12 ਸਾਲਾਂ ਦੀ ਲੰਬੀ ਸਾਧਨਾ ਤੋਂ ਬਾਅਦ ਸਿਧਾਰਥ ਜਦ ਮਹਾਤਮਾ ਬੁੱਧ ਬਣ ਕੇ ਵਾਪਸ ਘਰ ਗੲੇ ਤਾਂ ਪਿਉ ਨੇ ਝਾੜ ਪਾ ਕੇ ਆਖਿਆ–
“ਕੀ ਮਿਲਿਆ ਘਰ ਬਾਰ ਛੋੜ ਕੇ,ਰਾਜ ਸਿੰਘਾਸਨ ਛੋੜ ਕੇ,ਸੁੰਦਰ ਪਤਨੀ ਛੋੜ ਕੇ,ਇਕਲੌਤਾ ਬੱਚਾ ਛੋੜ ਕੇ,
ਤੈਨੂੰ ਕੀ ਮਿਲਿਆ?
ਤੋ ਮਹਾਤਮਾ ਬੁੱਧ ਕਹਿੰਦੇ ਨੇ–
“ਪਿਤਾ ਜੀ,ਮਿਲਿਆ ਤੋ ਕੁਛ ਨਹੀਂ ਪਰ ਜੋ ਮਿਲਿਆ ਹੋਇਆ ਸੀ,ਉਸ ਦਾ ਪਤਾ ਚੱਲ ਗਿਆ ਹੈ।”
ਅਗਰ ਕਹਿ ਦੇਈਏ ਕਿ ਪਰਮਾਤਮਾ ਮਿਲਿਆ ਹੋਇਆ ਹੈ,ਇਸ ਨਾਲ ਇਕ ਗੱਲ ਤਾਂ ਸਪੱਸ਼ਟ ਹੋ ਗਈ ਕਿ ਉਹ ਕਿਧਰੇ ਹੈ,ਕਿਧਰੇ ਨਹੀਂ ; ਜਿਸ ਵਕਤ ਮਿਲਿਆ ,ਜਿੱਥੇ ਮਿਲਿਆ,ਉਥੇ ਸੀ,ਉਸ ਤੋਂ ਪਹਿਲੇ ਨਹੀਂ ਸੀ।
ਨਹੀਂ,
ਉਹ ਤਾਂ ਸਰਬ ਵਿਅਾਪਕ ਹੈ,ਉਹ ਸਦਾ ਜਾਗਿਆ ਹੋਇਆ ਹੈ,ਅਸੀ ਹੀ ਸੁੱਤੇ ਹੋਏ ਹਾਂ। ਜਦ ਵੀ ਉਹ ਦਿਖਾਈ ਨਾ ਦੇਵੇ,ਸਾਡੀਆਂ ਅੱਖਾਂ ਬੰਦ ਨੇ,ਉਹ ਤਾਂ ਜ਼ਾਹਰਾ ਜ਼ਹੂਰ ਹੈ ; ਜਦ ਵੀ ਉਹ ਦਿਖਾਈ ਨਾ ਦੇਵੇ,ਅਸੀ ਸੁੱਤੇ ਹੋਏ ਹਾਂ,ਉਹ ਤਾਂ ਸਦਾ ਜਾਗਿਆ ਹੋਇਆ ਹੈ।
ਸ਼ੇਖ ਸਾਅਦੀ ਦਾ ਇਕ ਕੀਮਤੀ ਬੋਲ ਹੈ :-
“ਦੀਦਾਰ ਮੇ ਨੁਮਾਈ ਓ ਪਰਹੇਜ਼ ਮੇ ਕੁਨੀ
ਬਾਜ਼ਾਰਿ ਖੇਸ਼ ਓ ਆਤਿਸ਼ ਮਾ ਤੇਜ਼ ਮੇ ਕੁਨੀ।”
ਹੇ ਖ਼ੁਦਾ ! ਤੂੰ ਦੀਦਾਰ ਦੇਂਦਾ ਏਂ,ਫਿਰ ਬੁਰਕਾ ਕਰ ਲੈਂਦਾ ਏਂ,ਪਰਹੇਜ਼ ਕਰਦਾ ਏਂ,ਛਿਪ ਜਾਂਦਾ ਏਂ,ਇਸ ਤਰਾੑਂ ਸਾਡੇ ਵੇਖਣ ਦੀ ਅਗਨ ਹੋਰ ਭੜਕ ਉੱਠਦੀ ਹੈ। ਤੂੰ ਮਹਿੰਗਾ ਵੀ ਬਹੁਤ ਹੋ ਜਾਂਦਾ ਏਂ। ਸਾਹਮਣੇ ਅਾ,ਛੁਪ ਨਾ।
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨਿੰਨ ਭਗਤ ਭਾਈ ਨੰਦ ਲਾਲ ਜੀ ਫ਼ੁਰਮਾਨ ਕਰਦੇ ਨੇ–
“ਜਦ ਖ਼ੁਦਾ ਦਿਖਾਈ ਨਾ ਦੇਵੇ,ਖ਼ੁਦਾ ਬੁਰਕੇ ਵਿਚ ਨਹੀਂ,ਸਮਝੋ ਸਾਡੀਆਂ ਅੱਖਾਂ ‘ਤੇ ਹੀ ਬੁਰਕਾ ਪੈ ਗਿਆ ਹੈ; ਜਦ ਉਹ ਦਿਖਾਈ ਨਾ ਦੇਵੇ,ਪੜਦੇ ਵਿਚ ਨਹੀਂ,ਅਸੀਂ ਹੀ ਪੜਦੇ ਵਿਚ ਹਾਂ;ਕਿਉਂਕਿ
“ਹਮ ਹਜਾਬਿ ਖ਼ੁਦੀ ਯਾਰ ਖ਼ੁਸ਼ ਲਕਾ਼ ਚਿ ਕੁਨਦ।”
ਪਰਿਪੂਰਨ ਪਰਮਾਤਮਾ ਕੀ ਕਰੇ,ਜਦ ਸਾਡੇ ਹੀ ਮੁਖੜੇ ‘ਤੇ ਹਯਾ ਹੋਵੇ,ਪੜਦਾ ਹੋਵੇ,ਬੁਰਕਾ ਹੋਵੇ। ਤੋ ਜਿਤਨਾ ਅਸੀਂ ਜਪਦੇ ਹਾਂ ਅੌਰ ਸ਼ਬਦ ਸੁਣਦੇ ਹਾਂ,ਸ਼ਬਦ ਉਤਨਾ ਹੀ ਸਾਨੂੰ ਜਗਾਂਦਾ ਹੈ,ਸਾਡੇ ਬੁਰਕੇ ਨੂੰ ਪਰੇੑ ਕਰਦਾ ਹੈ,ਸਾਡੀਆਂ ਅੱਖਾਂ ਨੂੰ ਖੋਲੑਦਾ ਹੈ ਅੌਰ ਜਿਤਨੀਆਂ ਹੀ ਅੱਖਾਂ ਖੁੱਲੑਦੀਆਂ ਨੇ,ਉਤਨਾ ਹੀ ਚਾਨਣਾ ; ਉਤਨਾ ਹੀ ਪਰਮਾਤਮਾ ਪ੍ਗਟ ਹੁੰਦਾ ਹੈ।
ਗਿਅਾਨੀ ਸੰਤ ਸਿੰਘ ਜੀ ਮਸਕੀਨ