431
ਇਹ ਰਾਤਾਂ ਅੱਜ ਕਿਥੋਂ ਜਾ ਕੇ ਚੰਨ-ਟਟਿਹਣਾ ਫੜ ਆਈਆਂ…
ਨੀਂਦਰ ਨੇ ਇਕ ਰੁੱਖ ਬੀਜਿਆ
ਉਂਗਲਾਂ ਕਿਸ ਤਰਖਾਣ ਦੀਆਂ ਅੱਜ ਸੱਤਰ ਸੁਪਨੇ ਘੜ ਆਈਆਂ…
ਨਜ਼ਰ ਤੇਰੀ ਨੇ ਹੱਥ ਫੜਾਇਆ
ਇੱਕੋ ਮੁਲਾਕਾਤ ਵਿਚ ਗੱਲਾਂ ਉਮਰ ਦੀ ਪੌੜੀ ਚੜ੍ਹ ਆਈਆਂ…
ਸਾਡਾ ਸਬਕ ਮੁਬਾਰਕ ਸਾਨੂੰ
ਪੰਜ ਨਮਾਜ਼ਾਂ ਬਸਤਾ ਲੈ ਕੇ ਇਸ਼ਕ ਮਸੀਤੇ ਵੜ ਆਈਆਂ…
ਇਹ ਜੁ ਦਿੱਸਣ ਵੇਦ ਕਤੇਬਾਂ
ਕਿਹੜੇ ਦਿਲ ਦੀ ਟਾਹਣੀ ਨਾਲੋਂ ਇਕ ਦੋ ਪੱਤੀਆਂ ਝੜ ਆਈਆਂ…
ਦਿਲ ਦੀ ਛਾਪ ਘੜੀ ਸੁਨਿਆਰੇ
ਇਕ ਦਿਨ ਇਹ ਤਕਦੀਰਾਂ ਜਾ ਕੇ ਦਰਦ ਨਗੀਨਾ ਜੜ ਆਈਆਂ…
ਉੱਖਲੀ ਇਕ ਵਿਛੋੜੇ ਵਾਲੀ
ਵੇਖ ਸਾਡੀਆਂ ਉਮਰਾਂ ਜਾ ਕੇ ਇਸ਼ਕ ਦਾ ਝੋਨਾ ਛੜ ਆਈਆਂ…
ਦੁਨੀਆਂ ਨੇ ਜਦ ਸੂਲੀ ਗੱਡੀ
ਆਸ਼ਕ ਜਿੰਦਾਂ ਕੋਲ ਖਲੋ ਕੇ ਆਪਣੀ ਕਿਸਮਤ ਪੜ੍ਹ ਆਈਆਂ…