ਧੰਨੁ ਗੁਰੂ ਨਾਨਕੁ ਦੇਵ ਜੀ ਜਿੱਥੇ ਬ੍ਰਹਮ ਗਿਆਨੀ ਨੇ, ਵਕਤ ਦੇ ਅਵਤਾਰੀ ਪੁਰਸ਼ ਨੇ, ਉਥੇ ਸ਼ਰੀਰ ਸ਼ਾਸਤਰੀ ਵੀ ਨੇ| ਆਪ ਕਹਿੰਦੇ ਨੇ….
ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥
ਹੇ ਪਰਮਾਤਮਾ ਨਾਲ ਡੂੰਘੀ ਸਾਂਝ
ਰੱਖਣ ਵਾਲੇ! ਵੇਖ ਅਚਰਜ ਖੇਡ ਕਿ ਮਨੁੱਖਾਂ ਦੇ ਵੀਰਜ ਤੋਂ ਇਸਤਰੀਆਂ ਪੈਦਾ ਹੁੰਦੀਆਂ ਹਨ ਤੇ ਇਸਤਰੀਆਂ ਤੋਂ ਮਨੁੱਖ ਜੰਮਦੇ ਹਨ।
ਬਿਧਾਤੇ ਦੀ ਇਸ ਵਿਧੀ ਨੂੰ ਕੌਣ ਜਾਣਦਾ ਹੈ ਕਿ ਜੋ ਪੁਰਸ਼ ਦਾ ਸ਼ਰੀਰ ਹੈ ਉਸ ਵਿਚ ਨਾਰੀ ਦੇ ਕਣ ਵੀ ਹਨ| ਅਤੇ ਜੋ ਨਾਰੀ ਦਾ ਸ਼ਰੀਰ ਹੈ ਉਸ ਚ ਪੁਰਸ਼ ਦੇ ਕਣ ਹਨ |
ਕੋਈ ਵੀ ਸ਼ਰੀਰ ਜੋ ਮਾਂ-ਪਿਓ ਤੋਂ ਆਇਆ ਹੈ, ਉਸਦੇ ਅੰਦਰ ਮਾਂ ਦੀ ਅੰਸ਼ ਵੀ ਹੈ| ਪਿਤਾ ਦੀ ਅੰਸ਼ ਵੀ ਹੈ|
ਪੁਰਸ਼ ਦੇ ਅਣੂ ਤੇ ਨਾਰੀ ਦੇ ਅਣੂ ਵੀ ਹਨ| ਪੁਰਸ਼ ਇਸ ਵਾਸਤੇ ਪੁਰਸ਼ ਹੋ ਸਕਿਆ ਹੈ
ਕਿਉਕਿ ਉਸ ਚ ਪੁਰਸ਼ ਦੇ ਕਣ ਤਾਂ ਪੂਰੇ ਨੇ, ਪਰ ਨਾਰੀ ਅਧੂਰੀ ਹੈ|
ਅਰਧ ਅੰਗ !
ਨਾਰੀ ਇਸ ਵਾਸਤੇ ਇਸਤਰੀ ਹੋ ਸਕੀ ਹੈ ਕਿਉਕਿ ਉਸ ਵਿਚ ਨਾਰੀ ਦੇ ਕਣ ਤਾਂ ਪੂਰੇ ਨੇ ਪਰ ਪੁਰਸ਼ ਅਧੂਰਾ ਹੈ| ਅਰਧ ਅੰਗ !
ਭਾਰਤ ਦੇ ਰਿਸ਼ੀ-ਮੁਨੀਆਂ ਨੇ ਇਸ ਗੱਲ ਨੂੰ ਮੰਨਿਆ ਕਿ ਬਾਹਰ ਦੀ ਇਹ ਨਾਰੀ ਪੁਰਸ਼ ਦੇ ਅਰਧ-ਅੰਗ ਨੂੰ ਸੰਪੂਰਨ ਕਰਦੀ ਹੈ| ਪਰ ਪੁਰਸ਼ ਦਾ ਅਹੰਕਾਰ ਪ੍ਰਬਲ ਸੀ ਉਸਨੇ ਅੰਦਰੋ ਤਾਂ ਇਹ ਗੱਲ ਜਾਣੀ ਕਿ ਅਧੂਰਾ ਹੈ ਪਰ ਬਾਹਰੋਂ ਕਹਿਣ ਤੋ ਸੰਕੋਚ ਕੀਤਾ| ਕਿਉਕਿ ਪੁਰਸ਼ ਅੰਦਰ ਨਾਰੀ ਅਧੂਰੀ ਹੈ ਤੇ ਨਾਰੀ ਅੰਦਰ ਪੁਰਸ਼ ਅਧੂਰਾ ਹੈ| ਪੁਰਸ਼ ਕਰਕੇ ਨਾਰੀ ਅਰਧ ਅੰਗ ਹੈ ਤੇ ਨਾਰੀ ਕਰਕੇ ਪੁਰਸ਼ ਅਰਧ ਅੰਗ ਹੈ|
ਇਹ ਦੋ ਅੰਗ ਮਿਲ ਕੇ ਸੰਪੂਰਨ ਹੋਣਾ ਚਾਹੁੰਦੇ ਨੇ ਤੇ ਇਹ ਬਾਹਰਲੀ ਖਿੱਚ ਪੈਦਾ ਕਰਦੇ ਨੇ|
ਪੁਰਸ਼ ਅੰਦਰ ਨਾਰੀ ਦੀ ਕਸ਼ਿਸ਼ ਤੇ ਨਾਰੀ ਅੰਦਰ ਪੁਰਸ਼ ਦੀ ਖਿੱਚ ਤਾਂ ਹੈ ਕਿ ਅਰਧ ਅੰਗ ਸੰਪੂਰਨ ਹੋਣਾ ਚਾਹੁੰਦੇ ਨੇ| ਇਸ ਅਰਧ ਅੰਗ ਦੀ ਸੰਪੂਰਨਤਾ ਪਸ਼ੂਆਂ ਵਾਂਗ ਨਾ ਹੋਵੇ, ਮਨੁੱਖ ਆਖਰ ਮਨੁੱਖ ਹੈ,ਇਸਦੇ ਕੋਲ ਸੋਚਣੀ ਹੈ| ਤਾਂ ਇਸ ਸਮਾਜਿਕ ਰਸਮ ਨੂੰ ਧਰਮ ਦੇ ਦਾਇਰੇ ਚ ਚਲਾਣ ਦੀ ਆਗਿਆ ਹੋਈ| ਪੁਰਾਣੇ ਸਮੇ ਚ ਰਿਸ਼ੀ- ਮੁਨੀਆਂ ਨੇ ਜਦ ਧਰਮ ਦੀ ਮੋਹਰ ਲਾ ਕੇ ਇਸ ਅਰਧ ਅੰਗ ਨੂੰ ਸੂੰਪਰਨ ਕੀਤਾ ਤਾਂ ਨਾਂ ਦਿੱਤਾ ਸੀ ਵਿਆਹ |
ਗੁਰਮਿਤ ਵਿਚ ਇਸਦਾ ਨਾਮ ਰੱਖਿਆ ਗਿਆ ਹੈ ਅਨੰਦ ਕਾਰਜ ਭਾਵ ਖੁਸ਼ੀ ਦਾ ਕੰਮ ਕਿਉਕਿ ਅਰਧ ਅੰਗ ਪੂਰਾ ਹੋ ਰਿਹਾ ਹੈ| ਸਾਰੇ ਰਿਸ਼ਤਿਆ ਚ ਪਕਿਆਈ ਹੋਵੇ, ਰਿਸ਼ਤੇ ਅਟੁੱਟ ਹੋਣ, ਤਾਂ ਕੋਈ ਵਿਚੋਲਾ ਚਾਹੀਦਾ ਸੀ| ਦੋ ਕੱਪੜੇ ਜੋੜਨੇ ਹੋਣ, ਕੋਈ ਧਾਗਾ ਚਾਹੀਦਾ ਹੈ| ਦੋ ਕਾਗਜ਼ ਜੋੜਨੇ ਹੋਣ ਗੂੰਦ ਚਾਹੀਦੀ ਹੈ, ਇਥੇ ਦੋ ਦਿਲ ਜੋੜਨੇ ਨੇ, ਦੋ ਵਿਚਾਰ ਜੋੜਨੇ ਨੇ| ਗੁਰੂ ਤੀਜਾ ਹੈ ਜੋ ਜੋੜਦਾ ਹੈ|ਦੋਹਾਂ ਤੇ ਮੋਹਰ ਲਾਂਦਾ ਹੈ| ਜਿਸ ਰਿਸ਼ਤੇ ਦੇ ਵਿਚੋਲੇ ਆਪ ਗੁਰੂ ਗਰੰਥ ਸਾਹਿਬ ਜੀ ਬਣ ਜਾਣ ਮੋਹਰ ਗੁਰਬਾਣੀ ਦੀ ਲੱਗੇ |
ਇਸ ਕਰਕੇ ਗੁਰੂ ਤੋਂ ਸਦਕੇ ਜਾਣਾ ਹੈ ਇਸਦੀਆਂ ਲਾਵਾਂ ਲੈਣੀਆ ਨੇ ਪਰਿਕਰਮਾ ਕਰਨੀਆਂ ਨੇ ਤਾਂ ਜੋ ਵਿਚਾਰਾ ਦੀ ਸਾਂਝ ਬਣੀ ਰਹੇ| ਪਿਆਰ ਦਾ ਬੂਟਾ ਵਧਦਾ ਰਹੇ| ਕਿਉਕਿ ਵਿਚਾਰਾਂ ਦੀ ਸਾਂਝ ਵਾਲੇ ਰਿਸ਼ਤੇ ਹੀ ਨਿਭਦੇ ਨੇ|
ਪਤੀ-ਪਤਨੀ ਦਾ ਰਿਸ਼ਤਾ ਵਿਚਾਰ ਦਾ ਰਿਸ਼ਤਾ ਹੈ ਖੂਨ ਦਾ ਨਹੀਂ| ਇਸ ਕਰਕੇ ਜਿੱਥੇ ਮੂਰਤੀਆਂ ਦੋ ਹੋਣ ਪਰ ਵਿਚਾਰ ਇਕ ਉਹੀ ਰਿਸ਼ਤੇ ਸਫਲ ਹੁੰਦੇ ਨੇ|ਬਾਬਾ ਨਾਨਕੁ ਜੀ ਕਹਿੰਦੇ ਨੇ ਅਸੀ
ਪਤੀ-ਪਤਨੀ ਉਸਨੂੰ ਮੰਨਦੇ ਹਾਂ, ਜਿਥੇ ਵਿਚਾਰ ਇਕ ਹੋ ਗਏ ਨੇ ਮੂਰਤੀਆ ਦੋ ਨੇ|
ਖਿਆਲ ਇਕ ਨੇ
ਮੁਰਤੀਆ ਦੋ ਨੇ|
ਇਤਨੀ ਗੱਲ ਸਪੱਸ਼ਟ ਹੈ ਕਿ ਜਿਥੇ ਵਿਚਾਰ ਰਲ ਜਾਣ , ਪਿਆਰ ਦਾ ਜਨਮ ਉੱਥੇ ਹੀ ਹੁੰਦਾ ਹੈ| ਜਿੱਥੇ ਪਿਆਰ ਹੈ, ਉਥੇ ਇਤਬਾਰ ਵੀ ਆਉਦਾ ਹੈ, ਜਿੱਥੇ ਇਤਬਾਰ ਹੈ , ਸਦਾਚਾਰ ਦਾ ਵਾਸਾ ਵੀ ਉਥੇ ਹੀ ਹੁੰਦਾ ਹੈ| ਜਿੱਥੇ ਸਦਾਚਾਰ ਹੈ ਕਰਤਾਰ ਦੀਆਂ ਸਾਰੀਆਂ ਬਖਸ਼ਿਸਾ ਵੀ ਉਥੇ ਹੀ ਨੇ|