ਘਾਹ ਵਿਚੋਂ ਇਕ ਹੋਰ ਆਵਾਜ਼ ਉਠਦੀ ਹੈ
ਮੈਂ ਅੰਮੀ ਜੀ ਦੀ ਕਥਾ ਹਾਂ
ਲਾਲੀ ਦੀ ਦਾਦੀ ਦੀ ਕਥਾ
ਮੈਂ ਲਾਲੀ ਦੇ ਲਹੂ ਵਿਚ ਵਗਦੀ ਹਾਂ
ਪਰ ਜਾਣਦੀ ਹਾਂ ਉਹਨੇ ਮੈਨੂੰ ਆਪ ਨਹੀ ਕਹਿਣਾ
ਘਰ ਤਿਆਗਣ ਵੇਲੇ ਉਹਨੇ
ਘਰ ਦੀ ਕਥਾ ਵੀ ਤਿਆਗ ਦਿੱਤੀ ਸੀ
ਅੰਮੀ ਜੀ
ਲਾਲੀ ਨੂੰ ਬੂਹਾ ਖੋਲਣ ਲਈ ਹੀ ਜਿਓਂਦੀ ਸੀ
ਮਿਰਤੂ ਆਉਂਦੀ ਤਾਂ ਉਹਨੂੰ ਕਹਿ ਦਿੰਦੀ
ਮੇਰੇ ਪੁੱਤ ਦਾ ਬੂਹਾ ਕੌਣ ਖੋਲ੍ਹੇਗਾ..
ਜਦੋਂ ਕੰਨ ਬੰਦ ਹੋਏ
ਉਹਨੂੰ ਫੇਰ ਵੀ ਸੁਣਦਾ ਰਿਹਾ
ਹਰ ਮਾਂ ਛਾਤੀਆਂ ਨਾਲ ਸੁਣਦੀ
ਛਾਤੀਆਂ ਨਾਲ ਵੇਖਦੀ ਹੈ….
ਬੂਹੇ ‘ਤੇ ਠਕ-ਠਕ ਹੁੰਦੀ ਬਹੁਤ ਮੱਧਮ
ਤੀਜੀ ਟਕੋਰ ‘ਤੇ ਉਹ ਮੰਜੀ ਤੋਂ ਉੱਠਦੀ
ਟੋਹਣੀ ਚੁੱਕਦੀ ਤੇ ਬੂਹੇ ਵੱਲ ਤੁਰ ਪੈਂਦੀ
ਟੋਹਣੀ ਕਿਸੇ ਚੀਜ਼ ਨੂੰ ਲਗਦੀ, ਅੰਮੀ ਕਹਿੰਦੀ
ਰਤਾ ਕੁ ਪਾਸੇ ਹੋ ਜਾ, ਮੇਰਾ ਪੁੱਤ ਆਇਐ
ਬੂਹਾ ਖੋਲ੍ਹਦੀ, ਲਾਲੀ ਦੇ ਪੋਲੀ ਜਿਹੀ ਟੋਹਣੀ ਮਾਰਦੀ
ਇਹ ਕੋਈ ਵੇਲਾ ਐ, ਘਰ ਆਉਣ ਦਾ ? ਕਹਿੰਦੀ
ਘਰ ਆਉਣ ਦਾ ਕਿਹੜਾ ਵੇਲਾ ਹੁੰਦੈ, ਅੰਮੀ ਜੀ ?
ਲਾਲੀ ਹੱਸ ਕੇ ਪੁੱਛਦਾ
ਅੰਮੀ ਖਿੱਚ ਕੇ ਉਹਨੂੰ ਛਾਤੀ ਨਾਲ ਲਾ ਲੈਂਦੀ
ਸ਼ਬਦ ਕੰਠ ਵਿਚ ਰੁਕ ਜਾਂਦੇ
ਪੁੱਤਰ, ਜਦੋਂ ਤੂੰ ਆਉਨੈ ਉਹੀ
ਘਰ ਆਉਣ ਦਾ ਵੇਲਾ ਐ
ਬੱਦਲ ਤੇ ਜੋਗੀ ਜਦੋਂ ਵੀ ਆਉਣ
ਵੇਲਾ ਭਲਾ ਹੋ ਜਾਂਦੈ…..
ਘਾਹ ਵਿਚੋਂ ਇਕ ਹੋਰ ਆਵਾਜ਼ ਉਠਦੀ
986
previous post