ਯੁਨਾਨ ਦੇ ਲੁਕਮਾਨ ਹਕੀਮ ਪਾਸ ਇਕ ੮੦-੮੫ ਸਾਲ ਦਾ ਬਿਰਧ ਬਾਬਾ ਆਇਆ,ਬੁੱਢਾ ਸਰੀਰ। ਜਿਵੇਂ ਹਕੀਮਾਂ ਤੇ ਡਾਕਟਰਾਂ ਦਾ ਤਕੀਆ ਕਲਾਮ ਹੁੰਦਾ ਹੈ,
ਸੁਭਾਵਿਕ ਲੁਕਮਾਨ ਜੀ ਨੇ ਪੁੱਛ ਲਿਆ-
“ਕੀ ਤਕਲੀਫ਼ ਹੈ ਬਾਬਾ,ਕਿਸ ਤਰਾੑਂ ਆਇਆ ਹੈਂ ?”
ਉਹ ਬਾਬਾ ਕਹਿੰਦਾ ਹੈ-
“ਮੱਥਾ ਭਾਰਾ ਰਹਿੰਦਾ ਹੈ,ਪੀੜ ਰਹਿੰਦੀ ਹੈ,ਹਰ ਵਕਤ ਰਹਿੰਦੀ ਹੈ।”
ਤਾਂ ਲੁਕਮਾਨ ਕਹਿੰਦਾ ਹੈ-
“ਪਹਿਲੇ ਮੈਂ ਬਿਮਾਰੀ ਦਾ ਕਾਰਨ ਵੇਖਦਾ ਹਾਂ ਤੇ ਫਿਰ ਮੈਂ ਉਸ ਦਾ ਇਲਾਜ ਕਰਦਾ ਹਾਂ। ਹਰ ਵਕਤ ਸਿਰ ਬੋਝਲ ਰਹਿਣਾ,ਹਰ ਵਕਤ ਪੀੜ ਰਹਿਣੀ,ਹਰ ਵਕਤ ਭਾਰੀ ਰਹਿਣਾ ਇਸਦਾ ਕਾਰਣ ਮੈਨੂੰ ਬੁਢੇਪਾ ਲਗਦਾ ਹੈ ਤੇ ਮੇਰੇ ਕੋਲ ਬੁਢੇਪੇ ਦਾ ਇਲਾਜ ਨਹੀਂ ਹੈ। ਕਿਸੇ ਹੋਰ ਪਾਸੇ ਜਾ,ਇਸ ਦਾ ਇਲਾਜ ਮੇਰੇ ਕੋਲ ਨਹੀਂ।”
ਉਸ ਬਿਰਧ ਬਾਬੇ ਨੇ ਫਿਰ ਕਹਿ ਦਿੱਤਾ-
“ਅੱਖਾਂ ‘ਚੋਂ ਪਾਣੀ ਵੱਗਦਾ ਰਹਿੰਦਾ ਹੈ ਤੇ ਜੋਤ ਘੱਟ ਗਈ ਹੈ।”
ਲੁਕਮਾਨ ਫਿਰ ਬੋਲ ਪਿਆ-
“ਜਿੱਥੌ ਤੱਕ ਮੈਂ ਦੇਖਦਾ ਹਾਂ,ਇਸ ਦਾ ਕਾਰਨ ਵੀ ਬੁਢੇਪਾ ਹੈ। ਇਸਦਾ ਮੇਰੇ ਕੋਲ ਇਲਾਜ ਨਹੀਂ,ਤੂੰ ਜਾ।”
“ਹਕੀਮ ਸਾਹਿਬ! ਮੇਰੇ ਗੋਡੇ ਵੀ ਦੁਖਦੇ ਹਨ। ਚੱਲਣਾ ਬੜਾ ਔਖਾ ਹੋ ਗਿਆ ਹੈ।”
ਲੁਕਮਾਨ ਕਹਿਣ ਲੱਗਾ-
“ਇਸ ਦਾ ਕਾਰਨ ਵੀ ਬੁਢੇਪਾ ਹੈ ਤੇ ਬੁਢੇਪੇ ਦਾ ਮੇੇਰੇ ਕੋਲ ਇਲਾਜ ਨਹੀਂ।”
“ਹਕੀਮ ਸਾਹਿਬ! ਪਾਚਨ ਸ਼ਕਤੀ ਕਮਜ਼ੋਰ ਹੋ ਗਈ ਹੈ। ਖਾਧਾ ਹੋਇਆ ਹਜ਼ਮ ਨਹੀਂ ਹੁੰਦਾ। ਭੁੱਖ ਨਹੀਂ ਲੱਗਦੀ।”
“ਇਸ ਦਾ ਕਾਰਨ ਵੀ ਬੁਢੇਪਾ ਹੀ ਹੈ ਤੇ ਇਸਦਾ ਮੇਰੇ ਪਾਸ ਇਲਾਜ ਨਹੀਂ।”
ਉਹ ਬਾਬਾ ਖਿਝ ਗਿਆ ਤੇ ਉਸਨੇ ਪੰਜ ਸੱਤ ਗਾਲਾੑਂ ਕੱਢ ਦਿੱਤੀਆਂ।ਹਕੀਮ ਨੂੰ ਆਖਿਆ-
“ਤੈਨੂੰ ਹਕੀਮ ਬਣਾਇਆ ਕਿਸ ਨੇ ਹੈ?ਲੁਕਮਾਨ ਹਕੀਮ ਬਣਿਆ ਫਿਰਦਾ ਹੈਂ,ਦੁਨੀਆਂ ਵਿਚ ਇਤਨਾ ਮਸ਼ਹੂਰ ਹੋਇਆ ਫਿਰਦਾ ਹੈਂ,ਤੈਨੂੰ ਹਕੀਮ ਬਣਾਇਆ ਕਿਸ ਨੇ ਹੈ?”
ਪੰਜ ਸੱਤ ਗਾਲਾੑਂ ਕੱਢ ਦਿੱਤੀਆਂ ਤੇ ਲੁਕਮਾਨ ਹੱਸਕੇ ਕਹਿਣ ਲੱਗਾ-
“ਬਾਬਾ,ਇਸਦਾ ਕਾਰਨ ਵੀ ਬੁਢੇਪਾ ਹੀ ਹੈ।
ਇਹ ਜਿਹੜਾ ਤੂੰ ਖਿੱਝਿਆ ਹੈਂ,ਔਖਾ ਹੋਇਆ ਹੈਂ,ਗਾਲਾੑਂ ਕੱਢਣ ‘ਤੇ ਆ ਗਿਆ ਹੈਂ। ਹੋਰ ਕੀ ਕਰ ਸਕਦਾ ਹੈਂ,ਜ਼ਬਾਨ ਚਲਾਉਣ ਤੋਂ ਇਲਾਵਾ? ਕੁਝ ਨਹੀਂ ਕਰ ਸਕਦਾ।”
ਗੁਰੂ ਗ੍ੰਥ ਸਾਹਿਬ ਜੀ ਨੇ ਵੀ ਬੁਢੇਪੇ ਨੂੰ ਰੋਗ ਮੰਨਿਆ ਹੈ-
‘ਜਬ ਲਗੁ ਜਰਾ ਰੋਗੁ ਨਹੀਂ ਆਇਆ॥ ਜਬ ਲਗੁ ਕਾਲਿ
ਗ੍ਸੀ ਨਹੀ ਕਾਇਆ॥
ਜਬ ਲਗੁ ਬਿਕਲ ਭਈ ਨਹੀ ਬਾਨੀ॥ ਭਜਿ ਲੇਹਿ ਰੇ
ਮਨ ਸਾਰਿਗਪਾਨੀ॥
{ਅੰਗ ੧੧੫੯}
ਜਿੰਨੇ ਚਿਰ ਤੱਕ ਬੁਢੇਪੇ ਦਾ ਰੋਗ ਨਹੀਂ ਆਇਆ,ਉਸਤੋਂ ਪਹਿਲੇ ਜੱਪ ਲੈ। ਨਹੀਂ ਤਾਂ ਇਥੇ ਪ੍ਕਰਮਾਂ ਤੇਰੇ ਕੋਲੋਂ ਹੋਣੀਆਂ ਨਹੀਂ। ਫਿਰ ਕੀਰਤਨ ਸੁਣਨ ਨਹੀਂ ਆ ਸਕੇਂਗਾ। ਫਿਰ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕਰ ਸਕੇਂਗਾ। ਫਿਰ ਇਥੇ ਮੰਜੀ ਸਾਹਿਬ ਵਿਚ ਨਹੀਂ ਆ ਕੇ ਬੈਠ ਸਕੇਂਗਾ। ਸਤਸੰਗਿ ਵਾਸਤੇ ਤਰਸਦਾ ਰਹਿ ਜਾਏਂਗਾ। ਮੰਜੇ ਤੋਂ ਉੱਠਣਾ ਅੌਖਾ ਹੋ ਜਾਏਗਾ।
ਜਦੋਂ ਤੇਰੀ ਜ਼ਬਾਨ ਲੜਖੜਾ ਗਈ ਤਾਂ ਕੀ ਜਪੁਜੀ ਸਾਹਿਬ ਦਾ ਪਾਠ ਕਰੇਂਗਾ?ਇਕ ਸ਼ਿਖਰ ‘ਤੇ ਪਹੁੰਚ ਕੇ ਰੋਜ਼-ਰੋਜ਼ ਸਰੀਰ ਦਾ ਬਲ ਘੱਟਦਾ ਹੈ। ਉਸ ਤੋਂ ਪਹਿਲੇ ਤੂੰ ਆਤਮ ਬਲ ਵਧਾਉਣਾ ਸ਼ੁਰੂ ਕਰ,ਬੁਢੇਪਾ ਕਿਸ ਦੇ ਆਸਰੇ ‘ਤੇ ਕੱਟੇਂਗਾ’। ਸਰੀਰਕ ਬਲ ਪੈਦਾ ਹੁੰਦਾ ਹੈ ਭੋਜਨ ਦੇ ਨਾਲ,ਤੇ ਅਾਤਮ ਬਲ ਪੈਦਾ ਹੁੰਦਾ ਹੈ ਭਜਨ ਦੇ ਨਾਲ। ਜੱਪ ਕਰ,ਤਪ ਕਰ,ਅੰਮਿ੍ਤ ਵੇਲੇ ਉੱਠ।
ਗਿਅਾਨੀ ਸੰਤ ਸਿੰਘ ਜੀ ਮਸਕੀਨ