ਯੁਨਾਨ ਦਾ ਪ੍ਸਿੱਧ ਦਾਰਸ਼ਨਿਕ ਸੁਕਰਾਤ ਸਮੁੰਦਰ ਦੇ ਤਟ ‘ਤੇ ਟਹਿਲ ਰਿਹਾ ਸੀ।ਸਮੁੰਦਰ ਦੇ ਤਟ ‘ਤੇ ਇਕ ਬੱਚੇ ਨੂੰ ਜ਼ਾਰੋਜ਼ਾਰ ਰੋਂਦੇ ਵੇਖ ਕੋਲ ਆ,ਸਿਰ ਤੇ ਹੱਥ ਫੇਰ ਕੇ ਪਿਆਰ ਨਾਲ ਪੁੱਛਣ ਲੱਗ ਪਏ,
“ਬਾਲਕ! ਕਿਉਂ ਰੋ ਰਿਹਾ ਹੈਂ ?”
ਤਾਂ ਬਾਲਕ ਕਹਿਣ ਲੱਗਾ,
“ਇਹ ਮੇਰੇ ਹੱਥ ਵਿਚ ਜੋ ਪਿਆਲਾ ਹੈ,ਮੈਂ ਇਸ ਵਿਚ ਸਮੁੰਦਰ ਨੂੰ ਭਰਨਾ ਚਾਹੁੰਦਾ ਹਾਂ ,ਪਰ ਇਹ ਮੇਰੇ ਪਿਆਲੇ ਵਿਚ ਨਹੀਂ ਆਂਵਦਾ।”
ਇਹ ਬੋਲ ਸੁਣ ਸੁਕਰਾਤ ਵਿਸਮਾਦ ਵਿਚ ਚਲੇ ਗਏ ਤੇ ਰੋਣ ਲੱਗ ਪਏ।
ਬੱਚਾ ਕਹਿਣ ਲੱਗਾ,
“ਬਾਬਾ! ਤੂੰ ਵੀ ਮੇਰੀ ਤਰਾੑਂ ਰੋਵਣ ਲੱਗ ਪਿਆ ਹੈਂ,ਪਰ ਤੇਰਾ ਪਿਆਲਾ ਕਿੱਥੇ ਹੈ?”
ਸੁਕਰਾਤ ਕਹਿਣ ਲੱਗਾ,
“ਬਾਲਕ! ਤੂੰ ਛੋਟੇ ਜਿਹੇ ਪਿਆਲੇ ਵਿਚ ਸਮੁੰਦਰ ਭਰਨਾ ਚਾਹੁੰਦਾ ਹੈਂ,ਮੈਂ ਛੋਟੀ ਜਿਹੀ ਬੁੱਧ ਵਿਚ ਸਾਰੇ ਸੰਸਾਰ ਦੀ ਜਾਣਕਾਰੀ ਭਰਨਾ ਚਾਹੁੰਦਾ ਹਾਂ।ਅੱਜ ਤੈਨੂੰ ਵੇਖ ਕੇ ਪਤਾ ਚੱਲਿਆ ਕਿ ਸਮੁੰਦਰ ਪਿਆਲੇ ਵਿਚ ਨਹੀਂ ਸਮਾ ਸਕਦਾ।”
ਇਹ ਬੋਲ ਸੁਣ,ਬੱਚੇ ਨੇ ਪਿਆਲਾ ਸਮੁੰਦਰ ਵਿਚ ਵਗਾਹ ਸੁੱਟਿਆ ਤੇ ਆਖਿਆ,
“ਸਾਗਰ ! ਜੇ ਤੂੰ ਮੇਰੇ ਪਿਆਲੇ ਵਿਚ ਨਹੀਂ ਅਾ ਸਕਦਾ ਤਾਂ ਮੇਰਾ ਪਿਆਲਾ ਤਾਂ ਤੇਰੇ ਵਿਚ ਅਾ ਸਕਦਾ ਹੈ।”
ਸੁਕਰਾਤ ਬੱਚੇ ਦੇ ਪੈਰੀਂ ਪੈ ਗਿਆ ਤੇ ਕਹਿਣ ਲੱਗਾ,
“ਬੜਾ ਕੀਮਤੀ ਸੂਤਰ ਹੱਥ ਲੱਗਿਆ ਹੈ।
ਹੇ ਪਰਮਾਤਮਾ !
ਤੂੰ ਤਾਂ ਸਾਰੇ ਦਾ ਸਾਰਾ ਮੇਰੇ ਵਿਚ ਨਹੀਂ ਸਮਾ ਸਕਦਾ,ਪਰ ਮੈਂ ਤਾਂ ਸਾਰੇ ਦਾ ਸਾਰਾ ਤੇਰੇ ਵਿਚ ਲੀਨ ਹੋ ਸਕਦਾ ਹਾਂ।”
401
previous post