ਐਕਸੀਅਨ ਸਾਬ

by Manpreet Singh

ਕੋਠੀ ਦੇ ਨਾਲ ਵਾਲੇ ਪਲਾਟ ਵਿਚ ਪਤੰਗਾਂ ਲੁੱਟਦੇ ਨਿੱਕੇ ਬੇਟੇ ਨੂੰ ਦੇਖ ਦਫਤਰੋਂ ਮੁੜੇ ਵੱਡੇ ਸਾਬ ਨਰਾਜ ਹੋ ਗਏ..
ਸੈਨਤ ਮਾਰ ਕੋਲ ਸੱਦਿਆ ਤੇ ਝਿੜਕਾਂ ਮਾਰਦੇ ਹੋਏ ਆਖਣ ਲੱਗੇ ਕੇ “ਐਕਸੀਅਨ ਦਾ ਮੁੰਡਾ ਏਂ…ਤੇਰਾ ਇੱਦਾਂ ਆਮ ਜੁਆਕਾਂ ਵਾਂਙ ਦੌੜ ਭੱਜ ਕੇ ਪਤੰਗਾ ਲੁੱਟਣਾ ਤੈਨੂੰ ਸ਼ੋਭਾ ਥੋੜੀ ਦਿੰਦਾ..ਜਾ ਹੁਣੇ ਡਰਾਈਵਰ ਦੇ ਨਾਲ ਜਾ ਤੇ ਜਿੰਨੀਆਂ ਗੁੱਡੀਆਂ ਅਤੇ ਡੋਰਾਂ ਦੇ ਪਿੰਨੇ ਚਾਹੀਦੇ ਨੇ..ਮੁੱਲ ਲੈ ਆ..ਪਰ ਜੇ ਮੁੜ ਕਦੀ ਏਦਾਂ ਕਰਦਿਆਂ ਦੇਖ ਲਿਆ ਤਾਂ ਜੁੱਤੀ ਬੜੀ ਫਿਰੂ…ਸੁਣ ਲੈ ਕੰਨ ਖੋਲ ਕੇ”….!

ਮੁੰਡਾ “ਚੰਗਾ ਡੈਡ” ਆਖ ਜੀਪ ਵਿਚ ਬੈਠ ਗਿਆ…

ਕੁਝ ਹਫਤਿਆਂ ਬਾਅਦ..
ਦਫਤਰ ਵਿਚ ਬਿਜਲੀ ਦਾ ਇੱਕ ਵੱਡਾ ਕਮਰਸ਼ੀਅਲ ਕਨੈਕਸ਼ਨ ਪਾਸ ਕਰ ਦਿੱਤਾ ਗਿਆ..

ਆਥਣ ਵੇਲੇ ਜਦੋਂ ਐਕਸੀਅਨ ਸਾਬ ਦੋ ਦੋ ਹਜਾਰ ਦੇ ਬੰਡਲਾਂ ਨਾਲ ਭਰਿਆ ਹੋਇਆ ਬ੍ਰੀਫ ਕੇਸ ਫੜੀ ਕੋਠੀ ਦੇ ਅਹਾਤੇ ਵਿਚ ਦਾਖਿਲ ਹੋਏ ਤਾਂ ਨਿੱਕੇ ਮੁੰਡੇ ਨੂੰ ਫੇਰ ਓਸੇ ਤਰਾਂ ਗੁੱਡੀਆਂ ਪਤੰਗਾ ਲੁੱਟਦੇ ਹੋਏ ਨੂੰ ਦੇਖ ਆਪੇ ਤੋਂ ਬਾਹਰ ਹੋ ਗਏ..!

ਕੋਲ ਵਾਜ ਮਾਰੀ ਤੇ ਪੁੱਛਣ ਲੱਗੇ ਕੇ “ਓਏ ਤੈਨੂੰ ਅਜੇ ਉਸ ਦਿਨ ਏਨੀਆਂ ਪਤੰਗਾ ਤੇ ਡੋਰਾਂ ਦੇ ਪਿੰਨੇ ਮੁੱਲ ਲੈ ਕੇ ਦਿੱਤੇ..ਤੇ ਅੱਜ ਫੇਰ ਤੂੰ ਓਹੀ ਕੰਮ…ਬਣਾਵਾਂ ਤੈਨੂੰ ਬੰਦੇ ਦਾ ਪੁੱਤ…?”

ਅੱਗੋਂ ਸਿਰ ਖੁਰਕਦਾ ਆਖਣ ਲੱਗਾੇ “ਡੈਡ ਜੋ ਮਜਾ ਲੁੱਟਣ ਵਿਚ ਏ ਉਹ ਆਪਣੇ ਪੈਸਿਆਂ ਨਾਲ ਮੁੱਲ ਲੈ ਕੇ ਕਿਥੇ..?

ਹੱਥੀਂ ਫੜਿਆ ਬ੍ਰੀਫ ਕੇਸ ਮਸੀਂ ਹੀ ਡਿਗਣੋਂ ਬਚਿਆ…ਸਾਬ ਨੂੰ ਇੰਝ ਲੱਗਾ ਜਿੱਦਾਂ ਇਹ ਗੱਲ ਮੁੰਡਾ ਨਹੀਂ ਸਗੋਂ ਉਹ ਖੁਦ ਆਪਣੀ ਉਸ ਜਮੀਰ ਨੂੰ ਆਖ ਰਿਹਾ ਹੋਵੇ ਜਿਹੜੀ ਅਕਸਰ ਹੀ ਉਸਨੂੰ ਗੱਲ ਗੱਲ ਤੇ ਫਿਟਕਾਰਾਂ ਪਾਉਂਣੋਂ ਨਹੀਂ ਸੀ ਥੱਕਦੀ ਹੁੰਦੀ!

You may also like