ਇਕ ਵੇਸਵਾ ਜਿਸਤੇ ਸਾਰਾ ਮੁਲਤਾਨ ਸ਼ਹਿਰ ਮੋਹਿਤ ਸੀ, ਜਿਸ ਦੀ ਇਕ ਝਲਕ ਪਾਉਣ ਲਈ ਬੜੇ ਬੜੇ ਨਵਾਬ, ਸ਼ਹਿਜ਼ਾਦੇ, ਅਮੀਰ, ਉਲਮਾਹ ਤਰਸਦੇ ਸਨ।
ਇਕ ਦਿਨ ਕਿਧਰੇ ਉਸਦੀ ਗੋਲੀ ਨੇ, ਕੱਜ਼ਰ(ਸੁਰਮਾ) ਬਾਰੀਕ ਨਈਂ ਸੀ ਪੀਸਿਆ, ਅੌਰ ਜੈਸੇ ਉਸ ਕੱਜ਼ਰ ਨੂੰ ਇਸ ਵੇਸਵਾ ਨੇ ਆਪਣੀ ਅੱਖੀਂ ਪਾਇਆ, ਅੱਖਾਂ ਦੇ ਵਿਚ ਰੜਕ ਪੈਦਾ ਹੋਈ। ਗੋਲੀ ਨੂੰ ਡਾਂਟਿਆ, ਦੋ ਚਾਰ ਥੱਪੜ ਵੀ ਮਾਰੇ, ਉਹ ਰੋ ਪਈ। ਰੋਣਾ ਭਲਾ ਫ਼ਕੀਰਾਂ ਨੂੰ ਕਿਥੇ ਭਾਂਵਦਾ ਹੈ, ਦੂਸਰੇ ਦਾ ਰੋਣਾ ਫ਼ਕੀਰਾਂ ਨੂੰ ਵੀ ਰੁਲਾ ਕੇ ਰੱਖ ਦੇਂਦਾ ਹੈ, ਤੜਪਾ ਕੇ ਰੱਖ ਦੇਂਦਾ ਹੈ।
ਕਹਿੰਦੇ ਨੇ ਬਾਬਾ ਫ਼ਰੀਦ ਨੇ ਰੋਕਿਆ ਉਸ ਵੇਸਵਾ ਨੂੰ,
“ਨਾ ਮਾਰ, ਇਸ ਗੋਲੀ ਨੂੰ, ਨਾ ਮਾਰ, ਇਸ ਤੇ ਤਰਸ ਖਾਹ।”
ਇਕ ਦਿਨ ਅੈਸਾ ਹੋਇਆ, ਕਬਰਸਿਤਾਨ ਦੀ ਪਗਡੰਡੀ ਉਤੋਂ, ਬਾਬਾ ਫ਼ਰੀਦ ਜੀ ਲੰਘੇ ਜਾ ਰਹੇ ਨੇ, ਪੈਰ ਠੋਕਰ ਖਾ ਗਏ, ਇਕ ਖੋਪਰੀ ਨਾਲ। ਨਾਲ ਕਬਰ ਸੀ, ਨੰਗੀ ਪੈ ਗਈ ਸੀ, ਮੁੱਦਤਾਂ ਦੀ ਮਿੱਟੀ ਉੱਡ ਗਈ ਸੀ।
ਨਾਲ ਦੇ ਸਾਥੀਆਂ ਨੇ ਕਹਿ ਦਿੱਤਾ,
“ਬਾਬਾ ਜੀ ! ਇਹ ਤੇ ਉਸ ਵੇਸਵਾ ਦੀ ਕਬਰ ਹੈ, ਜਿਸ ਤੇ ਸਾਰਾ ਈ ਮੁਲਤਾਨ ਮੋਹਿਤ ਸੀ। ਜਿਸ ਦੀ ਇਕ ਝਲਕ ਪਾਉਣ ਲਈ, ਬੜੇ ਬੜੇ ਰਸਕ ਲੋਗ, ਧਨਾਢ, ਉਲਮਾਹ, ਉਮਰਾ ਤਰਸਦੇ ਸਨ।”
ਅੱਖਾਂ ਵਿਚ ਕੀੜੇ ਸਨ, ਕੁਰਬਲ ਕੁਰਬਲ ਪਏ ਕਰਨ, ਲਗਦੈ ਖੋਪਰੀ ਦੇ ਵਿਚ ਕਿਧਰੇ ਥੋੜ੍ਹਾ ਬਹੁਤਾ ਮਾਸ ਹੋਵੇਗਾ, ਤਾਹੀਂ ਇਹ ਕੀੜੇ ਮੌਜੂਦ ਸਨ।
ਫ਼ਰੀਦ ਨੂੰ ਕਹਿਣਾ ਪਿਆ,
“ਫਰੀਦਾ ਜਿਨ੍ ਲੋਇਣ ਜਗੁ ਮੋਹਿਆ ਸੇ ਲੋਇਣ ਮੈਂ ਡਿਠੁ॥
ਕਜਰ ਰੇਖ ਨ ਸਹਦੀਆ ਸੇ ਪੰਖੀ ਸੂਇ ਬਹਿਠੁ॥੧੪॥”
{ਅੰਗ ੧੩੭੮}
ਕੱਜ਼ਰ ਦੀ ਰੇਖ ਦੀ ਰੜਕ ਤੇ ਸਹਾਰ ਨਾ ਸਕੀ, ਅੈਹ ਦੇਖੋ ,ਕੀੜੇ ਮਕੌੜਿਆਂ ਨੇ, ਉਨ੍ਹਾਂ ਹੀ ਅੱਖਾਂ ਦੇ ਵਿਚ ਘਰ ਬਣਾ ਕੇ ਰੱਖੇ ਨੇ, ਆਪਣੇ ਅਾਲੵਣੇ ਬਣਾ ਕੇ ਰੱਖੇ ਨੇ। ਇਹ ਅੱਖਾਂ ਜਿਨ੍ਹਾਂ ਤੇ ਜਗਤ ਮੋਹਿਤ ਸੀ, ਜੋ ਗੁਲਾਬ ਜੈਸੀਆਂ ਸਨ, ਮ੍ਰਿਗ ਜੈਸੀਆਂ ਸਨ, ਚੰਦਰਮਾ ਜੈਸੀਆਂ ਸਨ, ਅੱਜ ਕਰੂਪਤਾ ਦਾ ਇਕ ਦ੍ਰਿਸ਼ ਪੇਸ਼ ਕਰ ਰਹੀਆਂ ਨੇ।
ਗਿਅਾਨੀ ਸੰਤ ਸਿੰਘ ਜੀ ਮਸਕੀਨ