ਮੇਰਾ ਬਾਬਾ ਨਾਨਕ

by admin

ਮੈਂ ਮੁਸਲਿਮ ਪਰਿਵਾਰ ‘ਚੋਂ ਹਾਂ,ਸਿਰਫ਼ ਨਾਂਅ ਦਾ ਹੀ ਮੁਸਲਿਮ ਨਹੀਂ,ਬਲਕਿ ਪੂਰਨ ਰੂਪ ਵਿੱਚ ਮੁਸਲਿਮ ਪਰਿਵਾਰ ਹੈ ਸਾਡਾ ਪੂਰੇ ਪਿੰਡ ਵਿੱਚੋਂ। ਪੰਜ ਵਕਤ ਦੀ ਨਮਾਜ਼ ਦਾ ਪਾਬੰਦ ਹੈ ਸਾਡਾ ਟੱਬਰ।ਲੋਕੀ ਕੱਟੜ ਮੁਸਲਿਮ ਵੀ ਕਹਿ ਦਿੰਦੇ ਨੇ ਸਾਨੂੰ।ਮੇਰੀ ਮਾਂ ਮੈਨੂੰ ਨਿੱਕੇ ਜਿਹੇ ਨੂੰ ਰਾਤ ਨੂੰ ਆਪਣੇ ਢਿੱਡ ਤੇ ਪਾ ਕੇ ਨਾਲੇ ਤਾਂ ਨਮਾਜ਼ ਸਿਖਾਉਂਦੀ ਹੁੰਦੀ ਸੀ,ਤੇ ਨਾਲੇ ਗੁਰੂਦੁਆਰੇ ਜਾਣ ਲਈ ਵੀ ਕਹਿੰਦੀ ਹੁੰਦੀ ਸੀ।ਜਦ ਮੈਂ ਦਸਾਂ ਗੁਰੂਆਂ ‘ਚੋਂ ਕਿਸੇ ਗੁਰੂ ਸਾਹਿਬ ਦੀ ਫੋਟੋ ਵੱਲ ਹੱਥ ਕਰਕੇ ਪੁੱਛਣਾ ਕਿ ਮਾਂ ਆਹ ਕਿੰਨਾ ਦੇ ਗੁਰੂ ਨੇ,ਤਾਂ ਮਾਂ ਨੇ ਪਿਆਰ ਨਾਲ ਕਹਿਣਾ ਕਿ ਪੁੱਤ ਇਹ ਸਾਰੇ ਆਪਣੇ ਹੀ ਗੁਰੂ ਨੇ,ਕਦੇ ਮੇਰੀ ਮਾਂ ਨੇ ਰੱਬ ਨੂੰ ਵੰਡ ਕੇ ਨੀ ਦੱਸਿਆ ਮੈਨੂੰ ਕਿ ਆਹ ਮੁਸਲਮਾਨਾਂ ਦੇ ਜਾਂ ਸਿੱਖਾਂ ਦੇ ਗੁਰੂ ਨੇ।

ਪਰ ਜਦ ਮੈਂ ਸਕੂਲ ਪੜ੍ਹਨ ਲੱਗਿਆ ਤਾਂ ਕਿਤਾਬਾਂ ‘ਚ ਪਹਿਲੀ ਵਾਰੀ ਪੜ੍ਹਿਆ ਕਿ ਗੁਰੂ ਨਾਨਕ ਦੇਵ ਜੀ ‘ਸਿੱਖਾਂ’ ਦੇ ਪਹਿਲੇ ਗੁਰੂ ਨੇ।ਮੈਨੂੰ ਨਿਆਣੇ ਜਿਹੇ ਨੂੰ ਬੜਾ ਗੁੱਸਾ ਚੜਿਆ ਕਿ ਇਹ ਕਿਤਾਬ ਮੇਰੇ ਬਾਬੇ ਨਾਨਕ ਜੀ ਨੂੰ ਪਰਾਇਆ ਦੱਸ ਰਹੀ ਹੈ ਇਹ ਤਾਂ ਮੇਰਾ ਸਭ ਤੋਂ ਪਿਆਰਾ ਬਾਬਾ ਹੈ।ਮੇਰਾ ਭੋਰਾ ਕੁ ਦਿਲ ਵੱਡਾ ਜਿਹਾ ਹਊਂਕਾ ਭਰ ਗਿਆ।ਮੈਂ ਘਰ ਆ ਕੇ ਕਿਤਾਬ ਦੀ ਸ਼ਿਕਾਇਤ ਜਿਹੀ ਲਾਈ ਮਾਂ ਕੋਲੇ ਕਿ ਮਾਂ ਆਹ ਕਿਤਾਬ ਬਾਬੇ ਨਾਨਕ ਜੀ ਨੂੰ ਸਿੱਖਾਂ ਦਾ ਬਾਬਾ ਕਹਿੰਦੀ ਹੈ ਪਰ ਆਹ ਬਾਬਾ ਤਾਂ ਮੇਰਾ ਹੈ।ਮਾਂ ਨੇ ਕਿਹਾ ਕਿ ਇਹ ਤਾਂ ਐਂਵੇਂ ਕਹਿੰਦੀ ਹੈ ਇਹ ਬਾਬਾ ਤਾਂ ਤੇਰਾ ਹੀ ਹੈ,ਮੈਂ ਖੁਸ਼ ਹੋ ਗਿਆ ਤੇ ਮੇਰੀਆਂ ਅੱਖਾਂ ‘ਚ ਚਮਕ ਆ ਗਈ।

ਜਿਉਂ ਜਿਉਂ ਮੈਂ ਵੱਡਾ ਹੁੰਦਾ ਗਿਆ,ਗੁਰੂਘਰਾਂ ਦੇ ਸਪੀਕਰ ਮੈਥੋਂ ਮੇਰਾ ਬਾਬਾ ਨਾਨਕ ਖੋਂਹਦੇ ਰਹੇ,ਇਹ ਬੋਲ ਬੋਲ ਕੇ ਕਿ ਗੁਰੂ ਨਾਨਕ ਜੀ ਸਿੱਖਾਂ ਦੇ ਗੁਰੂ ਹਨ।ਪਰ ਮੇਰੀ ਮਾਂ ਦੇ ਬੋਲਾਂ ਦੀ ਡੋਰ ਨੇ ਮੈਨੂੰ ਬਾਬੇ ਨਾਨਕ ਜੀ ਨਾਲ ਐਨਾ ਮਜ਼ਬੂਤ ਬੰਨਿਆਂ ਕਿ ਕਿਸੇ ਸਪੀਕਰ ਦੀ ਤੇਜ਼ਧਾਰ ਆਵਾਜ਼ ਉਸ ਡੋਰ ਨੂੰ ਨਾਂ ਕੱਟ ਸਕੀ।ਸੱਚੀਂ ਮੈਨੂੰ ਬਾਬਾ ਜੀ ਨਾਲ ਐਨਾ ਪਿਆਰ ਹੈ ਕਿ ਉਹਨਾਂ ਦੀ ਤਸਵੀਰ ਦੇਖਕੇ ਜਾਂ ਨਾਮ ਸੁਣਕੇ ਮੇਰੀ ਰੂਹ ਝੂਮ ਉੱਠਦੀ ਹੈ।

ਮੈਂ ਕੋਸ਼ਿਸ਼ ਕਰਦਾ ਰਹਿੰਦਾ ਹਾਂ ਕਿ ਮੈਂ ਉਹਨਾਂ ਦੇ ਕਹਿਣ ਅਨੁਸਾਰ ਹੱਕ ਹਲਾਲ ਦੀ ਕਿਰਤ ਕਮਾਈ ਖਾਵਾਂ,ਕਿਸੇ ਦਾ ਹੱਕ ਨਾ ਖਾਵਾਂ,ਵੰਡ ਕੇ ਛਕਾਂ ਤੇ ਹਰ ਕਿਸੇ ਲਈ ਦਿਲ ਨਰਮ ਰਹੇ।ਇਹਨਾਂ ਸਭ ਗੱਲਾਂ ਤੇ ਅਮਲ ਕਰਨ ਦੀ ਉਹਨਾਂ ਤੋਂ ਤੌਫ਼ੀਕ ਮੰਗਦਾ ਰਹਿੰਦਾ ਹਾਂ।

ਪਰ ਅੰਤ ਤੇ ਇਹ ਦੁਨੀਆਂ ਤੇ ਇਹ ਸਪੀਕਰ ਜੋ ਮਰਜ਼ੀ ਕਹਿੰਦੇ ਰਹਿਣ ਪਰ ਮੇਰੇ ਅੰਦਰਲਾ ਉਹ ਬੱਚਾ ਅੱਜ ਵੀ ਕਹਿੰਦਾ ਹੈ ‘ਮੇਰਾ ਬਾਬਾ ਨਾਨਕ’|

 

ਕਰਾਮਤ ਅਲੀ Rampuria Ali

You may also like