727
ਓ ਮੇਰੇ ਦੋਸਤ ! ਮੇਰੇ ਅਜਨਬੀ !
ਇਕ ਵਾਰ ਅਚਾਨਕ ਤੂੰ ਆਇਆ !
ਤਾਂ ਵਕਤ ਅਸਲੋਂ ਹੈਰਾਨ ਮੇਰੇ ਕਮਰੇ ‘ਚ ਖਲੋਤਾ ਰਹਿ ਗਿਆ …ਤਰਕਾਲਾਂ ਦਾ ਸੂਰਜ ਲਹਿਣ ਵਾਲਾ ਸੀ ਪਰ ਲਹਿ ਨਾ ਸਕਿਆ
ਤੇ ਘੜੀ ਕੁ ਉਸਨੇ ਡੁੱਬਣ ਦੀ ਕਿਸਮਤ ਵਿਸਾਰ ਦਿੱਤੀ
ਫਿਰ ਅਜ਼ਲਾਂ ਦੇ ਨੇਮ ਨੇਂ ਇਕ ਦੁਹਾਈ ਦਿੱਤੀ …
ਵਕਤ ਨੇ – ਬੀਤੇ ਖਲੋਤੇ ਛਿਣਾਂ ਨੂੰ ਤੱਕਿਆ
ਤੇ ਘਾਬਰ ਕੇ ਬਾਰੀ ‘ਚੋਂ ਛਾਲ ਮਾਰ ਦਿੱਤੀ ….ਉਹ ਬੀਤੇ ਖਲੋਤੇ ਛਿਣਾਂ ਦੀ ਘਟਨਾ —
ਹੁਣ ਤੈਨੂੰ ਵੀ ਬੜੀ ਅਸਚਰਜ ਲੱਗਦੀ ਹੈ
ਤੇ ਮੈਨੂੰ ਵੀ ਬੜੀ ਅਸਚਰਜ ਲੱਗਦੀ ਹੈ
ਤੇ ਸ਼ਾਇਦ ਵਕਤ ਨੂੰ ਵੀ ਫੇਰ ਉਹ ਗ਼ਲਤੀ ਗਵਾਰਾ ਨਹੀਂ ….ਹੁਣ ਸੂਰਜ ਰੋਜ਼ ਵੇਲੇ ਸਿਰ ਡੁੱਬ ਜਾਂਦਾ ਹੈ
ਤੇ ਹਨੇਰਾ ਰੋਜ਼ ਮੇਰੀ ਛਾਤੀ ਵਿਚ ਖੁੱਭ ਜਾਂਦਾ ਹੈ
ਪਰ ਬੀਤੇ ਖਲੋਤੇ ਛਿਣਾਂ ਦਾ ਇਕ ਸੱਚ ਹੈ —
ਹੁਣ ਤੂੰ ਤੇ ਮੈਂ ਉਹਨੂੰ ਮੰਨਣਾ ਚਾਹੀਏ ਜਾਂ ਨਾ
ਇਹ ਵੱਖਰੀ ਗੱਲ ਹੈ ….ਪਰ ਉਸ ਦਿਨ ਵਕਤ ਨੇ ਜਦ ਬਾਰੀ ‘ਚੋਂ ਛਾਲ਼ ਮਾਰੀ ਸੀ
ਤੇ ਉਸ ਦੇ ਗੋਡਿਆਂ ਵਿਚੋਂ ਜੋ ਲਹੂ ਸਿੰਮਿਆਂ ਸੀ
ਉਹ ਲਹੂ —
ਮੇਰੀ ਬਾਰੀ ਦੇ ਥੱਲੇ ਅਜੇ ਵੀ ਜੰਮਿਆ ਹੋਇਐ …..