉਹਦਾ ਨਾਂ ਲੈਣ ਦਿੱਤਾ ਸੀ। ਉਂਜ ਉਹਦੇ ਪੁੱਤਰਾਂ ਨੇ ਹੱਟੀ ਹੱਟੀ ਉਹਦੇ ਗੌਣ ਸੁਣੇ ਹੋਏ ਸਨ, ਤੇ ਜਣੇ ਖਣੇ ਤੋਂ ਸੁਣਿਆ ਹੋਇਆ ਸੀ- “ਸ਼ਾਹ ਦੀ ਕੰਜਰੀ।”
ਵੱਡੇ ਪੁੱਤਰ ਦਾ ਵਿਆਹ ਸੀ। ਘਰ ਚਹੁੰ ਮਹੀਨਿਆਂ ਤੋਂ ਦਰਜੀ ਬੈਠੇ ਸਨ, ਕੋਈ ਸੂਟਾਂ ਉੱਤੇ ਸਿਲਮਾਂ ਕੱਢ ਰਿਹਾ ਸੀ, ਕੋਈ ਤਿੱਲਾ, ਕੋਈ ਕਿਨਾਰੀ ਤੇ ਕੋਈ ਦੁਪੱਟਿਆਂ ਉੱਤੇ ਸਿਤਾਰੇ ਮੜ੍ਹ ਰਿਹਾ ਸੀ। ਸ਼ਾਹਣੀ ਦੇ ਹੱਥ ਭਰੇ ਹੋਏ ਸਨ- ਰੁਪਈਆਂ ਦੀ ਥੈਲੀ ਕੱਢਦੀ, ਖੋਲ੍ਹਦੀ, ਤੇ ਫੇਰ ਹੋਰ ਥੈਲੀ ਭਰਨ ਲਈ ਤਹਿਖ਼ਾਨੇ ਵਿੱਚ ਚਲੀ ਜਾਂਦੀ।
ਸ਼ਾਹ ਦੇ ਯਾਰਾਂ ਨੇ, ਸ਼ਾਹ ਨੂੰ ਯਾਰੀ ਦਾ ਵਾਸਤਾ ਪਾਇਆ- ਕਿ ਮੁੰਡੇ ਦੇ ਵਿਆਹ ਤੇ ਕੰਜਰੀ ਜ਼ਰੂਰ ਗੁਆਉਣੀ ਹੈ। ਉਂਜ ਗੱਲ ਉਹਨਾਂ ਨੇ ਬੜੇ ਤਰੀਕੇ ਨਾਲ ਆਖੀ ਸੀ, ਤਾਂਕਿ ਸ਼ਾਹ ਵੱਟ ਨਾ ਖਾ ਜਾਏ, “ਉਂਜ ਤਾਂ ਸ਼ਾਹ ਜੀ ਬਥੇਰੀਆਂ ਗੌਂਣ ਨੱਚਣ ਵਾਲੀਆਂ, ਜਿਹਨੂੰ ਮਰਜ਼ੀ ਜੇ ਬਲਾਉ, ਪਰ ਉੱਥੇ ਮਲਕਾ-ਏ-ਤਰੰਨੁਮ ਜ਼ਰੂਰ ਆਵੇ, ਭਾਵੇਂ ਮਿਰਜ਼ੇ ਦੀ ਇੱਕੋ ਸੱਦ ਲਾ ਜਾਵੇ।”
ਫ਼ਲੈਟੀ ਹੋਟਲ ਆਮ ਹੋਟਲਾਂ ਜਿਹਾ ਨਹੀਂ ਸੀ। ਉੱਥੇ ਬਹੁਤੇ ਅੰਗਰੇਜ਼ ਲੋਕ ਹੀ ਆਉਂਦੇ ਅਤੇ ਠਹਿਰਦੇ ਸਨ। ਉਹਦੇ ਵਿੱਚ ਕੱਲੇ ਕੱਲੇ ਕਮਰੇ ਵੀ ਸਨ, ਪਰ ਵੱਡੇ ਵੱਡੇ ਤਿੰਨਾਂ ਕਮਰਿਆਂ ਦੇ ਸੈੱਟ ਵੀ। ਇਹੋ ਜਿਹੇ ਇੱਕ ਸੈੱਟ ਵਿੱਚ ਨੀਲਮ ਰਹਿੰਦੀ ਸੀ। ਤੇ ਸ਼ਾਹ ਨੇ ਸੋਚਿਆ ਕਿ ਦੋਸਤਾਂ ਯਾਰਾਂ ਦਾ ਦਿਲ ਖੁਸ਼ ਕਰਨ ਲਈ ਉਹ ਇੱਕ ਦਿਨ ਨੀਲਮ ਵਾਲੇ ਪਾਸੇ ਇੱਕ ਰਾਤ ਦੀ ਮਹਿਫਿ਼ਲ ਰੱਖ ਲਏਗਾ।
“ਇਹ ਤਾਂ ਚੁਬਾਰੇ ਤੇ ਜਾਣ ਵਾਲੀ ਗੱਲ ਹੋਈ।” ਇੱਕ ਨੇ ਉਜ਼ਰ ਕੀਤਾ, ਤਾਂ ਸਾਰੇ ਬੋਲ ਪਏ, “ਨਹੀਂ ਸ਼ਾਹ ਜੀ, ਉਹ ਤਾਂ ਸਿਰਫ਼ ਤੁਹਾਡਾ ਹੀ ਹੱਕ ਬਣਦਾ ਏ। ਅੱਗੇ ਕਦੀ ਅਸਾਂ ਏਨੇ ਵਰ੍ਹੇ ਕੁਝ ਆਖਿਆ ਏ? ਉਸ ਥਾਂ ਦਾ ਨਾਂ ਵੀ ਕਦੇ ਨਹੀਂ ਲਿਆ। ਉਹ ਥਾਂ ਤੁਹਾਡੀ ਅਮਾਨਤ ਏ। ਅਸਾਂ ਤਾਂ ਭਤੀਜੇ ਦੇ ਵਿਆਹ ਦੀ ਖ਼ੁਸ਼ੀ ਕਰਨੀਂ ਏਂ, ਉਹਨੂੰ ਖ਼ਾਨਦਾਨੀ ਘਰਾਂ ਵਾਂਗ ਆਪਣੇ ਘਰ ਬੁਲਾਉ, ਸਾਡੀ ਭਾਬੀ ਦੇ ਘਰ……”
ਗੱਲ ਸ਼ਾਹ ਦੇ ਮਨ ਲਗਦੀ ਸੀ। ਏਸ ਗੱਲੋਂ ਵੀ ਕਿ ਉਹ ਦੋਸਤਾਂ ਯਾਰਾਂ ਨੂੰ ਨੀਲਮ ਦਾ ਰਾਹ ਨਹੀਂ ਸੀ ਵਿਖਾਉਣਾ ਚਾਹੁੰਦਾ (ਭਾਵੇਂ ਉਹਦੇ ਕੰਨੀਂ ਭਿਣਕ ਪੈਂਦੀ ਰਹਿੰਦੀ ਸੀ ਕਿ ਉਹਦੀ ਗ਼ੈਰ-ਹਾਜ਼ਰੀ ਵਿੱਚ ਹੁਣ ਕੋਈ ਅਮੀਰਜ਼ਾਦਾ ਨੀਲਮ ਕੋਲ ਆਉਣ ਲੱਗ ਪਿਆ ਸੀ) – ਤੇ ਦੂਸਰਾ ਏਸ ਗੱਲੋਂ ਵੀ, ਕਿ ਉਹ ਚਾਹੁੰਦਾ ਸੀ ਕਿ ਨੀਲਮ ਇੱਕ ਵਾਰੀ ਉਹਦੇ ਘਰ ਆ ਕੇ, ਉਹਦੇ ਘਰ ਦੀ ਤੜਕ ਭੜਕ ਵੇਖ ਜਾਵੇ। ਪਰ ਉਹ ਸ਼ਾਹਣੀ ਤੋਂ ਡਰਦਾ ਸੀ, ਦੋਸਤਾਂ ਨੂੰ ਹਾਮੀ ਨਾ ਭਰ ਸਕਿਆ।
ਦੋਸਤਾਂ ਯਾਰਾਂ ਵਿੱਚੋਂ ਹੀ ਦੋਂਹ ਨੇ ਰਾਹ ਕੱਢਿਆ, ਤੇ ਸ਼ਾਹਣੀ ਕੋਲ ਜਾ ਕੇ ਉਹਨੂੰ ਆਖਣ ਲੱਗੇ, “ਭਾਬੀ! ਤੂੰ ਮੁੰਡੇ ਦੇ ਵਿਆਹ ਦਾ ਗੌਣ ਨਹੀਂ ਬਿਠਾਣਾ? ਅਸਾਂ ਤਾਂ ਸਾਰੀ ਖ਼ੁਸ਼ੀ ਕਰਨੀ ਏਂ। ਸ਼ਾਹ ਨੇ ਸਲਾਹ ਬਣਾਈ ਏ ਕਿ ਇੱਕ ਰਾਤ ਯਾਰਾਂ ਦੀ ਮਹਿਫਿ਼ਲ ਨੀਲਮ ਦੇ ਪਾਸੇ ਹੋ ਜਾਵੇ। ਗੱਲ ਤਾਂ ਠੀਕ ਏ, ਪਰ ਹਜ਼ਾਰਾਂ ਉੱਜੜ ਜਾਣਗੇ। ਆਖ਼ਰ ਘਰ ਤਾਂ ਤੇਰਾ ਏ, ਅੱਗੇ ਉਸ ਕੰਜਰੀ ਨੂੰ ਥੋੜ੍ਹਾ ਖੁਆ ਲਿਆ ਏ? ਤੂੰ ਸਿਆਣੀ ਬਣ, ਉਹਨੂੰ ਗੌਣ ਵਜਾਉਣ ਲਈ ਇੱਥੇ ਬੁਲਾ ਲੈ ਇੱਕ ਦਿਨ; ਮੁੰਡੇ ਦੇ ਵਿਆਹ ਦੀ ਖ਼ੁਸ਼ੀ ਵੀ ਹੋ ਜਾਏਗੀ, ਤੇ ਰੁਪਈਆ ਉੱਜੜਣੋਂ ਬਚ ਜਾਏਗਾ।”
ਸ਼ਾਹਣੀ ਪਹਿਲਾਂ ਤਾਂ ਭਰੀ ਪੀਤੀ ਬੋਲੀ, “ਮੈਂ ਉਸ ਕੰਜਰੀ ਦੇ ਮੱਥੇ ਨਹੀਂ ਲੱਗਣਾ।” ਪਰ ਜਦੋਂ ਅਗਲਿਆਂ ਨੇ ਠਰੰ੍ਹਮੇ ਨਾਲ ਆਖਿਆ, “ਇੱਥੇ ਤਾਂ ਭਾਬੀ ਤੇਰਾ ਰਾਜ ਏ, ਉਹ ਬਾਂਦੀ ਬਣ ਕੇ ਆਵੇਗੀ, ਤੇਰੇ ਹੁਕਮ ਦੀ ਬੱਧੀ। ਤੇਰੇ ਪੁੱਤਰ ਦੀ ਖ਼ੁਸ਼ੀ ਕਰਨ ਲਈ। ਹੇਠੀ ਤਾਂ ਉਹਦੀ ਏ, ਤੇਰੀ ਕਾਹਦੀ ਏ? ਜਹੇ ਕੰਮੀ ਕਮੀਣ ਆਏ, ਡੂਮ ਮਰਾਸੀ, ਤਹੀ ਉਹ।”
ਗੱਲ, ਸ਼ਾਹਣੀ ਦੇ ਮਨ ਲੱਗ ਗਈ। ਉਂਜ ਵੀ ਕਦੇ ਸੁੱਤਿਆਂ ਬੈਠਿਆਂ ਉਹਨੂੰ ਖਿ਼ਆਲ ਆਉਂਦਾ ਹੁੰਦਾ ਸੀ – ਇੱਕ ਵਾਰੀ ਵੇਖਾਂ ਤਾਂ ਸਹੀ ਕਿਹੋ ਜਿਹੀ ਏ? ਉਹਨੇ ਕਦੀ ਉਹ ਨਹੀਂ ਵੇਖੀ ਸੀ, ਪਰ ਕਿਆਸੀ ਜ਼ਰੂਰ ਸੀ- ਭਾਵੇਂ ਡਰ ਕੇ ਸਹਿਮ ਕੇ, ਤੇ ਭਾਵੇਂ ਇੱਕ ਕਰਹਿਤ ਨਾਲ। ਤੇ ਸ਼ਹਿਰ ਵਿੱਚੋਂ ਲੰਘਦਿਆਂ ਪਾਂਦਿਆਂ, ਜੇ ਕਿਸੇ ਕੰਜਰੀ ਨੂੰ ਉਹ ਟਾਂਗੇ ਵਿੱਚ ਬੈਠੀ ਨੂੰ ਵੇਖਦੀ, ਤਾਂ ਨਾਂ ਸੋਚਣਾ ਚਾਹੁੰਦੀ ਹੋਈ ਵੀ ਸੋਚ ਜਾਂਦੀ- ਕੀ ਪਤਾ ਉਹੀਉ ਹੋਵੇ?
“ਚੱਲ ਮੈਂ ਵੀ ਇੱਕ ਵਾਰੀ ਵੇਖ ਛੱਡਾਂ”, ਉਹ ਮਨ ਵਿੱਚ ਘੁਲ ਜਿਹੀ ਗਈ, “ਜੋ ਉਹਨੇ ਮੇਰਾ ਵਗਾੜਣਾ ਸੀ, ਵਗਾੜ ਲਿਆ, ਹੁਣ ਹੋਰ ਉਹਨੇ ਕੀ ਕਰ ਲੈਣਾ ਏਂ! ਇੱਕ ਵਾਰੀ ਚੰਦਰੀ ਨੂੰ ਵੇਖ ਤੇ ਛੱਡਾਂ।”
ਤੇ ਸ਼ਾਹਣੀ ਨੇ ਹਾਮੀ ਭਰ ਦਿੱਤੀ, ਪਰ ਇੱਕ ਸ਼ਰਤ ਲਾਈ, “ਇੱਥੇ ਨਾ ਸ਼ਰਾਬ ਉੱਡੇਗੀ, ਨਾ ਕਬਾਬ। ਭਲੇ ਘਰਾਂ ਵਿੱਚ ਜਿਵੇਂ ਗੌਣ ਬਹਿੰਦੇ ਨੇ, ਉਸੇ ਤਰ੍ਹਾਂ ਗੌਣ ਬਿਠਾਵਾਂਗੀ। ਤੁਸੀਂ ਮਰਦ ਮਾਹਣੂ ਵੀ ਬਹਿ ਜਾਣਾ। ਉਹ ਆਵੇ, ਤੇ ਸਿੱਧੀ ਤਰ੍ਹਾਂ ਗੌਂ ਕੇ ਤੁਰ ਜਾਏ। ਮੈਂ ਉਹੀਉ ਚਾਰ ਪਤਾਸੇ ਉਹਦੀ ਝੋਲੀ ਵੀ ਪਾ ਦਿਆਂਗੀ, ਜੋ ਹੋਰ ਕੁੜੀਆਂ ਚਿੜੀਆਂ ਨੂੰ ਦਿਆਂਗੀ, ਜੋ ਘੋੜੀਆਂ ਗੌਣਗੀਆਂ।”
“ਇਹੋ ਹੀ ਤੇ ਭਾਬੀ ਅਸੀਂ ਕਹਿਨੇਂ ਆਂ।” ਸ਼ਾਹ ਦੇ ਦੋਸਤਾਂ ਨੇ ਫਲਾਹੁਣੀ ਦਿੱਤੀ, “ਤੇਰੀ ਸਿਆਣਪ ਨਾਲ ਹੀ ਤੇ ਘਰ ਬਣਿਆ ਹੋਇਆ ਏ, ਨਹੀਂ ਤਾਂ ਖੌਰੇ ਕੀ ਭਾਣਾ ਵਰਤ ਜਾਂਦਾ।”
ਉਹ ਆਈ। ਸ਼ਾਹਣੀ ਨੇ ਆਪ ਆਪਣੀ ਬੱਘੀ ਭੇਜੀ ਸੀ। ਘਰ ਮੇਲ ਨਾਲ ਭਰਿਆ ਹੋਇਆ ਸੀ। ਵੱਡੇ ਕਮਰੇ ਵਿੱਚ ਚਿੱਟੀਆਂ ਚਾਦਰਾਂ ਵਿਛਾ ਕੇ , ਅੱਧ ਵਿਚਕਾਰ ਢੋਲਕੀ ਰੱਖੀ ਹੋਈ ਸੀ। ਘਰ ਦੀਆਂ ਤੀਵੀਆਂ ਨੇ ਘੋੜੀਆਂ ਛੋਹੀਆਂ ਹੋਈਆਂ ਸਨ……
ਬੱਘੀ ਬੂਹੇ ਅੱਗੇ ਆ ਖਲੋਤੀ, ਤਾਂ ਮੇਲਣਾਂ ਵਿੱਚੋਂ ਜੋ ਕਾਹਲੀਆਂ ਸਨ, ਕੁਝ ਭੱਜ ਕੇ ਬਾਰੀਆਂ ਵੱਲ ਚਲੀਆਂ ਗਈਆਂ, ਤੇ ਕੁਝ ਪੌੜੀਆਂ ਵਾਲੇ ਪਾਸੇ……
“ਨੀਂ ਬਦਸਗਣੀ ਕਿਉਂ ਕਰਦੀਆਂ ਹੋ, ਘੋੜੀ ਵਿੱਚੇ ਹੀ ਛੱਡ ਦਿੱਤੀ ਜੇ” ਸ਼ਾਹਣੀ ਨੇ ਦਬਕਾ ਜਿਹਾ ਮਾਰਿਆ। ਪਰ ਉਹਦੀ ਆਵਾਜ਼ ਉਹਨੂੰ ਆਪ ਹੀ ਮੱਠੀ ਜਿਹੀ ਲੱਗੀ। ਜਿਵੇਂ ਉਹਦੇ ਦਿਲ ਵਿੱਚ ਇੱਕ ਧਮਕ ਪਈ ਹੋਵੇ…
ਉਹ ਪੌੜੀਆਂ ਚੜ੍ਹ ਕੇ, ਬੂਹੇ ਤੱਕ ਆ ਗਈ ਸੀ। ਸ਼ਾਹਣੀ ਨੇ ਗੁਲਾਬੀ ਧੋਤੀ ਦਾ ਪੱਲਾ ਸਵਾਹਰਾ ਕੀਤਾ, ਜਿਵੇਂ ਸਾਹਮਣੇ ਤੱਕਣ ਲਈ ਉਹ ਧੋਤੀ ਦੇ ਸਗਣਾਂ ਵਾਲੇ ਗੁਲਾਬੀ ਰੰਗ ਦੀ ਸ਼ਹਿ ਲੈ ਰਹੀ ਹੋਵੇ……
ਸਾਹਮਣੇ- ਉਹਨੇ ਹਰੇ ਰੰਗ ਦਾ ਬਾਂਕੜੀ ਵਾਲਾ ਗਰਾਰਾ ਪਾਇਆ ਹੋਇਆ ਸੀ, ਗਲ ਸੂਹੇ ਰੰਗ ਦੀ ਕਮੀਜ਼ ਸੀ, ਤੇ ਸਿਰ ਤੋਂ ਪੈਰਾਂ ਤੱਕ ਢਲਕੀ ਹੋਈ ਰੇਸ਼ਮ ਦੀ ਚੁੰਨੀ। ਇੱਕ ਝਿਲਮਿਲ ਜਹੀ ਹੋਈ। ਸ਼ਾਹਣੀ ਨੂੰ ਇੱਕ ਪਲ ਸਿਰਫ਼ ਇਹੀ ਜਾਪਿਆ- ਜਿਵੇਂ ਹਰਾ ਰੰਗ ਸਾਰਾ ਬੂਹੇ ਵਿੱਚ ਫੈਲ ਗਿਆ ਹੈ…
ਫੇਰ ਕੱਚ ਦੀਆਂ ਚੂੜੀਆਂ ਦੀ ਛਣ-ਛਣ ਹੋਈ, ਤਾਂ ਸ਼ਾਹਣੀ ਨੇ ਵੇਖਿਆ- ਇੱਕ ਗੋਰਾ ਗੋਰਾ ਹੱਥ, ਇੱਕ ਉੜੇ ਹੋਏ ਮੱਥੇ ਨਾਲ ਛੋਹ ਕੇ, ਉਹਨੂੰ ਸਲਾਮ ਦੁਆ ਜਿਹਾ ਕੁਝ ਆਖਦਾ ਪਿਆ ਹੈ, ਤੇ ਨਾਲ ਹੀ ਇੱਕ ਛਣਕਦੀ ਜਿਹੀ ਆਵਾਜ਼- “ਬੜੀਆਂ ਮੁਬਾਰਕਾਂ ਸ਼ਾਹਣੀ! ਬੜੀਆਂ ਮੁਬਾਰਕਾਂ……”
ਉਹ ਬੜੀ ਛਮਕ ਜਿਹੀ ਸੀ, ਪੁਤਲੀ ਜਿਹੀ। ਹੱਥ ਲਾਇਆਂ ਦੂਹਰੀ ਹੁੰਦੀ। ਸ਼ਾਹਣੀ ਨੇ ਉਹਨੂੰ ਇੱਕ ਢੋਅ ਵਾਲੇ ਸਿਰਹਾਣੇ ਵੱਲ ਹੱਥ ਕਰ ਕੇ ਬਹਿਣ ਲਈ ਆਖਿਆ, ਤਾਂ ਸ਼ਾਹਣੀ ਨੂੰ ਜਾਪਿਆ ਕਿ ਉਹਦੀ ਮਾਸ ਨਾਲ ਭਰੀ ਹੋਈ ਬਾਂਹ ਬੇਡੌਲ ਲਗਦੀ ਪਈ ਹੈ……
ਕਮਰੇ ਦੀ ਇੱਕ ਗੁੱਠੇ- ਸ਼ਾਹ ਵੀ ਸੀ, ਉਹਦੇ ਮਿੱਤਰ ਵੀ ਸਨ, ਸਾਕਾਂ ਵਿੱਚੋਂ ਵੀ ਕੁਝ ਮਰਦ। ਉਸ ਛਮਕ ਜਿਹੀ ਨੇ ਉਸ ਗੁੱਠ ਵੱਲ ਤੱਕ ਕੇ ਵੀ ਇੱਕ ਵਾਰੀ ਸਲਾਮ ਆਖੀ, ਤੇ ਫੇਰ ਪਰ੍ਹਾਂ ਢੋਅ ਵਾਲੇ ਸਰਾਹਣੇ ਕੋਲ ਠੁਮਕ ਕੇ ਬਹਿ ਗਈ। ਬਹਿਣ ਲੱਗੀ ਦੀਆਂ, ਕੱਚ ਦੀਆਂ ਚੂੜੀਆਂ, ਫੇਰ ਛਣਕੀਆਂ ਸਨ, ਸ਼ਾਹਣੀ ਨੇ ਇੱਕ ਵਾਰੀ ਫੇਰ ਉਹਦੀਆਂ ਬਾਹਵਾਂ ਵੱਲ ਵੇਖਿਆ, ਹਰੀਆਂ ਕੱਚ ਦੀਆਂ ਚੂੜੀਆਂ ਨੂੰ, ਤੇ ਫੇਰ ਸੁਭਾਉਕੇ ਹੀ ਆਪਣੀਆਂ ਬਹਾਵਾਂ ਵਿੱਚ ਪਏ ਹੋਏ ਸੋਨੇ ਦੇ ਚੂੜੇ ਵੱਲ ਵੇਖਣ ਲੱਗ ਪਈ…
ਕਮਰੇ ਵਿੱਚ ਇੱਕ ਚਕਾਚੌਂਧ ਜਿਹੀ ਛਾ ਗਈ। ਹਰ ਇੱਕ ਦੀਆਂ ਅੱਖਾਂ ਜਿਵੇਂ ਇੱਕੋ ਪਾਸੇ ਉੱਲਰ ਪਈਆਂ, ਸ਼ਾਹਣੀ ਦੀਆਂ ਆਪਣੀਆਂ ਅੱਖਾਂ ਵੀ, ਪਰ ਉਹਨੂੰ ਆਪਣੀਆਂ ਅੱਖਾਂ ਤੋਂ ਛੁੱਟ, ਸਾਰੀਆਂ ਅੱਖਾਂ ਉੱਤੇ ਇੱਕ ਕਰੋਧ ਜਿਹਾ ਆ ਗਿਆ……ਉਹ ਫੇਰ ਇੱਕ ਵਾਰੀ ਆਖਣਾ ਚਾਹੁੰਦੀ ਸੀ- ਨੀ ਬਦਸਗਣੀ ਕਿਉਂ ਕਰਦੀਆਂ ਹੋ? ਘੋੜੀਆਂ ਗਾਉ ਨਾ…ਪਰ ਉਹਦੀ ਆਵਾਜ਼ ਉਹਦੇ ਸੰਘ ਨਾਲ ਮੇਲੀ ਗਈ। ਸ਼ਾਇਦ ਹੋਰਾਂ ਦੀ ਆਵਾਜ਼ ਵੀ ਉਹਨਾਂ ਦੇ ਸੰਘ ਨਾਲ ਮੇਲੀ ਗਈ ਸੀ, ਕਮਰੇ ਵਿੱਚ ਇੱਕ ਚੁੱਪ ਛਾ ਗਈ। ਉਹ ਕਮਰੇ ਦੇ ਅੱਧ ਵਿੱਚ ਪਈ ਹੋਈ ਢੋਲਕੀ ਵੱਲ ਤੱਕਣ ਲੱਗ ਪਈ, ਤੇ ਉਹਦਾ ਜੀਅ ਕੀਤਾ ਉਹ ਬੜੀ ਜ਼ੋਰ ਦੀ ਢੋਲਕੀ ਵਜਾਏ……
ਚੁੱਪ, ਉਸਨੇ ਤੋੜੀ, ਜਿਹਦੇ ਪਿੱਛੇ ਚੁੱਪ ਛਾਈ ਸੀ। ਕਹਿਣ ਲੱਗੀ, “ਮੈਂ ਤਾਂ ਸਭ ਤੋਂ ਪਹਿਲਾਂ ਘੋੜੀ ਗਾਵਾਂਗੀ, ਮੁੰਡੇ ਦਾ ਸਗਣ ਕਰਾਂਗੀ, ਕਿਉਂ ਸ਼ਾਹਣੀ?” ਤੇ ਸ਼ਾਹਣੀ ਵੱਲ ਤੱਕਦੀ ਹੱਸਦੀ ਨੇ ਘੋੜੀ ਛੋਹ ਦਿੱਤੀ, “ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀਂਹ ਵੇ ਵਰ੍ਹੇ, ਤੇਰੀ ਮਾਂ ਵੇ ਸੁਹਾਣਗ ਤੇਰੇ ਸਗਣ ਕਰੇ……”
ਸ਼ਾਹਣੀ ਨੂੰ ਅਚਾਨਕ ਵਿੱਚ ਠਰੰ੍ਹਮਾ ਜਿਹਾ ਆ ਗਿਆ- ਸ਼ਾਇਦ ਇਸ ਲਈ ਕਿ ਗੀਤ ਵਿਚਲੀ ਮਾਂ ਉਹੀ ਹੈ, ਤੇ ਉਹਦਾ ਮਰਦ ਸਿਰਫ਼ ਉਹਦਾ ਮਰਦ ਹੈ- ਤਾਹੀਏਂ ਤਾਂ ਮਾਂ ਸੁਹਾਗਣ ਹੈ……
ਸ਼ਾਹਣੀ, ਹੱਸਦੇ ਜਿਹੇ ਮੂੰਹ ਨਾਲ, ਉਹਦੇ ਅਸਲੋਂ ਸਾਹਮਣੇ ਬਹਿ ਗਈ- ਜੋ ਇਸ ਵੇਲੇ ਉਸ ਦੇ ਪੁੱਤ ਦੇ ਸਗਣ ਕਰਦੀ ਪਈ ਸੀ…
ਘੋੜੀ ਖ਼ਤਮ ਹੋਈ, ਤਾਂ ਕਮਰੇ ਦੀ ਬੋਲ ਚਾਲ ਪਰਤ ਪਈ। ਫ਼ੇਰ ਕੁਝ ਸੁਭਾਵਕ ਜਿਹਾ ਹੋ ਗਿਆ। ਔਰਤਾਂ ਵਾਲੇ ਪਾਸਿਓਂ ਫ਼ਰਮਾਇਸ਼ ਆਈ- “ਢੋਲਕੀ ਰੋੜੇ ਵਾਲਾ ਗੀਤ” ਮਰਦਾਂ ਵਾਲੇ ਪਾਸਿਓਂ ਫ਼ਰਮਾਇਸ਼ ਆਈ “ਮਿਰਜ਼ੇ ਦੀਆਂ ਸੱਦਾਂ।”
ਗੌਣ ਵਾਲੀ ਨੇ ਮਰਦਾਂ ਵਾਲੇ ਪਾਸੇ ਦੀ ਫ਼ਰਮਾਇਸ਼ ਸੁਣੀ ਅਣਸੁਣੀ ਕਰ ਦਿੱਤੀ, ਤੇ ਢੋਲਕੀ ਨੂੰ ਆਪਣੇ ਵੱਲ ਖਿੱਚ ਕੇ ਉਹਨੇ ਢੋਲਕੀ ਨਾਲ ਆਪਣਾ ਗੋਡਾ ਜੋੜ ਲਿਆ। ਸ਼ਾਹਣੀ ਕੁਝ ਰਉਂ ਵਿੱਚ ਆ ਗਈ- ਸ਼ਾਇਦ ਇਸ ਲਈ ਕਿ ਗੌਣ ਵਾਲੀ, ਮਰਦਾਂ ਵਾਲੇ ਪਾਸੇ ਦੀ ਫ਼ਰਮਾਇਸ਼ ਪੂਰੀ ਕਰਨ ਦੀ ਥਾਂ ਔਰਤਾਂ ਵਾਲੇ ਪਾਸੇ ਦੀ ਫ਼ਰਮਾਇਸ਼ ਪੂਰੀ ਕਰਨ ਲੱਗੀ ਸੀ……
ਮੇਲ ਆਈਆਂ ਔਰਤਾਂ ਵਿੱਚੋਂ ਸ਼ਾਇਦ ਕੁਝ ਨੂੰ ਪਤਾ ਨਹੀਂ ਸੀ, ਉਹ ਇੱਕ ਦੂਜੀ ਕੋਲੋਂ ਪੁੱਛ ਰਹੀਆਂ ਸਨ, ਤੇ ਕਈ ਉਹਨਾਂ ਦੇ ਕੰਨ ਕੋਲ ਹੋ ਕੇ ਕਹਿ ਰਹੀਆਂ ਸਨ- “ਉਹੀਉ ਹੀ ਏ ਸ਼ਾਹ ਦੀ ਕੰਜਰੀ……” ਕਹਿਣ ਵਾਲੀਆਂ ਨੇ ਭਾਵੇਂ ਬਹੁਤ ਹੌਲੀ ਕਿਹਾ ਸੀ- ਘੁਸਰ ਮੁਸਰ ਜਿਹਾ, ਪਰ ਸ਼ਾਹਣੀ ਦੇ ਕੰਨੀਂ ਵਾਜ ਪੈ ਰਹੀ ਸੀ, ਕੰਨਾਂ ਨਾਲ ਵੱਜ ਰਹੀ ਸੀ- ਸ਼ਾਹ ਦੀ ਕੰਜਰੀ…ਸ਼ਾਹ ਦੀ ਕੰਜਰੀ……ਤੇ ਸ਼ਾਹਣੀ ਦੇ ਮੂੰਹ ਦਾ ਰੰਗ ਫੇਰ ਖੁਰ ਗਿਆ…
ਏਨੇ ਨੂੰ ਢੋਲਕੀ ਦੀ ਆਵਾਜ਼ ਫ਼ੇਰ ਉੱਚੀ ਹੋ ਗਈ, ਤੇ ਨਾਲ ਹੀ ਗੌਣ ਵਾਲੀ ਦੀ ਆਵਾਜ਼, “ਸੂਹੇ ਵੇ ਚੀਰੇ ਵਾਲਿਆ ਮੈਂ ਕਹਿਨੀਂ ਆਂ……” ਤੇ ਸ਼ਾਹਣੀ ਦਾ ਕਲੇਜਾ ਥੰਮ ਜਿਹਾ ਗਿਆ- ਇਹ ਸੂਹੇ ਚੀਰੇ ਵਾਲਾ ਮੇਰਾ ਹੀ ਪੁੱਤਰ ਏ, ਸੁੱਖ ਨਾਲ ਅੱਜ ਘੋੜ੍ਹੀ ਤੇ ਚੜ੍ਹਨ ਵਾਲਾ ਮੇਰਾ ਪੁੱਤਰ……
ਫ਼ਰਮਾਇਸ਼ਾਂ ਦਾ ਅੰਤ ਨਹੀਂ ਸੀ। ਇੱਕ ਗੀਤ ਮੁੱਕਦਾ, ਦੂਜਾ ਗੀਤ ਸ਼ੁਰੂ ਹੁੰਦਾ। ਗੌਣ ਵਾਲੀ, ਕਦੇ ਔਰਤਾਂ ਵਾਲੇ ਪਾਸੇ ਦੀ ਫ਼ਰਮਾਇਸ਼ ਪੂਰੀ ਕਰਦੀ, ਕਦੇ ਮਰਦਾਂ ਵਾਲੇ ਪਾਸੇ ਦੀ। ਵਿੱਚ ਵਿੱਚ ਕਹਿ ਦੇਂਦੀ, “ਕੋਈ ਹੋਰ ਵੀ ਗਾਉ ਨਾ, ਮੈਨੂੰ ਸਾਹ ਦੁਆ ਦਿਉ”, ਪਰ ਕਿਹਦੀ ਹਿੰਮਤ ਸੀ, ਉਹਦੇ ਸਾਹਮਣੇ ਹੋਣ ਦੀ, ਉਹਦੀ ਟੱਲੀ ਵਰਗੀ ਆਵਾਜ਼, ਹੂਕ ਵਰਗੀ ਆਵਾਜ਼……ਉਹ ਵੀ ਸ਼ਾਇਦ ਕਹਿਣ ਨੂੰ ਕਹਿ ਰਹੀ ਸੀ, ਉਂਜ ਇੱਕ ਪਿੱਛੋਂ ਝੱਟ ਦੂਜਾ ਕੁਝ ਛੋਹ ਦਿੰਦੀ ਸੀ।
ਗੀਤਾਂ ਦੀ ਗੱਲ ਹੋਰ ਸੀ, ਪਰ ਜਦ ਉਹਨੇ ਮਿਰਜ਼ੇ ਦੀ ਹੇਕ ਲਾਈ “ਉੱਠ ਨੀਂ ਸਾਹਿਬਾਂ ਸੁੱਤੀਏ! ਉੱਠ ਕੇ ਦੇਹ ਦੀਦਾਰ……” ਹਵਾ ਦਾ ਕਲੇਜਾ ਹਿੱਲ ਗਿਆ। ਕਮਰੇ ਵਿੱਚ ਬੈਠੇ ਹੋਏ ਮਰਦ ਬੁੱਤ ਬਣ ਗਏ। ਸ਼ਾਹਣੀ ਨੂੰ ਫੇਰ ਇੱਕ ਘਬਰਾਹਟ ਜਿਹੀ ਹੋਈ, ਉਹਨੇ ਨੀਝ ਲਾ ਕੇ ਸ਼ਾਹ ਦੇ ਮੂੰਹ ਵੱਲ ਤੱਕਿਆ। ਸ਼ਾਹ ਵੀ ਹੋਰ ਬੁੱਤਾਂ ਜਿਹਾ ਬੁੱਤ ਬਣਿਆ ਹੋਇਆ ਸੀ, ਪਰ ਸ਼ਾਹਣੀ ਨੂੰ ਜਾਪਿਆ- ਉਹ ਪੱਥਰ ਦਾ ਹੋ ਗਿਆ ਹੈ……
ਸ਼ਾਹਣੀ ਦੇ ਕਲੇਜੇ ਵਿੱਚ ਹੌਲ ਪਿਆ, ਤੇ ਉਹਨੂੰ ਜਾਪਿਆ ਜੇ ਹੁਣ ਦੀ ਘੜੀ ਖੁੰਝ ਗਈ, ਤਾਂ ਉਹ ਆਪ ਵੀ ਹਮੇਸ਼ਾਂ ਲਈ ਮਿੱਟੀ ਦਾ ਬੁੱਤ ਬਣ ਜਾਏਗੀ……ਉਹ ਕਰੇ, ਕੁਝ ਕਰੇ, ਕੁਝ ਵੀ ਕਰੇ, ਪਰ ਮਿੱਟੀ ਦਾ ਬੁੱਤ ਨਾ ਬਣੇ……।
ਚੰਗੀ ਤਰਕਾਲ ਪੈ ਗਈ, ਮਹਿਫਿ਼ਲ ਮੁੱਕਣ ਤੇ ਆ ਗਈ……
ਸ਼ਾਹਣੀ ਦਾ ਕਹਿਣਾ ਸੀ ਕਿ ਉਹ ਅੱਜ ਸਿਰਫ਼ ਉਸੇ ਤਰ੍ਹਾਂ ਪਤਾਸੇ ਵੰਡੇਗੀ, ਜਿਸ ਤਰ੍ਹਾਂ ਲੋਕ ਉਸ ਦਿਨ ਵੰਡਦੇ ਹਨ, ਜਿਸ ਦਿਨ ਗੌਣ ਬਿਠਾਂਦੇ ਹਨ। ਪਰ ਜਦੋਂ ਗੌਣ ਮੁੱਕੇ ਤਾਂ ਕਮਰੇ ਵਿੱਚ ਕਈ ਵੰਨਾਂ ਦੀ ਮਠਿਆਈ ਆ ਗਈ…… ਤੇ ਸ਼ਾਹਣੀ ਨੇ ਮੁੱਠ ਵਿੱਚ ਵਲੇਟਿਆ ਹੋਇਆ ਸੌ ਦਾ ਨੋਟ ਕੱਢ ਕੇ, ਆਪਣੇ ਪੁੱਤਰ ਦੇ ਸਿਰ ਤੋਂ ਵਾਰਿਆ, ਤੇ ਫ਼ੇਰ ਉਹਨੂੰ ਫੜ੍ਹਾ ਦਿੱਤਾ, ਜਿਸ ਨੂੰ ਲੋਕ ਸ਼ਾਹ ਦੀ ਕੰਜਰੀ ਆਖਦੇ ਸਨ।
“ਰਹਿਣ ਦੇ ਸ਼ਾਹਣੀ! ਅੱਗੇ ਵੀ ਤੇਰਾ ਹੀ ਖਾਨੀ ਆਂ।” ਉਹਨੇ ਅੱਗੋਂ ਜਵਾਬ ਦਿੱਤਾ, ਤੇ ਹੱਸ ਪਈ। ਉਹਦਾ ਹਾਸਾ, ਉਹਦੇ ਰੂਪ ਵਾਂਗ ਝਿਲਮਿਲ ਕਰਦਾ ਪਿਆ ਸੀ।
ਸ਼ਾਹਣੀ ਦੇ ਮੂੰਹ ਦਾ ਰੰਗ ਹੌਲਾ ਪੈ ਗਿਆ। ਉਹਨੂੰ ਜਾਪਿਆ ਜਿਵੇਂ ਸ਼ਾਹ ਦੀ ਕੰਜਰੀ ਨੇ, ਅੱਜ ਭਰੀ ਸਭਾ ਵਿੱਚ, ਸ਼ਾਹ ਨਾਲ ਆਪਣਾ ਸੰਬੰਧ ਜੋੜ ਕੇ ਉਹਦੀ ਹੱਤਕ ਕਰ ਦਿੱਤੀ ਹੈ। ਪਰ ਸ਼ਾਹਣੀ ਨੇ ਆਪਣਾ ਆਪ ਥੰਮ੍ਹ ਲਿਆ, ਇੱਕ ਜੇਰਾ ਜਿਹਾ ਕੀਤਾ ਕਿ ਅੱਜ ਉਹਨੇ ਹਾਰ ਨਹੀਂ ਖਾਣੀ। ਤੇ ਉਹ ਜ਼ੋਰ ਦੀ ਹੱਸ ਪਈ। ਨੋਟ ਫੜਾਂਦੀ ਆਖਣ ਲੱਗੀ, “ਸ਼ਾਹ ਕੋਲੋਂ ਤੂੰ ਨਿੱਤ ਲੈਂਦੀ ਏਂ, ਪਰ ਮੇਰੇ ਕੋਲੋਂ ਤੂੰ ਫ਼ੇਰ ਕਦੋਂ ਲੈਣਾਂ ਏਂ? ਚੱਲ ਅੱਜ ਲੈ ਲੈ……”
ਤੇ ਸ਼ਾਹ ਦੀ ਕੰਜਰੀ, ਸੌ ਦੇ ਉਸ ਨੋਟ ਨੂੰ ਫੜ੍ਹਦੀ, ਇੱਕੋ ਵਾਰਗੀ ਨਿਮਾਣੀ ਜਿਹੀ ਹੋ ਗਈ…
ਕਮਰੇ ਵਿੱਚ ਸ਼ਾਹਣੀ ਦੀ ਧੋਤੀ ਦਾ, ਸਗਣਾਂ ਵਾਲਾ ਗੁਲਾਬੀ ਰੰਗ ਫੈਲ ਗਿਆ…
ਲੇਖਕ – ਅੰਮ੍ਰਿਤਾ ਪ੍ਰੀਤਮ
ਜੇਕਰ ਕੋਈ ਵੀਰ ਭੈਣ ਆਪਣਾ ਸੁਝਾਅ ਦੇਣਾ ਚਾਹੁੰਦਾ ਹੋਵੇ ਜਾਂ ਕਿਸੀ ਵੀ ਤਰ੍ਹਾਂ ਦੀ ਕਹਾਣੀ ਚਾਹੁੰਦਾ ਹੋਵੇ ਤਾਂ ਕਮੈਂਟ ਬੌਕਸ ‘ਚ ਸਾਨੂੰ ਦੱਸ ਸਕਦੈ | 🙏🙏