ਜ਼ਖ਼ਮ (ਚੀਨੀ ਹਮਲੇ ਸਮੇਂ ) shiv kumar batalvi poems

by Sandeep Kaur

ਸੁਣਿਉਂ ਵੇ ਕਲਮਾਂ ਵਾਲਿਉ
ਸੁਣਿਉਂ ਵੇ ਅਕਲਾਂ ਵਾਲਿਉ
ਸੁਣਿਉਂ ਵੇ ਹੁਨਰਾਂ ਵਾਲਿਉ
ਹੈ ਅੱਖ ਚੁੱਭੀ ਅਮਨ ਦੀ
ਆਇਉ ਵੇ ਫੂਕਾਂ ਮਾਰਿਉ
ਇਕ ਦੋਸਤੀ ਦੇ ਜ਼ਖਮ ‘ਤੇ
ਸਾਂਝਾਂ ਦਾ ਲੋਗੜ ਬੰਨ੍ਹ ਕੇ
ਸਮਿਆਂ ਦੀ ਥੋਹਰ ਪੀੜ ਕੇ
ਦੁੱਧਾਂ ਦਾ ਛੱਟਾ ਮਾਰਿਉ

ਵਿਹੜੇ ਅਸਾਡੀ ਧਰਤ ਦੇ
ਤਾਰੀਖ਼ ਟੂਣਾ ਕਰ ਗਈ
ਸੇਹੇ ਦਾ ਤੱਕਲਾ ਗੱਡ ਕੇ
ਸਾਹਾਂ ਦੇ ਪੱਤਰ ਵੱਢ ਕੇ
ਹੱਡੀਆਂ ਦੇ ਚੌਲ ਡੋਹਲ ਕੇ
ਨਫਰਤ ਦੀ ਮੌਲੀ ਬੰਨ੍ਹ ਕੇ
ਲਹੂਆਂ ਦੀ ਗਾਗਰ ਧਰ ਗਈ
ਓ ਸਾਥੀਓ, ਓ ਬੇਲੀਓ
ਤਹਿਜ਼ੀਬ ਜਿਊਂਦੀ ਮਰ ਗਈ ।

ਇਖ਼ਲਾਕ ਦੀ ਅੱਡੀ ‘ਤੇ ਮੁੜ
ਵਹਿਸ਼ਤ ਦਾ ਬਿਸੀਅਰ ਲੜ ਗਿਆ
ਇਤਿਹਾਸ ਦੇ ਇਕ ਬਾਬ ਨੂੰ
ਮੁੜ ਕੇ ਜ਼ਹਿਰ ਹੈ ਚੜ੍ਹ ਗਿਆ
ਸੱਦਿਓ ਵੇ ਕੋਈ ਮਾਂਦਰੀ
ਸਮਿਆਂ ਨੂੰ ਦੰਦਲ ਪੈ ਗਈ
ਸੱਦਿਓ ਵੇ ਕੋਈ ਜੋਗੀਆ
ਧਰਤੀ ਨੂੰ ਗਸ਼ ਹੈ ਪੈ ਗਈ
ਸੁੱਖੋ ਵੇ ਰੋਟ ਪੀਰ ਦੇ
ਪਿੱਪਲਾਂ ਨੂੰ ਤੰਦਾਂ ਕੱਚੀਆਂ
ਆਉ ਵੇ ਇਸ ਬਾਰੂਦ ਦੀ
ਵਰਮੀ ਤੇ ਪਾਈਏ ਲੱਸੀਆਂ
ਓ ਦੋਸਤੋਂ, ਓ ਮਹਿਰਮੋ
ਕਾਹਨੂੰ ਇਹ ਅੱਗਾਂ ਮੱਚੀਆਂ

ਹਾੜਾ ਜੇ ਦੇਸ਼ਾਂ ਵਾਲਿਓ
ਹਾੜਾ ਜੇ ਕੌਮਾਂ ਵਾਲਿਓ
ਓ ਐਟਮਾਂ ਦਿਉ ਤਾਜਰੋ
ਬਾਰੂਦ ਦੇ ਵਣਜਾਰਿਉ
ਹੁਣ ਹੋਰ ਨਾ ਮਨੁੱਖ ਸਿਰ
ਲਹੂਆਂ ਦਾ ਕਰਜ਼ਾ ਚਾੜ੍ਹਿਉ
ਹੈ ਅੱਖ ਚੁੱਭੀ ਅਮਨ ਦੀ
ਆਇਉ ਵੇ ਫੂਕਾਂ ਮਾਰਿਉ
ਹਾੜਾ ਜੇ ਕਲਮਾਂ ਵਾਲਿਉ
ਹਾੜਾ ਜੇ ਅਕਲਾਂ ਵਾਲਿਉ
ਹਾੜਾ ਜੇ ਹੁਨਰਾਂ ਵਾਲਿਉ

ਸ਼ਿਵ ਕੁਮਾਰ ਬਟਾਲਵੀ

You may also like