ਜ਼ਰੂਰੀ ਨਹੀਂ ਕਿ ਕੀਤੇ ਹੋਏ ਪਾਪਾਂ ਨੂੰ ਧੋਣ ਲਈ ਦਾਨ ਪੁੰਨ ਜਾਂ ਤੀਰਥਾਂ ਤੇ ਇਸ਼ਨਾਨ ਕੀਤਾ ਜਾਏ, ਸਟੇਟ ਬੈਂਕ ਆਫ ਇੰਡੀਆ ਜਾਂ ਪੰਜਾਬ ਨੈਸ਼ਨਲ ਬੈਂਕ ਵਿੱਚ ਖਾਤਾ ਖੁਲਵਾ ਕੇ ਵੀ ਪਾਪ ਧੋਏ ਜਾ ਸਕਦੇ ਨੇ, ਮਾੜਾ ਮੋਟਾ ਕੋਈ ਪਾਪ ਚੇਤੇ ਆ ਜਾਏ ਤੇ ਬੈਲੈਂਸ ਪੁੱਛਣ ਚਲੇ ਜਾਓ ।
ਚਾਰ ਕਾਊਂਟਰ ਤੇ ਧੱਕੇ ਖਾਣ ਤੋਂ ਬਾਅਦ ਪਤਾ ਚੱਲਦੈ ਕਿ ਬੈਲੈੰਸ ਗੁਪਤਾ ਮੈਡਮ ਜੀ ਦਸਣਗੇ, ਗੁਪਤਾ ਮੈਡਮ ਜੀ ਦਾ ਕਾਊਂਟਰ ਕਿਹੜਾ ਹੈ ਇਹ ਪਤਾ ਕਰਨ ਲਈ ਫੇਰ ਕਿਸੀ ਕਾਊਂਟਰ ਤੇ ਜਾਣਾ ਪੈਂਦੈ ।
ਲੈਵਲ ਵਨ ਕੰੰਪਲੀਟ ਹੋਂਦਾ ਹੈ, ਮਤਲਬ ਮੈਡਮ ਜੀ ਦਾ ਕਾਊਂਟਰ ਪਤਾ ਚੱਲ ਗਿਐ, ਪਰ ਹਜੇ ਥੋੜ੍ਹਾ ਇੰਤਜਾਰ ਕਰਨਾ ਪੈਣੈ ਕਿਉਂਕਿ ਮੈਡਮ ਜੀ ਹਜੇ ਸੀਟ ਤੇ ਨਹੀਂ ਨੇ, ਲਗਭਗ ੧੫ ਮਿੰਟਾਂ ਬਾਅਦ ਚਸ਼ਮਾ ਲਾਏ ਚੁੰਨੀ ਸਾਂਭਦੇ ਹੋਏ ਯੂਨਿਨੋਰ ਦੀ ੨ਜੀ ਸਪੀਡ ਨਾਲ ਚਲਦੇ ਹੋਏ ਮੈਡਮ ਜੀ ਸੀਟ ਤੇ ਆਂਦੇ ਨੇ, ਆਪਾਂ ਮੈਡਮ ਜੀ ਨੂੰ ਖਾਤਾ ਨੰਬਰ ਦੇ ਕੇ ਬੈਲੈਂਸ ਪੁੱਛਦੇ ਹਾਂ, ਮੈਡਮ ਜੀ ਇੱਕ ਟੱਕ ਸਾਨੂੰ ਇਸਤਰ੍ਹਾਂ ਘੂਰਦੇ ਨੇ ਜਿਵੇਂ ਆਪਾਂ ਉਹਨ੍ਹਾਂ ਦੀ ਧੀ ਦਾ ਰਿਸ਼ਤਾ ਮੰਗ ਲੀਆ ਹੋਵੇ, ਆਪਾਂ ਵੀ ਆਪਣਾ ਬੂਥਾ ਇਸ ਕਦਰ ਬਣਾ ਲੀਆ ਜਿਵੇਂ ਸੁਨਾਮੀ ਚ ਸਾਡਾ ਸਭ ਕੁਝ ਉੱਜੜ ਗਿਆ ਤੇ ਅੱਜ ਦੇ ਸਮੇਂ ਸਾਡੇ ਨਾਲੋਂ ਜ਼ਿਆਦਾ ਲਾਚਾਰ ਅਤੇ ਦੁੱਖੀ ਕੋਈ ਮਨੁੱਖ ਨਹੀਂ ।
ਗੁਪਤਾ ਮੈਡਮ ਜੀ ਨੂੰ ਸਾਡਾ ਬੂਥਾ ਵੇਖ ਕੇ ਤਰਸ ਜਿਆ ਆ ਜਾਂਦਾ ਹੈ ਤੇ ਬੈਲੈਂਸ ਦੱਸਣ ਦਾ ਭਾਰੀ ਭਰਕਮ ਕੰਮ ਕਰਨ ਦਾ ਮਨ ਬਣਾ ਲੈਂਦੇ ਨੇ, ਪਰ ਇਹਨਾਂ ਵੱਡਾ ਭਾਰੀ ਕੰਮ ਕੱਲਮ ਕੱਲੀ ਅਬਲਾ ਕਿਵੇਂ ਕਰ ਸਕਦੀ ਹੈ ? ਤਾਂ ਮੈਡਮ ਜੀ ਸਹਾਇਤਾ ਲਈ ਅਵਾਜ਼ ਮਾਰਦੇ ਨੇ, ਮਿਸ਼ਰਾ ਜੀ ! ਇਹ ਬੈਲੈਂਸ ਕਿਵੇਂ ਪਤਾ ਕਰਦੇ ਨੇ ? ਮਿਸ਼ਰਾ ਜੀ ਅਬਲਾ ਦੀ ਪੁਕਾਰ ਸੁਣ ਕੇ ਆਪਣੇ ਗਿਆਨ ਦਾ ਖਜਾਨਾ ਖੋਲ ਦਿੰਦੇ ਨੇ ।
ਪਹਿਲੋਂ ਤਾਂ ਖਾਤੇ ਦੇ ਅੰਦਰ ਜਾ ਕੇ ਕਲੋਸਿੰਗ ਬੈਲੈਂਸ ਤੇ ਕਲਿੱਕ ਕਰਨ ਨਾਲ ਬੈਲੈਂਸ ਅਾ ਜਾਂਦਾ ਸੀ ਪਰ ਹੁਣ ਸਿਸਟਮ ਬਦਲ ਗਿਅਾ ਹੈ, ਹੁਣ ਤੁਸੀਂ f5 ਦਬਾਓ ਤੇ ਐਂਟਰ ਮਾਰੋ ਤੇ ਬੈਲੈਂਸ ਵਿਖਾੲੀ ਦੇਵੇਗਾ, ਮੈਡਮ ਜੀ ਚਸ਼ਮਾ ਠੀਕ ਕਰਦੇ ਹੋਏ ਤਿੰਨ ਵਾਰ ਮੌਨੀਟਰ ਦੇ ਵੱਲ ਤੇ ਤਿੰਨ ਵਾਰ ਕੀਬੋਰਡ ਦੇ ਵੱਲ ਨਜਰ ਮਾਰਦੇ ਨੇ, ਫੇਰ ਉਂਗਲਾਂ ਨੂੰ ਕੀਬੋਰਡ ਤੇ ਇਸਤਰ੍ਹਾਂ ਫੇਰਦੇ ਨੇ ਜਿਵੇਂ ਕੋਈ ਤੀਜੀ ਜਮਾਤ ਦਾ ਬੱਚਾ ਵਰਲਡ ਮੈਪ ਤੇ ਸਭਤੋਂ ਛੋਟਾ ਦੇਸ਼ ਮਸਕਟ ਲਭਦਾ ਹੋਵੇ, ਮੈਡਮ ਜੀ ਫੇਰ ਤੋਂ ਮਿਸ਼ਰਾ ਜੀ ਨੂੰ ਮਦਦ ਲਈ ਪੁਕਾਰਦੇ ਨੇ, ਮਿਸ਼ਰਾ ਜੀ ! ਇਹ f5 ਹੈ ਕਿੱਥੇ ਹੈ ?
ਮੈਡਮ ਜੀ ਦੀ ਉਮਰ ੫੦ ਸਾਲਾਂ ਤੋਂ ਉੱਤੇ ਹੋਣ ਕਰ ਕੇ ਸ਼ਾਇਦ ਮਿਸ਼ਰਾ ਜੀ ਨੇੜੇ ਆ ਕੇ ਮਦਦ ਕਰਨ ਦੀ ਜ਼ਹਿਮਤ ਨਹੀਂ ਚਕਦੇ, ਇਸਲਈ ਉਥੇ ਹੀ ਬੈਠੇ ਬੈਠੇ ਜ਼ੋਰਾਂ ਨਾਲ ਬੋਲਦੇ ਨੇ ! ਕੀਬੋਰਡ ਚ ਸਭਤੋਂ ਉੱਤੇ ਵੇਖੋ ਮੈਡਮ, ਪਰ ਸਾਰਿਆਂ ਨਾਲੋਂ ਉੱਤੇ ਤੇ ਦੋ ਤਿੰਨ ਬੱਤੀਆਂ ਜਗ ਰਹੀਆਂ ਨੇ ਮੈਡਮ ਜੀ ਬੋਲਦੇ ਨੇ ?
ਹਾਂ ਉਹਨ੍ਹਾਂ ਬੱਤੀਆਂ ਦੇ ਨੀਚੇ ਲੰਬੀ ਲਾਇਨ ਹੈ f1 ਤੋਂ ਲੈਕੇ f12 ਤੱਕ, ਅਖੀਰ ਮੈਡਮ ਜੀ ਨੂੰ f5 ਮਿੱਲ ਜਾਂਦਾ ਹੈ, ਮੈਡਮ ਜੀ ਝੱਟ ਨਾਲ ਬਟਨ ਦੱਬ ਦਿੰਦੇ ਨੇ, ਮੌਨੀਟਰ ਤੇ ਕੁਝ ਦੇਰ ਤੱਕ ਜਲਘੜੀ (ਕੁਝ ਲੋਕ ਉਸਨੂੰ ਡਮਰੂ ਸਮਝਦੇ ਨੇ) ਬਣੀ ਰਹਿੰਦੀ ਹੈ, ਅੰਤ ਚ ਇਕ ਮੈਸੇਜ ਆਂਦਾ ਹੈ :-
Session expired. Please check your connection.
ਮੈਡਮ ਜੀ ਆਪਣੇ ਹਥਿਆਰ ਸੁੱਟ ਦਿੰਦੇ ਨੇ ਤੇ ਇਕ ਨਜਰ ਮੇਰੇ ਗ਼ਰੀਬੀ ਤੇ ਲਚਾਰੀ ਨਾਲ ਪੁਤੇ ਬੂਥੇ ਵੱਲ ਤੱਕ ਕੇ ਕਹਿੰਦੇ ਨੇ :-
ਸੌਰੀ, ਸਰਵਰ ਚ ਪ੍ਰੌਬਲਮ ਹੈ, ਬੋਲਣ ਦਾ ਲਿਹਾਜਾ ਠੀਕ ਉਸੇ ਤਰ੍ਹਾਂ ਦਾ ਹੋਂਦਾ ਹੈ ਜਿਵੇਂ ਪੁਰਾਣੀ ਫ਼ਿਲਮਾਂ ਚ ਡਾਕਟਰ ਆਪਰੇਸ਼ਨ ਥੀਏਟਰ ਤੋਂ ਬਾਹਰ ਨਿਕਲਦਿਆਂ ਕਹਿੰਦਾ ਹੈ :-
ਸੌਰੀ ਅਸਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਤੁਸਾਂ ਦੇ ਠਾਕੁਰ ਸਾਅਬ ਨੂੰ ਨਹੀਂ ਬਚਾ ਸਕੇ ।
ਗੁਰਮੀਤ ਸਿੰਘ