ਸ਼ਾਮ ਦੀ ਮੈਂ ਫਿੱਕੀ ਫਿੱਕੀ
ਉੱਡੀ ਉੱਡੀ ਧੁੰਦ ਵਿਚੋਂ,
ਨਿੰਮ੍ਹੇ-ਨਿੰਮ੍ਹੇ ਟਾਵੇਂ-ਟਾਵੇਂ
ਤਾਰੇ ਪਿਆ ਵੇਖਦਾਂ ।ਦੂਰ ਅੱਜ ਪਿੰਡ ਤੋਂ-
ਮੈਂ ਡੰਡੀਆਂ ‘ਤੇ ਖੜਾ ਖੜਾ,
ਮੰਦਰਾਂ ਦੇ ਕਲਸ ‘ਤੇ
ਮੁਨਾਰੇ ਪਿਆ ਵੇਖਦਾਂ ।ਹੌਲੀ-ਹੌਲੀ ਉੱਡ-ਉੱਡ
ਰੁੰਡਿਆਂ ਜਹੇ ਰੁੱਖਾਂ ਉੱਤੇ,
ਬਹਿੰਦੀਆਂ ਮੈਂ ਡਾਰਾਂ ਦੇ
ਨਜ਼ਾਰੇ ਪਿਆ ਵੇਖਦਾਂ ।ਮੈਂ ਵੀ ਅੱਜ ਰਾਂਝੇ ਵਾਂਗੂੰ
ਹੀਰ ਖੇੜੀਂ ਟੋਰ ਕੇ,
ਤੇ ਸੁੰਞੇ ਸੁੰਞੇ ਆਪਣੇ
ਹਜ਼ਾਰੇ ਪਿਆ ਵੇਖਦਾਂ ।ਪੌਣ ਦੇ ਫ਼ਰਾਟੇ-
ਮੇਰੇ ਕੋਲੋਂ ਰੋਂਦੇ ਲੰਘ ਰਹੇ ਨੇ,
ਜਾਪਦੇ ਨੇ ਜਿਵੇਂ ਅੱਜ
ਦੇ ਰਹੇ ਨੇ ਅਲਾਹੁਣੀਆਂ ।ਪਿੱਪਲੀ ਦਾ ਰੁੱਖ
ਜਿਦ੍ਹੇ ਥੱਲੇ ਦੋਵੇਂ ਬੈਠਦੇ ਸਾਂ,
ਉਹਦੀਆਂ ਅਯਾਲੀ ਕਿਸੇ
ਛਾਂਗ ਲਈਆਂ ਟਾਹਣੀਆਂ ।ਗੋਲ੍ਹਾਂ ਖਾਣ ਘੁੱਗੀਆਂ
ਜੋ ਦੋ ਨਿੱਤ ਆਉਂਦੀਆਂ ਸੀ,
ਉਹ ਵੀ ਅੱਜ ਸਾਰਾ ਦਿਨ
ਆਈਆਂ ਨਹੀਂ ਨਮਾਣੀਆਂ ।ਧਰਤੀ ਦੀ ਹਿੱਕ ‘ਤੇ
ਰਮਾਈ ਮੇਰੇ ਦੁੱਖਾਂ ਧੂਣੀ,
ਅੱਗ ਅਸਮਾਨੀਂ ਲਾਈ
ਹਾਉਕਿਆਂ ਨੇ ਹਾਣੀਆਂ ।ਇਹਦਾ ਉੱਕਾ ਦੁੱਖ ਨਹੀਂ
ਕਿ ਅੱਜ ਤੂੰ ਪਰਾਇਆ ਹੋਇਓਂ,
ਦੁੱਖ ਹੈ ਕਿ ਤੈਨੂੰ ਮੈਨੂੰ
ਕੌਡੀਆਂ ਨੇ ਪਿਆਰੀਆਂ ।ਦੁੱਖ ਹੈ ਸ਼ਿਕਾਰੀ ਕਿਸੇ
ਮਹਿਲਾਂ ਉਹਲੇ ਲੁਕ ਕੇ ਤੇ
ਚਾਂਦੀ ਦੀਆਂ ਗੋਲੀਆਂ
ਨਿਸ਼ਾਨੇ ਬੰਨ੍ਹ ਮਾਰੀਆਂ ।ਦੁੱਖ ਨਹੀਂ ਕਿ ਤੇਰੇ ਨਾਲ
ਖੇਡ ਨੰਗੀ ਖੇਡਿਆ ਨਾ,
ਦੁੱਖ ਹੈ ਕਿ ਨੀਂਹਾਂ ਕਾਹਨੂੰ
ਰੇਤ ‘ਤੇ ਉਸਾਰੀਆਂ ।ਦੁੱਖ ਨਹੀਂ ਕਿ ਰਾਹੀਆਂ ਪੈਰੀਂ
ਲੱਖਾਂ ਸੂਲਾਂ ਪੁੜ ਗਈਆਂ,
ਦੁੱਖ ਹੈ ਕਿ ਰਾਹਵਾਂ ਹੀ
ਨਖੁੱਟੀਆਂ ਵਿਚਾਰੀਆਂ ।ਮੰਨਿਆ, ਪਿਆਰ ਭਾਵੇਂ
ਰੂਹਾਂ ਦਾ ਹੀ ਮੇਲ ਹੁੰਦੈ,
ਦੇਰ ਪਾ ਕੇ ਸਿਉਂਕ
ਲੱਗ ਜਾਂਦੀ ਹੈ ਸਰੀਰਾਂ ਨੂੰ ।ਲੰਘਦੈ ਜਵਾਨੀਆਂ ਦਾ-
ਹਾੜ੍ਹ ਬੜੀ ਛੇਤੀ ਛੇਤੀ
ਸਾਉਣ ਏਂ ਜੰਗਾਲ ਦੇਂਦਾ
ਨੈਣਾਂ ਦਿਆਂ ਤੀਰਾਂ ਨੂੰ ।ਪਰ ਨਹੀਂ ਵੇ ਹੁੰਦੇ ਸਿੱਪ
ਮੋਤੀਆਂ ਦੇ ਰੱਕੜਾਂ ‘ਚ
ਇਕੋ ਜਹੇ ਨਹੀਂ ਪੱਤ ਪੈਂਦੇ
ਬੋਹੜਾਂ ਤੇ ਕਰੀਰਾਂ ਨੂੰ ।ਸਿਊਣ ਨੂੰ ਤਾਂ ਲੱਖ ਵਾਰੀ
ਸੀਤੀਆਂ ਵੀ ਜਾਂਦੀਆਂ ਨੇ,
ਨਾਂ ਪਰ ਲੀਰਾਂ ਰਹਿੰਦੈ
ਸਿਉਂ ਕੇ ਵੀ ਲੀਰਾਂ ਨੂੰ ।ਠੀਕ ਹੈ ਕਿ ਚੰਨ ਤਾਰੇ
ਭਾਵੇਂ ਅੱਜ ਬੰਦੇ ਦੇ ਨੇ,
ਬੰਦਾ ਪਰ ਹਾਲੇ ਤੀਕ
ਹੋਇਆ ਨਹੀਂ ਵੇ ਬੰਦੇ ਦਾ ।ਸੱਸੀ ਦਾ ਭੰਬੋਰ-
ਲੁੱਟ-ਪੁੱਟ ਕੇ ਵੀ ਹਾਲੇ ਤੀਕ
ਹੋਤਾਂ ਸਾਥ ਛੱਡਿਆ,
ਨਹੀਂ ਡਾਚੀਆਂ ਦੇ ਧੰਦੇ ਦਾ ।ਹੱਦਾਂ ਬੰਨੇ ਬੰਨ੍ਹ ਕੇ ਵੀ
ਗੋਰਿਆਂ ਤੇ ਕਾਲਿਆਂ ਨੇ,
ਹੱਥੋਂ ਰੱਸਾ ਛੱਡਿਆ ਨਹੀਂ
ਮਜ਼੍ਹਬਾਂ ਦੇ ਫੰਦੇ ਦਾ ।ਲੂਣੇ ਪਾਣੀ ਅੱਖਾਂ ਦੇ ਦਾ
ਹਾਲੇ ਕੋਈ ਨਹੀਂ ਮੁੱਲ ਪੈਂਦਾ,
ਮੁੱਲ ਭਾਵੇਂ ਪਿਆ ਪੈਂਦੈ
ਪਾਣੀ ਗੰਦੇ ਮੰਦੇ ਦਾ ।ਰੱਬ ਜਾਣੇ ਕਿੰਨਾ ਅਜੇ
ਹੋਰ ਮੇਰਾ ਪੈਂਡਾ ਰਹਿੰਦਾ,
ਕਦੋਂ ਜਾ ਕੇ ਮੁੱਕਣੇ ਨੇ
ਕੋਹ ਮੇਰੇ ਸਾਹਵਾਂ ਦੇ ।ਕਿੰਨਾ ਚਿਰ ਹਾਲੇ ਹੋਰ
ਸੋਹਣੀਆਂ ਨੇ ਡੁੱਬਣਾ ਏਂ
ਕਿੰਨਾ ਚਿਰ ਲੱਥਣੇ
ਤੂਫ਼ਾਨ ਨਹੀਂ ਝਨਾਂਵਾਂ ਦੇ ।ਕਿੰਨਾ ਚਿਰ ਪੀਲਕਾਂ ਨੇ
ਖੋਲ਼ਿਆਂ ‘ਚ ਉੱਗਣਾ ਏਂ,
ਕਿੰਨਾ ਚਿਰ ਰਾਹੀਆਂ ਦਿਲ
ਠੱਗਣੇ ਨੇ ਰਾਹਵਾਂ ਦੇ ।ਕਿੰਨਾ ਚਿਰ ਡੋਲੀਆਂ
ਤੇ ਰੱਖਾਂ ‘ਚ ਜਨਾਜ਼ੇ ਜਾਣੇ,
ਕਿੰਨਾ ਚਿਰ ਸੌਦੇ ਹੋਣੇ
ਧੀਆਂ ਭੈਣਾਂ ਮਾਵਾਂ ਦੇ ।
ਚਾਂਦੀ ਦੀਆਂ ਗੋਲੀਆਂ shiv kumar batalvi poems
632
previous post