ਬੰਦਗੀ ਅਤੇ ਖੱਪਣਾ

by Manpreet Singh

ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥

ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥

(ਆਸਾ ਮ: ੪, ਪੰਨਾ 450)

ਜੇਕਰ ਕਿਸੇ ਗਾਇਕ ਦੇ ਹਿਰਦੇ ਵਿਚ ਕਪਟ ਹੈ, ਹਿਰਦੇ ਵਿਚ ਪ੍ਰਬਲ ਵਾਸ਼ਨਾ ਹੈ। ਪਰਮਾਤਮਾ ਨਾਲ ਕੋਈ ਪੇਸ਼ ਨਹੀਂ। ਰਾਗ ਤਾਲ ਬੜਾ ਹੈ, ਗਾਇਕੀ ਬੜੀ ਹੈ, ਤਾਂ ਪਾਤਿਸ਼ਾਹ ਦੀ ਬਾਣੀ ਕਹਿੰਦੀ ਹੈ ਕਿ ਇਸ ਰੋਣ ਪਿੱਟਣ ਨਾਲ ਕੀ ਹੋਣੈ ? ਐਸੇ ਮਨੁੱਖ ਪਾਸੋਂ ਕੀਰਤਨ ਕਦੀ-ਕਦੀ ਹੁੰਦਾ ਹੈ, . ਰੋਣਾ ਪਿੱਟਣਾ ਰੋਜ਼ ਹੁੰਦਾ ਹੈ। ਮੈਂ ਜਿਨ੍ਹਾਂ ਕੋਲ ਗੁਰਬਾਣੀ ਵਿਚਾਰ ਪੜਦਾ ਰਿਹਾ ਹਾਂ, ਇਕ ਦਿਨ ਜਿਹੜੀ ਗੱਲ ਉਨ੍ਹਾਂ ਨੇ ਆਖੀ, ਉਹਦੀ ਬਹੁਤ ਮੁੱਦਤ ਬਾਅਦ ਮੈਨੂੰ ਸਮਝ ਆਈ।

ਮੈਨੂੰ ਕਹਿਣ ਲੱਗੇ ਕਿ ਮਸਕੀਨ ਜੀ! ਕਦੀ| ਕਦੀ ਕਥਾ ਹੋ ਜਾਂਦੀ ਹੈ, ਕਦੀ-ਕਦੀ ਕਥਾ ਕਰਨੀ ਪੈਂਦੀ ਹੈ। ਜਦ ਹੋ ਜਾਂਦੀ ਹੈ ਤਾਂ ਬੰਦਗੀ ਹੈ, ਜਦ ਕਰਨੀ ਪੈਂਦੀ ਹੈ ਤਾਂ ਖੱਪਣਾ ਹੀ ਹੈ, ਹੋਰ ਕੁਝ ਨਹੀਂ। | ਕਿਉਂਕਿ ਕਮਰੇ ਵਿਚ ਆ ਕੇ ਬੈਠਦਿਆਂ ਮੈਨੂੰ ਕਹਿਣ ਲੱਗੇ ਕਿ ਇਕ ਘੰਟਾ | ਖੱਪ ਕੇ ਆਇਆ ਹਾਂ। ਮੈਂ ਕਿਹਾ-ਮਹਾਂਪੁਰਸ਼ੋ ! ਕਥਾ ਕਰ ਕੇ ਆਏ ਹੋ। ਤੁਸੀਂ ਇਸ ਤਰ੍ਹਾਂ ਕਿਉਂ ਕਹਿੰਦੇ ਹੋ ! ਗਾਲਬਨ ਅੱਸੀ ਸਾਲ ਦੇ ਨੇੜੇ ਉਨ੍ਹਾਂ ਦੀ ਉਮਰ ਸੀ। ਸਾਰੀ ਜ਼ਿੰਦਗੀ ਭਜਨ, ਸਿਮਰਨ ਤੇ ਕਥਾ ਵਿਚ ਬਤੀਤ ਹੋਈ। ਉਨ੍ਹਾਂ ਦੇ ਇਹ ਸ਼ਬਦ ਮੈਨੂੰ ਉਸ ਸਮੇਂ ਕੁਝ ਚੁੱਭੇ। ਬੰਬਈ ਦੀ ਇਹ | ਗੱਲ ਹੈ। ਉਸ ਦਿਨ ਇਹ ਗੱਲ ਮੇਰੀ ਸਮਝ ਵਿਚ ਨਹੀਂ ਪਈ ਸੀ। ਮੇਰੇ | ਪੱਲੇ ਕੁਝ ਨਹੀਂ ਪਿਆ ਸੀ ਔਰ ਮਨ ਅੰਦਰ ਥੋੜ੍ਹੀ ਜਿਹੀ ਘਿਰਣਾ ਵੀ ਪੈਦਾ ਹੋਈ। ਇਹ ਨਿਰਮਲੇ ਸੰਤ ਨੇ! ਨਿਰਮਲੇ ਸਾਧੂਆਂ ਨੂੰ ਪੜ੍ਹਾਉਣ ਵਾਲੇ ਨੇ, ਸਵੇਰੇ ਸ਼ਾਮ ਕਥਾ ਕਰਨ ਵਾਲੇ ਨੇ, ਇਨ੍ਹਾਂ ਨੂੰ ਇਸ ਤਰ੍ਹਾਂ ਨਹੀਂ ਆਖਣਾ ਚਾਹੀਦਾ ਸੀ ਕਿ ਅੱਜ ਖੱਪ ਕੇ ਆਏ ਹਾਂ। ਲੇਕਿਨ ਪੰਜ ਸੱਤ ਸਾਲਾਂ ਬਾਅਦ  ਮੈਨੂੰ ਵੀ ਸਮਝ ਆਈ ਕਿ ਕਥਾ ਕੀਰਤਨ ਕਦੀ-ਕਦੀ ਹੋ ਜਾਂਦਾ ਹੈ, ਬਾਕੀ ਤਾਂ ਖੱਪਣਾ ਹੀ ਹੈ।

ਮਨ ਨਾ ਟਿਕੇ ਤਾਂ ਖੱਪਣਾ ਹੀ ਹੈ। ਆਪ ਰਸ ਨਾ ਆਵੇ ਤਾਂ ਹੋਰ ਕੀ ਹੈ। ਖੱਪਣਾ ਹੀ ਹੁੰਦਾ ਹੈ। ਕਥਾ ਕੀਰਤਨ ਪਾਠ ਕਰਨ ਸਮੇਂ ਅਰਦਾਸ ਕਰ ਕੇ ਹੀ ਬੈਠਣਾ ਚਾਹੀਦਾ ਹੈ ਕਿ ਸਤਿਗੁਰੂ ਚਿੱਤ ਜੋੜ ਲਈਂ ਤਾਂ ਕਿ ਰਸ ਬਣੇ ਤੇ ਗਾਵਿਆ ਸੁਣਿਆ ਪਰਮ ਰਸ ਤਕ ਪਹੁੰਚਾ ਸਕੇ ਅਤੇ ਬੰਦਗੀ ਬਣ ਸਕੇ।

You may also like