ਦਾਣਿਆਂ ਤੋਂ ਆਟਾ ਬਣੇ ਆਟੇ ਤੋਂ ਬਣੇ ਰੋਟੀ
ਜਿਊਂਦੀ ਰਹੇ ਮਾਂ ਜੋ ਖਾਣ ਨੂੰ ਬਣਾਵੇ ਰੋਟੀ
ਪਾ ਕੇ ਚਿੱਟੇ ਸੂਟ ਸਪੀਚ ਦੇਣੀ ਬੜੀ ਸੌਖੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।
ਦਾਣੇ ਬੀਜ ਕੇ ਪੰਜ ਮਹੀਨੇ ਸਬਰ ਕਰਦਾ ਏ
ਗਰਮੀ ‘ਚ ਤੱਪਦਾ ਏ ਤੇ ਠੰਡ ‘ਚ ਠਰਦਾ ਏ
ਤਾਂ ਜਾ ਕੇ ਪਹੁੰਚਦੀ ਏ ਹਰ ਘਰ ਵਿਚ ਰੋਟੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।
ਦਿਨ ਰਾਤ ਸਾਰਾ ਸਾਲ ਕਿਸਾਨ ਮਿਹਨਤ ਕਰੇ
ਹਾੜੀ ਸਾਉਣੀ ਹੀ ਬਸ ਪੈਸੇ ਆਉਂਦੇ ਨੇ ਘਰੇ
ਸਰਕਾਰਾਂ ਫਿਰਣ ਫਿਰ ਵੀ ਖੋਹਣ ਨੂੰ ਰੋਜ਼ੀ ਰੋਟੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।
ਕਦੇ ਸੋਕਾ ਕਦੇ ਹੜ੍ਹਾਂ ਦੀ ਮਾਰ ਝੱਲੇ ਕਿਸਾਨ
ਹਰ ਸਾਲ ਹੁੰਦਾ ਏ ਇੱਥੇ ਫਸਲਾਂ ਦਾ ਨੁਕਸਾਨ
ਕੋਈ ਮੁਆਵਜ਼ਾ ਨਹੀਂ ਦਿੰਦੀ ਸਰਕਾਰ ਖੋਟੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।
ਹਰ ਸਾਲ ਵੱਧਦਾ ਜਾਵੇ ਵਿਆਜ਼ ਸ਼ਾਹੂਕਾਰਾਂ ਦਾ
ਕਰਜ਼ੇ ਦੀ ਮਾਰ ਝੱਲੇ ਕਿਸਾਨ ਦੋਸ਼ ਸਰਕਾਰਾਂ ਦਾ
ਕਿਸਾਨ ਦੀ ਜ਼ਿੰਦਗੀ ਇੰਨੀ ਵੀ ਨਹੀਂ ਸੌਖੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।
ਕੋਡੀਆਂ ਦੇ ਭਾਅ ਖ਼ਰੀਦਣ ਫਸਲਾਂ ਵਪਾਰੀ
ਕਾਗਜ਼ਾਂ ‘ਚ ਹੀ ਬੰਨਿਆਂ ਉਂਜ ਰੇਟ ਸਰਕਾਰੀ
ਆਪਣੇ ਹੱਕਾਂ ਲਈ ਇੱਕ ਦਿਨ ਜਾਗਣਗੇ ਲੋਕੀਂ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।
ਮਿੱਟੀ ਨਾਲ ਮਿੱਟੀ ਹੋ ਕੇ ਫਸਲਾਂ ਉਗਾਉਂਦਾ ਏ
ਵਪਾਰੀ ਆਪਣੀ ਮਰਜ਼ੀ ਦਾ ਰੇਟ ਲਾਉਂਦਾ ਏ
ਜੇ ਕਿਸਾਨ ਬਚਾਉਣਾ ਏ ਰੱਬਾ ਭ੍ਰਿਸ਼ਟਾਚਾਰ ਰੋਕੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।
ਸੁੱਖ ਮਰਾਹੜ ਗੱਲਾਂ ਡੂੰਘੀਆ ਕਹਿ ਗਿਆ ਏ
ਲੀਡਰ ਕਿਸਾਨੀ ਦੇ ਨਾਂਅ ਤੇ ਵੋਟਾਂ ਲੈ ਗਿਆ ਏ
ਕਰਦੇ ਕੁੱਝ ਨਹੀਂ ਲੀਡਰ ਐਵੇਂ ਫ਼ੜ ਮਾਰਨ ਫ਼ੋਕੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।
ਸੁੱਖ ਮਰਾਹੜ