ਜਦ ਕੋਈ ਮੈਨੂੰ ਇਹ ਕਹੇ ਨਾ ਕਿ ਫ਼ਲਾਣਾ ਬੰਦਾ ਬੜਾ ਤਿਆਗੀ ਹੈ, ਤੇ ਮੈਂ ਕਹਿੰਨਾ ਹੁੰਨਾ ਕਿ ਉਸ ਨੂੰ ਹੱਥ ਮਾਰਨ ਦਾ ਮੋਕਾ ਨਹੀਂ ਮਿਲਿਆ ਹੋਣਾ,ਅਾਪੇ ਤਿਆਗੀ ਹੈ। ਜਦ ਕੋਈ ਮੈਨੂੰ ਇਹ ਕਹੇ ਕਿ ਫ਼ਲਾਣਾ ਬੰਦਾ ਬੜਾ ਸ਼ਾਂਤ-ਮਈ ਸੁਭਾਅ ਦਾ ਹੈ, ਤੇ ਮੈਂ ਜਵਾਬ ਦਿੰਦਾ ਹੁੰਦਾ ਹਾਂ ਕਿ ਮਾਚਿਸ ਵਾਲੀ ਡੱਬੀ ਬੜੀ ਠੰਡੀ ਹੁੰਦੀ ਹੈ, ਥੋੜੀ ਜਿਹੀ ਹੀ ਤੀਲੀ ਘਸਾ ਕੇ ਵੇਖੋ,ਅੱਗ ਹੈ ਜਾਂ ਨਹੀਂ?ਇਹ ਜਿਹੜੇ ਠੰਡੇ ਬੰਦੇ ਦਿਸਦੇ ਹਨ ਨਾ ਕਈ, ਬਸ ਮਾਚਿਸ ਦੀ ਡੱਬੀ ਦੀ ਤਰਾੑਂ ਹੀ ਹੁੰਦੇ ਹਨ। ਅੰਦਰ ਬੜੀਆਂ ਤੀਲੀਆਂ ਹੁੰਦੀਆਂ ਹਨ,ਥੋੜੀੑ ਜਿਹੀ ਰਗੜ ਲੱਗੀ ਨਹੀਂ ਕਿ ਭਾਂਬੜ ਮੱਚੇ ਨਹੀਂ। ਅਗਰ ਕੋਈ ਬੰਦਾ ਠੰਡਾ ਹੈ ਤਾਂ ਬਸ ਇਸ ਵਾਸਤੇ ਕਿ ਤੀਲੀ ਨੂੰ ਰਗੜ ਨਹੀਂ ਲੱਗੀ।
ਪਾਕਿਸਤਾਨ ਵਿਚ ਇਕ ਬਹੁਤ ਵੱਡਾ ਪਹਿਲਵਾਨ ਸੀ ਸਿਘੋੜੀ ਕਰਕੇ।ਇਹਨੇ ਤਮਾਮ ਪਾਕਿਸਤਾਨ ਦੇ ਪਹਿਲਵਾਨਾ ਨੂੰ ਹਰਾਇਆ ਤੇ ਅੱਜ ਇਸ ਨੂੰ ਇਕ ਹਲਵਾਈ ਨੇ ਚੈਲਿੰਜ ਕਰ ਦਿੱਤਾ। ਅਖਾੜਾ ਬੱਝ ਗਿਆ,ਰੱਬ ਦਾ ਭਾਣਾ ਉਸ ਹਲਵਾਈ ਨੇ ਇਸ ਪਹਿਲਵਾਨ ਨੂੰ ਡੇਗ ਲਿਆ ਤੇ ਤਾੜੀਆਂ ਵੱਜ ਪਈਆਂ। ਕੋਲ ਖੜੑੇ ਇਕ ਬੱਚੇ ਨੇ ਇਸ ਪਹਿਲਵਾਨ ਨੂੰ ਗਾਲੑ ਕੱਢ ਦਿੱਤੀ। ਹੁਣ ਗੁੱਸੇ ਵਿਚ ਤੇ ਇਹ ਪਹਿਲੇ ਹੀ ਸੀ, ਭੱਜਿਆ ਉਸ ਬੱਚੇ ਨੂੰ ਮਾਰਨ, ਬੱਚਾ ਵੀ ਭੱਜ ਪਿਆ। ਇਸ ਪਹਿਲਵਾਨ ਦੀਆਂ ਅੱਖਾਂ ਲਾਲ, ਮੂੰਹ ‘ਚੋਂ ਝੱਗ ਨਿਕਲ ਰਹੀ ਸੀ ,ਕਹਿੰਦਾ ਸੀ ਛੱਡਣਾ ਨਹੀਂ ਤੇ ਇਹਦਾ ਜੋਸ਼ ਵੇਖ ਕੇ ਇਕ ਸਾਈਂ ਫ਼ਕੀਰ ਆ ਰਿਹਾ ਸੀ,ਰੁਕ ਗਿਆ।
ਪੁੱਛਿਆ,
“ਕੀ ਗੱਲ ਹੈ,ਪਹਿਲਵਾਨ!ਬੜਾ ਕੋ੍ਧ ਵਿਚ ਹੈਂ?”
ਕਹਿੰਦਾ,
“ਉਸ ਬੱਚੇ ਨੇ ਗਾਲੑ ਕੱਢੀ ਹੈ,ਛੱਡਣਾ ਨਹੀਂ,ਮਾਰ ਦੇਣਾ ਹੈ।”
ਉਹ ਫ਼ਕੀਰ ਬੋਲਿਆ,
“ਜਾਹ ਓਏ ਦੁਸ਼ਟਾ,ਤੂੰ ਦਸ ਪੱਥਰਾਂ ਦਾ ਭਾਰ ਤੇ ਚੁੱਕ ਸਕਦਾ ਹੈਂ ਤੇ ਇਕ ਮਾਮੂਲੀ ਜਿਹੀ ਗਾਲੑ ਨਹੀਂ ਸਹਿਨ ਕਰ ਸਕਿਆ?ਤੂੰ ਸਰੀਰ ਦਾ ਪਹਿਲਵਾਨ ਤੇ ਜ਼ਰੂਰ ਹੈਂ ਪਰ ਮਨ ਦਾ ਨਹੀਂ। ਤਨ ਦੇ ਪਹਿਲਵਾਨ ਇਸ ਦੁਨੀਆਂ ‘ਚ ਮਾਣ ਪਾਉਂਦੇ ਨੇ ਤੇ ਮਨ ਦੇ ਦਰਗਾਹ ਵਿਚ।
ਜੇ ਤੂੰ ਤਨ ਕਰਕੇ ਪਹਿਲਵਾਨ ਬਣਿਆਂ ਹੈਂ,ਤਾਂ ਮਨ ਕਰਕੇ ਵੀ ਬਣ।ਅੰਦਰੋਂ ਵੀ ਪਹਿਲਵਾਨ ਬਣਨ ਦੀ ਕੋਸ਼ਿਸ਼ ਕਰ।
ਗਿਅਾਨੀ ਸੰਤ ਸਿੰਘ ਜੀ ਮਸਕੀਨ