470
ਰਾਣੀਆਂ ਪਟਰਾਣੀਆਂ ਮੈਂ ਰੋਜ਼ ਵੇਖਦੀ
ਹੱਥੀਂ ਸੁਹਾਗ ਦੇ ਕੰਙਣ, ਪੈਰੀਂ ਕਾਨੂੰਨ ਦੀ ਝਾਂਜਰ
ਉਹਨਾਂ ਦੀ ਤਲੀ ਵਾਸਤੇ, ਮੈਂ ਰੋਜ਼ ਮਹਿੰਦੀ ਘੋਲਦੀ
ਕਦੇ ਕੁਝ ਨਹੀਂ ਬੋਲਦੀ
ਮੈਂ ਸਦਗੁਣੀ, ਜਾਣਦੀ ਹਾਂ – ਰੀਸ ਕਰਨੀ ਬੜੀ ਔਗੁਣ ਹੈ।ਸੇਜ ਉਹ ਨਹੀਂ, ਪਰ ਸੇਜ ਦਾ ਸਵਾਮੀ ਉਹੀ,
ਹਨੇਰੇ ਦੀ ਸੇਜ ਭੋਗਦੀ, ਜਾਂ ਸੇਜ ਦਾ ਹਨੇਰਾ ਭੋਗਦੀ
ਕੁੱਖ ਮੇਰੀ ਬਾਲ ਜੰਮਦੀ ਹੈ, ਵਾਰਿਸ ਨਹੀਂ ਜੰਮਦੀ।
ਬਾਲ ਮੇਰੇ ਬੜੇ ਬੀਬੇ
ਸਦਗੁਣੇ, ਜਾਣਦੇ ਨੇ – ਹੱਕ ਮੰਗਣਾ ਬੜਾ ਔਗੁਣ ਹੈ।
ਬਾਲ ਮੇਰੇ, ਚੁੱਪ ਕੀਤੇ ਜਵਾਨੀ ਕੱਢ ਲੈਂਦੇ ਨੇ
ਤੇ ਸੇਵਾ ਸਾਂਭ ਲੈਂਦੇ ਨੇ, ਕਿਸੇ ਨਾ ਕਿਸੇ ਦੇਸ਼ ਰਤਨ ਦੀ।
ਮੈਂ – ਜਨਤਾ, ਚੁੱਪ ਕੀਤੀ ਬੁਢੇਪਾ ਕੱਟ ਲੈਂਦੀ ਹਾਂ
ਅੱਖ ਦਾ ਇਸ਼ਾਰਾ ਸਮਝਦੀ,
ਇਕ ਚੰਗੀ ਰਖੇਲ ਆਪਣੇ ਵਤਨ ਦੀ।