ਕੁਕਨੂਸ Amrita Pritam poems

by Sandeep Kaur

ਲਿਖ ਜਾ ਮੇਰੀ ਤਕਦੀਰ ਨੂੰ ਮੇਰੇ ਲਈ
ਮੈਂ ਜੀਅ ਰਹੀ ਤੇਰੇ ਬਿਨਾਂ ਤੇਰੇ ਲਈ……….
ਹਰ ਚੰਦਉਰੀ ਹਰ ਘੜੀ ਬਣਦੀ ਰਹੀ
ਹਰ ਚੰਦਉਰੀ ਹਰ ਘੜੀ ਮਿਟਦੀ ਰਹੀ ……..
ਦੂਧੀਆ ਚਾਨਣ ਵੀ ਅੱਜ ਹੱਸਦੇ ਨਹੀਂ
ਬੇ ਬਹਾਰੇ ਫ਼ਲ ਜਿਵੇਂ ਰਸਦੇ ਨਹੀਂ ……..
ਉਮਰ ਭਰ ਦਾ ਇਸ਼ਕ਼ ਬੇਆਵਾਜ਼ ਹੈ
ਹਰ ਮੇਰਾ ਨਗਮਾਂ, ਮੇਰੀ ਆਵਾਜ਼ ਹੈ ……..
ਹਰਫ਼ ਮੇਰੇ ਤੜਪ ਉਠਦੇ ਹਨ ਇਵੇਂ
ਸੁਲਗਦੇ ਹਨ ਰਾਤ ਭਰ ਤਾਰੇ ਜਿਵੇਂ …..
ਉਮਰ ਮੇਰੀ ਬੇ ਵਫ਼ਾ ਮੁਕਦੀ ਪਈ
ਰੂਹ ਮੇਰੀ ਬੇਚੈਨ ਹੈ ਤੇਰੇ ਲਈ …….
ਕੁਕਨੂਸ ਦੀਪਕ ਰਾਗ ਨੂੰ ਅੱਜ ਗਾਏਗਾ
ਇਸ਼ਕ਼ ਦੀ ਇਸ ਲਾਟ ਤੇ ਬਲ ਜਾਏਗਾ …..
ਸੁਪਨਿਆਂ ਨੂੰ ਚੀਰ ਕੇ ਆ ਜਰਾ
ਰਾਤ ਬਾਕੀ ਬਹੁਤ ਹੈ ਨਾ ਜਾ ਜ਼ਰਾ ……
ਰਾਖ ਹੀ ਇਸ ਰਾਗ ਦਾ ਅੰਜਾਮ ਹੈ
ਕੁਕਨੂਸ ਦੀ ਇਸ ਰਾਖ ਨੂੰ ਪ੍ਰਣਾਮ ਹੈ …….
ਰੱਜ ਕੇ ਅੰਬਰ ਜਦੋਂ ਫਿਰ ਰੋਏਗਾ
ਫਿਰ ਨਵਾਂ ਕੁਕਨੂਸ ਪੈਦਾ ਹੋਏਗਾ ……
ਲਿਖ ਜਾ ਮੇਰੀ ਤਕਦੀਰ ਨੂੰ ਮੇਰੇ ਲਈ
ਮੈਂ ਜੀਅ ਰਹੀ ਤੇਰੇ ਬਿਨਾਂ ਤੇਰੇ ਲਈ……….

Amrita Pritam

You may also like