ਬ੍ਰਹਮਚਾਰੀ

by Manpreet Singh

ਹਾਲ ਅੰਦਰ ਇਕ ਪਾਸੇ ਦੀ ਕੰਧ ਤੇ ਵੱਡੇ ਬੈਨਰ ਤੇ ਲਿਖਿਆ ਸੀ,”ਸੰਪੂਰਨ ਬ੍ਰਹਮਚਾਰ ਹੀ ਸੰਪੂਰਨ ਅਹਿੰਸਾ ਹੈ।” ਇਸ ਨੂੰ ਪੜ੍ਹ ਕੇ ਆਚਾਰੀਆ ਰਜਨੀਸ਼ ਦੀ ਇਕ ਉਕਤੀ ਯਾਦ ਆ ਗਈ ਕਿ ਬ੍ਰਹਮਚਾਰੀ ਅਤੇ ਬਲਾਤਕਾਰੀ ‘ਚ ਕੋਈ ਖਾਸ ਫਰਕ ਨਹੀਂ ਹੁੰਦਾ। ਬਲਾਤਕਾਰੀ ਦੂਸਰੇ ਨਾਲ ਧੱਕਾ ਅਤੇ ਜਬਰਦਸਤੀ ਕਰਦਾ ਹੈ ਅਤੇ ਬ੍ਰਹਮਚਾਰੀ ਆਪਣੇ ਆਪ ਨਾਲ। ਧੱਕਾ ਅਤੇ ਜਬਰਦਸਤੀ ਕਰਨ ਨੂੰ ਅਹਿੰਸਾ ਨਹੀਂ ਹਿੰਸਾ ਕਹੀਦਾ ਹੈ। ਆਪਣੇ ਬਾਬਿਆਂ ਨੇ ਸਹਿਜ ਮਾਰਗ, ਪ੍ਰੇਮ ਮਾਰਗ ਅਤੇ ਗ੍ਰਹਿਸਤ ਮਾਰਗ ਨੂੰ ਪ੍ਰਵਾਨਗੀ ਦੇ ਕੇ ਸਾਡੇ ਜੀਵਨ ਕਿੰਨੇ ਸੁਖਦ ਅਤੇ ਸੁਖਾਲੇ ਰੱਖਣ ਦਾ ਯਤਨ ਕੀਤਾ ਹੈ। ਜੇ ਗੁਰੂ ਸਾਹਿਬ ਕਾਮ ਤੇ ਕਾਬੂ ਦੀ ਗੱਲ ਕਰਦੇ ਹਨ ਤਾਂ ਉਸਦਾ ਭਾਵ ਹੈ ਕਿ ਇਸ ਦੀ ਪੂਰਤੀ ਲਈ ਕਿਸੇ ਨਾਲ ਜਬਰ ਨਹੀਂ ਕਰਨਾ, ਆਪਣੀ ਵਾਸਨਾ ਪੂਰਤੀ ਲਈ ਕਿਸੇ ਦੇ ਸਰੀਰ ਤੇ ਨਜ਼ਾਇਜ਼ ਕਬਜ਼ਾ ਨਹੀਂ ਕਰਨਾ। ਪਰ ਕਾਮ ਨੂੰ ਉਸ ਹੱਦ ਤੱਕ ਫਨਾਹ ਨਹੀਂ ਕਰਨਾ ਕਿ ਮਨੁੱਖੀ ਨਸਲ ਹੀ ਖਤਮ ਹੋ ਜਾਵੇ। ਕਾਮ ਪੂਰਤੀ ਨਾਲ ਪ੍ਰੇਮ ਨਹੀਂ ਹੋਣਾ ਚਾਹੀਦਾ ਸਗੋਂ ਪ੍ਰੇਮ ਨਾਲ ਕਾਮ ਪੂਰਤੀ ਹੋਣੀ ਚਾਹੀਦੀ ਹੈ। ਕ੍ਰੋਧ ਤੋਂ ਵੀ ਇਸੇ ਲਈ ਵਰਜਿਆ ਹੈ ਕਿ ਦੂਸਰਿਆਂ ਨੂੰ ਆਪਣੇ ਸੁਆਰਥ ਜਾਂ ਹੰਕਾਰ ਕਾਰਨ ਦੁੱਖ ਨਹੀਂ ਦੇਣਾ। ਨਾ ਹੀ ਆਪਣੇ ਲੋਭ ਦੀ ਪੂਰਤੀ ਲਈ ਦੂਸਰਿਆਂ ਦੇ ਅਧਿਕਾਰਾਂ ਦਾ ਹਨਨ ਕਰਨਾ ਹੈ, ਕਿਸੇ ਦਾ ਹੱਕ ਨਹੀਂ ਮਾਰਨਾ। ਸਾਰੀਆਂ ਵਾਸਨਾਵਾਂ ਨੂੰ ਉਸ ਹੱਦ ਤੱਕ ਹੀ ਮਾਨਣਾ ਹੈ ਕਿ ਸਰਬੱਤ ਦੇ ਭਲੇ ਅਤੇ ਬਰਾਬਰੀ ਦੇ ਸਿਧਾਂਤ ਦੀ ਉਲੰਘਣਾ ਨਾ ਹੋਵੇ। ਇਹ ਸਭ ਸੋਚਦਿਆਂ ਪਹਿਲੀ ਵਾਰ ਮੈਨੂੰ ਸਿੱਖ ਪਰਿਵਾਰ ‘ਚ ਪੈਦਾ ਹੋਏ ਹੋਣ ਦੀ ਏਨੀ ਖੁਸ਼ੀ ਹੋਈ। ਅਜਿਹੀ ਪੈਦਾਇਸ਼ ਕਰਕੇ ਮੈਨੂੰ ਬਾਰ੍ਹਵੀਂ ਤੋਂ ਸਤਾਰਵੀਂ ਸਦੀ ਤੱਕ ਰਚੇ ਗਏ ਉਸ ਮਹਾਨ ਸੁਖਨ ਨੂੰ ਜਾਨਣ ਸਮਝਣ ਦਾ ਮੌਕਾ ਮਿਲਿਆ ਜਿਸ ਨੇ ਅਜਿਹੀ ਸਿਧਾਂਤਕਾਰੀ ਜਗਤ ਸਾਹਮਣੇ ਪ੍ਰਸਤੁਤ ਕੀਤੀ। ਧਰਮ ਦੀ ਸੱਤਾ ਤੋਂ ਬਾਹਰ ਵਿਚਰਦੇ ਆਮ ਬੰਦੇ ਨੂੰ ਮਾਨਤਾ ਅਤੇ ਸਵੈਮਾਨ ਬਖਸ਼ਿਆ।

ਜੇਕਰ ਸਾਨੂੰ ਅਜੇ ਪ੍ਰਮਾਤਮਾ ਬਾਹਰ ਦਿਖਾਈ ਨਹੀ ਪੈਦਾ ਤਾ ਇਸਦਾ ਮਤਲਬ ਸਿਰਫ ਇਨਾ ਹੀ ਹੈ ਕਿ ਅਸੀ ਹੁਣ ਤਕ ਪ੍ਰਮਾਤਮਾ ਨੂੰ ਆਪਣੇ ਅੰਦਰ ਅਨੁਭਵ ਨਹੀ ਕੀਤਾ ਹੈ।
ਜਿਸ ਨੂੰ ਆਪਣੇ ਅੰਦਰ ਪ੍ਰਮਾਤਮਾ ਦਾ ਅਨੁਭਵ ਹੋ ਗਿਆ ਹੈ ਉਸ ਨੂੰ ਉਸੇ ਪਲ ਸਾਰਾ ਜਗਤ ਹੀ ਪ੍ਰਮਾਤਮਾ ਅਨੁਭਵ ਹੋਣ ਲਗ ਜਾਂਦਾ ਹੈ।
ਪਰ ਅਜੇ ਸਾਨੂੰ ਪ੍ਰਮਾਤਮਾ ਵਿਚ ਵੀ ਪਥਰ ਦਿਖਾਈ ਪੈਦਾ ਹੈ।

ਓਸ਼ੋ

You may also like