ਪਿਛਲੇ ਸਾਲ ਮੈਂ ਟੈਕਸੀ ‘ਤੇ ਜਲੰਧਰ ਗਿਆ।ਪਤਾ ਨਹੀਂ ਰਸਤੇ ਵਿਚ ਕਬਰ ਸੀ।ਉਸ ਡਰਾਈਵਰ ਨੇ ਗੱਡੀ ਰੋਕੀ।
ਮੈਂ ਕਿਹਾ,
“ਗੱਡੀ ਕਿਉਂ ਰੋਕੀ ਹੈ,ਕੋਈ ਕੰਮ ਹੈ? ਮੈਂ ਜਲਦੀ ਜਾਣਾ ਹੈ।”
ਕਹਿੰਦਾ,
“ਨਹੀਂ ਗਿਆਨੀ ਜੀ,ਮੈਂ ਮੱਥਾ ਟੇਕ ਆਵਾਂ।ਜੇ ਨਾਂ ਟੇਕਾਂ ਤਾਂ ਅੈਕਸੀਡੈਂਟ ਹੋ ਜਾਂਦਾ ਹੈ।”
ਗੁਰੂ ਕਾ ਸਿੱਖ,ਖੁੱਲ੍ਹਾ ਦਾੜਾ,ਨੀਲੀ ਦਸਤਾਰ ਤੇ ਮੈਂ ਆਖਿਆ ਡਰਾਈਵਰ ਬੜਾ ਗੁਰਮੁਖ ਮਿਲਿਆ ਹੈ।ਚੰਗੀ ਟੈਕਸੀ ਆਈ,ਗੁਰੂ ਦੀਆਂ ਗੱਲਾਂ।ਇਹ ਤਾਂ ਕਬਰਾਂ ਦੀਆਂ ਗੱਲਾਂ,ਕਬਰ ਦੀ ਪੂਜਾ।ਯਕੀਨ ਜਾਣੋ,ਇਸ ਤਰ੍ਹਾਂ ਦੇ ਕਬਰਾਂ ਦੇ ਪੁਜਾਰੀ,ਚਦਰਾਂ ਚੜ੍ਹਾਉਣ ਵਾਲੇ ਪੰਜਾਬ ਤੋਂ ਬਾਹਰ ਸਿੱਖ ਨਹੀਂ ਮਿਲਦੇ।ਇਥੇ ਸਾਰਾ ਅਨਰਥ ਪੈਦਾ ਹੋ ਗਿਆ।ਦੂਰ ਕਿਉਂ ਜਾਉ,ਹੁਣ ਸੰਤਾਂ ਦੀਆਂ ਵੀ ਕਬਰਾ ‘ਤੇ,ਸੰਤਾਂ ਦੀਅਾਂ ਵੀ ਮੜ੍ਹੀਆਂ ਨੂੰ ਮੱਥਾ ਟੇਕੋ।ਮੁਸਲਮਾਨਾਂ ਦੇ ਪੀਰਾਂ ਫ਼ਕੀਰਾਂ ਦੀਆਂ ਤਾਂ ਕਬਰਾਂ ਛੱਡੋ,ਹੁਣ ਸਿੱਖਾਂ ਦੇ ਸੰਤ,ਉਹਨਾਂ ਦੀਆਂ ਵੀ ਮੜ੍ਹੀਆਂ ਹਨ।ਉਹਨਾਂ ਦੀਆਂ ਵੀ ਕਬਰਾਂ ਹਨ।ਜੋ ਰਾਖ ਹੋ ਗਿਆ,ਹੁਣ ਉਸਦੀ ਵੀ ਪੂਜਾ ਕਰੋ।ਜੋ ਨੂਰ ਹੋ ਗਿਆ,ਉਸਦੀ ਪੂਜਾ ਕਰੋ।ਤਨ ਦੀ ਪੂਜਾ ਕਰੋ,ਤਨ ਰਾਖ ਹੋ ਗਿਆ ਹੈ,ਤੇ ਰਾਖ ਦੀ ਪੂਜਾ ਕਰਨ ਵਾਲਾ ਨੂਰ ਹੋ ਸਕੇਗਾ?
“ਜਾਗਤ ਜੋਤ ਜਪੈ ਨਿਸ ਬਾਸੁਰ
ਏਕ ਬਿਨਾ ਮਨ ਨੈਕ ਨਾ ਆਨੈ॥
ਪੂਰਨ ਪ੍ਰੇਮ ਪ੍ਰਤੀਤ ਸਜੈ
ਬ੍ਰਤ ਗੋੜ ਮੜੀ ਮਟ ਭੂਲ ਨ ਮਾਨੈ॥”
(ਪਾ: ਦਸਵੀਂ)
ਮੇਰਾ ਸਿੱਖ ਭੁੱਲ ਕੇ ਵੀ ਕਦੇ ਕਬਰ ਨੂੰ ਮੱਥਾ ਨਾ ਟੇਕੇ,ਮੜ੍ਹੀ ਨੂੰ ਮੱਥਾ ਨਾ ਟੇਕੇ।
ਹਰ ਖੇਤ ਵਿਚ ਕਬਰਾਂ ਉੱਗ ਆਈਆਂ ਹਨ,ਖੁੰਭਾ ਦੀ ਤਰ੍ਹਾਂ।ਮੇਲੇ ਲੱਗਣ ਲੱਗ ਪਏ।ਚੱਦਰਾਂ ਚੜ੍ਹਾਉਣ ਲੱਗ ਪਏ ਹਨ ਸਿੱਖ।